History of the days after Guru Gobind Singh Ji left Anandpur Sahib – 12-2-26

ਫਤਹਿ ਤੋਂ ਫਤਹਿਗੜ੍ਹ ਸਾਹਿਬ
ਭਾਗ 1
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ੨੨ ਮਈ, ੧੭੧੦ ਈ: ਨੂੰ ਪਾਪੀ ਵਜ਼ੀਰ ਖਾਨ ਨੂੰ ਸੋਧ ਕੇ ਸਰਹਿੰਦ ਫਤਹਿ ਕੀਤੀ ਤੇ ਏਥੋਂ ਦਾ ਹਾਕਮ ਭਾਈ ਬਾਜ ਸਿੰਘ ਨੂੰ ਥਾਪਿਆ। ਸਿੰਘਾਂ ਦੇ ਹੱਥੋਂ ਤਿੰਨ ਦਿਨ ਤੱਕ ਪਾਪੀਆਂ ਦੀ ਕਤਲੋਗਾਰਤ ਹੁੰਦੀ ਰਹੀ। ਅਮਨ-ਅਮਾਨ ਹੋਣ ‘ਤੇ ਬੰਦਾ ਸਿੰਘ ਸ਼ਹੀਦਾਂ ਦੇ ਸਥਾਨ ‘ਤੇ ਨਮਸਕਾਰ ਕਰਨ ਗਿਆ ਤੇ ਉਸ ਨੇ ਖਾਲਸੇ ਨੂੰ ਨਿਰਦੇਸ਼ ਦਿੱਤੇ ਕਿ ਇੱਥੇ ਬਹੁਤ ਹੀ ਛੇਤੀ ਗੁਰਦੁਆਰਾ ਉਸਾਰਿਆ ਜਾਵੇ। ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ‘ਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ, ਉੱਥੇ ਕੁੱਝ ਹੀ ਦਿਨਾਂ ‘ਚ ਛੋਟਾ ਜਿਹਾ ਗੁਰਦੁਆਰਾ ਸਾਹਿਬ ਉਸਾਰ ਕੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਗਿਆ। ਇਸ ਦੀ ਸੇਵਾ-ਸੰਭਾਲ ਲਈ ਕੁੱਝ ਸਿੰਘ ਨੀਯਤ ਕੀਤੇ ਗਏ। ਬਾਬਾ ਬੰਦਾ ਸਿੰਘ ਜੀ ਨੇ ਦਸ਼ਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਪ੍ਰਤੀ ਅਥਾਹ ਸ਼ਰਧਾ ਰੱਖਦੇ ਹੋਏ ਸਰਹਿੰਦ ਦਾ ਨਾਂ ਬਦਲ ਕੇ ਛੋਟੇ ਸਾਹਿਬਜ਼ਾਦੇ ਦੇ ਨਾਂ ‘ਤੇ ਫਤਹਿਗੜ੍ਹ ਸਾਹਿਬ ਰੱਖ ਦਿੱਤਾ। ੯ ਜੂਨ, ੧੭੧੬ ਈ: ਨੂੰ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਅਗਲੇਰੇ ਸਮੇਂ ਖਾਲਸਾ ਪੰਥ ਨੇ ਬਹੁਤ ਬਿਖੜੇ ਅਤੇ ਕਸ਼ਟਾਂ ਭਰੇ ਬਤੀਤ ਕੀਤੇ। ਮੁਗਲ ਹਕੂਮਤ ਨੇ ਸਿੱਖਾਂ ਉੱਤੇ ਜੀਅ ਭਰ ਕੇ ਜ਼ੁਲਮ ਕੀਤੇ ਅਤੇ ਇਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਵੀ ਤਹਿਸ-ਨਹਿਸ ਕੀਤਾ। ਏਸੇ ਹਨੇਰ-ਗਰਦੀ ‘ਚ ਬਾਬਾ ਜੀ ਵੱਲੋਂ ਉਸਾਰਿਆ ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਵੀ ਢਾਹ ਦਿੱਤਾ ਗਿਆ। ਕਈ ਦਹਾਕਿਆਂ ਬਾਅਦ ਸਮਾਂ ਬਦਲਿਆ ਤਾਂ ਖਾਲਸਾ ਪੰਥ ਦਾ ਜ਼ੋਰ ਵਧਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ‘ਚ ਅਰਦਾਸ ਕਰਕੇ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੱਖ ਮਿਸਲਾਂ ਦੇ ਸਰਦਾਰਾਂ ਸਮੇਤ ਖਾਲਸਾ ਦਲ ਨੇ ਸਰਹਿੰਦ ਤੇ ਹੱਲਾ ਬੋਲ ਦਿੱਤਾ। ਉਨ੍ਹਾਂ ਨੇ ੧੪ ਜਨਵਰੀ, ੧੭੬੪ ਈ: ਨੂੰ ਏਥੋਂ ਦੇ ਨਵਾਬ ਜੈਨ ਖਾਨ ਨੂੰ ਮਾਰ ਕੇ ਸਰਹਿੰਦ ਨੂੰ ਮੁੜ ਫਤਹਿ ਕਰ ਲਿਆ ਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਇਸਨੂੰ ਤਬਾਹ ਕਰ ਦਿੱਤਾ। ਇਸ ਤਬਾਹੀ ‘ਚ ਸਰਹਿੰਦ ਦੇ ਕੁੱਝ ਹੀ ਮੁਹੱਲੇ ਬਚੇ, ਜਿੱਥੇ ਹਿੰਦੂ-ਸਿੱਖ ਵਸਦੇ ਸੀ ਜਾਂ ਜੋ ਗੁਰੂ ਘਰ ਦੇ ਵਿਰੋਧੀ ਨਹੀਂ ਸਨ। ਸਰਹਿੰਦ ਸੋਧ ਕੇ ਸਰਦਾਰਾਂ ਨੇ ਬਚੇ ਹੋਏ ਮੁਹੱਲਿਆਂ ‘ਚੋਂ ਸਿਆਣੀ ਉਮਰ ਦੇ ਬਜ਼ੁਰਗਾਂ ਨੂੰ ਇਕੱਠੇ ਕਰਕੇ ਉਨ੍ਹਾਂ ਕੋਲੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਬਿਰਤਾਂਤ ਸੁਣਿਆ ਤੇ ਉਨ੍ਹਾਂ ਦੇ ਸਥਾਨਾਂ ਦੀ ਨਿਸ਼ਾਨ ਦੇਹੀ ਕਰਵਾਈ। ਇਨ੍ਹਾਂ ਬਜ਼ੁਰਗਾਂ ਨੇ ਆਪਣੇ ਬਚਪਨ ‘ਚ ਇਸ ਸ਼ਹੀਦੀ ਨੂੰ ਅੱਖੀਂ ਦੇਖਿਆ ਸੀ। ਉਨ੍ਹਾਂ ਨੇ ਠੰਡਾ ਬੁਰਜ, ਸ਼ਹੀਦੀ ਸਥਾਨ ਅਤੇ ਜੋਤੀ ਸਰੂਪ ਵਾਲੇ ਥਾਂ ਸਰਦਾਰਾਂ ਨੂੰ ਨਾਲ ਲਿਜਾ ਕੇ ਦਿਖਾਏ। ਬਜ਼ੁਰਗਾਂ ਦੀ ਨਿਸ਼ਾਨ ਦੇਹੀ ਤੋਂ ਬਾਅਦ ਸ. ਜੱਸਾ ਸਿੰਘ ਸਮੇਤ ਸਾਰੇ ਸਰਦਾਰ ਇਨ੍ਹਾਂ ਅਸਥਾਨਾਂ ‘ਤੇ ਆਏ ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਅਰਦਾਸ ਕਰਵਾਈ। ਸਿਆਣਿਆਂ ਤੋਂ ਸ਼ਹੀਦੀ ਬਿਰਤਾਂਤ ਕੰਨੀ ਸੁਣ ਤੇ ਸਥਾਨਾਂ ਨੂੰ ਅੱਖੀਂ ਦੇਖ ਕੇ ਸਰਦਾਰਾਂ ਅਤੇ ਦੇਖਣ-ਸੁਣਨ ਵਾਲਿਆਂ ਦੀਆਂ ਅੱਖਾਂ ‘ਚ ਨੀਰ ਵਹਿ ਤੁਰਿਆ। ਸਰਦਾਰਾਂ ਨੇ ਸਭ ਤੋਂ ਪਹਿਲਾ ਕਾਰਜ ਇਹ ਕੀਤਾ ਕਿ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ, ਉੱਥੇ ਬਹੁਤ ਹੀ ਸੁੰਦਰ ਥੜਾ ਸਾਹਿਬ ਉਸਾਰ ਦਿੱਤਾ। ਉੱਪਰ ਚੌਕੀਂ ਰੱਖ ਕੇ ਚੰਦੋਆ ਤਾਣਿਆ। ਪੰਜ ਸ਼ਸਤਰ ਚੌਕੀਂ ਉੱਪਰ ਸਜਾ ਕੇ ਇੱਕ ਸਿੰਘ ਨੂੰ ਚੌਰ ਕਰਨ ਲਈ ਨੀਯਤ ਕੀਤਾ ਤੇ ਇੱਥੇ ਦੀ ਸੇਵਾ-ਸੰਭਾਲ ਦੀ ਜਿੰਮੇਵਾਰੀ ਵੀ ਉਸ ਨੂੰ ਸੌਂਪ ਦਿੱਤੀ। ਸਾਰੇ ਹੀ ਸਰਦਾਰਾਂ ਤੇ ਖਾਲਸਾ ਪੰਥ ਨੇ ਇੱਥੇ ਇਕੱਤਰ ਹੋ ਕੇ ਬਹੁਤ ਸਾਰੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਅਰਦਾਸ ਕਰਵਾਈ। ਉਨ੍ਹਾਂ ਨੇ ਸ਼ਸਤਰਾਂ ਨੂੰ ਗੁਰੂ ਸਮਾਨ ਜਾਣ ਮਾਇਆ ਭੇਟ ਕਰ ਪਰਕਰਮਾ ਕੀਤੀਆਂ ਤੇ ਸ਼ਰਧਾ ਨਾਲ ਮੱਥਾ ਟੇਕਿਆ। ਉਪਰੰਤ ਕੀਰਤਨੀਏ ਸਿੰਘਾਂ ਨੇ ਕੀਰਤਨ ਕੀਤਾ ਤੇ ਗੁਰੂ ਕੇ ਲੰਗਰ ਦੇ ਵਰਤਾਰੇ ਵਰਤਾਏ ਗਏ। ਇਸ ਤੋਂ ਕੁੱਝ ਸਮੇਂ ਬਾਅਦ ਏਸੇ ਥੜਾ ਸਾਹਿਬ ‘ਤੇ ਗੁਰਦੁਆਰਾ ਉਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਨਿਸ਼ਾਨ ਸਾਹਿਬ ਝੁਲਾਇਆ। ਬਹੁਤ ਸਾਰੀ ਜਗੀਰ ਵੀ ਸ਼ਹੀਦੀ ਅਸਥਾਨ ਦੇ ਨਾਂ ‘ਤੇ ਲਿਖਤ ਕਰਵਾਈ। ਫਿਰ ਖਾਲਸਾ ਪੰਥ ਸਰਹਿੰਦ ਨੂੰ ਮੁੜ ਤੋਂ ਫਤਹਿਗੜ੍ਹ ਸਾਹਿਬ ਕਹਿਣ ਲੱਗ ਪਿਆ।
ਜਥਾ ਜੋਗ ਸਭ ਨੇ ਧਨ ਦੀਓ। ਗੁਰੁਦ੍ਵਾਰਾ ਰਚ ਕਾਇਮ ਕੀਓ। ਮੁੱਠਾ ਚੌਰ ਤਾਹਿ ਪੈ ਧਾਰਾ। ਨਾਮ ਫਤੇਗੜ ਪੰਥ ਉਚਾਰਾ। ਪੰਥ ਪ੍ਰਕਾਸ਼ – ਗਿਆਨੀ ਗਿਆਨ ਸਿੰਘ – ੯੯੦


ਅਗਲਾ ਭਾਗ…….

You may also like these