ਵਾਰ_ਦੀਏ_ਸੁਤ_ਚਾਰ
ਭਾਗ 2
ਬੀਬੀ ਕਪੂਰੋ ਨੇ ਸਹਿਤ ਅਦਬ ਬੇਨਤੀ ਕੀ ਮਹਾਰਾਜ! ਬੜੀ ਮਾਤਾ ਜੀ ਤੇ ਚਾਰੇ ਸਾਹਿਬਜ਼ਾਦੇ ਗੁਰਪੁਰੀ ਪਧਾਰ ਚੁਕੇ ਹਨ, ਬਾਕੀ ਦੋਵੇਂ ਮਾਤਾਵਾਂ ਕਿੱਥੇ ਹਨ? ਸਤਿਗੁਰਾਂ ਬੀਬੀ ਕਪੂਰੋ ਕੀ ਤਰਫ ਦੇਖਾ, ਬਚਨ ਹੋਆ, ਇਹ ਦੋਵੇਂ ਏਸ ਵੇਲੇ ਦਿਹਲੀ ਮੇਂ ਹੈ। ਬੀਬੀ ਕਪੂਰੋ ਨੇ ਕਹਾ, ਮਹਾਰਾਜ! ਉਨ੍ਹੈ ਇਥੇ ਬੁਲਾਨਾ ਚਾਹੀਏ। ਗੁਰੂ ਜੀ ਨੇ ਕਹਾ, ਜਿਵੇਂ ਤੁਸਾਂ ਕੀ ਰਜ਼ਾ। ਬੀਬੀ ਕਪੂਰੋ ਨੇ ਰਾਇ ਡੱਲਾ ਸੇ ਕਹ ਕੇ ਦੋਵੇਂ ਮਾਤਾਵਾਂ ਕੋ ਬੁਲਾਨੇ ਕਾ ਫੈਸਲਾ ਕਰ ਲਿਆ। ਅਗਲੇ ਦਿਹੁੰ ਰਾਇ ਡੱਲੇ ਨੇ ਸਾਂਢਨੀ-ਸਵਾਰ ਦਿਹਲੀ ਕੀ ਤਰਫ ਰਵਾਨਾ ਕੀਏ। ਇਹ ਦੋਵੇਂ ਸੱਜਨ ਸਾਂਢਨੀਆਂ ਸੇ ਉਤਰ ਦੋਹਾਂ ਮਾਤਾਵਾਂ ਨੂੰ ਨਮਸਕਾਰ ਕਰ ਕੇ ਗੁਰੂ ਜੀ ਵਲੋਂ ਲਿਖੀ ਪਾਤੀ ਮਾਤਾ ਸੁੰਦਰ ਸਰੂਪ ਜੀ ਕੇ ਹਾਥ ਮੇਂ ਫੜਾਈ।
ਦੋਵੇਂ ਮਾਤਾ ਭਾਈ ਸ਼ੀਹਾ ਸਿੰਘ ਤੇ ਸ਼ਹਿਰ ਦੀ ਸਿੱਖ ਸੰਗਤ ਕੋ ਗੈਲ ਲੈ ਦਿਹਲੀ ਸੇ ਸਾਬੋ ਕੀ ਤਲਵੰਡੀ ਕੋ ਤਿਆਰ ਹੋਈਆਂ। ਰਸਤੇ ਕਾ ਪੰਧ ਮੁਕਾਇ ਇਹ ਸਾਰੇ ਸਾਬੋ ਕੀ ਤਲਵੰਡੀ ਮੇਂ ਜਾਇ ਪਹੁੰਚੇ। ਮਾਤਾ ਸੁੰਦਰ ਸਰੂਪ ਕੌਰ ਤੇ ਮਾਤਾ ਸਾਹਿਬ ਕੌਰਾਂ ਦੋਵੇਂ ਨਮਸਕਾਰ ਕਰ ਕੇ ਸਤਿਗੁਰਾਂ ਕੇ ਗੈਲ ਬੈਠ ਗਈਆਂ। ਮਾਤਾ ਸੁੰਦਰ ਸਰੂਪ ਕੌਰ ਨੇ ਸਹਿਤ ਅਧੀਨਗੀ ਗੁਰੂ ਜੀ ਸੇ ਪੂਛਾ, ਮਹਾਰਾਜ! ਬੜੀ ਮਾਤਾ ਤੇ ਚਾਰੇ ਨਿੱਕੀਆਂ ਜਿੰਦਾਂ ਲਗੇ ਦਰਬਾਰ ਵਿੱਚ ਨਜ਼ਰ ਨਹੀਂ ਆ ਰਹੀਆਂ ਹਨ, ਉਹ ਕਿੱਥੇ ਹਨ? ਸਤਿਗੁਰਾਂ ਕਿਹਾਂ ਸੁੰਦਰੀ! ਉਹ ਪੰਜੇ ਧਰਮ ਦੀ ਖਾਤਰ ਸ਼ਹੀਦੀਆਂ ਪਾਇ ਗਏ ਹਨ। ਇਹ ਸਭੋ ਕੁਝ ਉਸ ਮਹਾਂ ਕਾਲ ਦੇ ਭਾਣੇ ਬੀਚ ਹੋਆ ਹੈ। ਭਾਣੇ ਨੂੰ ਮੰਨਣਾ ਚਾਹੀਦਾ ਹੈ। ਬੜੇ ਅਵਤਾਰ ਰਿਸ਼ੀ ਮੁਨੀ ਭਾਣੇ ਨੂੰ ਮੰਨਦੇ ਆਏ ਹਨ ਭਾਣਾ ਅਮਿੱਟ ਹੈ ਇਹ ਮਿਟ ਨਹੀਂ ਸਕਤਾ ।
ਮਾਤਾ ਸੁੰਦਰ ਕੌਰ ਜੀ ਦੇ ਸਾਹਿਬਜ਼ਾਦਿਆਂ ਦੇ ਬਾਰੇ ਪੁੱਛਣ ‘ਤੇ ਪਾਤਸ਼ਾਹ ਜੀ ਨੇ ਸਭ ਸੰਗਤ ਵੱਲ ਇਸ਼ਾਰਾ ਕਰਕੇ ਕਿਹਾ –
ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ॥ ਚਾਰ ਮੂਏ ਤੋ ਕਿਆ ਭਯਾ ਜੀਵਤ ਕਈ ਹਜਾਰ॥
ਪਾਤਸ਼ਾਹ ਜੀ ਨੇ ਦ੍ਰਿੜਤਾ ਨਾਲ ਕਿਹਾ, ਮੈਂ ਇਹਨਾਂ ਪੁੱਤਰਾਂ ਦੀ ਖਾਤਰ ਆਪਣੇ ਚਾਰ ਪੁੱਤਰ ਵਾਰ ਦਿੱਤੇ ਨੇ, ਉਹਨਾਂ ਦੇ ਬਦਲੇ ਇਹ ਹਜਾਰਾਂ ਜਿਉਂਦੇ ਹਨ। ਇਹ ਸੁਣਕੇ ਮਤਾਵਾਂ ਤੋਂ ਵਿਛੋੜੇ ਦਾ ਦਰਦ ਅਸਹਿ ਹੋ ਗਿਆ। ਆਂਦਰਾਂ ਦਾ ਦੁੱਖ ਝੱਲ ਨਾ ਹੋਇਆ, ਅੱਥਰੂ ਬਣ ਅੱਖਾਂ ‘ਚ ਵਹਿ ਤੁਰਿਆ, ਸਾਰੀ ਸੰਗਤ ਵਿਰਲਾਪ ਕਰਨ ਲੱਗੀ। ਪਾਤਸ਼ਾਹ ਜੀ ਨੇ ਸਭ ਨੂੰ ਦਿਲਾਸਾ ਦਿੱਤਾ ਤੇ ਕਿਹਾ, ਉਹ ਸੱਚਖੰਡ ਦੇ ਵਾਸੀ ਬਣੇ ਹਨ, ਉਹਨਾਂ ਦੀ ਸ਼ਹੀਦੀ ‘ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਏਸੇ ਤਰ੍ਹਾਂ ਦੁੱਖ ਭਰੀਆਂ ਵਿਚਾਰਾਂ ਚਲਦੀਆਂ ਰਹੀਆਂ। ਭਾਈ ਡੱਲੇ ਨੇ ਕਿਹਾ ਪਾਤਸ਼ਾਹ ਜੀ, ਮਾਤਾਵਾਂ ਨੂੰ ਮੇਰੇ ਘਰ ਭੇਜ ਦਿਓ ਮੈਂ ਇਹਨਾਂ ਲਈ ਵੱਖਰਾ ਘਰ ਖਾਲੀ ਕਰਵਾ ਦਿੱਤਾ ਹੈ। ਮਾਤਾਵਾਂ ਨੇ ਕਿਹਾ, ਨਹੀਂ ਭਾਈ ਅਸੀਂ ਆਪਣੇ ਸੁਆਮੀ ਦੇ ਚਰਨਾਂ ‘ਚ ਹੀ ਰਹਾਂਗੀਆਂ, ਸਾਨੂੰ ਬਹੁਤ ਦੇਰ ਬਾਅਦ ਦਰਸ਼ਨ ਹੋਏ ਹਨ। ਭਾਈ ਡੱਲੇ ਨੇ ਮਾਤਾਵਾਂ ਦਾ ਹੁਕਮ ਮੰਨ ਇੱਕ ਵੱਖਰਾ ਤੰਬੂ ਗੁਰੂ ਜੀ ਦੇ ਤੰਬੂ ਦੇ ਨਾਲ ਲੁਆ ਦਿੱਤਾ। ਰਾਤ ਦੇਰ ਤੱਕ ਮਾਤਾਵਾਂ ਸਾਰਾ ਹਾਲ ਪਾਤਸ਼ਾਹ ਜੀ ਤੋਂ ਪੁੱਛਦੀਆਂ ਰਹੀਆਂ, ਜਿਨ੍ਹਾਂ ਦੇ ਚਾਰ ਜਵਾਨ ਪੁੱਤ ਵਿਛੋੜਾ ਦੇ ਗਏ ਹੋਣ ਉਹਨਾਂ ਨੂੰ ਨੀਂਦ ਕਿਵੇਂ ਆਵੇ । ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਚਮਕੌਰ ਦੀ ਗੜ੍ਹੀ ਵਿੱਚ ਵੱਡੇ ਪੁੱਤਰਾਂ ਦੀ ਸ਼ਹੀਦੀ ਤੇ ਹੋਰ ਸਾਰਾ ਹਾਲ ਪਾਤਸ਼ਾਹ ਜੀ ਤੋਂ ਸੁਣਿਆ। ਮਾਤਾ ਜੀ ਤੇ ਨਿੱਕੀਆਂ ਜਿੰਦਾਂ ਦੀ ਸ਼ਹੀਦੀ ਸੁਣ ਕੇ ਦਿਲ ਨੂੰ ਹੌਲ ਪੈਂਦੇ। ਸਾਰੀ ਰਾਤ ਮਾਤਾਵਾਂ ਦੀ ਦਰਦ ਭਰੀ ਆਪਣੇ ਪਰਿਵਾਰ ਦੀ ਦਾਸਤਾਨ ਸੁਣਦਿਆਂ ਲੰਘੀ। ਜਦੋਂ ਮਾਤਾ ਜੀਤੋ ਜੀ ਚਲਾਣਾ ਕਰ ਗਏ ਉਦੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ ਉਮਰ ਚਾਰ ਸਾਲ ਦੇ ਕਰੀਬ ਸੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਦੀ ਉਮਰ ਦੋ ਸਾਲ ਦੀ ਸੀ। ਦਾਦੀ ਮਾਂ ਨੇ ਹੱਥੀਂ ਪਾਲਣਾ ਕੀਤੀ ਤੇ ਸਦਾ ਆਪਣੇ ਨਾਲ ਹੀ ਰੱਖਦੀ। ਅਖੀਰੀ ਸਮੇਂ ਵੀ ਦਾਦੀ ਮਾਂ ਨਾਲ ਹੀ ਰਹੀ, ਮੌਤ ਵੀ ਉਸਨੂੰ ਪੋਤਿਆਂ ਤੋਂ ਜੁਦਾ ਨਾ ਕਰ ਸਕੀ। ਪੂਰੇ ਇੱਕ ਹਫਤੇ ਦੇ ਅੰਦਰ-ਅੰਦਰ ਹੀ ਦਸਮ ਪਿਤਾ ਜੀ ਦੇ ਚਾਰ ਪੁੱਤਰ ਤੇ ਮਾਤਾ ਜੀ ਸ਼ਹੀਦ ਹੋ ਗਏ। ਇਹ ਸਾਰਾ ਕੁਝ ਬਹੁਤ ਵੱਡਾ ਦੁਖਾਂਤ ਵਾਪਰਨ ‘ਤੇ ਵੀ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਦ੍ਰਿੜਤਾ ਨੂੰ ਕਾਇਮ ਰੱਖਿਆ ਤੇ ਆਪਣੀ ਮੰਜਿਲ ਵੱਲ ਵਧੇਰੇ ਜੋਸ਼ ਨਾਲ ਵਧਦੇ ਗਏ। ਉਹ ਸਦਾ ਚੜ੍ਹਦੀਆਂ ਤੋਂ ਚੜ੍ਹਦੀਆਂ ਕਲਾਂ ਵਿੱਚ ਨਜ਼ਰ ਆਏ।