ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ
ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਦਾ ਜਨਮ 17 ਨਵੰਬਰ 1696 ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਅਨੰਦਪੁਰ ਸਾਹਿਬ ਵਿਖੇ ਹੋਇਆ, ਅਤੇ ਆਪ ਉਸ ਸਮੇਂ ਸਿਰਫ਼ 9 ਵਰ੍ਹਿਆਂ ਦੇ ਸਨ ਜਦੋਂ 5-6 ਦਸੰਬਰ 1705 ਦੀ ਰਾਤ ਨੂੰ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਨਾ ਪਿਆ। 5 ਦਸੰਬਰ 1700 ਵਿੱਚ ਮਾਤਾ ਜੀਤੋ ਜੀ ਦੇ ਅਕਾਲ ਚਲਾਣੇ ਪਿੱਛੋਂ ਮਾਤਾ ਗੁਜਰੀ ਜੀ (ਗੁਰੂ ਤੇਗ਼ ਬਹਾਦਰ ਜੀ ਦੇ ਮਹਲ) ਨੇ ਆਪਣੇ ਪੋਤਰਿਆਂ ਜ਼ੋਰਾਵਰ ਸਿੰਘ ਤੇ ਉਸਦੇ ਛੋਟੇ ਭਰਾ ਫਤਿਹ ਸਿੰਘ (ਜਨਮ 25 ਫਰਵਰੀ 1699) ਦੀ ਚੰਗੀ ਤਰ੍ਹਾਂ ਪਾਲਣਾ ਕੀਤੀ। ਇਹ ਦੋਵੇਂ ਸਾਹਿਬਜ਼ਾਦੇ ਉਸ ਸਮੇਂ ਮਾਤਾ ਗੁਜਰੀ ਜੀ ਦੇ ਨਾਲ ਹੀ ਸਨ, ਜਦੋਂ ਸਰਸਾ ਨਦੀ ਨੂੰ ਪਾਰ ਕਰਦਿਆਂ ਉਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੋੜਾ ਹੋ ਗਿਆ। ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਮਾਤਾ ਗੁਜਰੀ ਜੀ ਸੰਘਣੇ ਜੰਗਲਾਂ ਅਤੇ ਔਖੇ ਧਰਾਤਲਾਂ ਵਿੱਚੋਂ ਲੰਘਦੇ ਗਏ। ਉਨ੍ਹਾਂ ਨੂੰ ਰਾਹ ਵਿੱਚ ਕਈ ਜੰਗਲੀ ਜਾਨਵਰ ਵੀ ਮਿਲੇ ਪਰ ਫਿਰ ਵੀ ਦੋਵੇਂ ਸਾਹਿਬਜ਼ਾਦੇ ਬੇਖ਼ੌਫ਼ ਦਾਦੀ ਦੀ ਸੰਗਤ ਵਿੱਚ, ਗੁਰਬਾਣੀ ਦਾ ਪਾਠ ਕਰਦਿਆਂ, ਉਨ੍ਹਾਂ ਨੂੰ ਪਾਰ ਕਰ ਗਏ। ਰਾਹ ਵਿੱਚ ਦਾਦੀ ਜੀ ਉਨ੍ਹਾਂ ਦੋਵਾਂ ਨੂੰ ਸਿੱਖ ਇਤਿਹਾਸ ਵਿੱਚੋਂ ਚੋਣਵੀਆਂ ਘਟਨਾਵਾਂ ਸੁਣਾਉਂਦੇ ਗਏ ਜਿਸ ਕਰਕੇ ਰਾਹ ਸੁਖਾਲਾ ਹੋ ਗਿਆ। ਉਨ੍ਹਾਂ ਦਾ ਰਸੋਈਆ ਗੰਗੂ, ਜੋ ਕਿ ਹੜ੍ਹ ਆਈ ਨਦੀ ਪਾਰ ਕਰਨ ਵਿੱਚ ਸਫਲ ਹੋ ਗਿਆ ਸੀ, ਉਨ੍ਹਾਂ ਨੂੰ ਮੋਰਿੰਡਾ ਦੇ ਨੇੜੇ ਆਪਣੇ ਪਿੰਡ ਖੇੜੀ (ਹੁਣ ਸਹੇੜੀ, ਜ਼ਿਲਾ ਰੋਪੜ) ਵਿੱਚ ਲੈ ਗਿਆ। ਉਨ੍ਹਾਂ ਦੇ ਘੋੜਿਆਂ ਨੂੰ ਕਿੱਲੀ ਨਾਲ ਬੰਨ੍ਹਦਿਆਂ ਉਸਨੇ ਮਾਤਾ ਜੀ ਕੋਲ ਇੱਕ ਗਠੜੀ ਵਿੱਚ ਕੁਝ ਨਕਦੀ ਪਈ ਵੇਖ ਲਈ। ਇਸਨੂੰ ਵੇਖਦੇ ਹੀ ਉਸਦੇ ਮਨ ਵਿੱਚ ਲਾਲਚ ਆ ਗਿਆ। ਉਸਨੇ ਨਾ ਕੇਵਲ ਰਾਤ ਨੂੰ ਉਹ ਗਠੜੀ ਚੋਰੀ ਕਰ ਲਈ, ਬਲਕਿ ਆਪਣੇ ਜੁਰਮ ਨੂੰ ਛਿਪਾਉਣ ਲਈ ਅਤੇ ਸਰਕਾਰ ਤੋਂ ਇਨਾਮ ਦੀ ਆਸ ਵਜੋਂ ਉਨ੍ਹਾਂ ਨਾਲ ਧਰੋਹ ਕਰਨ ਬਾਰੇ ਵੀ ਸੋਚਣ ਲੱਗ ਪਿਆ। - ਉਸਨੇ ਇਹ ਸੁਣਿਆ ਹੋਇਆ ਸੀ ਕਿ ਸਰਹਿੰਦ ਦੇ ਨਵਾਬ ਨੇ ਗੁਰੂ ਜੀ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਗ੍ਰਿਫ਼ਤਾਰੀ ਕਰਾਉਣ ਵਾਲਿਆਂ ਲਈ ਇਨਾਮ ਦੀ ਰਕਮ ਦਾ ਐਲਾਨ ਕੀਤਾ ਹੋਇਆ ਹੈ। ਇਸ ਸਭ ਕਰਕੇ ਉਸਦੇ ਮਨ ਵਿੱਚ ਇੱਕ ਵਿਵਾਦ ਜਿਹਾ ਚਲ ਰਿਹਾ ਸੀ - ਆਪਣੇ ਘਰ ਵਿੱਚ ਗੁਰੂ ਜੀ ਦੇ ਪਰਿਵਾਰਿਕ ਮੈਂਬਰਾਂ ਨੂੰ ਸ਼ਰਨ ਦੇਣ ਬਾਰੇ ਪਤਾ ਲੱਗਣ 'ਤੇ ਫੜੇ ਜਾਣ ਦਾ ਡਰ ਅਤੇ ਦੂਜੇ ਪਾਸੇ ਇਨਾਮ ਦਾ ਲਾਲਚ। ਅਖੀਰ ਉਹ ਲਾਲਚ ਦੀ ਗ੍ਰਿਫ਼ਤ ਵਿੱਚ ਆ ਗਿਆ ਅਤੇ ਮੋਰਿੰਡਾ ਦੇ ਰੰਘੜ ਅਫ਼ਸਰਾਂ ਨੂੰ ਉਹ ਆਪਣੇ ਘਰ ਲੈ ਆਇਆ। 7 ਦਸੰਬਰ 1705 ਦੀ ਸਵੇਰ ਨੂੰ, ਚਮਕੌਰ ਦੀ ਗੜ੍ਹੀ ਵਿੱਚ ਲੜਾਈ ਵਾਲੇ ਦਿਨ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਬਾਬਾ ਫਤਿਹ ਸਿੰਘ ਤੇ ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ਨਾਲ ਮੋਰਿੰਡਾ ਦੇ ਅਫ਼ਸਰਾਂ - ਜਾਨੀ ਖ਼ਾਨ ਤੇ ਮਾਨੀ ਖ਼ਾਨ ਰੰਘੜ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਰਾਤ ਨੂੰ ਉਨ੍ਹਾਂ ਨੂੰ ਉਥੇ ਹੀ ਕੋਤਵਾਲੀ ਵਿੱਚ ਰਖਿਆ ਗਿਆ। ਦੋਵੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੀ ਪਿਆਰੀ ਤੇ ਮਮਤਾਮਈ ਦਾਦੀ ਜੀ ਨੇ ਸਿੱਖਾਂ ਦੀ ਬਹਾਦਰੀ ਦੇ ਕਿੱਸੇ ਸੁਣਾਏ, ਅਤੇ ਨਾਲ ਹੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਅਦੁੱਤੀ ਸ਼ਹੀਦੀਆਂ ਬਾਰੇ ਵਿਸਤਾਰ ਵਿੱਚ ਦੱਸਿਆ। ਅਗਲੇ ਦਿਨ ਉਨ੍ਹਾਂ ਨੂੰ ਸਰਹਿੰਦ ਭੇਜ ਦਿੱਤਾ ਗਿਆ। ਰਾਹ ਵਿੱਚ ਉਨ੍ਹਾਂ ਨੂੰ ਵੇਖਣ ਲਈ ਭੀੜ ਜਮ੍ਹਾ ਹੋ ਗਈ ਕਿਉਂਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਦੂਰ-ਦੂਰ ਤਕ ਫੈਲ ਚੁੱਕੀ ਸੀ। ਸਾਰੇ ਲੋਕ ਹੈਰਾਨ ਸਨ ਕਿ ਭੋਲੇ-ਭਾਲੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੀ ਪੂਜਨੀਕ ਦਾਦੀ ਨਾਲ ਕਿਉਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਹਿਬਜ਼ਾਦਿਆਂ ਦੇ ਚਿਹਰਿਆਂ 'ਤੇ ਬੇਬਾਕੀ ਤੇ ਨਿਰਭੈਅਤਾ ਦੇ ਭਾਵਾਂ ਨੂੰ ਵੇਖ ਕੇ ਸਾਰਿਆਂ ਦੇ ਮੂੰਹੋਂ ਆਪ- ਮੁਹਾਰੇ ਹੀ ਨਿਕਲ ਜਾਂਦਾ, “ਬਹਾਦਰ ਪਿਤਾ ਦੇ ਬਹਾਦਰ ਬੱਚੇ' ਸਰਹਿੰਦ ਪਹੁੰਚਣ 'ਤੇ, ਉਨ੍ਹਾਂ ਨੂੰ ਕਿਲ੍ਹੇ ਦੇ ਇੱਕ ਠੰਡੇ ਬੁਰਜ ਵਿੱਚ ਰਖਿਆ ਿਗਆ ।