ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ “ਮਾਨਵਤਾ ਨੂੰ ਲਾਸਾਨੀ ਦੇਣ”
ਕੁਝ ਜਾਣਕਾਰੀ, ਪੰਚਮ ਪਿਤਾ ਦੇ ਗੁਰਗੱਦੀ ਕਾਲ ਬਾਰੇ- ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਲਗਭਗ ਸਾਢੇ ਸਤਾਰਾਂ ਸਾਲ ਦੀ ਉਮਰ `ਚ ਗੁਰਗੱਦੀ `ਤੇ ਬਿਰਾਜਮਾਨ ਹੋਏ। ਪਹਿਲੀ ਸਤੰਬਰ ਸੰਨ 1581 ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਗੋਇੰਦਵਾਲ ਵਿਖੇ ਜੋਤੀ ਜੋਤ ਸਮਾਏ ਤਾਂ ਗੁਰਗੱਦੀ ਦੀ ਜ਼ਿੰਮੇਂਵਾਰੀ ਆਪ ਨੇ ਆਪਣੇ ਛੋਟੇ ਅਤੇ ਤੀਜੇ ਸਪੁਤ੍ਰ, (ਗੁਰੂ) ਅਰਜਨ ਨੂੰ ਬਖਸ਼ੀ। ਚੱਲਦੇ ਆ ਰਹੇ ਨਿਯਮ ਅਨੁਸਾਰ ਗੁਰਗੱਦੀ ਪ੍ਰਾਪਤੀ ਸਮੇਂ ਆਪ ਨੂੰ ਪਹਿਲੇ ਪਾਤਸ਼ਾਹ ਤੋਂ ਲੈ ਕੇ ਚੌਥੇ ਪਾਤਸ਼ਾਹ ਤੀਕ ਦੀ ਬਾਣੀ ਦਾ ਕਜ਼ਾਨਾ ਤੇ ਉਸ `ਚ 15 ਭਗਤਾਂ ਦੀ ਬਾਣੀ ਵੀ ਸੀ, ਪ੍ਰਾਪਤ ਹੋਇਆ। ਇਹ ਭਗਤ ਬਾਣੀ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆਂ ਸਮੇਂ ਆਪ ਇਕਤ੍ਰ ਕੀਤੀ ਸੀ ਅਤੇ ਦਰਜਾ-ਬ-ਦਰਜਾ ਹਰੇਕ ਗੁਰੂ ਵਿਅਕਤੀ ਕੋਲ ਪੁੱਜਦੀ ਆ ਰਹੀ ਸੀ।
ਗੁਰਗੱਦੀ ਪ੍ਰਾਪਤੀ ਉਪ੍ਰੰਤ ਜੋ ਆਪ ਨੇ ਗੁਰਬਾਣੀ ਦੀ ਰਚਨਾ ਕੀਤੀ, ਤਾਂ ਉਸ `ਚ, ਗੁਰਗੱਦੀ ਦੀ ਪ੍ਰਾਪਤੀ ਸਮੇਂ ਪ੍ਰਾਪਤ ਹੋਏ ਗੁਰਬਾਣੀ ਦੇ ਖਜ਼ਾਨੇ ਬਾਰੇ ਵੀ ਆਪ ਦਾ ਫ਼ੁਰਮਾਨ ਹੈ ਜਿਹੜਾ ਇਸਤਰ੍ਹਾਂ ਅਤੇ ਇਸ ਸ਼ਬਦ `ਚ ਹੈ “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ ੧ ॥ ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ ੨ ॥ ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥ ੩ ॥ ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ ….” (ਪੰ: 186)।