ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
#ਪੰਜਵੀਂ_ਰਾਤ
ਭਾਗ-2
ਰਸਤੇ ਵਿੱਚ ਹੁਣ ਕਿਤੇ ਵੀ ਨਹੀਂ ਸੀ ਰੁਕਣਾ। ਅੱਗੇ ਨਾਲੋਂ ਤੇਜੀ ਨਾਲ ਸਫਰ ਤਹਿ ਕਰਦਾ ਹੋਇਆ ਗੱਡਾ ਸਰਹਿੰਦ ਪਹੁੰਚ ਕੇ ਇੱਕ ਪਿੱਪਲ ਦੇ ਦਰੱਖਤ ਥੱਲੇ ਜਾ ਖੜਾ ਹੋਇਆ। ਨੌਗਾਵਾਂ ਦਾ ਕਿਲ੍ਹੇਦਾਰ ਤੇ ਸਰਹਿੰਦ ਦਾ ਅਫਸਰ ਨਵਾਬ ਕੋਲੋਂ ਪੁੱਛਣ ਚਲੇ ਗਏ ਕਿ ਗੁਰੂ ਦੇ ਮਾਤਾ ਤੇ ਪੁੱਤਰਾਂ ਨੂੰ ਕਿੱਥੇ ਰੱਖਿਆ ਜਾਵੇ। ਜਾਨੀ ਖਾਂ ਸਿਪਾਹੀਆਂ ਦੀ ਗਾਰਦ ਨਾਲ ਗੱਡੇ ਦੇ ਕੋਲ ਹੀ ਤਾਇਨਾਤ ਰਿਹਾ।
ਜਾਇ ਸੀਰੰਦ ਵੜੇ ਜਬਹੀ, ਤਬ ਆਨ ਸੁ ਪੀਪਲ ਹੇਠ ਬਿਠਾਏ॥ ਪੂਛ ਰਹੇ ਯਹ ਕੌਨ ਸੁ ਬਾਲਕ, ਤੋਹਿ ਜੁ ਗੋਦ ਮੈਂ ਕਾਹਿ ਛਿਪਾਏ॥
ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ
ਜਿਵੇਂ-ਜਿਵੇਂ ਲੋਕਾਂ ਨੂੰ ਪਤਾ ਲੱਗਦਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਪੁੱਤਰਾਂ ਨੂੰ ਫੜ ਕੇ ਸਰਹਿੰਦ ਲਿਆਂਦਾ ਹੈ ਤਾਂ ਦੇਖਣ ਲਈ ਬਹੁਤ ਭੀੜ ਲੱਗ ਗਈ। ਰਸਤੇ ਵਿੱਚ ਜਾਣ ਵਾਲੇ ਵੀ ਰੁਕ ਕੇ ਦੇਖਣ ਲੱਗੇ। ਤਮਾਸ਼ਗੀਰ ਲੋਕਾਂ ਦਾ ਇੱਕ ਤਰ੍ਹਾਂ ਮੇਲਾ ਲੱਗ ਗਿਆ। ਮਾਤਾ ਜੀ ਨੂੰ ਲੋਕ ਪੁੱਛਦੇ ਤੇਰਾ ਨਾ ਕੀ ਏ, ਤੇਰੀ ਗੋਦੀ ਵਿੱਚ ਬਿਠਾਏ ਬਾਲਕ ਕੌਣ ਹਨ। ਸਾਹਿਬਜ਼ਾਦੇ ਕਹਿੰਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਤੇ ਇਹ ਸਾਡੀ ਦਾਦੀ ਮਾਂ ਹੈ। ਲੋਕ ਇਹਨਾਂ ਤੋਂ ਦਲੇਰੀ ਭਰੇ ਜਵਾਬ ਸੁਣ ਚੁੱਪ ਹੋ ਜਾਂਦੇ। ਇਨ੍ਹਾਂ ਦੇ ਸੋਹਣੇ ਚਿਹਰੇ ਵਾਰ-ਵਾਰ ਤੱਕਦੇ। ਸਾਰੀ ਭੀੜ ਨੂੰ ਸਿਪਾਹੀ ਪਿੱਛੇ ਹਟਾਉਂਦੇ ਰਸਤਾ ਬਣਾਉਣ ਲੱਗੇ, ਵਜ਼ੀਰ ਖਾਂ ਦਾ ਦੀਵਾਨ ਸੁੱਚਾ ਨੰਦ ਆ ਰਿਹਾ ਸੀ।
ਚਉਪਈ
ਸੁੱਚਾ ਨੰਦ ਤਬ ਦੇਖ ਆਯੋ। ਤਬ ਮਾਤਾ ਜੀ ਮਨ ਸੁਖ ਪਾਯੋ । ਹੇ ਪੁਤਰਹੁ! ਅਬ ਡਰ ਨਹੀਂ ਕੋਈ। ਅਬਹਿ ਛੁਡਾਇ ਲੇਨ ਤੁਮ ਸੋਈ।
ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ
ਇਸਨੂੰ ਦੇਖ ਕੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਹੌਂਸਲਾ ਦਿੱਤਾ ਕਿ ਤੁਸੀਂ ਹੁਣ ਕੋਈ ਚਿੰਤਾ ਨਾ ਕਰੋ ਇਹ ਆਪਾਂ ਨੂੰ ਛੁਡਾ ਦੇਵੇਗਾ। ਮਾਤਾ ਜੀ ਨੇ ਭੀੜ ਵਿੱਚੋਂ ਸੁਣਿਆ ਸੀ ਕਿ ਹਿੰਦੂ ਦੀਵਾਨ ਸੁੱਚਾ ਨੰਦ ਆ ਰਿਹਾ ਹੈ। ਪਰ ਇਸ ਪਾਪੀ ਨੇ ਤਾਂ ਆਉਂਦੇ ਹੀ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਕਈ ਮਾੜੇ ਬੋਲ ਬੋਲਦੇ ਨੇ ਕਿਹਾ ਕਿ ਨਵਾਬ ਸਾਹਿਬ ਦਾ ਹੁਕਮ ਹੈ ਇਸ ਗੁਰੂ ਦੀ ਮਾਂ ਨੂੰ ਠੰਡੇ ਬੁਰਜ ਵਿੱਚ ਭੇਜ ਦੇਵੋ ਤੇ ਇਨ੍ਹਾਂ ਬਾਲਕਾਂ ਨੂੰ ਨਵਾਬ ਦੇ ਸਾਹਮਣੇ ਪੇਸ਼ ਕਰੋ। ਇਹ ਕਮੀਨਾ ਨਵਾਬ ਦੇ ਤਲੇ ਚੱਟਣ ਵਾਲਾ ਉਸਦਾ ਵੱਡਾ ਚਾਪਲੂਸ ਸੀ।
ਦੋਹਰਾ
ਮਾਤਾ ਜੀ ਨਿਜ ਸੁਤਨ ਤੇ, ਤਬੈ ਜੁਦਾ ਕਰ ਦੀਨ। ਜਾਇ ਬੁਰਜ ਭੀਤਰ ਦਈ, ਇਉਂ ਦੁਸ਼ਟਨ ਤਬ ਕੀਨ।
ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ
ਮਾਤਾ ਜੀ ਨੂੰ ਪੋਤਿਆਂ ਨਾਲੋਂ ਅਲੱਗ ਕਰਕੇ ਠੰਡੇ ਬੁਰਜ ਵਿੱਚ ਭੇਜ ਦਿੱਤਾ। ਇਹ ਠੰਡਾ ਬੁਰਜ ਹੁਣ ਦੇ ਸਮੇਂ ਵਾਂਗ ਏ. ਸੀ. ਰੈਸਟ ਹਾਊਸ ਸੀ । ਉੱਚੀ ਥਾਂ ‘ਤੇ ਬਣੇ ਹੋਏ ਇਸ ਬੁਰਜ ਨੂੰ ਵਜ਼ੀਰ ਖਾਨ ਦੇ ਸਮੇਂ ਰਾਬ ਬੁਰਦੇ ਬੁਰਜ ਕਹਿੰਦੇ ਸੀ। ਗਰਮੀਆਂ ਨੂੰ ਨਵਾਬ ਏਥੇ ਠਹਿਰਦਾ, ਇਹ ਬਹੁਤ ਠੰਡਾ ਸੀ। ਇਸ ਦੇ ਚਾਰ-ਚੁਫੇਰੇ ਕੰਧਾਂ ਨਾ ਹੋਣ ਕਰਕੇ ਚਾਰੇ ਪਾਸਿਆਂ ਤੋਂ ਠੰਡੀ ਹਵਾ ਆਉਂਦੀ ਰਹਿੰਦੀ, ਇਸਦੀ ਉਚਾਈ ਹੋਰ ਵੀ ਠੰਡਾ ਕਰ ਦੇਂਦੀ। ਸਰਦੀਆਂ ਨੂੰ ਏਥੇ ਕਿੰਨੀ ਠੰਡ ਹੋਵੇਗੀ।
ਬਾਲ ਬੁਲਾਇ ਲਏ ਜਬਹੀ, ਤਬ ਆਨ ਅਦਾਲਤ ਬੀਚ ਪਠਾਏ॥ ਦੇਖਤ ਹੈ ਸਭ ਹੀ ਜਗ ਆਇ ਸੁ, ਮਾਨਹੁ ਫੂਲ ਗੁਲਾਬ ਸੁਹਾਏ॥ ਤਾਂਹਿ ਮਲੇਛ ਲਗੇ ਦੁਖ ਦੇਵਨ, ਚਾਹਤ ਹੈ ਖਲ ਦੀਨ ਮਿਲਾਏ॥ ਨਾਹਿ ਮੰਨੈ ਦੁਖ ਸੀਸ ਸਹੈ, ਦ੍ਰਿੜਤਾ ਹਰਿ ਆਪ ਦਈ ਤਿਨ ਆਏ॥
ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ
ਅਗਲਾ ਭਾਗ………