ਪੰਜ ਕਕਾਰਾਂ ਦਾ ਮਹੱਤਵ
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ—ਐ ਖ਼ਾਲਸਾ ! ਤੂੰ ਇੰਨਾ ਸੰਵਰਿਆ ਹੈਂ, ਇੰਨਾ ਸ਼ਿੰਗਾਰਿਆ ਗਿਆ ਹੈਂ ਕਿ ਤੂੰ ਮੈਨੂੰ ਵੀ ਸ਼ਿੰਗਾਰ ਦਿੱਤਾ ਹੈ। ਲੋਕੀਂ ਕਹਿ ਰਹੇ ਹਨ ਕਿ ਜੇਕਰ ਖ਼ਾਲਸਾ ਇੰਨਾ ਮਹਾਨ ਹੈ ਤਾਂ ਇਸਦੀ ਸਾਜਨਾ ਕਰਨ ਵਾਲ਼ਾ ਕਿੰਨਾ ਮਹਾਨ ਹੈ।
ਇਨ ਹੀ ਕੀ ਕ੍ਰਿਪਾ ਕੇ ਸਜੇ ਨਹੀਂ ਹਮ ਹੈਂ ਸੋ ਗਰੀਬ ਕਰੋਰ ਪਰੇ॥
ਇਸਨੂੰ ਕੋਈ ਅਤਿ-ਕਥਨੀ ਨਾ ਸਮਝ ਬੈਠੇ ਤਾਂ ਸਤਿਗੁਰੂ ਇਥੋਂ ਤੱਕ ਕਹਿੰਦੇ ਹਨ-
ਯਾ ਮਹਿ ਰੰਚਿ ਨ ਮਿਯਾ ਭਾਖੀ।
ਪਾਰਬ੍ਰਹਮ ਗੁਰੂ ਨਾਨਕ ਸਾਖੀ॥
ਮੈਂ ਪਾਰਬ੍ਰਹਮ ਗੁਰੂ ਨਾਨਕ ਨੂੰ ਸਾਖੀ ਕਰਕੇ ਕਹਿੰਦਾ ਹਾਂ ਕਿ ਖ਼ਾਲਸਾ ਮੇਰਾ ਰੂਪ ਹੈ, ਖ਼ਾਲਸਾ ਪ੍ਰਭੂ ਦਾ ਰੂਪ ਹੈ। ਆਦਿ ਕਾਲ ਤੋਂ ਧਾਰਮਿਕ ਸਰੂਪ ਕੇਸਾਧਾਰੀ ਹੈ। ਕੰਘਾ ਕੇਸਾਂ ਦੀ ਸਫ਼ਾਈ ਹਿੱਤ ਹੈ ਅਤੇ ਸਿਰ ਦੀ ਕਿਸੇ ਹੱਦ ਤੱਕ ਮਸਾਜ ਹਿੱਤ ਹੈ। ਬਾਰ-ਬਾਰ ਕੰਘਾ ਫੇਰਨਾ ਇਕ ਤਾਂ ਕੇਸ ਤਰਤੀਬ ਹੇਠ ਰਹਿੰਦੇ ਹਨ, ਇਕ ਮਸਤਕ ਦਾ ਥਕੇਵਾਂ ਵੀ ਲਹਿ ਜਾਂਦਾ ਹੈ। ਬਹੁਤ ਸੋਚਦਾ ਰਿਹਾ ਤਾਂ ਮਸਤਕ ਥੱਕ ਜਾਏਗਾ। ਕਿਵੇਂ ਚੱਲਦਿਆਂ-ਚੱਲਦਿਆਂ ਪੈਰ ਥੱਕ ਜਾਂਦੇ ਹਨ, ਕਰਦਿਆਂ-ਕਰਦਿਆਂ ਹੱਥ ਥੱਕ ਜਾਂਦੇ ਹਨ, ਬੋਲਦਿਆਂ-ਬੋਲਦਿਆਂ ਕੰਠ ਥੱਕ ਜਾਂਦਾ ਹੈ, ਦੇਖਦਿਆਂ-ਦੇਖਦਿਆਂ ਅੱਖਾਂ ਥੱਕ ਜਾਂਦੀਆਂ ਹਨ, ਸੋਚਦਿਆਂ-ਸੋਚਦਿਆਂ ਮਸਤਕ ਵੀ ਥੱਕ ਜਾਂਦਾ ਹੈ। ਥਕੇਵਾਂ ਲਾਹੁਣ ਲਈ ਹਰ ਇੰਦਰੇ ਦਾ ਅਲੱਗ-ਅਲੱਗ ਵਿਸਰਾਮ ਹੈ ਤਾਂ ਮਸਤਕ ਦੇ ਵਿਸਰਾਮ ਲਈ ਕੇਸਾਂ ਵਿਚ ਕੰਘਾ ਫੇਰਨ ਨਾਲ ਥਕੇਵਾਂ ਲਹਿ ਜਾਂਦਾ ਹੈ। ਕਛਹਿਰਾ ਪਰਦਾ ਹੈ ਅਤੇ ਕਿਸੇ ਨਾ ਕਿਸੇ ਰੂਪ ਵਿਚ ਸਾਰੇ ਜਗਤ ਨੇ ਧਾਰਨ ਕਰ ਲਿਆ ਹੈ। ਕੜਾ ਇਕ ਪ੍ਰਣ ਹੈ। ਹਮੇਸ਼ਾ ਕੋਈ ਕੰਮ ਕਰੀਏ ਤਾਂ ਸੱਜਾ ਹੱਥ ਅੱਗੇ ਹੁੰਦਾ ਹੈ ਅਤੇ ਕੜਾ ਇਹ ਯਾਦ ਦਿਲਾਉਂਦਾ ਹੈ ਕਿ ਤੇਰਾ ਹੱਥ ਗੁਰੂ ਨੇ ਫੜਿਆ ਹੈ।
·
ਕੜਾ ਗੁਰੂ ਦੀ ਨਿਸ਼ਾਨੀ ਹੈ। ਕਿਸੇ ਗ਼ਲਤ ਕੰਮ ਨੂੰ ਇਹ ਹੱਥ ਨਹੀਂ ਪੈਣੇ ਚਾਹੀਦੇ। ਕਿਰਪਾਨ ਇਸ ਲਈ ਹੈ ਕਿ ਅੰਦਰ ਭਾਵ ਬਣਿਆ ਰਹੇ ਕਿ ਮੈਂ ਸੰਤ ਵੀ ਹਾਂ ਅਤੇ ਸਿਰਫ਼ ਸੰਤ ਹੀ ਨਹੀਂ, ਸਿਪਾਹੀ ਵੀ ਹਾਂ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਸਤਰਾਂ ਨੂੰ ਆਪਣਾ ਗੁਰੂ ਵੀ ਕਹਿ ਦਿੱਤਾ। ਪ੍ਰਮਾਤਮਾ ਦਾ ਨਾਮ ਮੇਰੇ ਮਨ ਦੀ ਰੱਖਿਆ ਕਰਦਾ ਹੈ, ਸ਼ਸਤਰ ਮੇਰੇ ਤਨ ਦੀ ਰੱਖਿਆ ਕਰਦੇ ਹਨ।
ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