Chaar Sahibzade – 16-12-25

ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ

ਇੱਕ ਮਾਹਿਰ ਜੋਧੇ, ਭਾਈ ਉਦੇ ਸਿੰਘ ਨਾਲ ਮਿਲ ਕੇ ਆਪ ਜੀ ਨੇ ਇਸ ਹਮਲੇ ਨੂੰ ਬਖ਼ੂਬੀ ਰੋਕਿਆ। ਇਹ 29 ਅਗਸਤ 1700 ਨੂੰ ਹੋਇਆ। ਇਸ ਤੋਂ ਬਾਅਦ ਆਪ ਜੀ ਨੇ ਅਕਤੂਬਰ 1700 ਵਿੱਚ ਨਿਰਮੋਹਗੜ੍ਹ ਦੀ ਜੰਗ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। 15 ਮਾਰਚ 1701 ਨੂੰ, ਦੜਪ (ਮੌਜੂਦਾ ਸਿਆਲਕੋਟ) ਤੋਂ ਆ ਰਹੀ ਸਿੱਖ ਸੰਗਤ ਨੂੰ ਗੁੱਜਰਾਂ ਤੇ ਰੰਘੜਾਂ ਨੇ ਰਾਹ ਵਿੱਚ ਹੀ ਲੁੱਟ ਲਿਆ। ਸਾਹਿਬਜ਼ਾਦਾ ਅਜੀਤ ਸਿੰਘ ਨੇ ਉਨ੍ਹਾਂ ਨੂੰ ਸੋਧਣ ਲਈ ਇੱਕ ਸਫਲ ਚੜ੍ਹਾਈ ਕੀਤੀ। ਇੱਕ ਵਾਰ ਕਿਸੇ ਬ੍ਰਾਹਮਣ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ ਆ ਕੇ ਸ਼ਕਾਇਤ ਕੀਤੀ ਕਿ ਕੁਝ ਪਠਾਨਾਂ ਨੇ ਹੋਸ਼ਿਆਰਪੁਰ ਦੇ ਨੇੜੇ, ਬੱਸੀ ਵਿਖੇ ਉਸਦੀ ਨਵ-ਵਿਆਹੀ ਪਤਨੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਗੁਰੂ ਸਾਹਿਬ ਦੇ ਨਿਰਦੇਸ਼ 'ਤੇ ਸਾਹਿਬਜ਼ਾਦਾ ਅਜੀਤ ਸਿੰਘ 100 ਘੁੜਸਵਾਰਾਂ ਨੂੰ ਲੈ ਕੇ ਉਥੇ ਪਹੁੰਚੇ ਅਤੇ ਬ੍ਰਾਹਮਣ ਦੀ ਪਤਨੀ ਨੂੰ ਉਨ੍ਹਾਂ ਦੇ ਕਬਜ਼ੇ ਤੋਂ ਛੁਡਾ ਲਿਆਏ। ਫਿਰ ਉਸਨੂੰ ਵਾਪਸ ਬ੍ਰਾਹਮਣ ਕੋਲ ਪਹੁੰਚਾਇਆ ਗਿਆ ਅਤੇ ਪਠਾਨਾਂ ਨੂੰ ਬਣਦੀ ਸਜ਼ਾ ਦਿੱਤੀ ਗਈ। ਬੱਸੀ ਦੇ ਇਸ ਅਸਥਾਨ 'ਤੇ ਇਸ ਘਟਨਾ ਦੀ ਯਾਦ ਵਿੱਚ ਹੁਣ ਇੱਕ ਗੁਰਦੁਆਰਾ ਵੀ ਸੁਸ਼ੋਭਿਤ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਕਰਕੇ ਬਾਦਸ਼ਾਹ ਔਰੰਗਜ਼ੇਬ ਬਹੁਤ ਨਾਖ਼ੁਸ਼ ਸੀ। ਉਸਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਉਸਦੇ ਰਾਜ ਵਿੱਚ ਕਿਸੇ ਨੂੰ ‘ਸੱਚਾ ਪਤਾਸ਼ਾਹ’ਕਹਿ ਕੇ ਸੰਬੋਧਨ ਕੀਤਾ ਜਾਵੇ, ਜਿਵੇਂ ਕਿ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਕਰਦੇ ਸਨ। ਉਸਨੇ ਆਪਣੇ ਜਰਨੈਲਾਂ ਨੂੰ ਹੁਕਮ ਕਰ ਦਿੱਤਾ ਕਿ ਗੁਰੂ ਦਰਬਾਰ ਦੇ ਵੱਧਦੇ ਪਸਾਰ ਨੂੰ ਕਿਸੇ ਵੀ ਤਰ੍ਹਾਂ ਰੋਕਿਆ ਜਾਵੇ। ਮੁਗ਼ਲ ਜਰਨੈਲਾਂ ਨੇ ਸਿੱਖਾਂ ਨੂੰ ਅਨੰਦਪੁਰ ਤੋਂ ਬਾਹਰ ਕੱਢਣ ਲਈ ਹਰ ਹੀਲਾ ਵਰਤਣਾ ਸ਼ੁਰੂ ਕਰ ਦਿੱਤਾ। ਮਈ 1705 ਵਿੱਚ ਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਿਕਾਂ ਦੀ ਮਿਲਵੀਂ ਫ਼ੌਜ ਨੇ ਅਨੰਦਪੁਰ ਵੱਲ ਕੂਚ ਕਰ ਦਿੱਤਾ ਅਤੇ ਸ਼ਹਿਰ ਦੇ ਦੁਆਲੇ ਘੇਰਾ ਪਾ ਲਿਆ। ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੇ ਕਈ ਮਹੀਨਿਆਂ ਤਕ ਉਨ੍ਹਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦਾ ਬਹੁਤ ਬਹਾਦਰੀ ਨਾਲ ਸਾਹਮਣਾ ਕੀਤਾ, ਭਾਵੇਂ ਐਨੇ ਸਮੇਂ ਤੋਂ ਸਾਰੇ ਰਾਹ ਬੰਦ ਹੋਣ ਕਰਕੇ ਸਹੂਲਤਾਂ ਦੀ ਜ਼ਬਰਦਸਤ ਘਾਟ ਹੋ ਚੁੱਕੀ ਸੀ। ਹਮਲਾਵਰ ਵੀ ਹੁਣ ਤਕ ਥੱਕ ਚੁੱਕੇ ਸਨ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਤੇ ਸਿੱਖਾਂ ਨੂੰ ਅਨੰਦਪੁਰ ਤੋਂ ਨਿਕਲ ਜਾਣ ਲਈ ਸੁਰੱਖਿਅਤ ਲਾਂਘਾ ਦੇਣ ਦਾ ਵਾਇਦਾ ਕਰ ਦਿੱਤਾ। ਅਨੰਦਪੁਰ ਸਾਹਿਬ ਉੱਤੇ ਪਈ ਕਿਲ੍ਹੇਬੰਦੀ ਦੇ ਐਨੇ ਲੰਮੇ ਸਮੇਂ ਦੌਰਾਨ, ਸਾਹਿਬਜ਼ਾਦਾ ਅਜੀਤ ਸਿੰਘ ਨੇ ਇੱਕ ਵਾਰ ਫਿਰ ਆਪਣੀ ਬਹਾਦਰੀ ਤੇ ਦ੍ਰਿੜਤਾ ਦੇ ਕੌਤਕ ਵਿਖਾਏ। ਅਖ਼ੀਰ, ਜਦੋਂ 5-6 ਦਸੰਬਰ 1705 ਦੀ ਰਾਤ ਨੂੰ, ਅਨੰਦਪੁਰ ਤੋਂ ਬਾਹਰ ਨਿਕਲਣਾ ਸੀ ਤਾਂ ਆਪ ਨੂੰ ਸਭ ਤੋਂ ਪਿੱਛੇ ਚੌਕਸੀ ਰੱਖਣ ਦੀ ਕਮਾਨ ਸੌਂਪੀ ਗਈ। ਹਮਲਾਵਰਾਂ ਨੇ ਸੁਰੱਖਿਅਤ ਲਾਂਘਾ ਦੇਣ ਦੇ ਆਪਣੇ ਵਾਇਦੇ ਨੂੰ ਤੋੜਦਿਆਂ, ਉਨ੍ਹਾਂ ਦੇ ਦਸਤੇ ਉੱਤੇ ਹਮਲਾ ਕਰ ਦਿੱਤਾ, ਜਿਸਦਾ ਆਪ ਜੀ ਨੇ ਸ਼ਾਹੀ ਟਿੱਬੇ ਵਾਲੀ ਥਾਂ 'ਤੇ ਬਖ਼ੂਬੀ ਸਾਹਮਣਾ ਕੀਤਾ। ਆਪ ਨੇ ਉਨ੍ਹਾਂ ਨੂੰ ਉਦੋਂ ਤਕ ਉਲਝਾਏ ਰਖਿਆ ਜਦੋਂ ਤਕ ਭਾਈ ਉਦੇ ਸਿੰਘ ਨੇ ਆ ਕੇ ਕਮਾਨ ਨਹੀਂ ਸੰਭਾਲ ਲਈ। ਫਿਰ ਭਾਈ ਉਦੇ ਸਿੰਘ ਨੇ ਇਕੱਲਿਆਂ ਹੀ ਦੁਸ਼ਮਣਾਂ ਦੇ ਛੱਕੇ ਛੁੜਾ ਦਿੱਤੇ। ਸ਼ਹਾਦਤ ਪਾਉਣ ਤੋਂ ਪਹਿਲਾਂ ਉਸ ਨਿਧੱੜਕ ਜੋਧੇ ਨੇ ਕਈਆਂ ਨੂੰ ਮਾਰ ਗਿਰਾਇਆ। ਸਰਸਾ ਨਦੀ ਵਿੱਚ ਉਸ ਸਮੇਂ ਹੜ੍ਹ ਆਇਆ ਹੋਇਆ ਸੀ ਜਦੋਂ ਬਾਬਾ ਅਜੀਤ ਸਿੰਘ ਨੇ ਆਪਣੇ ਪਿਤਾ, ਆਪਣੇ ਛੋਟੇ ਭਰਾ ਜੁਝਾਰ ਸਿੰਘ ਤੇ ਕਰੀਬ ਡੇਢ ਸੌ ਸਿੰਘਾਂ ਨਾਲ ਉਸਨੂੰ ਪਾਰ ਕੀਤਾ। ਰੋਪੜ ਦੇ ਪਾਸੋਂ ਆ ਰਹੀ ਇੱਕ ਫ਼ੌਜੀ ਟੁਕੜੀ ਦੇ ਅਚਾਨਕ ਹਮਲੇ ਕਰਕੇ ਸਿੱਖਾਂ ਦੀ ਗਿਣਤੀ ਹੋਰ ਘੱਟ ਗਈ, ਤੇ 6 ਦਸੰਬਰ 1705 ਨੂੰ ਕੇਵਲ ਚਾਲ੍ਹੀ ਸਿੰਘਾਂ ਦਾ ਇੱਕ ਦਸਤਾ ਚਮਕੌਰ ਪਹੁੰਚਿਆ। ਇਨ੍ਹਾਂ ਨੇ ਉਥੇ ਇੱਕ ਕੱਚੀ ਗੜ੍ਹੀ ਵਿੱਚ ਜਾ ਕੇ ਟਿਕਾਣਾ ਕਰ ਲਿਆ। ਇਨ੍ਹਾਂ ਦੇ ਪਿੱਛੇ ਹੀ ਮਲੇਰਕੋਟਲਾ ਤੇ ਸਰਹਿੰਦ ਤੋਂ ਸ਼ਾਹੀ ਫ਼ੌਜ ਦੀਆਂ ਟੁਕੜੀਆਂ, ਤੇ ਉਨ੍ਹਾਂ ਨਾਲ ਲੋਕਲ ਰੰਘੜ ਤੇ ਗੁੱਜਰ ਹਮਲਾਵਰ ਵੀ ਆ ਕੇ ਰਲ ਗਏ। ਇਨ੍ਹਾਂ ਸਾਰਿਆਂ ਨੇ ਮਿਲ ਕੇ ਚਮਕੌਰ ਦੀ ਉਸ ਗੜ੍ਹੀ ਦੁਆਲੇ ਸੰਘਣਾ ਘੇਰਾ ਪਾ ਲਿਆ। 