Vaisakhi 1469 ton 1699 – Part – 31- 30-4-26

ਇਸ ਵਿਸ਼ੇ ਦੀ ਲੋੜ ਕਿਉਂ?

ਸੰਸਾਰ ਪਧਰ `ਤੇ ਮੰਨਿਆ-ਪ੍ਰਮੰਨਿਆ ਸੱਚ ਹੈ, ਜਿਸ ਕੌਮ ਨੂੰ ਖਤਮ ਕਰਨਾ ਹੈ ਉਸ ਦੇ ਇਤਿਹਾਸ, ਰਹਿਣੀ, ਸਾਹਿਤ `ਚ ਮਿਲਾਵਟ ਕਰ ਦੇਵੋ, ਕੌਮ ਆਪਣੇ ਆਪ ਖ਼ਤਮ ਜਾਵੇਗੀ। ਸਿੱਖ ਨਾਲ ਤਾਂ ਹੋਰ ਵੀ ਅਨਰਥ ਹੋਇਆ ਹੈ ਜਿਸਨੂੰ ਪਛਾਨਣ ਦੀ ਲੋੜ ਹੈ। ਇਥੇ ਵਿਸਾਖੀ 1469 ਤੋਂ ਵਿਸਾਖੀ 1699 ਤੀਕ 230 ਸਾਲਾਂ ਦਾ ਇਤਿਹਾਸ ਮਿਟਾ ਕੇ, ਸਾਰੀ ਗੱਲ ਸ਼ੁਰੂ ਹੀ ਕੀਤੀ ਜਾ ਰਹੀ ਹੈ ਵਿਸਾਖੀ 1699 ਤੋਂ। ਪ੍ਰਚਾਰਿਆ ਜਾ ਰਿਹਾ ਹੈ ਜਿਵੇਂ ਪਹਿਲੇ ਪਾਤਸ਼ਾਹ ਤੋਂ ਲੈ ਕੇ ਵਿਸਾਖੀ 1699 ਤੀਕ ਹੋਇਆ ਹੀ ਕੁੱਝ ਨਾ ਹੋਵੇ। ਦਸਿਆ ਜਾ ਰਿਹਾ ਹੈ- ਸਿੱਖ ਕੇਸਾਧਾਰੀ ਹੋਏ ਤਾਂ ਵਿਸਾਖੀ 1699 ਤੋਂ, ਕਕਾਰ ਧਾਰੀ ਹੋਏ ਤਾਂ ਵਿਸਾਖੀ 1699 ਤੋਂ, ਨਿੱਤਨੇਮੀ ਹੋਏ ਤਾਂ ਵਿਸਾਖੀ 1699 ਤੋਂ, ਪਾਹੁਲ ਲੈਣ ਵਾਲੀ (ਅਮ੍ਰਿਤ ਛਕਣ) ਮਰਿਆਦਾ ਚਲੀ ਤਾਂ ਵਿਸਾਖੀ 1699 ਤੋਂ। ਕਹਿਣ ਤੋਂ ਭਾਵ, ਅਸੀਂ ਆਪ ਮੰਨੀ ਬੈਠੇ ਹਾਂ ਕਿ ਜੋ ਕੁੱਝ ਵੀ ਹੋਇਆ, ਉਹ ਸਭ ਵਿਸਾਖੀ 1699 ਤੋਂ ਹੋਇਆ ਅਤੇ ਇਸ ਤੋਂ ਪਹਿਲਾਂ ਇਹ ਸਭ ਹੈ ਹੀ ਨਹੀਂ ਸੀ।

ਇਸੇ ਲੜੀ `ਚ ਜੇ ਕਰ ਥੋੜਾ ਹੋਰ ਘੋਖਣ ਦਾ ਜੱਤਨ ਕਰੀਏ ਤਾਂ ਰੋਂਗਟੇ ਖੜੇ ਹੋ ਜਾਣ ਗੇ। ਅੱਜ ਸਿੱਖ ਧਰਮ ਬਾਰੇ ਜਿਨ੍ਹਾਂ ਵੀ ਸਾਹਿਤ (Litrature) ਮਿਲ ਰਿਹਾ ਹੈ ਸਭ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਸੰਨ 1708 ਤੋਂ ਬਾਅਦ ਦਾ ਲਿਖਿਆ ਹੀ ਮਿਲ ਰਿਹਾ ਹੈ। ਉਹ ਇਸ ਤਰ੍ਹਾਂ, ਜਿਵੇਂ ਇਸ ਤੋਂ ਪਹਿਲਾਂ ਸੰਨ 1469 ਤੋਂ 1708 ਤੀਕ ਸਿੱਖਾਂ ਦਾ ਇਤਿਹਾਸ ਕਿਸੇ ਲਿਖਿਆ ਹੀ ਨਹੀਂ-ਨਾ ਆਪ ਸਿੱਖਾਂ ਨੇ ਤੇ ਨਾ ਹੀ ਦੂਜਿਆਂ ਨੇ। ਇਹ ਠੀਕ ਹੈ ਕਿ ਭਾਰਤ `ਚ ਇਤਿਹਾਸ ਲਿਖਣ ਦਾ ਰਿਵਾਜ ਹੀ ਅੰਗਰੇਜ਼ਾਂ ਨੇ ਆ ਕੇ ਪਾਇਆ। ਫ਼ਿਰ ਵੀ ਘਟਨਾਵਾਂ ਵੀ ਲਿਖੀਆਂ ਹੀ ਜਾਂਦੀਆਂ ਸਨ, ਸਿੱਖ ਇਤਿਹਾਸ ਬਾਰੇ ਉਹ ਗੱਲ ਵੀ ਨਹੀਂ। ਜਦਕਿ ਗੁਰੂ ਨਾਨਕ ਸਾਹਿਬ ਦੇ ਪ੍ਰਚਾਰਕ ਦੌਰੇ, ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ, ਨੌਵੇਂ ਪਾਤਸ਼ਾਹ ਦੀ ਦਿੱਲੀ ਦੇ ਚਾਂਦਨੀ ਚੌਕ `ਚ ਸ਼ਹਾਦਤ, ਦਸਮੇਸ਼ ਜੀ ਦੀ ਜੀਵਨ ਗਾਥਾ ਤੇ ਹੋਰ ਸਭ। ਸਚਾਈ ਇਹ ਹੈ ਕਿ ਸਿੱਖ ਧਰਮ ਬਾਰੇ ਜੋ ਵੀ ਲਿਖਤਾਂ ਮਿਲਦੀਆਂ ਹਨ, ਸਾਰੀਆਂ ਸੰਨ 1708, ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੀ ਲਿਖੀਆਂ ਮਿਲਦੀਆਂ ਹਨ, ਪਹਿਲਾਂ ਦੀਆਂ ਨਹੀਂ।

You may also like these