ਸਾਹਿਬਜ਼ਾਦਾ ਜੁਝਾਰ ਸਿੰਘ
ਸਾਹਿਬਜ਼ਾਦਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਸਾਹਿਬਜ਼ਾਦੇ, ਬਾਬਾ ਜੁਝਾਰ ਸਿੰਘ ਨੇ ਮਾਤਾ ਜੀਤੋ ਜੀ ਦੀ ਕੁੱਖੋਂ 14 ਮਾਰਚ 1691 ਨੂੰ ਅਨੰਦਪੁਰ ਦੀ ਪਾਵਨ ਧਰਤੀ 'ਤੇ ਜਨਮ ਲਿਆ। ਆਪਣੇ ਵੱਡੇ ਭਰਾ ਸਾਹਿਬਜ਼ਾਦਾ ਅਜੀਤ ਸਿੰਘ ਵਾਂਗ, ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਧਾਰਮਿਕ ਸਾਹਿਤ ਦੇ ਨਾਲ- ਨਾਲ ਯੁੱਧ ਕਲਾ ਦੀ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕਰ ਦਿੱਤੀ। 1699 ਈ. ਵਿੱਚ, ਆਪ 8 ਵਰ੍ਹਿਆਂ ਦੇ ਸਨ, ਜਦੋਂ ਆਪ ਨੇ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ। ਦਸੰਬਰ 1705 ਵਿੱਚ ਜਦੋਂ ਦੁਸ਼ਮਣਾਂ ਦੇ ਅਨੰਦਪੁਰ ਸਾਹਿਬ ਦੁਆਲੇ ਭਾਰੀ ਘੇਰਾ ਪਾਉਣ ਕਰਕੇ ਕਿਲ੍ਹਾ ਖਾਲੀ ਕਰਨਾ ਪਿਆ ਤਾਂ ਆਪ ਪੰਦਰਾਂ ਵਰ੍ਹੇ ਦੇ ਸਨ ਅਤੇ ਇੱਕ ਨਿਧੱੜਕ ਤੇ ਬਹਾਦਰ ਅਭਿਨਵੀ ਨੌਜਵਾਨ ਜੋਧੇ ਬਣ ਚੁੱਕੇ ਸੀ। ਹਮਲਾਵਰਾਂ ਵੱਲੋਂ ਭਾਰੀ ਗਿਣਤੀ ਵਿੱਚ ਪਿੱਛੇ ਲੱਗਣ ਅਤੇ ਹਰ ਔਖਿਆਈ ਦੇ ਬਾਵਜੂਦ, ਆਪ ਨੇ ਆਪਣੇ ਜੱਥੇ ਨਾਲ 6 ਦਸੰਬਰ 1705 ਦੀ ਰਾਤ ਨੂੰ ਹੜ੍ਹ ਆਈ ਸਰਸਾ ਨਦੀ ਨੂੰ ਪਾਰ ਕਰ ਲਿਆ ਅਤੇ ਚਮਕੌਰ ਪਹੁੰਚਣ ਵਿੱਚ ਕਾਮਯਾਬ ਹੋ ਗਏ। ਰਾਤ ਨੂੰ ਕੋਈ ਖ਼ਾਸ ਆਰਾਮ ਨਾ ਕਰਨ ਦੇ ਬਾਵਜੂਦ, ਆਪ ਨੇ ਅਗਲੇ ਦਿਨ ਬੜੀ ਬਹਾਦਰੀ ਨਾਲ ਉਸ ਗੜ੍ਹੀ ਵਿੱਚ ਲਗਾਤਾਰ ਹੋ ਰਹੇ ਹਮਲਿਆਂ ਨੂੰ ਰੋਕੀ ਰਖਿਆ ਜਿਸ ਵਿੱਚ ਆਪ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਚਾਲ੍ਹੀ ਸਿੰਘਾਂ ਨਾਲ ਟਿਕਾਣਾ ਕੀਤਾ ਹੋਇਆ ਸੀ। ਜਦੋਂ ਸਿੱਖ ਸਿਪਾਹੀਆਂ ਕੋਲ ਅਸਲਾ ਤੇ ਸਾਮਾਨ ਖ਼ਤਮ ਹੋਣ ਲੱਗਾ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਪੰਜ-ਪੰਜ ਦੇ ਜੱਥਿਆਂ ਵਿੱਚ ਵੰਡ ਕੇ, ਬਾਹਰ ਜਾ ਕੇ ਹਮਲਾਵਰਾਂ ਨਾਲ ਦੋ ਹੱਥ ਕਰਨ ਦਾ ਫ਼ੈਸਲਾ ਕਰ ਲਿਆ। ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋਵੇਂ ਸਾਹਿਬਜ਼ਾਦਿਅਆਂ ਨੂੰ ਗੜ੍ਹੀ ਦੀ ਉਪਰਲੀ ਮੰਜ਼ਿਲ 'ਤੇ ਲੈ ਗਏ ਜਿੱਥੋਂ ਮੈਦਾਨ - ਏ - ਜੰਗ ਦਾ ਪੂਰਾ ਦ੍ਰਿਸ਼ ਸਾਫ਼ ਨਜ਼ਰੀ ਆਉਂਦਾ ਸੀ। ਦੁਸ਼ਮਣਾਂ ਦੇ ਹਰ ਹਮਲੇ ਦਾ ਸਾਹਮਣਾ ਕਰਨ ਲਈ ਪੂਰੀ ਤਿਆਰੀਆਂ ਕਰ ਲਈਆਂ ਗਈਆਂ ਸਨ। ਸਿੱਖ ਸਿਪਾਹੀਆਂ ਨੇ ਆਪੋ- ਆਪਣੀ ਕਮਾਨ ਸੰਭਾਲ ਲਈ ਸੀ ਅਤੇ ਦੋਵੇਂ ਸਾਹਿਬਜ਼ਾਦੇ ਵੀ ਜੰਗ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਸਨ। ਹਮਲਾਵਰਾਂ ਦੇ ਭਾਰੀ ਦਸਤੇ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਭਾਵੇਂ ਬਹੁਤ ਥੋੜ੍ਹੀ ਸੀ, ਪਰ ਉਨ੍ਹਾਂ ਦੇ ਹੌਂਸਲੇ ਬਹੁਤ ਬੁਲੰਦ ਸਨ। ਉਨ੍ਹਾਂ ਸਾਰਿਆਂ ਦੇ ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਦੀ ਮੌਜੂਦਗੀ ਹੀ ਉਨ੍ਹਾਂ ਵਿੱਚ ਮਾਨੋ ਇੱਕ ਨਵੀਂ ਜਾਨ ਪਾ ਰਹੀ ਸੀ। ਪਰਮਾਤਮਾ ਦੀ ਬਖ਼ਸ਼ਿਸ਼ ਸਦਕਾ, ਉਹ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਪੂਰੀ ਦ੍ਰਿੜ੍ਹਤਾ ਤੇ ਸਾਹਸ ਨਾਲ ਵਿਚਰ ਰਹੇ ਸਨ। ਬੜੇ ਹੀ ਸ਼ਾਂਤ ਤੇ ਸਥਿਰ ਭਾਵ ਨਾਲ ਖੜ੍ਹੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਧਿਆਨ ਨਾਲ ਜੰਗ ਦੀ ਯੋਜਨਾਬੰਦੀ ਕਰਨ ਵਿੱਚ ਲੱਗੇ ਹੋਏ ਸਨ। ਮੈਦਾਨ-ਏ-ਜੰਗ ਵਿੱਚ ਆਪਣੇ ਵੱਡੇ ਭਰਾ ਦੀ ਅਦੁੱਤੀ ਸ਼ਹਾਦਤ ਨੂੰ ਵੇਖ ਕੇ, ਸਾਹਿਬਜ਼ਾਦਾ ਜੁਝਾਰ ਸਿੰਘ ਜੋ ਕਿ ਉਸ ਸਮੇਂ 15 ਵਰ੍ਹਿਆਂ ਦੇ ਸਨ, ਅੱਗੇ ਵੱਧੇ ਅਤੇ ਆਪਣੇ ਗੁਰੂ ਪਿਤਾ ਕੋਲੋਂ ਆਪਣੇ ਭਰਾ ਦੇ ਵਿਖਾਏ ਪੂਰਨਿਆਂ 'ਤੇ ਚਲਣ ਦੀ ਆਗਿਆ ਮੰਗੀ। ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਦੀ ਉਸ ਲੜਾਈ ਵਿੱਚ ਹਿੱਸਾ ਲੈਣ ਲਈ ਆਪਣੇ ਸਾਹਿਬਜ਼ਾਦਿਆਂ ਨੂੰ ਖ਼ੁਸ਼ੀ-ਖ਼ੁਸ਼ੀ ਵਿਦਾ ਕਰ ਦਿੱਤਾ। ਦੁਨੀਆ ਦੇ ਇਤਿਹਾਸ ਵਿੱਚ ਐਸੀ ਕੋਈ ਮਿਸਾਲ ਨਹੀਂ ਮਿਲਦੀ ਜਿੱਥੇ ਸੱਚ ਦੇ ਖ਼ਾਤਰ, ਅਨਿਆਂ ਦੇ ਖ਼ਿਲਾਫ਼, ਜ਼ਾਲਮ ਸ਼ਾਸਕਾਂ ਦੇ ਪੈਰਾਂ ਹੇਠ ਤੜਪਦੀ ਲੋਕਾਈ ਨੂੰ ਰਾਹਤ ਦਿਵਾਉਣ ਲਈ ਕੋਈ ਐਸੀ ਲੜਾਈ ਲੜੀ ਗਈ ਹੋਵੇ। 7 ਦਸੰਬਰ 1705 ਨੂੰ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਦਿਨ ਦੇ ਖ਼ਤਮ ਹੋਣ ਸਮੇਂ ਅਖੀਰਲੇ ਜੱਥੇ ਦੀ ਅਗਵਾਈ ਕੀਤੀ। ਆਪ ਆਪਣੇ ਸਾਥੀਆਂ ਸਮੇਤ ਗੜ੍ਹੀ ਦੇ ਦਰਵਾਜ਼ੇ ਤੋਂ ਬਾਹਰ ਨਿਕਲੇ ਅਤੇ ਜੈਕਾਰਿਆਂ ਦੀ ਗੂੰਜ ਨਾਲ ਦੁਸ਼ਮਣਾਂ ਨੂੰ ਖੁਲ੍ਹ ਕੇ ਵੰਗਾਰਿਆ। ਸਾਰੇ ਪਾਸੇ “ਸਤਿ ਸ੍ਰੀ ਅਕਾਲ' ਦੀ ਗੂੰਜ ਖਿਲਰ ਗਈ। ਦੁਸ਼ਮਣਾਂ ਦੇ ਸਿਪਾਹੀ ਇਸ ਗੱਲੋਂ ਹੈਰਾਨ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੂਜੇ ਸਾਹਿਬਜ਼ਾਦੇ ਨੂੰ ਵੀ ਕੁਰਬਾਨੀ ਦੇਣ ਲਈ ਭੇਜ ਦਿੱਤਾ ਸੀ। ਭਾਰੀ ਗਿਣਤੀ ਵਿੱਚ ਦੁਸ਼ਮਣ ਉਨ੍ਹਾਂ ਵੱਲ ਤੇਜ਼ੀ ਨਾਲ ਵੱਧੇ। ਸਾਹਿਬਜ਼ਾਦਾ ਤੇ ਉਨ੍ਹਾਂ ਦੇ ਸਾਥੀਆਂ ਨੇ ਬੜੀ ਦਲੇਰੀ ਨਾਲ, ਆਪਣੀ ਸਾਰੀ ਤਾਕਤ ਲਗਾ ਕੇ, ਉਨ੍ਹਾਂ ਸਾਰਿਆਂ ਦਾ ਸਾਹਮਣਾ ਕੀਤਾ। ਸੂਰਜ ਛਿਪਣ ਵੇਲੇ, ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਉਸੇ ਥਾਂ ਦੇ ਨੇੜੇ ਸ਼ਹੀਦੀ ਪਾ ਲਈ ਜਿਥੇ ਪਹਿਲਾਂ ਉਨ੍ਹਾਂ ਦੇ ਵੱਡੇ ਭਰਾ ਨੇ ਪਾਈ ਸੀ | ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋਵੇਂ ਸਾਹਿਬਜ਼ਾਦਿਆਂ ਵੱਲੋਂ ਵਿਖਾਏ ਬਹਾਦਰੀ ਦੇ ਕੌਤਕਾਂ ਤੇ ਉਨ੍ਹਾਂ ਵੱਲੋਂ ਦੁਸ਼ਮਣਾਂ ਦੇ ਖੇਮੇ ਵਿੱਚ ਪਾਈਆਂ ਭਾਂਜੜਾਂ ਨੂੰ ਗੜ੍ਹੀ ਦੇ ਉਤੋਂ ਬੜੇ ਧਿਆਨ ਨਾਲ ਵਾਚ ਰਹੇ ਸਨ। ਉਨ੍ਹਾਂ ਦੀ ਅਦੁੱਤੀ ਸ਼ਹਾਦਤਾਂ ਨੂੰ ਵੇਖ ਕੇ, ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਅੱਗੇ ਸ਼ੁਕਰਾਨੇ ਵਜੋਂ ਸੀਸ ਨਿਵਾ ਦਿੱਤਾ।