‘ਬਖਸ਼ਿਸ਼’, ਗੁਰਬਾਣੀ ਦੀ ਸਰਬਉੱਚਤਾ ਦਾ ਇੱਕ ਹੋਰ ਪ੍ਰਗਟਾਵਾ – ਕੇਵਲ ‘ਬਖਸ਼ਿਸ਼’ ਹੀ ਮਨੁੱਖ ਕੋਲ, ਕਰਤੇ ਦੀ ਇੰਨੀ ਵੱਡੀ ਤੇ ਅਮੁਲੀ ਦਾਤ ਹੈ, ਜਿਸਦਾ ਅੰਦਾਜ਼ਾ ਗੁਰਬਾਣੀ ਸੋਝੀ ਤੋਂ ਬਿਨਾ ਸੰਭਵ ਹੀ ਨਹੀਂ। ਇਸ ‘ਬਖਸ਼ਿਸ਼’ ਨੂੰ ਮਹਿਸੂਸ ਵੀ ਉਹੀ ਕਰ ਸਕਦਾ ਹੈ ਜਿਸ ਕੋਲ ਪ੍ਰਭੂ ਦੀ ਨੇੜਤਾ ਤੇ ਨਿਰਮਲ-ਭਉ ਹੈ। ਸਗਨ-ਅਪਸਗਨ ਰੀਤਾਂ, ਚਾਲੀਹੇ-ਸੁਖਣਾ ਆਦਿ ਵਰਗੀ ਹੂੜਮੱਤ, ਵਿਪਰਨ ਰੀਤਾਂ, ਮਨਮਤ, ਅਨਮਤ, ਦੁਰਮੱਤ ਆਦਿ ਦੇ ਪ੍ਰਭਾਵ; ਇਸੇ ਤਰ੍ਹਾਂ ਸਮਾਜ ਅੰਦਰ ਲਿੰਗ-ਰੰਗ ਨਸਲ ਦੇ ਵਿਤਕਰੇ, ਦਗ਼ਾ- ਫਰੇਬ, ਲੁਟ-ਖੋਹ, ਡਰਗ-ਨਸ਼ਿਆਂ -ਜੁਰਮਾਂ ਦੀ ਭਰਮਾਰ, ਹਥਿਆਰਾਂ ਦੀ ਦੌੜ, ਧਰਮ ਦੇ ਪੜਦੇ ਹੇਠ ਅਧਰਮ ਦਾ ਬੋਲ ਬਾਲਾ, ਮਜ਼ਲੂਮਾਂ ਕਮਜ਼ੋਰਾਂ ਦਾ ਸ਼ੋਸ਼ਨ-ਇਹ ਸਭ ਪ੍ਰਭੂ ਦੀ ਬਖਸ਼ਿਸ਼ ਤੋਂ ਵਿਹੂਣੇ ਹੋਣ ਦੇ ਪ੍ਰਗਟਾਵੇ ਹਨ। ਇੱਕ ਜਾਂ ਦੂਜੇ ਢੰਗ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਧੀਨ ਚਲਣਾ ਵੀ ਇਹੀ ਹੈ। ਇਥੋਂ ਤੀਕ ਕਿ ਅਜੋਕੇ ਵਿਗਿਆਨ, ਡਾਕਟਰੀ, ਖੇਤੀ ਅਤੇ ਹੋਰ ਗਿਆਨਾਂ `ਚ ਮਨੁੱਖ ਦੀਆਂ ਪ੍ਰਾਪਤੀਆਂ ਵੀ ਕਰਤੇ ਦੀ ਬਖਸ਼ਿਸ਼ ਦਾ ਹੀ ਨਤੀਜਾ ਹਨ ਅਤੇ ਉਸਤੋਂ ਬਿਨਾ ਇਨ੍ਹਾਂ `ਚੋਂ ਕਿਸੇ ਇੱਕ ਦਾ ਵੀ ਕੋਈ ਵਜੂਦ ਨਹੀਂ। ਇਹ ‘ਬਖਸ਼ਿਸ਼’ ਵਾਲੀ ਪ੍ਰਭੂ ਦੀ ਦਾਤ ਵੀ, ਇੱਕ ਤਰੀਕੇ ਗੁਰਬਾਣੀ ਦੀ ਸਰਬਉੱਚਤਾ ਕਾਰਨ ਹੀ ਸਮਝ `ਚ ਆਉਂਦੀ ਹੈ ਜਿਸਤੋਂ ਅਣਜਾਣ ਮਨੁੱਖ ਸਦਾ ਕੁਰਾਹੇ ਹੀ ਪਿਆ ਰਹਿੰਦਾ ਹੈ।
“ਲੇਖਾ ਹੋਇ ਤ ਲਿਖੀਐ” – ਮਨੁੱਖ ਆਫਰਿਆ ਫ਼ਿਰਦਾ ਹੈ ਕਿ ਉਸਨੇ ਵਿਗਿਆਨ `ਚ ਬਹੁਤ ਉਂਨਤੀ ਕਰ ਲਈ ਹੈ। ਦੇਖਣਾ ਹੈ ਕਿ ਮਨੁੱਖ ਵਿਗਿਆਨਕ ਖੋਜਾਂ ਕਰਕੇ ਜਿਥੇ ਅਪੜਦਾ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਉਸ ਤੋਂ ਵੀ ਅਨੰਤ ਗੁਣਾ ਅੱਗੇ ਸਾਬਤ ਹੋ ਜਾਂਦੇ ਹਨ। ਵਿਗਿਆਨ ਫ਼ਿਰ ਵੀ ਗੁਰਬਾਣੀ ਦੇ ਸੱਚ ਤੋਂ ਪਿਛੇ ਦਾ ਪਿਛੇ ਹੀ ਰਹਿੰਦਾ ਹੈ ਅਤੇ ਰਵੇਗਾ ਵੀ। ਕਿਉਂਕਿ ਵਿਗਿਆਨ ਤਾਂ ਕਰਤਾਰ ਦੀ ਬਣਾਈ ਹੋਈ ਕੁਦਰਤ ਵਿਚੋਂ ਕੇਵਲ ਖੋਜਾਂ ਹਨ ਜਦਕਿ ਗੁਰਬਾਣੀ-ਗੁਰੂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤਾਂ ਕੁਦਰਤ ਨੂੰ ਬਣਾਉਣ ਵਾਲੇ ਕਾਦਿਰ ਦਾ ਸਿਧਾ ਪ੍ਰਗਟਾਵਾ ਹਨ। ਇਹੀ ਨਹੀਂ ਮਨੁੱਖ ਤਾਂ ਅੱਜ ਵੀ ਸੱਤ ਆਕਾਸ਼ਾਂ-ਸੱਤ ਪਾਤਾਲਾਂ ਜਾਂ ਤਿੰਨ ਲੋਕਾਂ ਦੇ ਵਿਸ਼ਵਾਸਾਂ `ਚ ਹੀ ਬਝਾ ਹੋਇਆ ਹੈ ਜਦਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਫ਼ੈਸਲਾ ਹੈ ਕਿ ਬੰਦਿਆਂ ਤੂੰ ਕਿਥੇ ਭੁੱਲਾ ਪਿਆਂ ਹੈ ਉਸ ਕਰਤਾਰ ਦੀ ਰਚਨਾ ਬਾਰੇ ਤਾਂ “ਲੇਖਾ ਹੋਇ ਤ ਲਿਖੀਐ, ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ, ਆਪੇ ਜਾਣੈ ਆਪੁ”।