ਕਿਉਂਕਿ ਉਸ ਸਮੇਂ ਮਨੁੱਖ ਨੂੰ ਪ੍ਰਭੂ ਦੇ ਬੇਅੰਤ ਗੁਣਾਂ `ਚੋਂ ਮਨੁੱਖਾ ਜਨਮ ਦੀ ਸਫ਼ਲਤਾ ਲਈ, ਪ੍ਰਭੂ ਦੇ ਇਕੋ ਇੱਕ ਵਿਸ਼ੇਸ਼ ਤੇ ਨਿਵੇਕਲੇ ਗੁਣ ਭਾਵ ਗੁਰੂ ਗਿਆਨ, ਸ਼ਬਦ ਗੁਰੂ, ਸਤਿਗੁਰੂ ਦੀ ਹੀ ਲੋੜ ਹੁੰਦੀ ਹੈ। ਉਸ ਸਮੇਂ ਪ੍ਰਭੂ ਦਾ ਇਹੀ ਇਕੋ ਇੱਕ ਤੇ ਵਿਸ਼ੇਸ਼ ਗੁਣ ਹੀ ਹੁੰਦਾ ਹੈ, ਜਿਸ ਦੀ ਲੋੜ ਮਨੁੱਖ ਦੇ ਜੀਵਨ ਨੂੰ ਹਉਮੈ ਤੇ ਵਿਕਾਰ ਰਹਿਤ ਬਨਾਉਣ ਲਈ ਹੁੰਦੀ ਹੈ। ਮਨੁੱਖ ਦੇ ਜੀਵਨ ਨੂੰ ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣਾ ਕੇ, ਪ੍ਰਭੂ `ਚ ਅਭੇਦ ਕਰਣ ਦੀ ਹੁੰਦੀ ਹੈ।
ਦਰਅਸਲ, ਅਜਿਹਾ ਇਲਾਹੀ ਤੇ ਅਤਮਿਕ ਗਿਆਨ ਭਰਪੂਰ ਜੀਵਨ, ਕੇਵਲ ਮਨੁੱਖਾ ਜੂਨ ਸਮੇਂ ਹੀ ਸੰਭਵ ਹੈ, ਦੂਜੀ ਕਿਸੇ ਵੀ ਜੂਨ `ਚ ਨਹੀਂ। ਉਪ੍ਰੰਤ ਇਥੇ ਅਸਫ਼ਲ ਮਨੁੱਖਾ ਜਨਮ ਬਾਅਦ ਜੀਵ ਨੂੰ, ਫ਼ਿਰ ਤੋਂ ਬਾਰ ਬਾਰ ਦੇ ਜਨਮਾਂ-ਜੂਨਾਂ ਦੇ ਗੇੜ੍ਹ `ਚ ਹੀ ਪੈਣਾ ਪੈਂਦਾ ਹੈ। ਇਸ ਲਈ ਪ੍ਰਭੂ ਦੀਆਂ ਬੇਅੰਤ ਸਿਫ਼ਤਾਂ ਤੇ ਗੁਣ, ਜਿਨ੍ਹਾਂ ਦਾ ਨਾ ਅੰਤ ਹੈ ਨਾ ਪਾਰਾਵਾਰ; ਉਨ੍ਹਾਂ ਬੇਅੰਤ ਸਿਫ਼ਤਾਂ `ਚੋਂ ਹੀ ਪ੍ਰਭੂ ਦਾ ਹੀ ਵਿਸ਼ੇਸ਼ ਤੇ ਇਕੋ ਇੱਕ ਤੇ ਗੁਣ ਹੈ ਜਿਸ ਨੂੰ ‘ਗੁਰੂ’ ਕਿਹਾ ਹੈ ਅਤੇ ਜਿਸ ਨੂੰ, ਗੁਰਬਾਣੀ `ਚ ਉਸ ਸਮੇ ਕੇਵਲ ਉਤਨੇ ਹੀ ਸੰਦਰਭ `ਚ ਲਿਆ ਹੈ, ਵੱਧ ਨਹੀਂ। ਉਤਨੇ ਹੀ ਸੰਦਰਭ `ਚ ਜਿਤਨੀ ਕਿ ਮਨੁੱਖਾ ਜਨਮ ਦੀ ਸਫ਼ਲਤਾ ਲਈ ਇਸ ਦੀ ਲੋੜ ਹੈ। ਇਸ ਤਰ੍ਹਾਂ
