Har Ki Gat Neh Kou Jaane – 25-7-25

ੴ ਸਤਿਗੁਰ ਪ੍ਰਸਾਦਿ ॥
ਰਾਗੁ ਬਿਹਾਗੜਾ ਮਹਲਾ ੯ ॥ ਹਰਿ ਕੀ ਗਤਿ ਨਹਿ ਕੋਊ ਜਾਨੈ ॥ ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥ ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥ ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥੧॥ ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥ ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥੨॥ ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥ ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥ {ਪੰਨਾ 537}

ਅਰਥ: ਹੇ ਭਾਈ! ਅਨੇਕਾਂ ਜੋਗੀ, ਅਨੇਕਾਂ ਤਪੀ, ਅਤੇ ਹੋਰ ਬਥੇਰੇ ਸਿਆਣੇ ਮਨੁੱਖ ਖਪ ਖਪ ਕੇ ਹਾਰ ਗਏ ਹਨ, ਪਰ ਕੋਈ ਭੀ ਮਨੁੱਖ ਇਹ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ।੧।ਰਹਾਉ।

ਹੇ ਭਾਈ! ਉਹ ਪਰਮਾਤਮਾ ਇਕ ਛਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ, ਤੇ, ਰਾਜੇ ਨੂੰ ਕੰਗਾਲ ਕਰ ਦੇਂਦਾ ਹੈ, ਖ਼ਾਲੀ ਭਾਂਡਿਆਂ ਨੂੰ ਭਰ ਦੇਂਦਾ ਹੈ ਤੇ ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ (ਗ਼ਰੀਬਾਂ ਨੂੰ ਅਮੀਰ ਤੇ ਅਮੀਰਾਂ ਨੂੰ ਗ਼ਰੀਬ ਬਣਾ ਦੇਂਦਾ ਹੈ) -ਇਹ ਉਸ ਦਾ ਨਿੱਤ ਦਾ ਕੰਮ ਹੈ।੧।

(ਹੇ ਭਾਈ! ਇਸ ਦਿੱਸਦੇ ਜਗਤ-ਰੂਪ ਤਮਾਸ਼ੇ ਵਿਚ) ਪਰਮਾਤਮਾ ਨੇ ਆਪਣੀ ਮਾਇਆ ਆਪ ਖਿਲਾਰੀ ਹੋਈ ਹੈ, ਉਹ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈ। ਉਹ ਅਨੇਕਾਂ ਰੰਗਾਂ ਦਾ ਮਾਲਕ ਪ੍ਰਭੂ ਕਈ ਤਰ੍ਹਾਂ ਦੇ ਰੂਪ ਧਾਰ ਲੈਂਦਾ ਹੈ, ਤੇ ਸਾਰਿਆਂ ਰੂਪਾਂ ਤੋਂ ਵੱਖਰਾ ਭੀ ਰਹਿੰਦਾ ਹੈ।੨।

ਹੇ ਭਾਈ! ਉਸ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ ਬੇਅੰਤ ਹੈ, ਉਹ ਅਦ੍ਰਿਸ਼ਟ ਹੈ, ਉਹ ਨਿਰਲੇਪ ਹੈ, ਉਸ ਪਰਮਾਤਮਾ ਨੇ ਹੀ ਸਾਰੇ ਜਗਤ ਨੂੰ (ਮਾਇਆ ਦੀ) ਭਟਕਣਾ ਵਿਚ ਪਾਇਆ ਹੋਇਆ ਹੈ। ਹੇ ਨਾਨਕ! ਆਖ-) ਜਿਸ ਮਨੁੱਖ ਨੇ ਉਸ ਦੇ ਚਰਨਾਂ ਵਿਚ ਮਨ ਜੋੜਿਆ ਹੈ, ਇਹ ਮਾਇਆ ਦੀਆਂ ਸਾਰੀਆਂ ਭਟਕਣਾਂ ਤਿਆਗ ਕੇ ਹੀ ਜੋੜਿਆ ਹੈ।੩।੧।੨।

You may also like these