History of the days after Guru Gobind Singh Ji left Anandpur Sahib – 24-1-26

ਗੁਰ_ਲਾਲਾਂ_ਤਾਈਂ_ਦੁੱਧ_ਪਿਆਇਆ


ਭਾਈ ਮੋਤੀ ਰਾਮ ਜੀ ਸਰਹਿੰਦ ਵਿਖੇ ਵਜ਼ੀਰ ਖਾਂ ਦੇ ਕੋਲ ਹਿੰਦੂ ਕੈਦੀਆਂ ਨੂੰ ਰੋਟੀ ਖੁਆਉਣ ਦੀ ਨੌਕਰੀ ਕਰਦਾ ਸੀ। ਇਹ ਸਰਹਿੰਦ ਦੇ ਰਹਿਣ ਵਾਲਾ ਗੁਰਸਿੱਖ ਸਦਾ ਗੁਰੂ ਪਿਆਰ ਵਿੱਚ ਲੀਨ ਰਹਿੰਦਾ। ਗੁਰੂ ਕੇ ਸਿੱਖਾਂ ਦਾ ਇਹਦੇ ਕੋਲ ਆਉਣ- ਜਾਣ ਸੀ। ਭਾਈ ਮੋਤੀ ਰਾਮ ਜੀ ਇੱਕ ਸਧਾਰਨ ਸਿੱਖ ਵਾਂਗ ਆਪਣਾ ਜੀਵਨ ਬਤੀਤ ਕਰਦੇ। ਇਸ ਸਧਾਰਨ ਵਿਅਕਤੀ ਦੀ ਕੋਈ ਬਹੁਤੀ ਜਾਣ-ਪਛਾਣ ਜਾਂ ਸਰਕਾਰੇ- ਦਰਬਾਰੇ ਕੋਈ ਪਹੁੰਚ ਨਹੀਂ ਸੀ। ਜਦੋਂ ਇਸ ਨੂੰ ਇਹ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਪੁੱਤਰਾਂ ਨੂੰ ਕੈਦ ਕਰਕੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਹੈ, ਕੋਈ ਕੱਪੜਾ ਜਾਂ ਭੋਜਨ ਨਾ ਦੇਣ ਦਾ ਨਵਾਬ ਨੇ ਸਖਤ ਹੁਕਮ ਦੇ ਕੇ ਕਰੜੇ ਪਹਿਰੇ ਲਾਏ ਹੋਏ ਨੇ, ਇਹ ਸੁਣਕੇ ਇਸਦਾ ਕੋਮਲ ਹਿਰਦਾ ਕੁਰਲਾ ਉੱਠਿਆ। ਸਾਰੀ ਸਖਤਾਈ ਨੂੰ ਇਸਨੇ ਠੰਡੇ ਬੁਰਜ ਦੇ ਆਲੇ-ਦੁਆਲੇ ਘੁੰਮ ਕੇ ਦੇਖਿਆ। ਕੋਈ ਵਾਹ-ਪੇਸ਼ ਨਾ ਚਲਦੀ ਦੇਖ ਕੇ ਇਹ ਆਪਣੇ ਘਰ ਜਾ ਕੇ ਧਾਹੀਂ ਰੋ ਪਿਆ। ਇਸਦੀ ਮਾਂ ਨੇ ਪੁੱਛਿਆ, ਕੀ ਹੋਇਆ? ਏਨਾ ਦਿਲਗੀਰ ਕਿਉਂ ਹੋ ਗਿਆ? ਤਾਂ ਇਸ ਨੇ ਕਿਹਾ, ਗੁਰੂ ਜੀ ਦੇ ਮਾਤਾ ਜੀ ਤੇ ਸਾਹਿਬਜ਼ਾਦੇ ਭੁੱਖਣ-ਭਾਣੇ ਕੈਦ ਕੀਤੇ ਹੋਏ ਨੇ, ਮੈਥੋਂ ਦੇਖ ਨਹੀਂ ਹੁੰਦੇ। ਭਾਈ ਮੋਤੀ ਰਾਮ ਜੀ ਦੀ ਮਾਤਾ ਨੇ ਕਿਹਾ ਨਵਾਬ ਦੀ ਸਖਤੀ ਨੂੰ ਤਾਂ ਤੂੰ ਜਾਣਦਾ ਹੀਂ ਏ, ਜਿਸਨੇ ਵੀ ਉਸਦੇ ਹੁਕਮ ਦੀ ਕੁਤਾਹੀ ਕੀਤੀ ਉਸਨੂੰ ਸਖਤ ਸਜਾ ਦੇ ਕੇ ਮਾਰ ਦੇਵੇਗਾ। ਇਸਨੇ ਕਿਹਾ ਗੁਰੂ ਜੀ ਦਾ ਪਰਿਵਾਰ ਸਾਡੇ ਲਈ ਕਿੰਨੇ ਦੁੱਖ ਝੱਲ ਰਿਹਾ ਏ, ਅਸੀਂ ਗੁਰੂ ਜੀ ਦੇ ਕਿਸੇ ਵੀ ਕੰਮ ਨਾ ਆ ਸਕੇ, ਸਾਡੇ ਜਿਊਣ ਦਾ ਕੀ ਲਾਭ ਹੋਇਆ। ਮੈਥੋਂ ਇਹ ਜੁਲਮ ਦੇਖ ਨਹੀਂ ਹੁੰਦਾ, ਮੈਂ ਜਰੂਰ ਉਹਨਾਂ ਨੂੰ ਦੁੱਧ ਛਕਾਵਾਂਗਾ। ਆਪਣੀ ਘਰਵਾਲੀ ਨੂੰ ਕਿਹਾ ਕਿ ਦੁੱਧ ਗਰਮ ਕਰ ਤੇ ਆਪਣੇ ਗਹਿਣੇ ਮੈਨੂੰ ਦੇ ਦੇ, ਜੋ ਮੈਂ ਪਹਿਰੇਦਾਰਾਂ ਨੂੰ ਲਾਲਚ ਦੇ ਕੇ ਬੁਰਜ ਤੱਕ ਪਹੁੰਚ ਸਕਾਂਗਾ। ਭਾਈ ਮੋਤੀ ਰਾਮ ਦੀ ਮਾਂ ਤੇ ਘਰਵਾਲੀ ਇਹ ਸੇਵਾ ਲਈ ਤਿਆਰ ਹੋ ਗਈਆਂ। ਰਾਤ ਦੇ ਹਨੇਰੇ ਵਿੱਚ ਪਹਿਰੇਦਾਰਾਂ ਨੂੰ ਗਹਿਣੇ ਦੇ ਕੇ ਇਹ ਮਰਜੀਵੜਾ ਠੰਡੇ ਬੁਰਜ ਵਿੱਚ ਪਹੁੰਚ ਗਿਆ। ਗੁਰੂ ਪਿਆਰ ਦਾ ਵਿਸ਼ਵਾਸ ਦੁਆ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੂੰ ਗੂੜ੍ਹੀ ਪ੍ਰੀਤ ਨਾਲ ਦੁੱਧ ਛਕਾਇਆ। ਦੂਸਰੀ ਰਾਤ ਨੂੰ ਵੀ ਦੁੱਧ ਛਕਾਉਣ ਦੀ ਸੇਵਾ ਪੂਰੀ ਸਿਦਕ ਦਿਲੀ ਨਾਲ ਕੀਤੀ। ਇਸ ਰਾਤ ਬੁਰਜ ਤੱਕ ਜਾਣ ਲਈ ਪਹਿਰੇਦਾਰਾਂ ਨੂੰ ਪੰਜ ਰੁਪੱਈਏ ਦਿੱਤੇ, ਜਿਸਦਾ ਜਿਕਰ ਗਿਆਨੀ ਠਾਕਰ ਸਿੰਘ ਨੇ ਸ਼ਹੀਦ ਬਿਲਾਸ ਵਿੱਚ ਕੀਤਾ ਹੈ -ਪਾਂਚ ਰੁਪਯੇ ਮੋਤੀ ਦੀਨੇ। ਤੁਰਤ ਸਪਾਹੀ ਨੇ ਲੈ ਲੀਨੇ। ਦੂਧ ਪਿਲਾਏ ਅਪਨੇ ਗ੍ਰਹ ਆਯਾ। ਧੰਨ ਮੋਤੀ ਜਿਨ ਪੁੰਨ ਕਮਾਯਾ।

