History of the days after Guru Gobind Singh Ji left Anandpur Sahib – 31-1-26

ਦੀਵਾਨ_ਟੋਡਰ_ਮੱਲ_ਜੀ

ਭਾਗ-4
ਇਨ੍ਹਾਂ ਪਾਪੀਆਂ ਦੀ ਜੰਝ ਤੁਰ ਜਾਣ ਤੋਂ ਬਾਅਦ ਭਾਈ ਟੋਡਰ ਮੱਲ ਜੀ ਸਾਥੀਆਂ ਸਮੇਤ ਵਾਹੋ-ਦਾਹੀ ਠੰਡੇ ਬੁਰਜ ਵੱਲ ਨੂੰ ਗਏ ਕਿ ਮਾਤਾ ਗੁਜਰੀ ਜੀ ਦੇ ਸਰੀਰ ਨੂੰ ਚੁੱਕ ਕੇ ਪੋਤਿਆਂ ਦੇ ਸਰੀਰਾਂ ਕੋਲ ਲੈ ਆਈਏ। ਉੱਥੇ ਜਾ ਕੇ ਇਨ੍ਹਾਂ ਨੂੰ ਪਤਾ ਲੱਗਾ ਕਿ ਮਾਤਾ ਜੀ ਦਾ ਸਰੀਰ ਪਾਪੀਆਂ ਨੇ ਪਹਿਲਾਂ ਹੀ ਸਾਹਿਬਜ਼ਾਦਿਆਂ ਦੇ ਸਰੀਰਾਂ ਕੋਲ ਸੁਟਵਾ ਦਿੱਤਾ ਹੈ। ਸਾਰੇ ਜਾਣੇ ਉਸ ਥਾਂ ‘ਤੇ ਪਹੁੰਚੇ ਜਿੱਥੇ ਹੰਸਲਾ ਨਦੀ ਦੇ ਕਿਨਾਰੇ ਤਿੰਨਾਂ ਦੇ ਸਰੀਰ ਪਏ ਸਨ । ਭਾਈ ਟੋਡਰ ਮੱਲ ਜੀ ਨੂੰ ਜਦੋਂ ਸਸਕਾਰ ਕਰਨ ਦੀ ਇਜਾਜਤ ਮਿਲ ਗਈ ਸੀ ਤਾਂ ਉਸ ਨੇ ਆਪਣੀ ਹਵੇਲੀ ਵਿੱਚ ਕੰਮ ਕਰਨ ਵਾਲੇ ਇੱਕ-ਦੋ ਸੇਵਾਦਾਰਾਂ ਨੂੰ ਏਥੇ ਸਾਹਿਬਜ਼ਾਦਿਆਂ ਦੇ ਸਰੀਰਾਂ ਕੋਲ ਪਹਿਰੇਦਾਰ ਬਿਠਾ ਦਿੱਤਾ ਸੀ ਤਾਂ ਕਿ ਕੋਈ ਜੰਗਲੀ ਜਾਨਵਰ ਉਨ੍ਹਾਂ ਦੇ ਸਰੀਰਾਂ ਦੀ ਬੇਅਦਬੀ ਨਾ ਕਰ ਜਾਣ। ਇੱਥੇ ਇੱਕ ਵੱਡਾ ਬਿਬਾਨ (ਸੀੜ੍ਹੀ) ਤਿਆਰ ਕੀਤਾ ਗਿਆ, ਦਾਦੀ ਮਾਂ ਤੇ ਪੋਤਿਆਂ ਨੂੰ ਇਸ਼ਨਾਨ ਕਰਵਾ ਕੇ ਨਵੇਂ ਬਸਤਰ ਪਹਿਨਾਏ। ਫਿਰ ਦਾਦੀ ਮਾਂ ਦੇ ਸਰੀਰ ਨੂੰ ਬਿਬਾਨ ਦੇ ਵਿਚਕਾਰ ਪਾ ਦਿੱਤਾ ਤੇ ਦੋਵਾਂ ਪੋਤਿਆਂ ਦੇ ਸਰੀਰਾਂ ਨੂੰ ਦਾਦੀ ਮਾਂ ਦੇ ਸੱਜੇ ਤੇ ਖੱਬੇ ਪਾਸੇ ਲਿਟਾ ਕੇ ਬਿਬਾਨ ਦੇ ਉੱਪਰ ਕੀਮਤੀ ਸੁੰਦਰ ਦੁਸ਼ਾਲੇ ਪਾ ਦਿੱਤੇ। ਦਾਦੀ ਮਾਂ ਦੇ ਸਰੀਰ ਦਾ ਇਸ਼ਨਾਨ ਭਾਈ ਟੋਡਰ ਮੱਲ ਜੀ ਦੇ ਪਰਿਵਾਰ ਦੀਆਂ ਔਰਤਾਂ ਨੇ ਆਪ ਹੱਥੀਂ ਕਰਵਾਇਆ ਤੇ ਉਨ੍ਹਾਂ ਦੇ ਨਾਲ ਭਾਈ ਮੋਤੀ ਰਾਮ ਜੀ ਮਹਿਰਾ ਦੀ ਮਾਂ ਤੇ ਪਤਨੀ ਵੀ ਸ਼ਾਮਿਲ ਸੀ। ਇਹ ਪਰਿਵਾਰ ਗੁਰੂ ਪ੍ਰੀਤ ‘ਚ ਆਪਾ ਵਾਰਨ ਲਈ ਤੁਲ ਚੁੱਕੇ ਸਨ। ਸਾਰੀ ਤਿਆਰੀ ਹੋਣ ‘ਤੇ ਬਿਬਾਨ ਨੂੰ ਮੋਢਿਆਂ ‘ਤੇ ਚੁੱਕ ਕੇ ਸਤਿਨਾਮ-ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਸਸਕਾਰ ਕਰਨ ਵਾਲੇ ਸਥਾਨ ਵੱਲ ਨੂੰ ਚੱਲ ਪਏ। ਉਸ ਸਮੇਂ ਇਹ ਪ੍ਰਮੁੱਖ ਗੁਰਸਿੱਖ ਇਸ ਵਿੱਚ ਸ਼ਾਮਿਲ ਸਨ – ਭਾਈ ਟੋਡਰ ਮੱਲ ਜੀ ਅਤੇ ਉਸ ਦੇ ਪਰਿਵਾਰ ਦੀਆਂ ਮੁਖੀ ਔਰਤਾਂ, ਭਾਈ ਨਾਗਰ ਮੱਲ ਜੀ, ਭਾਈ ਮੋਤੀ ਰਾਮ ਮਹਿਰਾ ਜੀ ਤੇ ਉਸਦੀ ਮਾਂ ਅਤੇ ਸੁਪਤਨੀ, ਭਾਈ ਜੋਧ ਸਿੰਘ ਜੀ। ਭਾਈ ਟੋਡਰ ਮੱਲ ਜੀ ਦੀ ਹਵੇਲੀ ‘ਚ ਕੰਮ ਕਰਨ ਵਾਲੇ ਸੇਵਾਦਾਰ ਜੋ ਕਈ ਵਰ੍ਹਿਆਂ ਤੋਂ ਇਨ੍ਹਾਂ ਦੀ ਹਵੇਲੀ ‘ਚ ਨੌਕਰੀ ਕਰਦੇ ਸੀ ਤੇ ਉਨ੍ਹਾਂ ਨੇ ਇਸ ਔਖੇ ਵੇਲੇ ਆਪਣੇ ਮਾਲਕ ਦੀਵਾਨ ਜੀ ਦਾ ਸਾਥ ਨਹੀਂ ਛੱਡਿਆ, ਉਨ੍ਹਾਂ ਵਿੱਚੋਂ ੨-੪ ਸੇਵਾਦਾਰ ਵੀ ਇਸ ਸੇਵਾ ਦੇ ਕਾਰਜ ਵਿੱਚ ਸ਼ਾਮਿਲ ਸਨ। ਇੱਕ-ਦੋ ਹੋਰ ਪ੍ਰੀਤਵਾਨ ਸਿੱਖ ਵੀ ਇਸ ਸੇਵਾ ਵਿੱਚ ਹਾਜਰ ਹੋਏ ਹੋਣਗੇ। ਭਾਈ ਟੋਡਰ ਮੱਲ ਜੀ ਤੋਂ ਲੈ ਕੇ ਇਹ ਕਠਿਨ ਸੇਵਾ ਨਿਭਾਉਣ ਵਾਲੇ ਸਾਰੇ ਹੀ ਸਰਹਿੰਦ ਨਿਵਾਸੀ ਸਨ।

ਬਿਬਾਨ ਨੂੰ ਸਸਕਾਰ ਕਰਨ ਵਾਲੀ ਥਾਂ ਦੇ ਨੇੜੇ ਰੱਖ ਕੇ ਭਾਈ ਟੋਡਰ ਮੱਲ ਜੀ ਆਪਣੇ ਸਾਥੀਆਂ ਨਾਲ ਬਹੁਤ ਹੀ ਗੰਭੀਰਤਾ ਭਰੀ ਬਿਰਤੀ ‘ਚ ਚੰਦਨ ਦੀਆਂ ਲੱਕੜਾਂ ਨਾਲ ਅੰਗੀਠਾ ਤਿਆਰ ਕਰਵਾਉਣ ਲੱਗ ਪਏ। ਉਨ੍ਹਾਂ ਨੇ ਇਹ ਲੱਕੜਾਂ ਆਪਣੇ ਸੇਵਾਦਾਰਾਂ ਰਾਹੀਂ ਕਿਸੇ ਲੱਕੜ ਦੇ ਵਪਾਰੀ ਕੋਲੋਂ ਖਰੀਦ ਕੇ ਪਹਿਲਾਂ ਹੀ ਏਥੇ ਮੰਗਵਾ ਲਈਆਂ ਸੀ ਤੇ ਦੇਸੀ ਘਿਓ ਦੇ ਮਟਕੇ ਅਤੇ ਲੋੜੀਂਦੀ ਸਮੱਗਰੀ ਦਾ ਇੰਤਜਾਮ ਵੀ ਕਰ ਰੱਖਿਆ ਸੀ। ਅੰਗੀਠਾ ਤਿਆਰ ਹੋਣ ‘ਤੇ ਦਾਦੀ ਮਾਂ ਦੇ ਸਰੀਰ ਨੂੰ ਬਿਬਾਨ ਤੋਂ ਚੁੱਕ ਕੇ ਅੰਗੀਠੇ ਦੇ ਵਿਚਕਾਰ ਰੱਖ, ਪੋਤਿਆਂ ਦੇ ਸਰੀਰਾਂ ਨੂੰ ਸੱਜੇ-ਖੱਬੇ ਲਿਟਾ ਦਿੱਤਾ, ਉੱਪਰ ਕੀਮਤੀ ਦੁਸ਼ਾਲੇ ਪਾ ਦਿੱਤੇ। ਫਿਰ ਉੱਪਰ ਹੋਰ ਲੱਕੜਾਂ ਰੱਖ ਕੇ ਅੰਗੀਠੇ ਨੂੰ ਸੰਪੂਰਨ ਕਰ ਦਿੱਤਾ। ਇਸਦੇ ਉੱਪਰ ਦੇਸੀ ਘਿਓ ਦੇ ਮਟਕੇ ਪਾ ਕੇ ਹੋਰ ਖੁਸ਼ਬੂਦਾਰ ਸਮੱਗਰੀ ਵੀ ਸਤਿਕਾਰ ਵਜੋਂ ਪਾਈ ਗਈ। ਇਸ ਤੋਂ ਬਾਅਦ ਕੀਰਤਨ ਸੋਹਿਲਾ ਦਾ ਪਾਠ ਕਰਕੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੇ ਪ੍ਰਥਾਏ ਅੰਤਿਮ ਅਰਦਾਸ ਕੀਤੀ । (ਕੀਰਤਨ ਸੋਹਿਲਾ ਦਾ ਪਾਠ ਕਰਨ ਅਤੇ ਅਰਦਾਸ ਕਰਨ ਦਾ ਜਿਕਰ ਗਿਆਨੀ ਠਾਕਰ ਸਿੰਘ ਦੇ ਸ਼ਹੀਦ ਬਿਲਾਸ ਵਿੱਚੋਂ ਮਿਲਦਾ ਹੈ।) ਭਾਈ ਟੋਡਰ ਮੱਲ ਜੀ, ਭਾਈ ਮੋਤੀ ਰਾਮ ਮਹਿਰਾ ਜੀ ਤੇ ਭਾਈ ਜੋਧ ਸਿੰਘ ਜੀ ਗੁਰਬਾਣੀ ਪੜ੍ਹਨੀ ਤੇ ਅਰਦਾਸ ਕਰਨੀ ਜਾਣਦੇ ਸਨ। ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਇੱਕ ਨੇ ਕੀਰਤਨ ਸੋਹਿਲਾ ਦਾ ਪਾਠ ਕੀਤਾ ਤੇ ਇਨ੍ਹਾਂ ਵਿੱਚੋਂ ਹੀ ਕਿਸੇ ਨੇ ਅੰਤਿਮ ਅਰਦਾਸ ਕੀਤੀ। ਭਾਈ ਟੋਡਰ ਮੱਲ ਜੀ ਨੇ ਅੰਗੀਠੇ ਨੂੰ ਮੱਥਾ ਟੇਕ ਕੇ ਉਸਨੂੰ ਅਗਨ ਭੇਟ ਕਰਨ ਲਈ ਲਾਂਬੂ ਲਾ ਦਿੱਤਾ। ਉਸ ਨੇ ਅੰਗੀਠੇ ਤੋਂ ਪਿੱਛੇ ਮੁੜਦਿਆਂ ਹੀ ਵੈਰਾਗ ਵਿੱਚ ਆ ਕੇ ਉੱਚੀ-ਉੱਚੀ ਧਾਹਾਂ ਮਾਰੀਆਂ ਤਾਂ ਬਾਕੀਆਂ ਦਾ ਵੈਰਾਗ ਵੀ ਥੰਮਿਆ ਨਾ ਗਿਆ। ਓਨੇ ਕੁ ਥੋੜ੍ਹੇ ਜਿਹੇ ਸੰਗੀ-ਸਾਥੀ ਆਪਸ ‘ਚ ਹੀ ਇੱਕ-ਦੂਜੇ ਨੂੰ ਧਰਵਾਸ ਦੇ ਕੇ ਚੁੱਪ ਕਰਾਉਣ ਲੱਗ ਪਏ। ਉਸ ਸਮੇਂ ੧੩ ਪੋਹ ਦੀ ਸ਼ਾਮ ਦਾ ਸੂਰਜ ਡੁੱਬ ਗਿਆ ਸੀ ਤੇ ਧੁੰਦ ਤੇ ਹਨੇਰੇ ਨੇ ਪੈਰ ਪਸਾਰ ਲਏ ਸੀ। ਅੰਗੀਠੇ ਦੀਆਂ ਬਲਦੀਆਂ ਲਾਟਾਂ ਦੀ ਰੌਸ਼ਨੀ ਦੂਰ ਤੱਕ ਚਾਨਣਾ ਕਰ ਰਹੀ ਸੀ ਤੇ ਹਰ ਪਾਸੇ ਖਾਮੋਸ਼ੀ ਛਾਈ ਹੋਈ ਸੀ। ਇੱਥੋਂ ਅੱਧ ਕੋਹ (ਡੇਢ ਕਿ: ਮੀ:) ਦੀ ਵਾਟ ‘ਤੇ ਸਰਹਿੰਦ ਦੇ ਨਿਵਾਸੀਆਂ ਦੀ ਕੋਈ ਅਵਾਜ ਸੁਣਾਈ ਨਹੀਂ ਸੀ ਦਿੰਦੀ। ਏਥੇ ਨੇੜੇ ਵਸੇ ਚੌਧਰੀ ਅੱਤਾ ਦੀ ਅੱਤੇਵਾਲੀ ਦੇ ਵਸਨੀਕਾਂ ਦੀਆਂ ਅਵਾਜਾਂ ਵੀ ਖਾਮੋਸ਼ ਸਨ । ਭਾਈ ਟੋਡਰ ਮੱਲ ਜੀ ਕਿੰਨੀ ਦੇਰ ਤੱਕ ਅੰਗੀਠੇ ਤੋਂ ਪਿੱਛੇ ਹਟ ਕੇ ਚੌਂਕੜਾ ਲਾਈ, ਬਿਰਤੀ ‘ਚ ਸਮਾਧੀ ਲਾ ਕੇ ਬੈਠੇ ਰਹੇ ਤੇ ਉਨ੍ਹਾਂ ਦੇ ਸੰਗੀ-ਸਾਥੀ ਵੀ ਆਸ-ਪਾਸ ਬੈਠ ਗਏ। ਥੋੜ੍ਹੀ ਦੇਰ ਬਾਅਦ ਭਾਈ ਟੋਡਰ ਮੱਲ ਜੀ ਆਪ ਹੀ ਚੁੱਪ-ਚਾਪ ਉੱਠੇ ਤੇ ਉਨ੍ਹਾਂ ਨੇ ਅੰਗੀਠੇ ਨੂੰ ਮੱਥਾ ਟੇਕਿਆ। ਉਨ੍ਹਾਂ ਨੂੰ ਦੇਖ ਕੇ ਬਾਕੀ ਦੇ ਸੰਗੀ-ਸਾਥੀਆਂ ਨੇ ਵੀ ਮੱਥਾ ਟੇਕ ਕੇ ਗੁਰ ਫਤਹਿ ਬੁਲਾਈ। ਫਿਰ ਸਾਰੇ ਜਾਣੇ ਵਾਪਸ ਸਰਹਿੰਦ ਨੂੰ ਆਪਣੇ ਘਰਾਂ ਨੂੰ ਚੱਲ ਪਏ । ਉਹ ਜਾਂਦੇ ਹੋਏ ਪਿੱਛੇ ਨੂੰ ਮੁੜ-ਮੁੜ ਅੰਗੀਠੇ ਦੀਆਂ ਬਲਦੀਆਂ ਲਾਟਾਂ ਨੂੰ ਓਨੀ ਦੇਰ ਤੱਕ ਦੇਖਦੇ ਰਹੇ, ਜਿੰਨੀ ਦੂਰੀ ਤੱਕ ਉਨ੍ਹਾਂ ਨੂੰ ਦਿਸਦੀਆਂ ਰਹੀਆਂ। ਆਪੋ-ਆਪਣੇ ਘਰਾਂ ਵਿੱਚ ਜਾ ਕੇ ਉਹ ਡੂੰਘੀ ਰਾਤ ਤੱਕ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀਆਂ ਬਾਤਾਂ ਕਰਦੇ ਰਹੇ ਤੇ ਦਿਨ ਭਰ ਵਰਤੇ ਸਾਕੇ ਨੇ ਸਾਰੀ ਰਾਤ ਉਨ੍ਹਾਂ ਦੀਆਂ ਅੱਖਾਂ ‘ਚ ਨੀਂਦ ਨਾ ਆਉਣ ਦਿੱਤੀ । ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੇ ਪਵਿੱਤਰ ਸਰੀਰਾਂ ਦਾ ਸਸਕਾਰ ੧੩ ਪੋਹ, ਸੰਮਤ ੧੭੬੧ ਬਿ: (੧੭੦੪ ਈ:) ਨੂੰ ਸੂਰਜ ਡੁੱਬਣ ਵੇਲੇ ਹੋਇਆ।
ਅਗਲਾ ਭਾਗ………

You may also like these