ਦੱਖਣੀ ਬਾਰੇ ਵਿਸ਼ੇਸ਼ ਨੁੱਕਤੇ-ਦੱਖਣੀ ਬਾਰੇ ਕੁੱਝ ਖਾਸ ਧਿਆਣਯੋਗ ਨੁੱਕਤੇ ਹਨ ਜਿਵੇਂ (੧) ਸਿਰਫ਼ ਗੁਰੂ ਨਾਨਕ ਸਾਹਿਬ ਨੇ ‘ਦੱਖਣੀ’ ਵਾਲਾ ਢੰਗ ਵਰਤਿਆ ਹੈ, ਦੂਜੇ ਗੁਰੂ ਸਰੂਪਾਂ ਨੇ ਨਹੀਂ। (੨) ਪੰਨਾ ੧੫੨ ਉੱਤੇ ‘ਗਉੜੀ ਮਹਲਾ ੧ ਦਖਣੀ’ ਦਾ ਇਹ ਭਾਵ ਨਹੀਂ ਕਿ ਸ਼ਬਦ ਨੰ: ੫ ‘ਦੱਖਣੀ’ ਕਿਸਮ ਦਾ ਹੈ। (੩) ਪੰਨਾ ਨੰ: ੫੮੦ ਉੱਤੇ ‘ਵਡਹੰਸ ਮਹਲਾ ੧ ਦੱਖਣੀ’ ਦਾ ਭਾਵ ਵੀ ਇਹ ਨਹੀਂ ਕਿ ‘ਅਲਾਹਣੀਆਂ’ ਨੰ: ੩ ‘ਦੱਖਣੀ’ ਕਿਸਮ ਦੀ ਹੈ। (੪) ਪੰਨਾ ਨੰ: ੮੪੩ ਉੱਤੇ ‘ਬਿਲਾਵਲ ਮਹਲਾ ੧ ਛੰਤ ਦਖਣੀ’ ਦਾ ਇਹ ਭਾਵ ਨਹੀਂ ਕਿ ਇਹ ‘ਛੰਤ’ ਨੰ: ੧ ‘ਦੱਖਣੀ’ ਕਿਸਮ ਦਾ ਹੈ। (੫) ਪੰਨਾ ਨੰ: ੧੦੩੩ ਉੱਤੇ ‘ਮਾਰੂ ਮਹਲਾ ੧ ਦਖਣੀ’ ਤੋਂ ਇਹ ਮਤਲਬ ਨਹੀਂ ਨਿਕਲਦਾ ਕਿ ‘ਸੋਲਹਾ’ ਨੰ: ੧੩ ‘ਦੱਖਣੀ’ ਕਿਸਮ ਦਾ ਹੈ। (੬) ਪੰਨਾ ੧੩੪੩ ਉੱਤੇ ‘ਪ੍ਰਭਾਤੀ ਮਹਲਾ ੧ ਦਖਣੀ’ ਦਾ ਵੀ ਇਹ ਭਾਵ ਨਹੀਂ ਕਿ ‘ਅਸ਼ਟਪਦੀ’ ਨੰ: ੪ ‘ਦੱਖਣੀ’ ਕਿਸਮ ਦੀ ਹੈ। ਇਸੇ ਤਰ੍ਹਾਂ- (੭) ਪੰਨਾ ੯੨੯ ਉੱਤੇ ‘ਰਾਮਕਲੀ ਮਹਲਾ ੧ ਦਖਣੀ ਓਅੰਕਾਰ’ ਦਾ ਭਾਵ ਇਹ ਨਹੀਂ ਹੈ ਕਿ ਬਾਣੀ ‘ਓਅੰਕਾਰੁ’ ‘ਦੱਖਣੀ’ ਕਿਸਮ ਦੀ ਹੈ। ਦੂਜੀ ਗੱਲ-ਜਿਵੇਂ ‘ਗਉੜੀ’ ਵਿੱਚ ਅਸੀਂ ਦੇਖ ਚੁਕੇ ਹਾਂ ਕਿ ‘ਗਉੜੀ ਗੁਆਰੇਰੀ ਮਹਲਾ ੩’ ਤੇ ‘ਗਉੜੀ ਮਹਲਾ ੩ ਗੁਆਰੇਰੀ’ ਦਾ ਇਕੋ ਹੀ ਭਾਵ ਹੈ, ਇਸੇ ਤਰ੍ਹਾਂ ਇਨ੍ਹਾਂ ਉਪਰਲੇ ਸਿਰ-ਲੇਖਾਂ ਦਾ ਭਾਵ ਭੀ ਇਉਂ ਹੈ, ਗਉੜੀ ਦਖਣੀ ਮਹਲਾ ੧, ਵਡਹੰਸ ਦਖਣੀ ਮਹਲਾ ੧, ਬਿਲਾਵਲ ਦਖਣੀ ਮਹਲਾ ੧, ਮਾਰੂ ਦਖਣੀ ਮਹਲਾ ੧, ਬਿਲਾਵਲ ਦਖਣੀ ਮਹਲਾ ੧, ਪ੍ਰਭਾਤੀ ਦਖਣੀ ਮਹਲਾ ੧ ਅਤੇ ਰਾਮਕਲੀ ਦਖਣੀ ਮਹਲਾ ੧ ‘ਓਅੰਕਾਰ’ ਇਸ ਲਈ ਬਾਣੀ ਦਾ ਨਾਮ ‘ਓਅੰਕਾਰੁ’ ਹੈ। ‘ਦਖਣੀ ਓਅੰਕਾਰੁ’ ਨਹੀਂ। ਇਸ ਬਾਣੀ ਦੀ ਪਹਿਲੀ ਪਾਉੜੀ `ਚ ਵੀ ਬਾਣੀ ਦਾ ਨਾਮ ‘ਓਅੰਕਾਰੁ’ ਦਿੱਤਾ ਹੈ। ‘ਦਖਣੀ ਓਅੰਕਾਰੁ’ ਨਹੀਂ। ਇਸ ਲਈ ਬਾਣੀ ਦੀ ਪਹਿਲੀ ਪਾਉੜੀ ਪੜ੍ਹੋ ਤਾਂ ਗੱਲ ਆਪਣੇ ਆਪ ਹੀ ਸਾਫ਼ ਹੋ ਜਾਂਦੀ ਹੈ, ਪਉੜੀ ਹੈ- “ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ ਭਏ॥ ਓਅੰਕਾਰ ਬੇਦ ਨਿਰਮਏ॥ ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖ ਤਰੇ॥ ੧॥” ਸੰਪੂਰਨ ਰਚਨਾ `ਚ ਕਿਧਰੇ ਵੀ ਲਫ਼ਜ਼ ‘ਦੱਖਣੀ ਓਅੰਕਾਰਿ’ ਨਹੀਂ ਹੈ, ਸਿਰਫ਼ ‘ਓਅੰਕਾਰੁ’ ਹੈ। ਸਪਸ਼ਟ ਹੈ, ਪਾਤਸ਼ਾਹ ਨੇ ‘ਬਾਣੀ’ ਦਾ ਨਾਮ ਵੀ ‘ਬਾਣੀ’ ਤੋਂ ਹੀ ਲਿਆ ਹੈ।