“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਆਰੰਭ ਮੰਗਲਾਚਰਣ ਤੋਂ ਹੁੰਦਾ ਹੈ। ਜਿਸਦਾ ਸੰਪੂਰਣ ਸਰੂਪ “ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ” ਹੈ। ਇਸ ਤਰ੍ਹਾਂ ਇਸ ਸੰਪੂਰਣ ਸਰੂਪ `ਚ ਮੰਗਲਾਚਰਣ ਸੰਪੂਰਣ ਬੀੜ `ਚ ੩੩ ਵਾਰੀ ਦਰਜ ਹੋਇਆ ਹੈ। ਉਪ੍ਰੰਤ ਇਸੇ ਮੰਗਲਾਚਰਣ ਦੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਤਿੰਨ ਹੋਰ ਸੰਖੇਪ ਸਰੂਪ ਵੀ ਆਏ ਹਨ। ਜੋ ਇਸ ਤਰ੍ਹਾਂ ਹਨ “ੴਸਤਿਨਾਮੁ ਕਰਤਾਪੁਰਖੁ ਗੁਰਪ੍ਰਸਾਦਿ”. . ੮ ਵਾਰੀ, “ੴ ਸਤਿਨਾਮੁ ਗੁਰਪ੍ਰਸਾਦਿ”. . ੨ ਵਾਰੀ ਅੰਤ “ੴ ਸਤਿ ਗੁਰਪ੍ਰਸਾਦਿ”. . ੫੨੪ ਵਾਰੀ ਤੇ ਕੁਲ ੫੬੭ ਵਾਰੀ।
ਇਸੇ ਮੰਗਲਾਚਰਣ ਨੂੰ ‘ਸਿੱਖ ਰਹਿਤ ਮਰਿਯਾਦਾ’ ਸੰਨ ੧੯੪੫ `ਚ ‘ਮੂਲ ਮੰਤ੍ਰ’ ਦਾ ਨਾਮ ਵੀ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਅਜੋਕੇ ਸਮੇਂ ਪੂਰੇ ਪੰਥ `ਚ ਇਸ ਨੂੰ ‘ਮੂਲ ਮੰਤ੍ਰ’ ਕਰਕੇ ਹੀ ਜਾਣਿਆ ਜਾਂਦਾ ਹੈ ਜਦਕਿ ਗੁਰਬਾਣੀ ਸਿਧਾਂਤ ਅਨੁਸਾਰ ਇਹ ਮੰਗਲਾਚਰਣ ਹੀ ਹੈ। ਧਿਆਨ ਦੇਣ ਦੀ ਗੱਲ ਹੈ ਕਿ ਮੰਗਲਾਚਰਣ “ੴ” ਤੋਂ ਅਰੰਭ ਹੋਕੇ ਆਪਣੇ ਹਰੇਕ ਸਰੂਪ `ਚ ‘ਗੁਰ ਪ੍ਰਸਾਦਿ’ `ਤੇ ਹੀ ਸਮਾਪਤ ਹੋਇਆ ਹੈ। ਇਸ ਤਰਹਾ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਅੰਦਰ ਸਭ ਤੋਂ ਪਹਿਲੀ ਰਚਨਾ ਬਾਣੀ ‘ਜਪੁ’ ਹੀ ਹੈ, ਜਿਸਦੇ ਕਿ ਅਰੰਭ `ਚ ਪਹਿਲਾਂ ਇਹ ਮੰਗਲਾਚਰਣ ਹੀ ਹੈ। ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਉਚਾਰਣ ਕੀਤੀ ਹੋਈ ਹੈ। ਇਸ ਬਾਣੀ `ਚ ਪਹਿਲਾਂ ਇਹ ਮੰਗਲਾਚਰਣ ਉਪ੍ਰੰਤ ਇੱਕ ਸਲੋਕ “ਆਦਿ ਸਚੁ, ਜੁਗਾਦਿ ਸਚੁ. .” ਅਤੇ ਉਸਤੋਂ ਬਾਅਦ ਬਾਣੀ ਜਪੁ ਦੀਆਂ ੩੮ ਪਉੜੀਆਂ ਦਾ ਅਰੰਭ ਹੈ। ਇਸ ਤਰ੍ਹਾਂ ਬਾਣੀ ਜਪੁ `ਚ ਮੰਗਲਾਚਰਣ ੩੮ ਪਉੜੀਆਂ ਤੇ ਦੋ ਸਲੋਕ ਹਨ; ਇੱਕ ਸ਼ੁਰੂ `ਚ ਤੇ ਦੂਜਾ ਅਖ਼ੀਰ `ਚ। ਸੰਗਤਾਂ ਨੂੰ ਰੋਜ਼ ਸਵੇਰੇ ਇਸ ਬਾਣੀ ਦਾ ਪਾਠ ਕਰਨ ਦੀ ਹਿਦਾਇਤ ਹੈ।