(i) ਪਹਿਲਾਂ ਤਾਂ ਗੁਰਬਾਣੀ `ਚ, ਗੁਰਬਾਣੀ ਅਨੁਸਾਰ ਪ੍ਰਗਟਾਇਆ ਗਿਆ ਗੁਰੂ ਪਦ, ਪ੍ਰਭੂ ਦੇ ਨਿਜ ਗੁਣ ਦੇ ਤੌਰ `ਤੇ ਉਸ ਆਤਮਿਕ ਤੇ ਇਲਾਹੀ ਗਿਆਨ ਤੱਕ ਸੀਮਿਤ ਆਇਆ ਹੈ ਜਿਸ ਦਾ ਸਬੰਧ ਗੁਰਸਿੱਖ ਦੇ ਜੀਵਨ ਦੀ ਸਫ਼ਲਤਾ ਨਾਲ ਹੈ।
() ਉਪ੍ਰੰਤ ਗੁਰਬਾਣੀ `ਚ ਇਹੀ ਗੁਰੂ ਪਦ ਅਨੇਕਾਂ ਵਾਰੀ, ਸਮੂਚੇ ਤੌਰ `ਤੇ ਅਕਾਲਪੁਰਖ ਲਈ ਵੀ ਆਇਆ ਹੈ।
(i) ਇਤਨਾ ਹੀ ਨਹੀਂ, ਕਿਸੇ ਸੱਜਨ ਦੇ ਜੀਵਨ ਅੰਦਰੋਂ, ਇਸੇ ਗੁਰੂ ਦੇ ਪ੍ਰਗਟ ਹੋਣ ਦੀ ਸੂਰਤ `ਚ ਅਜਿਹੇ ਸਫ਼ਲ ਜੀਵਨ ਨਾਲ ਸਬੰਧਤ ਵੀ ਗੁਰਬਾਣੀ `ਚ ਅਨੇਕਾਂ ਸ਼ਬਦ ਹਨ ਜਿਵੇਂ:-
“ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: ੨੭੮) ਜਾਂ
“ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ” (ਪੰ: ੮੪੬) ਅਤੇ
“ਅਬ ਤਉ ਜਾਇ ਚਢੇ ਸਿੰਘਾਸਨਿ, ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ, ਕੋਇ ਨ ਸਕੈ ਪਛਾਨੀ (ਪੰ: ੯੬੯) ਆਦਿ ਬੇਅੰਤ ਹੋਰ ਗੁਰ-ਫ਼ੁਰਮਾਨ ਵੀ ਆਏ ਹਨ।
ਇਸ ਤਰ੍ਹਾਂ ਇਹ ਤੇ ਅਜਿਹੇ ਬੇਅੰਤ ਫ਼ੁਰਮਾਨ ਮਨੁੱਖਾ ਸਰੀਰ ਲਈ ਹੀ ਹਨ। ਉਨ੍ਹਾਂ ਸਰੀਰਾਂ ਲਈ, ਜਿਨ੍ਹਾਂ ਜੀਊੜਿਆਂ ਦੇ ਜੀਵਨ ਅੰਦਰੋਂ ਉਸ ਉੱਚਤਮ ਆਤਮਿਕ ਅਵਸਥਾ, ਇਲਾਹੀ –ਗਿਆਨ ਭਾਵ ‘ਗੁਰੂ’, ‘ਸ਼ਬਦ ਗੁਰੂ’, ‘ਸਤਿਗੁਰੂ, ਵਿਵੇਕ ਬੁਧ” ਦਾ ਪ੍ਰਗਟਾਵਾ ਹੋਇਆ ਹੈ। ਭਾਵ ਮਨੁਖਾ ਜੀਵਨ ਦੀ ਉਹ ਅਵਸਥਾ ਜਦੋਂ ਮਨੁੱਖ ਜੀਉਦੇ ਜੀਅ “ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ” (ਬਾਣੀ ਜਪੁ) ਅਨੁਸਾਰ ਪ੍ਰਭੂ `ਚ ਹੀ ਅਭੇਦ ਹੋ ਗਏ ਅਤੇ ਪ੍ਰਭੂ ਦਾ ਹੀ ਰੂਪ ਬਣ ਗਏ ਹਨ।