Punjve’n Patshah Guru Arjan Sahib Ji – Part – 19 – 2-7-26

ਇਸ ਤਰ੍ਹਾਂ ਹੁਣ ਤੱਕ ਸਪਸ਼ਟ ਹੋ ਚੁੱਕਾ ਹੈ, ਜੇਕਰ ਇਸ ਪੱਖੋਂ ਗੁਰਬਾਣੀ ਦੀ ਕੁੱਝ ਗਹਿਰਾਈ ਤੋਂ ਵਿਚਾਰ ਕੀਤੀ ਜਾਵੇ ਤਾਂ “ਗੁਰੂ ਦਰ ਨਾਲ ਸਬੰਧਤ ਸਿੱਖ ਤੇ ਗੁਰੂ ਵਾਲੇ ਰਿਸ਼ਤੇ ਲਈ” ਭਾਵ ਜਿਸ ਗੁਰੂ ਦੀ ਗੱਲ ਗੁਰਬਾਣੀ `ਚ ਆਦਿ ਤੋਂ ਅੰਤ ਤੱਕ ਕੀਤੀ ਗਈ ਹੈ। ਉਹ ‘ਗੁਰੂ’ ਪਦ ਵੀ ਗੁਰਬਾਣੀ `ਚ ਹੀ ਮੋਟੇ ਤੌਰ `ਤੇ ਭਿੰਨ-ਭਿੰਨ ਤਿੰਨ ਰੂਪਾਂ `ਚ ਆਇਆ ਹੈ। ਗੁਰਬਾਣੀ `ਚ ਉਹ ਗੁਰੂ ਪਦ-ਅਕਾਲਪੁਰਖ ਲਈ ਵਰਤੇ ਗਏ ਉਹਨਾਂ ਬੇਅੰਤ ਕਿਰਤਮ ਨਾਵਾਂ ਜਿਵੇਂ ਰਹੀਮ, ਕਰੀਮ, ਰਾਮ, ਬੀਠੁਲ ਆਦਿ ਬੇਅੰਤ ਲਫ਼ਜ਼ ਆਏ ਹਨ, ਉਸ ਤਰ੍ਹਾਂ ਪ੍ਰਭੂ ਦੇ ਕੇਵਲ ਇੱਕ ਗੁਣ ਜਾਂ ਵਿਸ਼ੇਸ਼ਨ ਵਜੋਂ ਨਹੀਂ ਬਲਕਿ ਗੁਰਬਾਣੀ `ਚ ਉਸ ‘ਗੁਰੂ’ ਪਦ ਦੇ ਹੋਰ ਵੀ ਨਿਵੇਕਲੇ ਤੇ ਤਿੰਨ ਪੱਖ ਹਨ ਜੋ ਇਸ ਤਰ੍ਹਾਂ ਹਨ:-

(੧) ਇੱਕ ਇਹ ਕਿ ਗੁਰਬਾਣੀ `ਚ, ‘ਗੁਰੂ’ ਪਦ, ਆਪਣੇ ਸੀਮਤ ਰੂਪ `ਚ ਮਨੁੱਖਾ ਜਨਮ ਸਮੇਂ ਲੋੜੀਂਦੇ ਉਸ ‘ਆਤਮਕ ਗਿਆਨ’ ਤੇ ‘ਵਿਵੇਕ ਬੁਧ’ ਲਈ ਆਇਆ ਹੈ, ਜਿਸ ਤੋਂ ਬਿਨਾ ਮਨੁੱਖਾ ਜਨਮ ਦੀ ਸਫ਼ਲਤਾ ਹੀ ਸੰਭਵ ਨਹੀਂ। ਉਥੇ ਬਿਆਨਿਆ ਹੋਇਆ ‘ਗੁਰੂ’ ਪਦ, ਮਨੁੱਖ ਅੰਦਰੋਂ ਹਉਮੈ, ਵਿਕਾਰਾਂ, ਤ੍ਰਿਸ਼ਨਾ, ਮੋਹ-ਮਾਇਆ, ਆਸ਼ਾਵਾਂ, ਮੰਗਾਂ, ਮਨਸਾਵਾਂ ਆਦਿ ਭਾਵ ਮਨੁੱਖਾ ਜੀਵਨ ਦੀਆਂ ਸਾਰੀਆਂ ਕਮਜ਼ੋਰੀਆਂ ਤੇ ਅਉਗੁਣਾਂ ਨੂੰ ਖ਼ਤਮ ਕਰਕੇ, ਮਨੁੱਖ ਨੂੰ ਕਰਤੇ ਅਕਾਲਪੁਰਖ ਦੀ ਬਖ਼ਸ਼ਿਸ਼ ਦਾ ਪਾਤ੍ਰ ਬਨਾਉਣ ਦੇ ਨਾਲ ਨਾਲ ਉਸ ਨੂੰ ਜੀਉਂਦੇ ਜੀਅ ਅਕਾਲਪੁਰਖ `ਚ ਅਭੇਦ ਕਰਣ ਦੇ ਵੀ ਸਮ੍ਰਥ ਹੁੰਦਾ ਹੈ। ਗੁਰਬਾਣੀ ਰਾਹੀਂ ਪ੍ਰਗਟ ਅਜਿਹਾ ਗੁਰੂ, ਮਨੁੱਖ ਲਈ ਸਿੱਧਾ ਅਕਾਲਪੁਰਖ ਦਾ ਮਿਲਾਵਾ ਹੁੰਦਾ ਹੈ। ਜਗਿਆਸੂ ਨੂੰ ਕਿਸੇ ਵਿਚੋਲੇ ਦੀ ਲੋੜ ਤੋਂ ਆਜ਼ਾਦ ਕਰਦਾ ਹੈ, ਇਥੋਂ ਤੱਕ ਕਿ ਜਗਿਆਸੂ ਨੂੰ ਉਹ ‘ਗੁਰੂ’ ਆਪਣੇ ਨਾਲ ਵੀ ਨਹੀਂ ਜੋੜਦਾ।

You may also like these