ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ “ਮਾਨਵਤਾ ਨੂੰ ਲਾਸਾਨੀ ਦੇਣ”
ਇਹੀ ਕਾਰਣ ਸੀ ਕਿ ਸੰਸਾਰ ਤਲ ਦੀਆਂ ਵੱਡੀਆਂ ਤੋਂ ਵੱਡੀਂਆਂ ਰੁਕਾਵਟਾਂ, ਬੇਸ਼ੱਕ ਉਹ ਰਾਜਸੀ ਰੁਕਾਵਟਾਂ ਸਨ, ਸਾਮਾਜਿਕ, ਪ੍ਰਵਾਰਿਕ ਜਾਂ ਕੋਈ ਵੀ, ਉਹ ਇਸ ਇਲਾਹੀ ਪ੍ਰਵਾਹ ਨੂੰ ਨਾ ਰੋਕ ਸਕੀਆਂ। ਇਸ ਤਰ੍ਹਾਂ ਜਿਹੜਾ ਪ੍ਰੋਗਰਾਮ ਗ੍ਰੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇਂ `ਚ ਉਲੀਕਿਆ ਤੇ ਅਰੰਭ ਕੀਤਾ ਸੀ, ਗੁਰਦੇਵ ਨੇ ਉਸੇ ਪ੍ਰੋਗਰਾਮ ਨੂੰ ਆਪਣੇ ਦਸਵੇਂ ਜਾਮੇ `ਚ ਆਪ, ਸੰਪੂਰਣਤਾ ਦੇ ਕੇ “ਜੁਗੋ-ਜੁਗ ਅਟੱਲ-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਰੂਪ `ਚ ਸੰਸਾਰ ਸਾਹਮਣੇ, ਸਦੀਵ ਕਾਲ ਲਈ ਉਜਾਗਰ ਤੇ ਪ੍ਰਗਟ ਵੀ ਆਪ ਹੀ ਕੀਤਾ।
ਦਰਅਸਲ ਦਸ ਜਾਮਿਆਂ ਦੇ ਰੂਪ `ਚ ਉਹੀ ਪ੍ਰੋਗਰਾਮ ਕੱਦਮ-ਬ-ਕੱਦਮ ਤੇ ਦਰਜਾ-ਬ-ਦਰਜਾ ਆਪਣੀਆਂ ਮੰਜ਼ਿਲਾਂ ਤੈਅ ਕਰਦਾ ਹੋਇਆ ਦਿਨੋ-ਦਿਨ ਆਪਣੇ ਇਲਾਹੀ ਨਿਸ਼ਾਨੇ ਵੱਲ ਵੱਧਦਾ ਗਿਆ ਤੇ ਸਿਰੇ ਵੀ ਚੜ੍ਹਿਆ। ਇਸ ਲਈ, ਉਸ ਦਸ ਪਾਤਸ਼ਾਹੀਆਂ ਵਾਲੀ ਲੜੀ `ਚੋ ਕਿਸੇ ਗੁਰੂ ਜਾਮੇ ਨੂੰ ਘੱਟ ਜਾਂ ਦੂਜੇ ਨੂੰ ਵੱਧ ਮਹੱਤਵ ਵਾਲੀ ਪਾਤਸ਼ਾਹੀ ਮੰਨ ਲੈਣਾ ਜਾਂ ਸਮਝ ਲੈਣਾ ਵੀ ਸਾਡੀ ਅਗਿਆਨਤਾ ਹੀ ਹੋਵੇਗੀ, ਕਿਸੇ ਪ੍ਰਕਾਰ ਦੀ ਸਮਝਦਾਰੀ ਨਹੀਂ।