7 ਦਸੰਬਰ 1705 ਦੀ ਚੜ੍ਹਦੀ ਸਵੇਰ ਨੂੰ ਇੱਕ ਬੇਮੇਲ ਪਰ ਭਿਆਨਕ ਜੰਗ ਦੀ ਸ਼ੁਰੂਆਤ ਹੋਈ। ਗੁਰੂ ਗੋਬਿੰਦ ਸਿੰਘ ਜੀ ਦੇ ‘ਜ਼ਫ਼ਰਨਾਮੇ’ ਵਿੱਚ ਕਹੇ ਆਪਣੇ ਸ਼ਬਦਾਂ ਅਨੁਸਾਰ ਕੇਵਲ ਚਾਲ੍ਹੀ ਦਾ ਲੱਖਾਂ ਨੂੰ ਲਲਕਾਰਨਾ ਸਿੱਖ ਸਿਪਾਹੀਆਂ ਨੇ ਅਸਲਾ ਤੇ ਸਾਮਾਨ ਖ਼ਤਮ ਹੋਣ 'ਤੇ ਪੰਜ-ਪੰਜ ਸਿੰਘਾਂ ਦਾ ਜੱਥਾ ਬਣਾ ਕੇ ਹਮਲਾਵਰਾਂ ਉੱਤੇ ਤਲਵਾਰਾਂ ਤੇ ਨੇਜ਼ਿਆਂ ਨਾਲ ਧਾਵਾ ਬੋਲਣ ਦਾ ਫ਼ੈਸਲਾ ਕਰ ਲਿਆ। ਪੰਜ ਸਿੱਖ ਸਿਪਾਹੀਆਂ ਦੇ ਪਹਿਲੇ ਜੱਥੇ ਨੇ ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ ਸੈਂਕੜਿਆਂ ਮੁਗ਼ਲ ਸਿਪਾਹੀਆਂ ਨੂੰ ਮਾਰ ਗਿਰਾਇਆ। ਇਸ ਤੋਂ ਬਾਅਦ ਦੂਜਾ ਤੇ ਤੀਜਾ ਜੱਥਾ ਵੀ ਬੜੀ ਫੁਰਤੀ ਨਾਲ ਜੰਗ ਦੇ ਮੈਦਾਨ ਵਿੱਚ ਗਿਆ। ਉਨ੍ਹਾਂ ਨੇ ਵੀ ਐਨੇ ਔਖੇ ਹਾਲਾਤਾਂ ਵਿੱਚ ਉਸੇ ਤਰ੍ਹਾਂ ਬਹਾਦਰੀ ਦਾ ਸਬੂਤ ਦਿੰਦਿਆਂ ਸ਼ਹੀਦੀਆਂ ਪਾਈਆਂ। ਇਸ ਗਹਿਗੱਚ ਲੜਾਈ ਨੂੰ ਗੁਰੂ ਸਾਹਿਬ ਗੜ੍ਹੀ ਵਿੱਚੋਂ ਸਾਫ਼ ਵੇਖ ਰਹੇ ਸਨ ਅਤੇ ਅੱਗੇ ਦੀ ਯੋਜਨਾ ਬਣਾ ਰਹੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਨੇ ਅੱਗੇ ਵੱਧ ਕੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਮੈਦਾਨ-ਏ-ਜੰਗ ਵਿੱਚ ਜਾ ਕੇ ਲੜ੍ਹਣ ਦੀ ਆਗਿਆ ਮੰਗੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸੀਸਾਂ ਬਖ਼ਸ਼ੀਆਂ ਅਤੇ ਸਿੱਖ ਜੋਧਿਆਂ ਦਾ ਇੱਕ ਜੱਥਾ ਉਨ੍ਹਾਂ ਦੀ ਅਗਵਾਈ ਵਿੱਚ ਤੋਰ ਦਿੱਤਾ। ਜਿਵੇਂ ਹੀ ਸਾਹਿਬਜ਼ਾਦਾ ਅਤੇ ਉਨ੍ਹਾਂ ਦੇ ਸਾਥੀ ਗੜ੍ਹੀ ਵਿੱਚੋਂ ਬਾਹਰ ਨਿਕਲੇ, ਉਨ੍ਹਾਂ ਵੱਲੋਂ ਛੱਡੇ ਜੈਕਾਰੇ ਦੀ ਗੂੰਜ “ਸਤਿ ਸ੍ਰੀ ਅਕਾਲ" ਦੇ ਰੂਪ ਵਿੱਚ ਦੂਰ-ਦੂਰ ਤਕ ਫੈਲ ਗਈ। ਮੁਗ਼ਲ ਸਿਪਾਹੀਆਂ ਨੇ ਸਾਹਿਬਜ਼ਾਦੇ ਉੱਤੇ ਚਾਰੇ ਪਾਸਿਓਂ ਘੇਰਾ ਪਾ ਲਿਆ। ਉਨ੍ਹਾਂ ਨੇ ਭਾਵੇਂ ਸਭ ਨੂੰ ਕਰੜੇ ਹੱਥੀਂ ਲਿਆ ਅਤੇ ਤੀਰਾਂ ਦੀ ਬੌਛਾੜ ਕਰ ਦਿੱਤੀ। ਉਨ੍ਹਾਂ 'ਤੇ ਘੇਰਾ ਪਾ ਰਹੇ ਸਿਪਾਹੀਆਂ ਨੂੰ ਪਿੱਛੇ ਹੱਟਣਾ ਪੈ ਗਿਆ, ਪਰ ਨਾਲ ਹੀ ਹੋਰ ਸਿਪਾਹੀ ਅੱਗੇ ਨੂੰ ਵੱਧਦੇ ਚਲੇ ਆਏ। ਬਾਬਾ ਅਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸਾਰਿਆਂ ਦਾ ਬੜੀ ਦਲੇਰੀ ਨਾਲ ਸਾਹਮਣਾ ਕੀਤਾ ਪਰ ਉਨ੍ਹਾਂ ਦੇ ਤੀਰ ਖ਼ਤਮ ਹੋਣ ਦੀ ਕਗਾਰ 'ਤੇ ਪੁੱਜ ਗਏ। ਬਾਬਾ ਅਜੀਤ ਸਿੰਘ ਨੇ ਘੋੜੇ ਦੀ ਚਾਲ ਤੇਜ਼ ਕੀਤੀ ਅਤੇ ਦੁਸ਼ਮਣਾਂ ਨਾਲ ਲੋਹਾ ਲੈਣ ਲਈ ਉਨ੍ਹਾਂ ਦੇ ਐਨ ਵਿਚਕਾਰ ਆਪਣੀ ਤਲਵਾਰ ਲਹਿਰਾਉਂਦੇ ਪਹੁੰਚ ਗਏ। ਦੁਸ਼ਮਣ ਦੇ ਇੱਕ ਸਿਪਾਹੀ ਨੇ ਉਨ੍ਹਾਂ ਵੱਲ ਨਿਸ਼ਾਨਾ ਲਗਾ ਕੇ ਆਪਣਾ ਨੇਜ਼ਾ ਜ਼ੋਰ ਦੀ ਸੁੱਟ ਦਿੱਤਾ। ਸਾਹਿਬਜ਼ਾਦੇ ਨੇ ਭਾਵੇਂ ਉਸ ਹਮਲੇ ਨੂੰ ਤਾਂ ਰੋਕ ਲਿਆ ਪਰ ਉਨ੍ਹਾਂ ਦਾ ਘੋੜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਹੇਠਾਂ ਇਕੱਲਾ ਦੇਖ ਕੇ ਦੁਸ਼ਮਣ ਦੇ ਸਿਪਾਹੀਆਂ ਨੇ ਸਾਰੇ ਪਾਸਿਓਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਤਰ੍ਹਾਂ 19 ਸਾਲਾਂ ਦੇ ਸਾਹਿਬਜ਼ਾਦਾ ਅਜੀਤ ਸਿੰਘ ਉਸ ਗਹਿਗੱਚ ਲੜਾਈ ਵਿੱਚ ਜੂਝਦੇ ਹੋਏ ਸ਼ਹੀਦੀ ਪਾ ਗਏ। ਉਸ ਅਸਥਾਨ 'ਤੇ ਹੁਣ ਗੁਰਦੁਆਰਾ ਕਤਲਗੜ੍ਹ ਸਾਹਿਬ ਸੁਸ਼ੋਭਿਤ ਹੈ ਜਿਥੇ ਸਾਹਿਬਜ਼ਾਦਾ ਅਜੀਤ ਸਿੰਘ, ਤੇ ਫਿਰ ਅੱਗਲੇ ਜੱਥੇ ਦੀ ਅਗਵਾਈ ਕਰਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਸ਼ਹੀਦੀਆਂ ਪਾਈਆਂ।

You may also like these