Vaisakhi 1469 ton 1699 – Part – 23- 22-4-26

ਅਸੀਂ ਸਿੱਖ ਤਾਂ ਹਾਂ ਹੀ

ਅੱਜ ਅਨੇਕਾਂ ਪ੍ਰਵਾਰ ਬਿਨਾ ਪਾਹੁਲ ਹਨ, ਕੌਣ ਹੈ ਇਸ ਲਈ ਜ਼ਿੰਮੇਵਾਰ? ਜਦੋਂ ਅਸਾਂ ਆਪ ਮੰਨ ਲਿਆ ਤੇ ਪ੍ਰਚਾਰਦੇ ਵੀ ਇਹੀ ਹਾਂ “ਅੰਮ੍ਰਿਤ ਛਕਣਾ ਤਾਂ ਹਰ ਕਿਸੇ ਦੀ ਮਰਜ਼ੀ `ਤੇ ਹੈ, ਕੋਈ ਛਕੇ ਜਾਂ ਨਾ ਛਕੇ”। ਫ਼ਿਰ ਜਿਹੜੇ ਨਹੀਂ ਛਕ ਰਹੇ, ਉਨ੍ਹਾਂ `ਚੋਂ ਬਹੁਤੇ ਹਨ ਜੋ ਸਾਫ਼ ਕਹਿੰਦੇ ਹਨ “ਚੂੰਕਿ ਅਸਾਂ ਅਜੇ ਪਾਹੁਲ ਨਹੀਂ ਲਈ… ਅਸੀਂ ਅਜੇ ਖਾਲਸੇ ਨਹੀਂ… ਅਸੀਂ ਅਜੇ ਸਿੰਘ ਨਹੀਂ ਸਜੇ. . ਫ਼ਿਰ ਵੀ ਅਸੀਂ ਸਿੱਖ ਤਾਂ ਹਾਂ ਹੀ”। ਉਪ੍ਰੰਤ “ਨਿੱਤਨੇਮ ਕਰਣਾ ਤਾਂ ਅੰਮ੍ਰਿਤਧਾਰੀਆਂ ਲਈ ਜ਼ਰੂਰੀ ਹੈ, ਸਾਡੇ ਲਈ ਨਹੀਂ” ਆਦਿ। ਇਹ ਵੀ ਕਿਹਾ ਜਾ ਰਿਹਾ ਹੈ “ਗੁਰੂ ਨਾਨਕ ਜੀ ਤੋਂ ਲੈ ਕੇ 1699 ਤੱਕ ਸਾਰੇ ਸਿੱਖ ਹੀ ਸਨ, ਉਨ੍ਹਾਂ ਕਿਹੜਾ ਅੰਮ੍ਰਿਤ ਛਕਿਆ ਹੋਇਆ ਸੀ”। ਉਹ ਵੀ ਹਨ ਜਿਹੜੇ ਇਸ ਗ਼ਲਤ ਨਾਹਰੇ ਨੂੰ ਇਨਾਂ ਨੀਵਾਂ ਲੈ ਜਾਂਦੇ ਹਨ ‘ਅੰਮ੍ਰਿਤ ਛਕ ਕੇ ਤਾਂ ਕੋਈ-ਸਿੰਘ ਜਾਂ ਖਾਲਸਾ ਹੁੰਦਾ ਹੈ। ਅਸੀਂ ਮੰਣਦੇ ਤਾਂ ਗੁਰੂ ਨਾਨਕ-–ਗੁਰੂ ਗ੍ਰੰਥ ਸਾਹਿਬ ਨੂੰ ਹੀ ਹਾਂ, ਕੀ ਹੋਇਆ ਜੇ ਅਸਾਂ ਕੇਸ ਨਹੀਂ ਰੱਖੇ, ਹਾਂ ਤਾਂ ਅਸੀਂ ਪੱਕੇ ਸਿੱਖ-ਸਿੱਖ ਵਾਸਤੇ ਵਾਲ ਰਖਣੇ ਜ਼ਰੂਰੀ ਨਹੀਂ, ਉਹ ਤਾਂ ਅੰਮ੍ਰਿਤ ਛਕਣ ਤੋਂ ਬਾਅਦ ਸਿੰਘ ਜਾਂ ਖਾਲਸੇ ਲਈ ਜ਼ਰੂਰੀ ਹਨ”। ਬਹੁਤੇਰੇ ਹਨ ਜਿਨ੍ਹਾਂ ਆਪਣੇ ਨਾਵਾਂ ਨਾਲ ਸਿੰਘ-ਕੋਰ ਲਿਖਵਾਉਣਾ ਹੀ ਬੰਦ ਕਰ ਦਿੱਤਾ ਹੈ; ਪੁਛੋ ਤਾਂ ਜੁਆਬ ਮਿਲਦਾ ਹੈ “ਅਜੇ, ਅਸਾਂ ਕਿਹੜਾ ਅੰਮ੍ਰਿਤ ਛਕਿਆ ਹੈ-ਸਿੰਘ-ਕੌਰ ਤਾਂ ਅੰਮ੍ਰਿਤ ਛਕਣ ਤੋਂ ਬਾਅਦ ਜ਼ਰੂਰੀ ਹੈ”। ਅਨੇਕਾਂ ਸ਼ਰਾਬ-ਵਿਭਚਾਰ `ਚ ਡੁੱਬੇ ਹੁੰਦੇ ਹਨ, ਕੇਵਲ ਇਸੇ ਗੁਮਰਾਹਕੁਨ ਪ੍ਰਚਾਰ ਦੀ ਟੇਕ ਲੈ ਕੇ। ਪੁਛੋ ਤਾਂ ਉੇੱਤਰ ਹੁੰਦਾ ਹੈ, “ਇਹ ਪਾਬੰਦੀ ਤਾਂ ਅਮ੍ਰਿਤਧਾਰੀਆਂ (ਪਾਹੁਲਧਾਰੀਆਂ) ਲਈ ਹੈ, ਅਸੀਂ ਵੀ ਜਦੋਂ ਪਾਹੁਲ ਲੈ ਲਵਾਂਗੇ, ਪੀਣੀ ਬੰਦ ਕਰ ਦੇਵਾਂਗੇ” ਅਤੇ ਹੋਰ ਅਨੇਕਾਂ ਢੁੱਚਰਾਂ ਹਨ ਕੇਵਲ ਇਕੋ ਗੁਮਰਾਹਕੁਣ ਨਾਹਰੇ ਦਾ ਨਤੀਜਾ।

ਇਸ ਲਈ ਇਹ ਕਰਾਮਾਤਾਂ ਹਨ, ਇਸੇ ਗੁਮਰਾਹਕੁਨ ਨਾਹਰੇ ਦੀਆਂ। ਨਾਰ੍ਹਾ ਆਪਣੇ ਆਪ `ਚ ਸਾਬਤ ਕਰਦਾ ਹੈ, ਅੱਜ ਸਿੱਖਾਂ `ਚ ਕਿਨੀਂ ਅਗਿਆਨਤਾ ਵਧ ਚੁੱਕੀ ਹੈ, ਛੋਟੀ ਤੋਂ ਛੋਟੀ ਗੱਲ ਵੀ ਭੇਡਚਾਲ ਦੀਆਂ ਹੱਦਾਂ ਟੱਪ ਰਹੀ ਹੈ। ਸਾਡਾ ਸਿੱਖੀ ਬਾਰੇ ਜੋਸ਼ ਤੇ ਲਗਣ-ਸਾਡੇ ਅੰਦਰੋਂ ਸਿੱਖੀ ਜੀਵਨ ਦੀ ਸਾਂਝ ਤੋਂ ਖਾਲੀ ਪਿਆ ਹੈ। ਉਪਰਲੀ ਪੜਤ ਬਾਕੀ ਹੈ ਤੇ ਉਸੇ ਦਾ ਨਤੀਜਾ ਹੈ ਕਿ ਆਉਂਦੀ ਸਿੱਖ ਪਨੀਰੀ ਅੰਦਰ ਸਿੱਖੀ ਬਹੁਤ ਦੂਰ ਦੀ ਗੱਲ ਬਣਦੀ ਜਾ ਰਹੀ ਹੈ। ਪੂਰਾ ਪੰਜਾਬ, ਸਰੂਪ ਤੋਂ ਖਾਲੀ ਹੋ ਚੁੱਕਾ ਹੈ, ਵਿਦੇਸ਼ਾਂ `ਚ ਇਹ ਹੱਦ ਹੋਰ ਵੀ ਟੱਪੀ ਪਈ ਹੈ। ਆਖਿਰ ਵਿਰੋਧੀਆਂ ਨੂੰ ਕੀ ਚਾਹੀਦਾ ਸੀ? ਇਸ ਦੇ ਲਈ ਰਸਤਾ ਵੀ ਅਸੀਂ ਆਪ ਹੀ ਦੇ ਰਹੇ ਹਾਂ, ਬੀਜ ਆਪ ਪਾ ਰਹੇ ਹਾਂ। ਕਿਸੇ ਨਾਰ੍ਹਾ ਲਗਾਇਆ, ‘ਅੰਮ੍ਰਿਤ ਛਕੋ, ਸਿੰਘ ਸਜੋ’। ਅਗੇ ਟੁਰਿਆ ਤੇ ਬਣ ਗਿਆ “ਅੰਮ੍ਰਿਤ ਛਕ ਕੇ-ਖਾਲਸੇ ਸਜੋ” “ਅੰਮ੍ਰਿਤ ਛਕ ਕੇ-ਖਾਲਸਾ ਪੰਥ `ਚ ਸ਼ਾਮਲ ਹੋਵੋ” “ਅੰਮ੍ਰਿਤ ਛਕ ਕੇ-ਗੁਰੂ ਵਾਲੇ ਬਣੋ”। ਦੇਖਦੇ ਦੇਖਦੇ ਸਮੁਚੇ ਪੰਥ ਲਈ, ਛੂਤ ਦੀ ਬਿਮਾਰੀ ਵਾਂਙ ਇਹ ਨਾਰ੍ਹਾ ਤੇ ਇਸ ਦੇ ਕਿਟਾਣੂ ਪੂਰੇ ਪੰਥ `ਚ ਫੈਲ ਗਏ। ਕਿਸੇ ਨੂੰ ਸੋਚਣ ਦੀ ਫੁਰਸਤ ਨਹੀਂ, ਕਹਿ ਕੀ ਰਹੇ ਹਾਂ? ਇਸ ਦੇ ਅਰਥ ਕੀ `ਤੇ ਨਤੀਜਾ ਕੀ ਆ ਰਿਹਾ ਹੈ? ਖੇਤ੍ਰੀ ਗੁਰਦੁਆਰਾ ਕਮੇਟੀਆਂ-ਸਭਾਵਾਂ ਤੋ ਲੈ ਕੇ ਵੱਡੀਆਂ ਕਮੇਟੀਆਂ, ਪ੍ਰਚਾਰਕ, ਨੇਤਾ- ਗਣ ਸਾਰੇ ਇਸ ਦੀ ਲਪੇਟ `ਚ ਹਨ। ਸਿੱਖ ਦਾ ਸਰੂਪ ਨਦਾਰਦ ਹੁੰਦਾ ਜਾ ਰਿਹਾ ਹੈ, ਪੰਥ ਗੁੰਮ ਹੋ ਰਿਹਾ ਹੈ-ਕਿਉਂਕਿ ਮੰਨ ਲਿਆ ਹੈ “ਅੰਮ੍ਰਿਤ ਛਕੇ ਬਿਨਾ ਅਸੀਂ ਕੁੱਝ ਵੀ ਕਰ ਲਈਏ, ਹਾਂ ਤਾਂ ਪੱਕੇ ਸਿੱਖ”।

You may also like these