ਕੋਹੜੀ ਬ੍ਰਾਹਮਣ-
ਬਾਲ ਉੱਮਰੇ ਗੁਰਗੱਦੀ ਪ੍ਰਾਪਤੀ ਕਾਰਣ, ਬ੍ਰਾਹਮਣਾਂ ਨੂੰ ਦੁਰਪ੍ਰਚਾਰ ਦਾ ਜਿਵੇਂ ਮੌਕਾ ਹੀ ਮਿਲ ਗਿਆ ਸੀ। ਲੋਕਾਂ ‘ਚ ਭੁਲੇਖੇ ਪਾਉਣੇ ਸ਼ੁਰੂ ਕਰ ਦਿੱਤੇ, ‘ਹਰਿਿਕ੍ਰਸ਼ਨ ਤਾਂ ਅਜੇ ਬੱਚਾ ਹੈ। ਉਸ ਵਿਚ ਕੀ ਸਮ੍ਰਥਾ ਹੈ?’ ਇਕ ਲਾ-ਇਲਾਜ ਕੋਹੜੀ ਬ੍ਰਾਹਮਣ ਨੂੰ ਚੁੱਕ-ਚੁੱਕਾ ਕੇ ਭੇਜ ਦਿੱਤਾ। ਇਸ ਨੂੰ ਪ੍ਰਵਾਰ, ਸਮਾਜ ਅਤੇ ਸ਼ਹਿਰ ‘ਚੋਂ ਵੀ ਨਫਰਤ ਕਾਰਣ ਕੱਢਿਆ ਹੋਇਆ ਸੀ। ਆਖਿਰ, ਗੁਰੂ ਨਾਨਕ-ਪਾਤਸ਼ਾਹ ਤਾਂ ਆਪ ਉਚੇਚੇ ਜੰਗਲ ‘ਚ ਪੁਜੇ ਸਨ ਇਕ ਕੋੜ੍ਹੀ ਕੋਲ, ਸਾਬਤ ਕੀਤਾ ਸੀ ਕਿ ਕੋੜ੍ਹ ਛੂਤ ਦੀ ਬਿਮਾਰੀ ਨਹੀਂ। ਇਥੇ ਪਿਆਰ, ਹਮਦਰਦੀ ਅਤੇ ਇਲਾਜ ਦੀ ਲੋੜ ਹੈ। ਪੰਜਵੇਂ ਪਾਤਸ਼ਾਹ ਨੇ ਤਾਂ ਤਰਨਤਾਰਨ ਵਸਾਉਣ ਸਮੇਂ, ਕੋੜ੍ਹੀਆਂ ਦਾ ਹਸਪਤਾਲ ਵੀ ਬਣਾਇਆ ਸੀ। ਸੱਤਵੇਂ ਪਾਤਸ਼ਾਹ ਦੇ ਸਮੇਂ ਦਾਰਾ ਵਾਸਤੇ ਸਾਰੇ ਭਾਰਤ ਵਿਚੋਂ ਦਵਾਈ ਪ੍ਰਾਪਤ ਨਾ ਹੋਈ ਅੰਤ ਜੇਕਰ ਹੋਈ ਤਾਂ ਕੇਵਲ ਗੁਰੂ ਪਾਤਸ਼ਾਹ ਦੇ ਦਵਾਖਾਨੇ ਤੋਂ।
ਸਪੱਸ਼ਟ ਹੈ ਗੁਰੂਦਰ ਤੇ ਪਹਿਲੇ ਜਾਮੇ ਤੋਂ ਹੀ ਨਾਮ ਬਾਣੀ ਦੇ ਉਚੇ ਸੁੱਚੇ ਵਾਤਾਵਰਣ ਦੇ ਨਾਲ ਨਾਲ ਸਰੀਰਕ ਇਲਾਜ ਦਾ ਪੂਰਾ ਇੰਤਜ਼ਾਮ ਵੀ ਉਚ ਕੋਟੀ ਦਾ ਹੁੰਦਾ ਸੀ। ਇੱਥੇ ਪੁਜਕੇ ਸੱਚਮੁਚ ਉਹ ਕੋੜ੍ਹੀ ਵੀ ਜਿਵੇਂ ਨਿਰੋਗ ਹੋ ਗਿਆ। ਸਭਤੋਂ ਪਹਿਲਾਂ ਉਸ ਉਪਰ ਜਿਹੜੀ ਬਖਸਿ਼ਸ਼ ਹੋਈ ਉਹ ਸੀ ਮਨੁੱਖੀ-ਪਿਆਰ-ਹਮਦਰਦੀ ਅਤੇ ਨਾਮ-ਬਾਣੀ ਦੀ ਕਮਾਈ ਵਾਲਾ ਸਾਫ਼-ਸੁੱਥਰਾ ਜੀਵਨ। ਅਜੇਹੇ ਵਾਤਾਵਰਣ ‘ਚ ਉਸਨੂੰ ਸਰੀਰਕ ਤੌਰ ਤੇ ਨਿਰੋਗ ਹੁੰਦੇ ਵੀ ਦੇਰ ਨਹੀਂ ਲਗੀ। ਇਸ ਤਰ੍ਹਾਂ ਗੁਰੂ ਦਰਬਾਰ ਤੇ ਪਾਤਸ਼ਾਹ ਦੀ ਉਪਮਾ ਹੋਰ ਫੈਲੀ ਅਤੇ ਸ਼ਰਾਰਤੀਆਂ ਨੂੰ ਇਥੇ ਵੀ ਮੰੂਹ ਦੀ ਹੀ ਖਾਣੀ ਪਈ। ਇਹ ਵਾਕਿਆ ਕੀਰਤਪੁਰ ਸਾਹਿਬ ਦਾ ਹੈ, ਇਤਿਹਾਸ ‘ਚ ਇਸ ਕੋਹੜੀ ਦਾ ਨਾਮ ‘ਬਸੰਤ’ ਕਰਕੇ ਆਇਆ ਹੈ। ਇਸਤਰ੍ਹਾਂ ਉਸ ਦੇ ਸਰੀਰਕ ਕੋਹੜ ਦੇ ਨਾਲ-ਨਾਲ ਉਸਦਾ ਜਨਮਾਂਦਰੂ ਜਾਤ-ਪਾਤ, ਕਰਮਕਾਂਡਾਂ ਵਾਲਾ ਕੋਹੜ ਵੀ ਖਤਮ ਕਰ ਦਿੱਤਾ।
ਦੂਰ ਨਾ ਜਾਵੀਏ ਗੁਰਪੁਰਵਾਸੀ ਭਗਤ ਪੂਰਨ ਸਿੰਘ ਰਾਹੀਂ ਸ੍ਰੀ ਅੰਮ੍ਰਿਤਸਰ ਵਿਖੇ ਸਥਾਪਤ ਪਿੰਗਲਵਾੜਾ ਆਖਿਰ ਗੁਰੂ ਪਾਤਸ਼ਾਹ ਰਾਹੀਂ ਗੁਰਬਾਣੀ ਅਤੇ ਕਰਨੀ ਰਾਹੀਂ ਮਾਨਵ ਸਮਾਜ ਉਪਰ ਇਸੇ ਬਖਸਿ਼ਸ਼ ਦੀ ਹੀ ਤਾਂ ਦੇਣ ਹੈ। ਕਾਸ਼! ਕੌਮ ਨੇ ਪੰਜਵੇਂ ਪਾਤਸ਼ਾਹ ਰਾਹੀਂ ਤਰਨਤਾਰਨ ਸਾਹਿਬ ਵਿਖੇ ਸਥਾਪਤ ਉਸ ਕੋੜ੍ਹੀਆਂ ਦੇ ਹੱਸਪਤਾਲ ਨੂੰ ਹੀ ਸੰਭਾਲਿਆ ਹੁੰਦਾ। ਖੂਬੀ ਇਹ ਕਿ ਪਾਤਸ਼ਾਹ ਰਾਹੀਂ ਸਥਾਪਤ ਉਸ ਕੋੜ੍ਹੀਆਂ ਦੇ ਹਸਪਤਾਲ ਨੂੰ ਅਜ ਇਸਾਈ ਮਿਸ਼ਨਰੀ ਚਲਾ ਰਹੇ ਹਨ।
