ਫਤਹਿ ਤੋਂ ਫਤਹਿਗੜ੍ਹ ਸਾਹਿਬ
ਭਾਗ 2
ਫਤਹਿਗੜ੍ਹ ਸਾਹਿਬ ਦੇ ਬਾਕੀ ਅਸਥਾਨ ਵੀ ਖਾਲਸਾ ਪੰਥ ਨੇ ਬਣਾਏ ਤੇ ਸ਼ਹੀਦੀ ਅਸਥਾਨ ਦੀ ਉਸਾਰੀ ਹੁਣ ਤੀਜੀ ਵਾਰ ਹੋਈ ਸੀ। ਪਹਿਲੀ ਵਾਰ ਪਾਪੀ ਵਜ਼ੀਰ ਖਾਨ ਨੇ ਆਪਣੇ ਕਸ਼ਟਾਂ ਤੋਂ ਛੁਟਕਾਰਾ ਪਾਉਣ ਲਈ ਚੌਧਰੀ ਕਪੂਰੇ ਬਰਾੜ ਦੇ ਕਹਿਣ ‘ਤੇ ਏਥੇ ਚਬੂਤਰਾ (ਥੜਾ) ਬਣਾਇਆ ਸੀ। ਦੂਜੀ ਵਾਰ ਬੰਦਾ ਸਿੰਘ ਜੀ ਨੇ ਏਥੇ ਗੁਰਦੁਆਰਾ ਬਣਾਇਆ ਤੇ ਫਿਰ ਖਾਲਸਾ ਪੰਥ ਨੇ ਤੀਜੀ ਵਾਰ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਉਸਾਰ ਕੇ ਸਦੀਵੀ ਕਾਇਮ ਕਰ ਦਿੱਤੀ। ਇਸ ਤੋਂ ਅਗਲਾ ਕਾਰਜ ਖਾਲਸਾ ਪੰਥ ਲਈ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਦਾ ਸੀ, ਜਿਸ ਨੂੰ ਅਹਿਮਦ ਸ਼ਾਹ ਅਬਦਾਲੀ ਨੇ ੧੦ ਅਪ੍ਰੈਲ, ੧੭੬੨ ਈ: ਨੂੰ ਢਾਹ ਦਿੱਤਾ ਸੀ। ਜੱਸਾ ਸਿੰਘ ਆਹਲੂਵਾਲੀਆ ਸਰਹਿੰਦ ਦੇ ਲੁੱਟ ਦੇ ਖਜਾਨੇ ਨੂੰ ਗੁਰੂ ਦਰ ਹੀ ਖਰਚਣਾ ਚਾਹੁੰਦਾ ਸੀ। ਉਸ ਨੇ ਇੱਕ ਚਾਦਰ ਵਿਛਾ ਕੇ ਉਸ ਵਿੱਚ ਨੌ ਲੱਖ ਰੁਪਇਆ ਪਾਇਆ ਤੇ ਬਾਕੀ ਸਰਦਾਰਾਂ ਨੂੰ ਕਿਹਾ ਕਿ ਉਹ ਵੀ ਇਸ ਵਿੱਚ ਮਾਇਆ ਭੇਟ ਕਰਨ ਤਾਂ ਕਿ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਦੀ ਮੁੜ ਉਸਾਰੀ ਹੋ ਸਕੇ। ਬਾਕੀ ਦੇ ਸਰਦਾਰਾਂ ਨੇ ਉਸ ਵਿੱਚ ਪੰਜ ਲੱਖ ਤੋਂ ਜ਼ਿਆਦਾ ਮਾਇਆ ਢੇਰੀ ਕੀਤੀ ਤੇ ਉਸ ਚਾਦਰ ਦੀ ਪੰਡ ਬੰਨ੍ਹ ਕੇ ਖਾਲਸਾ ਪੰਥ ਨੇ ਉਸ ਨੂੰ ਗੁਰੂ ਕੀ ਚਾਦਰ ਕਹਿ ਕੇ ਸਤਿਕਾਰਿਆ। ਇਸ ਮਾਇਆ ਨਾਲ ਏਸੇ ਸਾਲ ਹੀ ੧੭੬੪ ਈ: ਨੂੰ ਸ੍ਰੀ ਦਰਬਾਰ ਸਾਹਿਬ ਦੀ ਕਾਰ-ਸੇਵਾ ਆਰੰਭ ਕਰ ਦਿੱਤੀ ਤੇ ਸਰੋਵਰ ਨੂੰ ਸਾਫ ਕਰਕੇ ਜਲ ਭਰ ਦਿੱਤਾ। ਅਗਲੇ ਕੁੱਝ ਸਾਲਾਂ ‘ਚ ਹੀ ਬੁੰਗਿਆਂ ਤੇ ਮਕਾਨਾਂ ਸਮੇਤ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਸੇਵਾ ਸੰਪੂਰਨ ਕਰ ਦਿੱਤੀ। ਸਾਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਮੌਜੂਦਾ ਇਮਾਰਤ ਦੀ ਆਰੰਭਤਾ ਸ਼ਹੀਦਾਂ ਦੇ ਅਸਥਾਨ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਹੋਈ ਸੀ।
ਸਰਹਿੰਦ ਦੀ ਅਤੇ ਇਸ ਦੇ ਇਲਾਕੇ ਦੀ ਵੰਡ ਸਮੇਂ ਸਰਹਿੰਦ ਸ਼ਹਿਰ ਨੂੰ ਗੁਰੂ ਮਾਰੀ ਤੇ ਪਾਪੀ ਸ਼ਹਿਰ ਜਾਣ ਕੇ ਇਸਨੂੰ ਕੋਈ ਵੀ ਸਰਦਾਰ ਲੈਣ ਨੂੰ ਤਿਆਰ ਨਾ ਹੋਵੇ। ਫਿਰ ਸਾਰੇ ਸਰਦਾਰਾਂ ਨੇ ਇਹ ਸਲਾਹ ਕੀਤੀ ਕਿ ਸਰਹਿੰਦ ਦੇ ਬਚੇ ਹੋਏ ਏਥੇ ਵਸਦੇ ਵਸਨੀਕ ਜਿਸ ਸਰਦਾਰ ਦਾ ਪੱਲਾ ਫੜ੍ਹ ਲੈਣਗੇ, ਸਰਹਿੰਦ ਓਸੇ ਨੂੰ ਹੀ ਸੰਭਾਲ ਦਿੱਤੀ ਜਾਵੇਗੀ। ਸ਼ਹਿਰ ਦੇ ਵਸਨੀਕਾਂ ਨੇ ਭਾਈ ਬੁੱਢਾ ਸਿੰਘ ਸਰਦਾਰ ਦਾ ਪੱਲਾ ਫੜ੍ਹ ਲਿਆ ਤੇ ਬਾਕੀ ਸਰਦਾਰਾਂ ਨੇ ਬਹੁਤ ਖੁਸ਼ ਹੋ ਕੇ ਏਥੋਂ ਦਾ ਪ੍ਰਬੰਧ ਉਸ ਨੂੰ ਸੰਭਾਲ ਦਿੱਤਾ। ਉਹ ਵੀ ਇਸ ਨੂੰ ਆਪਣੇ ਕੋਲ ਨਹੀਂ ਸੀ ਰੱਖਣਾ ਚਾਹੁੰਦਾ। ਇਸ ਤੋਂ ਕੁੱਝ ਮਹੀਨਿਆਂ ਬਾਅਦ ਹੀ ਭਾਈ ਬੁੱਢਾ ਸਿੰਘ ਨੇ ਸਰਹਿੰਦ ਸ਼ਹਿਰ ਦਾ ਪ੍ਰਬੰਧ ਪੱਚੀ ਹਜ਼ਾਰ ਰੁਪਏ ਲੈ ਕੇ ੨ ਅਗਸਤ, ੧੭੬੪ ਈ: ਨੂੰ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਨੂੰ ਸੰਭਾਲ ਦਿੱਤਾ। ਅੱਗੇ ਜਾ ਕੇ ਰਿਆਸਤ ਪਟਿਆਲਾ ਦਾ ਮਾਲਕ ਬਾਬਾ ਆਲਾ ਸਿੰਘ ਦਾ ਪੜੋਤਾ (ਪੋਤਰੇ ਸਾਹਿਬ ਸਿੰਘ ਦਾ ਪੁੱਤਰ) ਮਹਾਰਾਜਾ ਕਰਮ ਸਿੰਘ