ਮਾਤਾ ਜੀ ਨੇ ਇਸ ਕੀਤੀ ਘਾਲਣਾ ਲਈ ਭਾਈ ਮੋਤੀ ਰਾਮ ਜੀ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਤੇਰੀ ਗੁਰੂ ਘਰ ਨਾਲ ਬਣ ਆਵੇ । ਤੇਰਾਂ ਪੋਹ ਨੂੰ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਨਵਾਬ ਦੇ ਹੁਕਮ ਨਾਲ ਸ਼ਹੀਦ ਕਰ ਦਿੱਤਾ ਗਿਆ, ਇਹ ਗਰੀਬ ਸਿੱਖ ਕੰਧਾਂ ‘ਚ ਸਿਰ ਮਾਰ-ਮਾਰ ਰੋਇਆ। ਭਾਈ ਟੋਡਰ ਮੱਲ ਜੀ ਨਾਲ ਹੋ ਕੇ ਸਸਕਾਰ ਦੀ ਸਾਰੀ ਸੇਵਾ ਨਿਭਾਈ। ਥੋੜ੍ਹੇ ਦਿਨਾਂ ਬਾਅਦ ਨਵਾਬ ਨੂੰ ਪਤਾ ਲੱਗਾ ਕਿ ਇਸ ਨੇ ਗੁਰੂ ਜੀ ਦੀ ਮਾਂ ਤੇ ਪੁੱਤਰਾਂ ਨੂੰ ਦੁੱਧ ਪਿਆਇਆ ਸੀ ਤਾਂ ਪਰਿਵਾਰ ਸਮੇਤ ਕੈਦ ਕਰ ਲਿਆ। ਪੁੱਛਣ ‘ਤੇ ਭਾਈ ਮੋਤੀ ਰਾਮ ਜੀ ਨੇ ਸੱਚੋ-ਸੱਚ ਦੱਸ ਦਿੱਤਾ। ਏਸ ਨੂੰ ਵੱਡਾ ਜੁਰਮ ਮੰਨ ਕੇ ਜਾਲਮ ਵਜ਼ੀਰ ਖਾਂ ਦੇ ਹੁਕਮ ਨਾਲ ਲੋਕਾਂ ਦੇ ਭਾਰੀ ਹਜੂਮ ਦੇ ਸਾਹਮਣੇ ਭਾਈ ਮੋਤੀ ਰਾਮ ਜੀ ਨੂੰ ਕੋਰੜੇ ਮਾਰ-ਮਾਰ ਕੇ ਅਧਮੋਇਆ ਕਰ ਦਿੱਤਾ, ਇਹੀ ਦਸ਼ਾ ਇਸਦੇ ਪਰਿਵਾਰ ਦੇ ਜੀਆਂ ਦੀ ਕੀਤੀ ਗਈ। ਫਿਰ ਇਸ ਮਰਜੀਵੜੇ ਨੂੰ ਇਸਦੀ ਮਾਂ, ਘਰਵਾਲੀ ਤੇ ਛੋਟੇ ਇੱਕੋ-ਇੱਕ ਪੁੱਤਰ ਨਾਲ ਕੋਹਲੂ ਵਿੱਚ ਪੀੜ ਸ਼ਹੀਦ ਕਰ ਦਿੱਤਾ ਗਿਆ। ਇਸ ਪਰਿਵਾਰ ਨੂੰ ਦੁੱਧ ਪਿਆਉਣ ਦੀ ਏਨੀ ਵੱਡੀ ਸਜਾ ਦਿੱਤੀ ਗਈ। ਇਹਨਾਂ ਦੀ ਸ਼ਹਾਦਤ ਨੂੰ ਸਾਕਾ ਸਰਹਿੰਦ ਦੇ ਨਾਲ ਹੀ ਯਾਦ ਕੀਤਾ ਜਾਂਦਾ ਰਹੇਗਾ। ਭਾਈ ਮੋਤੀ ਰਾਮ ਜੀ ਤੇ ਉਸਦੇ ਪਰਿਵਾਰ ਨੂੰ ਸਿੱਖ ਹਿਰਦਾ ਕਦੇ ਨਹੀਂ ਭੁਲਾਏਗਾ। ਸਦਾ ਹੀ ਇਹ ਬੋਲ ਸਿੱਖ ਹਿਰਦਿਆਂ ਵਿੱਚ ਗੂੰਜਦੇ ਰਹਿਣਗੇ –

