Saadho Eh Tan Mithya Janau – 27-8-25

ੴ ਸਤਿਗੁਰ ਪ੍ਰਸਾਦਿ ॥ ਰਾਗੁ ਬਸੰਤੁ ਹਿੰਡੋਲ ਮਹਲਾ ੯ ॥
ਸਾਧੋ ਇਹੁ ਤਨੁ ਮਿਥਿਆ ਜਾਨਉ ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥ ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥ ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥ ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥ ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥ {ਪੰਨਾ 1186}

ਨੋਟ: ਇਹ ਸ਼ਬਦ ‘ਬਸੰਤ’ ਅਤੇ ‘ਹਿੰਡੋਲ’ ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣੇ ਹਨ।

ਅਰਥ: ਹੇ ਸੰਤ ਜਨੋ! ਇਸ ਸਰੀਰ ਨੂੰ ਨਾਸਵੰਤ ਸਮਝੋ। ਇਸ ਸਰੀਰ ਵਿਚ ਜਿਹੜਾ ਪਦਾਰਥ ਵੱਸ ਰਿਹਾ ਹੈ, (ਸਿਰਫ਼) ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਣੋ।1। ਰਹਾਉ।

ਹੇ ਭਾਈ! ਇਹ ਜਗਤ ਉਸ ਧਨ-ਸਮਾਨ ਹੀ ਹੈ ਜਿਹੜਾ ਸੁਪਨੇ ਵਿਚ ਲੱਭ ਲਈਦਾ ਹੈ (ਤੇ, ਜਾਗਦਿਆਂ ਹੀ ਖ਼ਤਮ ਹੋ ਜਾਂਦਾ ਹੈ) (ਇਸ ਜਗਤ ਨੂੰ ਧਨ ਨੂੰ) ਵੇਖ ਕੇ ਕਿਉਂ ਅਹੰਕਾਰ ਕਰਦਾ ਹੈਂ? ਇਥੋਂ ਕੋਈ ਭੀ ਚੀਜ਼ (ਅੰਤ ਸਮੇਂ) ਤੇਰੇ ਨਾਲ ਨਹੀਂ ਜਾ ਸਕਦੀ। ਫਿਰ ਇਸ ਨਾਲ ਕਿਉਂ ਚੰਬੜਿਆ ਹੋਇਆ ਹੈਂ?।1।

ਹੇ ਭਾਈ! ਕਿਸੇ ਦੀ ਖ਼ੁਸ਼ਾਮਦ ਕਿਸੇ ਦੀ ਨਿੰਦਿਆ = ਇਹ ਦੋਵੇਂ ਕੰਮ ਛੱਡ ਦੇ। ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਹਿਰਦੇ ਵਿਚ ਵਸਾਓ। ਹੇ ਦਾਸ ਨਾਨਕ! (ਆਖ– ਹੇ ਭਾਈ!) ਸਿਰਫ਼ ਉਹ ਭਗਵਾਨ ਪੁਰਖ ਹੀ (ਸਲਾਹੁਣ-ਜੋਗ ਹੈ ਜੋ) ਸਭ ਜੀਵਾਂ ਵਿਚ ਵਿਆਪਕ ਹੈ।2।1।

You may also like these