ਕੁੜੀ ਮਾਰ ਨਾਲ ਨਹੀਂ ਵਰਤਣਾ-
ਗੁਰਦੇਵ ਨੇ ਰੋਪੜ ਦੇ ਸ਼ਾਹੂਕਾਰ ਰਾਜਾਰਾਮ ਦੀ ਭੇਟਾ ਕੇਵਲ ਇਸ ਲਈ ਠੁਕਰਾ ਦਿੱਤੀ ਕਿ ਉਹ ਧੀਆਂ ਨੰੁ ਜੰਮਦੇ ਹੀ ਮਾਰ ਦੇਂਦਾ ਸੀ। ਇਸਤਰ੍ਹਾਂ ਗੁਰਦੇਵ ਨੇ ਕੁੜੀਮਾਰ ਨੂੰ ਪ੍ਰਵਾਨ ਨਹੀਂ ਕੀਤਾ। ਅੱਜ ਜਿਹੜੇ ਕੇਵਲ ਇਸ ਲਈ ਗਰਭਪਾਤ ਕਰਵਾ ਦੇਂਦੇ ਹਨ ਕਿ ਗਰਭ ‘ਚ ਕੁੜੀ ਹੈ, ਇਸ ਇਤਹਾਸਕ ਘੱਟਣਾ ਤੋਂ ਉਨ੍ਹਾਂ ਦੀਆ ਅੱਖਾਂ ਖੁਲ ਜਾਣੀਆਂ ਚਾਹੀਦੀਆਂ ਹਨ। ਸਿੱਖ ਰਹਿਤ ਮਰਯਾਦਾ ‘ਚ ਵੀ ਕੁੜੀਮਾਰ ਦੇ ਤਿਅਗ ਲਈ ਸਖਤ ਹਿਦਾਇਤ ਹੈ।
ਅਨੇਕਾਂ ਨੇ ਗੁਰੂ ਪਾਤਸ਼ਾਹ ਦੀ ਬਖਸਿ਼ਸ਼ ਸਦਕਾ ਚੋਰੀ ਦੀਆਂ ਮਾੜੀਆਂ ਇੱਲਤਾਂ ਛੱਡ ਦਿੱਤੀਆਂ। ਪਿਸ਼ਾਵਰ ਦੇ ਜਸਵੰਤ ਰਾਇ ਦੀ ਸਾਖੀ ਉਨ੍ਹਾਂ ਵਿਚੋਂ ਪ੍ਰਸਿੱਧ ਹੈ ਜੋ ਇਸ ਦਾ ਪ੍ਰਮਾਣ ਹੈ। ਅਨੇਕਾਂ ਨੂੰ ਜੂਏ-ਸ਼ਰਾਬ ਦੇ ਐਬਾਂ ਤੋਂ ਛੁੱਟਕਾਰਾ ਦੁਆਇਆ। ਇਸ ਬਾਰੇ ਗੋਂਦਾ ਮਲ ਨਾਮ ਦੇ ਇਕ ਵਿਅਕਤੀ ਦੀ ਸਾਖੀ ਉਘੜ ਕੇ ਸਾਹਮਣੇ ਆਈ ਹੈ। ਧੰਨ ਹਨ ਬਾਲਾ ਪ੍ਰੀਤਮ ਗੁਰੂ ਹਰਿਿਕ੍ਰਸ਼ਨ ਪਾਤਸ਼ਾਹ। ਉਹਨਾਂ ਦੀ ਦ੍ਰਿੜਤਾ ਅਤੇ ਉਪਕਾਰ।