ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ
ਗੁਰੂ ਸਾਹਿਬ ਦੇ ਇੱਕ ਸ਼ਰਧਾਲੂ, ਭਾਈ ਮੋਤੀ ਮਹਿਰਾ ਨੂੰ ਜਦੋਂ ਪਤਾ ਲੱਗਾ ਕਿ ਦੋਵੇਂ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੀ ਦਾਦੀ ਨਾਲ ਠੰਡੇ ਬੁਰਜ ਵਿੱਚ ਭੁਖਿਆਂ ਰਖਿਆ ਗਿਆ ਹੈ, ਤਾਂ ਉਸਨੇ ਸ਼ਾਹੀ ਰੋਸ ਦੀ ਪਰਵਾਹ ਨਹੀਂ ਕੀਤੀ ਅਤੇ ਇੱਕ ਵੱਡਾ ਖ਼ਤਰਾ ਮੁੱਲ ਲੈ ਲਿਆ। ਉਸਨੇ ਠੰਡੇ ਬੁਰਜ 'ਤੇ ਆਪਣੀ ਪੌੜੀ ਲਾਈ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾ ਕੇ ਹੀ ਉਹ ਵਾਪਸ ਪਰਤਿਆ। 9 ਦਸੰਬਰ 1705 ਨੂੰ ਦੋਵੇਂ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਫ਼ੌਜਦਾਰ, ਨਵਾਬ ਵਜ਼ੀਰ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹ ਆਪਣੇ ਇੱਕ ਸਾਥੀ, ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨਾਲ ਅਜੇ ਚਮਕੌਰ ਤੋਂ ਮੁੜਿਆ ਹੀ ਸੀ। ਵਜ਼ੀਰ ਖ਼ਾਨ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਅਮੀਰੀ ਤੇ ਰੁਤਬਿਆਂ ਦੇ ਕਈ ਵੱਡੇ ਲਾਲਚ ਦਿੱਤੇ, ਪਰ ਸਾਹਿਬਜ਼ਾਦਿਆਂ ਨੇ ਸਭ ਨੂੰ ਠੁਕਰਾ ਦਿੱਤਾ। ਉਸਨੇ ਫਿਰ ਉਨ੍ਹਾਂ ਨੂੰ ਮੌਤ ਦੀ ਧਮਕੀ ਦਿੱਤੀ, ਪਰ ਉਹ ਦੋਵੇਂ ਫਿਰ ਵੀ ਅਡੋਲ ਬਣੇ ਰਹੇ। ਅਖੀਰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਸ਼ੇਰ ਮੁਹੰਮਦ ਖ਼ਾਨ ਨੇ ਇਸ 'ਤੇ ਭਾਰੀ ਵਿਰੋਧ ਕੀਤਾ ਕਿ ਦੋ ਮਾਸੂਮ ਬੱਚਿਆਂ ਨੂੰ ਐਨੀ ਬੇਰਹਿਮੀ ਨਾਲ ਨਹੀਂ ਮਾਰਿਆ ਜਾ ਸਕਦਾ ਅਤੇ ਉਸਨੇ ਵਜ਼ੀਰ ਖ਼ਾਨ ਨੂੰ ਇਹੋ ਜਿਹੇ ਅਣ-ਮਨੁੱਖੀ ਕਾਰੇ ਨੂੰ ਅੰਜ਼ਾਮ ਦੇਣ ਤੋਂ ਰੋਕਿਆ। ਪਰ ਵਜ਼ੀਰ ਖ਼ਾਨ ਦੇ ਇੱਕ ਮੰਤਰੀ ਸੁੱਚਾ ਨੰਦ ਨੇ ਆਪਣੀ ਵਫ਼ਾਦਾਰੀ ਦਿਖਾਉਣ ਅਤੇ ਆਪਣੇ ਮਾਲਕ ਦੀ ਖ਼ੁਸ਼ੀ ਪਾਉਣ ਲਈ ਬਹੁਤ ਹੀ ਈਰਖਾਲੂ ਸੋਚ ਦਾ ਪ੍ਰਗਟਾਵਾ ਕਰ ਦਿੱਤਾ। ਉਸਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਫ਼ੌਰੀ ਤੌਰ 'ਤੇ ਮਾਰ ਦਿੱਤੇ ਜਾਣ ਦੀ ਪੈਰਵੀ ਕਰਦਿਆਂ ਕਿਹਾ, “ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ। ਇਨ੍ਹਾਂ ਦਾ ਫੁੱਟਣ ਤੋਂ ਪਹਿਲਾਂ ਹੀ ਨਾਸ ਕਰ ਦੇਣਾ ਚਾਹੀਦਾ ਹੈ।” ਲੇਕਿਨ ਸ਼ੇਰ ਮੁਹੰਮਦ ਖ਼ਾਨ ਦੇ ਮਾਸੂਮ ਬੱਚਿਆਂ ਦੀ ਜਾਨ ਨੂੰ ਬਖ਼ਸ਼ੇ ਜਾਣ ਸਬੰਧੀ ਦਿੱਤੇ ਗਏ ‘ਹਾਅ ਦੇ ਨਾਅਰੇ' ਕਰਕੇ ਦੋਵੇਂ ਸਾਹਿਬਜ਼ਾਦਿਆਂ ਨੂੰ ਧਰਮ ਤਬਦੀਲੀ ਬਾਰੇ ਸੋਚਣ ਲਈ ਹੋਰ ਸਮਾਂ ਦੇ ਦਿੱਤਾ ਗਿਆ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਉਨ੍ਹਾਂ ਦੇ ਛੋਟੇ ਭਰਾ, ਬਾਬਾ ਫਤਿਹ ਸਿੰਘ ਨੇ ਦੋ ਹੋਰ ਠੰਡੀਆਂ ਰਾਤਾਂ ਉਸ ਠੰਡੇ ਬੁਰਜ ਵਿੱਚ ਆਪਣੀ ਦਾਦੀ ਦੀ ਨਿੱਘੀ ਗੋਦ ਵਿੱਚ ਬਿਤਾਈਆਂ। ਅਗਲੇ ਦਿਨ, ਸ਼ਾਹੀ ਦਰਬਾਰ ਵਿੱਚ ਜਾਣ ਤੋਂ ਪਹਿਲਾਂ, ਮਾਤਾ ਗੁਜਰੀ ਜੀ ਨੇ ਆਪਣੇ ਦੋਵੇਂ ਸਾਹਿਬਜ਼ਾਦਿਆਂ ਨੂੰ ਗਲਵਕੜੀ ਵਿੱਚ ਲੈ ਲਿਆ, ਅਸੀਸਾਂ ਦਿੱਤੀਆਂ ਅਤੇ ਉਨ੍ਹਾਂ ਦੋਵਾਂ ਨੂੰ ਗੁਰੂ ਸਾਹਿਬਾਨ ਦੇ ਦਿੱਤੇ ਪਵਿੱਤਰ ਅਸੂਲਾਂ ਉੱਤੇ ਚਲਣ ਲਈ ਪ੍ਰੇਰਿਤ ਕੀਤਾ। ਦੋਵਾਂ ਸਾਹਿਬਜ਼ਾਦਿਆਂ ਐਸਾ ਹੀ ਕਰਨ ਦਾ ਵਚਨ ਦਿੱਤਾ ਅਤੇ ਖ਼ੁਸ਼ੀ-ਖ਼ੁਸ਼ੀ ਆਪਣੀ ਦਾਦੀ ਜੀ ਕੋਲੋਂ ਵਿਦਾ ਲਈ। ਉਨ੍ਹਾਂ ਦੋਵਾਂ ਨੂੰ ਨਵਾਬ ਦੇ ਸਾਹਮਣੇ ਫਿਰ ਤੋਂ ਪੇਸ਼ ਕੀਤਾ ਗਿਆ।