ਬਣਿਆ। ਉਸ ਨੇ ਸਰਹਿੰਦ ਨੂੰ ਸਰਕਾਰੀ ਕਾਗਜ਼ਾਂ ਵਿੱਚ ਫਤਹਿਗੜ੍ਹ ਸਾਹਿਬ ਲਿਖਣ ਦਾ ਹੁਕਮ ਜਾਰੀ ਕੀਤਾ ਤੇ ਇਹੋ ਹੀ ਲਿਖਿਆ ਜਾਣ ਲੱਗਾ। ਮਹਾਰਾਜਾ ਕਰਮ ਸਿੰਘ ਨੇ ਕਈ ਗੁਰ ਅਸਥਾਨਾਂ ਸਮੇਤ ਸ੍ਰੀ ਫਤਹਿਗੜ੍ਹ ਸਾਹਿਬ ਲਈ ਵੀ ਬਹੁਤ ਸਾਰੀ ਮਾਇਆ ਖਰਚ ਕੀਤੀ। ਮਹਾਨ ਕੋਸ਼ ਵਿੱਚ ਮਹਾਰਾਜਾ ਕਰਮ ਸਿੰਘ ਨੂੰ ਪੂਰਨ ਗੁਰਸਿੱਖ, ਸੂਰਬੀਰ, ਨਿਰਵਿਕਾਰ, ਚਤੁਰ ਅਤੇ ਮਹਾਤਮਾ ਰਾਜਾ ਲਿਖਿਆ ਹੈ ਜੋ ੧੭੯੮ ਈ: ਤੋਂ ੧੮੪੫ ਈ: ਤੱਕ ਜੀਵਤ ਰਿਹਾ। ਅਪ੍ਰੈਲ ੧੯੯੨ ਈ: ਨੂੰ ਪੰਜਾਬ ਸਰਕਾਰ ਨੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਇਆਂ ਫਤਹਿਗੜ੍ਹ ਸਾਹਿਬ ਨੂੰ ਜਿਲ੍ਹਾ ਬਣਾ ਦਿੱਤਾ। ਸਰਹਿੰਦ ਫਤਹਿ ਤੋਂ ਬਾਅਦ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਨਾਂ ‘ਤੇ ਬਣਿਆ ਫਤਹਿਗੜ੍ਹ ਸਾਹਿਬ ਸ਼ਹੀਦਾਂ ਦੀ ਦਾਸਤਾਨ ਦਾ ਸੁਨੇਹਾ ਦੁਨੀਆਂ ਭਰ ਨੂੰ ਦਿੰਦਾ ਰਹੇਗਾ। ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਦੀ ਦਰਦਨਾਕ ਕਹਾਣੀ ਸਰਹਿੰਦ ਤੋਂ ਫਤਹਿਗੜ੍ਹ ਸਾਹਿਬ ਤੱਕ ਸੰਪੂਰਨ ਹੋਵੇਗੀ।
ਨੋਟ – ਫਤਹਿਗੜ੍ਹ ਸਾਹਿਬ ਦਾ ਸ਼ਹੀਦੀ ਜੋੜ-ਮੇਲ ੧੮੮੭ ਈ: ਵਿੱਚ ਗਿਆਨੀ ਠਾਕੁਰ ਸਿੰਘ ਜੀ ਦੇ ਉੱਦਮ ਨਾਲ ਆਰੰਭ ਹੋਇਆ। ਗਿਆਨੀ ਜੀ ਕਈ ਪੁਸਤਕਾਂ ਦੇ ਰਚੇਤਾ, ਹੈਡਮਾਸਟਰ, ਪ੍ਰਚਾਰਕ ਤੇ ਵਿਦਵਾਨ ਸਨ। ਗਿਆਨੀ ਜੀ ਦਾ ਜਨਮ ੧੦ ਨਵੰਬਰ ੧੮੩੮ ਈ: ਨੂੰ ਭਾਈ ਮਹਾ ਸਿੰਘ ਜੀ ਦੇ ਘਰ ਪਿੰਡ ਜੰਡਿਆਲਾ, ਜਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਆਪ ਜੀ ੫ ਜਨਵਰੀ, ੧੯੪੩ ਈ: ਨੂੰ ਸ੍ਰੀ ਅੰਮ੍ਰਿਤਸਰ ‘ਚ ਪ੍ਰਲੋਕ ਸਿਧਾਰ ਗਏ।
ਅਗਲਾ ਭਾਗ…….