ਧੰਨ ਮੋਤੀ ਜਿਨੁ ਪੁੰਨ ਕਮਾਇਆ। ਗੁਰ ਲਾਲਾਂ ਤਾਈਂ ਦੁੱਧ ਪਿਆਇਆ।

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਰਹਿੰਦ ਸ਼ਹਿਰ ‘ਚ ਚੌਦਾਂ ਸੌ ਘਰ ਸਿੱਖਾਂ ਦੇ ਵਸਦੇ ਸੀ ਤੇ ਇਨ੍ਹਾਂ ਦਾ ਮੁਖੀ ਮਸੰਦ ਸੁਲੱਖਣ ਸੀ (ਤਿਹ ਹੁਤੋ ਮਸੰਦ ਸੁਲੱਖਣੋ, ਸਿੱਖ ਸੈ ਚੌਦਾਂ ਅਰਥਾਇ – ਪ੍ਰਾਚੀਨ ਪੰਥ ਪ੍ਰਕਾਸ਼)। ਜਦੋਂ ਦਸਮ ਪਾਤਸ਼ਾਹ ਜੀ, ਮਾਤਾ ਜੀਤੋ ਜੀ ਨੂੰ ਗੁਰੂ ਕੇ ਲਾਹੌਰ ਵਿਆਹੁਣ ਗਏ ਤਾਂ ਬਰਾਤ ਉੱਥੇ ਤਿੰਨ ਦਿਨ ਠਹਿਰੀ। ਸੁਲੱਖਣ ਮਸੰਦ ਦੀ ਅਗਵਾਈ ‘ਚ ਸਰਹਿੰਦ ਦੀ ਸੰਗਤ ਨੇ ਬਰਾਤ ਨੂੰ ਪਹਿਲੇ ਦਿਨ ਲੰਗਰ ਤੇ ਮਠਿਆਈਆਂ ਆਦਿਕ ਛਕਾਉਣ ਦੀ ਸਾਰੀ ਸੇਵਾ ਕੀਤੀ, ਦੂਜੇ ਦਿਨ ਰੋਪੜ ਤੇ ਤੀਜੇ ਦਿਨ ਹੁਸ਼ਿਆਰਪੁਰ ਦੀ ਸੰਗਤ ਨੇ ਇਹ ਸੇਵਾ ਨਿਭਾਈ। ਸਰਹਿੰਦ ‘ਚ ਐਨੀ ਗਿਣਤੀ ‘ਚ ਸਿੱਖ ਸ਼ਰਧਾਲੂਆਂ ਦੇ ਹੁੰਦਿਆਂ ਹੋਇਆਂ ਵੀ ਉਹ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਕੋਈ ਵੀ ਮਦਦ ਕਰਨ ‘ਚ ਸਹਾਈ ਨਾ ਬਣ ਸਕੇ। ਇਨ੍ਹਾਂ ਵਿੱਚੋਂ ਭਾਈ ਮੋਤੀ ਰਾਮ ਜੀ ਹੀ ਨਿੱਤਰੇ, ਜਿਨ੍ਹਾਂ ਨੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਦੁੱਧ ਛਕਾਉਣ ਦੀ ਸੇਵਾ ਬਦਲੇ ਆਪਣੇ ਪਰਿਵਾਰ ਸਮੇਤ ਆਪਾ ਵਾਰ ਦਿੱਤਾ । ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਮਰਜੀਵੜੇ ਦੀ ਕੀਤੀ ਹੋਈ ਸੇਵਾ ਦੀ ਖਬਰ ਦਮਦਮਾ ਸਾਹਿਬ (ਤਲਵੰਡੀ ਸਾਬੋ) ਨੂੰ ਜਾਂਦਿਆਂ ਹੋਇਆਂ ਰਸਤੇ ‘ਚ ਕਿਸੇ ਸਿੱਖ ਨੇ ਸੁਣਾਈ। ਗੁਰੂ ਜੀ ਨੇ ਇਸਦੀ ਸੇਵਾ ਤੇ ਸ਼ਹੀਦੀ ਦਾ ਸੁਣਕੇ ਮਾਣ-ਸਤਿਕਾਰ ਦੇ ਬੋਲ ਬੋਲਦਿਆਂ ਮੁੱਖੋਂ ਬਚਨ ਕੀਤੇ, ਭਾਈ ਮੋਤੀ ਰਾਮ ਸਾਨੂੰ ਬਹੁਤ ਪਿਆਰਾ ਹੈ, ਉਸਦੀ ਕੀਤੀ ਹੋਈ ਸੇਵਾ ਦਾ ਰਿਣ ਅਸੀਂ ਸੱਚਖੰਡ ਜਾ ਕੇ ਚੁਕਾਵਾਂਗੇ। ਜਦੋਂ ਅਸੀਂ ਇਹ ਜਗਤ ਤਮਾਸ਼ਾ ਦੇਖ ਕੇ ਸੱਚਖੰਡ ਚਲੇ ਗਏ ਤਾਂ ਇਸ ਮਰਜੀਵੜੇ ਦਾ ਵਾਸਾ ਇਸਦੇ ਪਰਿਵਾਰ ਸਮੇਤ ਸਾਡੇ ਕੋਲ ਹੋਵੇਗਾ, ਇਸਦੀ ਕੀਤੀ ਹੋਈ ਸੇਵਾ ਸਦਾ ਹੀ ਸਾਡੇ ਹਿਰਦੇ ‘ਚ ਵਸਦੀ ਰਹੇਗੀ। ਸ਼ਹੀਦ ਨਾਮਾ ਦੇ ਕਰਤਾ ਕਵੀ ਕਿਸ਼ਨ ਸਿੰਘ ਨੇ ਗੁਰੂ ਪਾਤਸ਼ਾਹ ਜੀ ਦੇ ਕੀਤੇ ਹੋਏ ਬਚਨਾਂ ਦਾ ਜਿਕਰ ਇਨ੍ਹਾਂ ਸਤਰਾਂ ਨਾਲ ਕੀਤਾ ਹੈ –

ਇਕ ਸਿਖ ਸਤਿਗੁਰ ਪਹਿ ਆਯੋ॥
ਤਿਨ ਯਹ ਦੁਖਦ ਬ੍ਰਿਤਾਂਤ ਸੁਨਾਯੋ॥
ਗੁਰ ਕ੍ਰਿਪਾ ਨਿਧ ਦ੍ਰਬ ਭਏ ॥ ਮੁਖਾਰਬਿੰਦ ਤੇ ਬਚਨ ਯਹ ਕਹੇ ॥ ਮੋਤੀ ਹਮਰੋ ਸਿਖ ਪਯਾਰਾ॥ ਤਿਸ ਕਾ ਕਰਜ ਮਮ ਸਿਰ ਭਾਰਾ ॥ ਜਬ ਹਮ ਦਰਗਹਿ ਜਾਇ ਬਿਰਾਜੈ॥ ਮੋਤੀ ਰਾਮ ਹਮ ਨਿਕਟ ਰਹਾਜੈ॥ ਸਚਖੰਡ ਜਬ ਕਰਹਿ ਹਮ ਵਾਸਾ॥ ਮੋਤੀ ਰਾਮ ਮਮ ਢਿਗ ਹੋਇ ਵਾਸਾ॥ ਹਮਰੇ ਉਰ ਕਾ ਹਾਰ ਵਹ ਬਨੇ॥ ਸਦਹੀ ਹਮਰੇ ਰਿਦ ਸੰਗ ਸਨੇ॥ ਮਮ ਸਿਖਨ ਮਹਿ ਮੋਤੀ ਖਾਸ ॥ ਸਦਾ ਰਹੇ ਗੁਰ ਚਰਨਨ ਪਾਸ॥
ਸਚਖੰਡ ਮਹਿ ਤਿਨ ਧਿਰ ਵਾਸਾ॥ ਜਹਿ ਤਰਸਤ ਹਹਿ ਦੇਵ ਦੈਤ ਅਰ ਦਾਸਾ॥

ਅਗਲਾ ਭਾਗ………

You may also like these