Shaheedi Guru Arjun Patshah Ji – Part – 1- 30-5-26

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ “ਮਾਨਵਤਾ ਨੂੰ ਲਾਸਾਨੀ ਦੇਣ”

ਇਹ ਤਾਂ ਪਹਿਲੇ ਜਾਮੇ ਤੋਂ ਹੀ ਲੜੀਬੰਧ ਅਤੇ ਧੁਰ ਦਾ ਪ੍ਰੋਗਰਾਮ ਸੀ:-

ਵਿਸ਼ੇਸ਼ ਧਿਆਣ ਦੇਣਾ ਹੈ ਅਤੇ ਅਕੱਟ ਸਚਾਈ ਵੀ ਇਹੀ ਹੈ ਕਿ “ਗੁਰੂ ਕਾ ਇਹ ਨਿਰਾਲਾ ਪੰਥ”, ਜਿਹੜਾ ਅੱਜ ਸੰਸਾਰ ਪੱਧਰ `ਤੇ ਕੇਂਦ੍ਰਤ ਹੈ, ਇਸਦਾ ਮੂਲ (੧) ਪਹਿਲਾ, ਪੰਜਵੇਂ ਜਾਮੇ ਸਮੇਂ “ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ” ਨੂੰ ਸਥਾਪਤ ਕਰਣਾ ਸੀ। (੨) ਫ਼ਿਰ ਦੂਜਾ, ਸੰਨ ੧੬੦੪ `ਚ ਖ਼ੁੱਦ ਪੰਜਵੇਂ ਪਾਤਸ਼ਾਹ ਰਾਹੀਂ ਸੰਪਾਦਤ “ਆਦਿ ਬੀੜ” ਦਾ ਉਥੇ ਪ੍ਰਕਾਸ਼ ਕਰਣਾ ਸੀ। ਜਦਕਿ ਇਹ ਵੀ ਚੇਤੇ ਰਹੇ ਕਿ ਅਜੋਕੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਸਵੇਂ ਜਾਮੇ ਸਮੇਂ ਉਸੇ ਪੰਜਵੇ ਜਾਮੇ ਸਮੇਂ ਤਿਆਰ ਹੋਈ “ਆਦਿ ਬੀੜ” ਦਾ ਹੀ ਸੰਪੂਰਣਤਾ ਨੂੰ ਪ੍ਰਾਪਤ ਰੂਪ ਹਨ।

ਜੇ ਥੋੜਾ ਗਹਿਰਾਈ `ਚ ਜਾਵੀਏ ਤਾਂ ਇਹ ਵੀ ਸਾਫ਼ ਹੁੰਦੇ ਦੇਰ ਨਹੀਂ ਲਗਦੀ ਕਿ ਦਸ ਜਾਮਿਆਂ ਦੇ ਰੂਪ `ਚ, ਅਸਲ `ਚ ਉਹ ਪੂਰਾ ਦਾ ਪੂਰਾ ਪ੍ਰੋਗ੍ਰਾਮ, ਕਿਸੇ ਮਨੁੱਖ ਦਾ ਬਣਾਇਆ ਹੋਇਆ ਨਹੀਂ ਬਲਕਿ ਇਹ ਇਲਾਹੀ, ਰੱਬੀ ਤੇ ਧੁਰ ਦਰਗਾਹੀ ਪ੍ਰੋਗਰਾਮ ਸੀ। ਇਸੇ ਲਈ ਇਸ ਪ੍ਰੋਗਰਾਮ ਨੂੰ “ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ, ਤਤ ਸਿਉ ਤਤੁ ਮਿਲਾਯਉ” (ਪੰ: ੧੪੦੮) ਅਥਵਾ “ਨਿਰੰਕਾਰੁ ਆਕਾਰੁ ਕਰਿ, ਜੋਤਿ ਸਰੂਪੁ ਅਨੂਪ ਦਿਖਾਇਆ” (ਵਾਰ ਭਾ: ਗੁ: ੨੬/੨) ਅਨੁਸਾਰ ਪੂਰਾ ਦਾ ਪੂਰਾ ਪਹਿਲੇ ਜਾਮੇ `ਚ ਹੀ ਉਲਿਕਿਆ ਜਾ ਚੁੱਕਾ ਸੀ।

You may also like these