ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ
ਉਨ੍ਹਾਂ ਦੋਵਾਂ ਨੇ ਆਪਣੀ ਦਾਦੀ ਨੂੰ ਸ਼ਾਹੀ ਦਰਬਾਰ ਵਿੱਚ ਹੋਈਆਂ ਕਾਰਵਾਈਆਂ ਬਾਰੇ ਦੱਸਿਆ। ਦਾਦੀ ਨੇ ਆਪਣੇ ਪੋਤਰਿਆਂ ਨੂੰ ਗਲ ਨਾਲ ਲਾਇਆ ਅਤੇ ਉਨ੍ਹਾਂ ਵੱਲੋਂ ਚੁੱਕੇ ਬਹਾਦਰੀ ਭਰੇ ਕਦਮ ਲਈ ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ। ਨਾਲ ਹੀ ਉਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ, “ਤੁਸੀਂ ਦੋਵਾਂ ਨੇ ਆਪਣੇ ਸਤਿਕਾਰਤ ਦਾਦਾ ਜੀ ਅਤੇ ਬਹਾਦਰ ਪਿਤਾ ਦੀ ਆਨ-ਸ਼ਾਨ ਨੂੰ ਵਾਕਈ ਹੀ ਬਰਕਰਾਰ ਰਖਿਆ ਹੈ। ਵਾਹਿਗੁਰੂ ਤੁਹਾਡੇ ਅੰਗ-ਸੰਗ ਰਹੇ।” ਅਗਲੇ ਦਿਨ ਮੁੜ ਦੋਵਾਂ ਸਾਹਿਬਜ਼ਾਦਿਆਂ ਨੂੰ ਨਵਾਬ ਦੇ ਦਰਬਾਰ ਵਿੱਚ ਲਿਜਾਇਆ ਗਿਆ। ਨਵਾਬ ਨੇ ਉਨ੍ਹਾਂ ਦੋਵਾਂ ਨੂੰ ਇੱਕ ਵਾਰ ਫਿਰ ਇਸਲਾਮ ਕਬੂਲ ਕਰਨ ਲਈ ਕਿਹਾ। ਦੋਵਾਂ ਸਾਹਿਬਜ਼ਾਦਿਆਂ ਨੇ ਨਿਧੱੜਕ ਹੋ ਕੇ ਆਖਿਆ, “ਅਸੀਂ ਕਦੇ ਵੀ ਆਪਣੇ ਧਰਮ ਨੂੰ ਤਿਲਾਂਜਲੀ ਨਹੀਂ ਦੇਵਾਂਗੇ। ਸਾਡੇ ਲਈ ਮੌਤ ਦਾ ਕੋਈ ਅਰਥ ਨਹੀਂ।” ਉਨ੍ਹਾਂ ਦਾ ਇਹ ਜਵਾਬ ਸੁਣ ਕੇ ਨਵਾਬ ਬਹੁਤ ਹੀ ਹੈਰਾਨ ਹੋਇਆ। ਧਰਮ ਤਬਦੀਲ ਕਰਨ ਲਈ ਮੁੜ ਮਨਾ ਕਰਨ 'ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਉਸ ਥਾਂ 'ਤੇ ਲਿਜਾਇਆ ਗਿਆ ਜਿੱਥੇ ਇੱਕ ਦੀਵਾਰ ਚਿਣਵਾਈ ਜਾ ਰਹੀ ਸੀ। ਉਨ੍ਹਾਂ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਖੜ੍ਹਾ ਕਰ ਦਿੱਤਾ ਗਿਆ। ਉਥੇ ਮੌਜੂਦ ਕਾਜ਼ੀ ਨੇ ਉਨ੍ਹਾਂ 'ਤੇ ਮੁੜ ਜ਼ੋਰ ਪਾਇਆ ਕਿ ਉਹ ਇਸਲਾਮ ਧਰਮ ਨੂੰ ਕਬੂਲ ਕਰ ਲੈਣ ਅਤੇ ਆਪਣੀ ਜ਼ਿੰਦਗੀ ਨੂੰ ਐਨੀ ਛੇਤੀ ਖ਼ਤਮ ਨਾ ਕਰਨ। ਇਥੋਂ ਤਕ ਕਿ ਜੱਲਾਦਾਂ ਨੇ ਵੀ ਉਨ੍ਹਾਂ ਨੂੰ ਕਾਜ਼ੀ ਦੀ ਗੱਲ ਮੰਨ ਲੈਣ ਲਈ ਕਿਹਾ ਪਰ ਦੋਵੇਂ ਸਾਹਿਬਜ਼ਾਦੇ ਆਪਣੇ ਫ਼ੈਸਲੇ 'ਤੇ ਦ੍ਰਿੜ੍ਹ ਬਣੇ ਰਹੇ। ਦੋਵਾਂ ਨੇ ਬੜੇ ਸਹਿਜ ਭਾਵ ਨਾਲ ਜਵਾਬ ਦਿੱਤਾ, “ਅਸੀਂ ਆਪਣਾ ਧਰਮ ਨਹੀਂ ਛੱਡਾਂਗੇ। ਮੌਤ ਸਾਨੂੰ ਡਰਾ ਨਹੀਂ ਸਕਦੀ।” ਇਸ ਤੋਂ ਬਾਅਦ ਦੋਵਾਂ ਨੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੀਵਾਰ ਵਿੱਚ ਇੱਟਾਂ ਲੱਗਣੀਆਂ ਸ਼ੁਰੂ ਹੋ ਗਈਆਂ। ਕਿਹਾ ਜਾਂਦਾ ਹੈ ਕਿ ਜਿਵੇਂ ਹੀ ਦੀਵਾਰ ਉਨ੍ਹਾਂ ਦੇ ਮੂੰਹ ਤਕ ਪਹੁੰਚੀ, ਉਹ ਢਹਿ ਗਈ। ਇੰਝ ਵਾਪਰਿਆ ਕਿ ਉਸਾਰੀ ਕੀਤੀ ਜਾ ਰਹੀ ਦੀਵਾਰ ਅਚਾਨਕ ਢਹਿ ਗਈ ਅਤੇ ਨਾਲ ਹੀ ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਗਏ। ਉਨ੍ਹਾਂ ਦੇ ਮੁੜ ਹੋਸ਼ ਉੱਤੇ ਆਉਣ 'ਤੇ, ਇੱਕ ਵਾਰ ਫਿਰ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ। ਇਸ ਲਈ ਇਨਕਾਰ ਕਰਨ ਉੱਤੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਬਿਰਧ ਮਾਤਾ ਗੁਜਰੀ ਜੀ, ਜਿਨ੍ਹਾਂ ਨੂੰ ਪੂਰਾ ਸਮਾਂ ਉਥੇ ਬੁਰਜ ਵਿੱਚ ਹੀ ਰਖਿਆ ਗਿਆ ਸੀ, ਇਹ ਖ਼ਬਰ ਮਿਲਦੇ ਹੀ ਅਕਾਲ ਚਲਾਣਾ ਕਰ ਗਏ। ਆਪਣੇ ਬਹਾਦਰ ਪੋਤਰਿਆਂ ਦੇ ਨਾਲ-ਨਾਲ ਦਾਦੀ ਨੇ ਵੀ ਅਦੁੱਤੀ ਸ਼ਹਾਦਤ ਦੇ ਦਿੱਤੀ। ਇਸ ਖ਼ਬਰ ਨਾਲ ਪੂਰੇ ਸ਼ਹਿਰ ਵਿੱਚ ਇੱਕ ਸਨਸਨੀ ਜਿਹੀ ਫੈਲ ਗਈ। ਸਾਰੇ ਹੀ ਇਸ ਘਿਨੌਣੇ ਕਾਰੇ ਕਰਕੇ ਹੈਰਾਨ ਸਨ। ਸਾਰੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ ਹਿੰਮਤ ਤੇ ਦ੍ਰਿੜਤਾ ਦੀ ਭਰਪੂਰ ਪ੍ਰਸ਼ੰਸਾ ਕਰ ਰਹੇ ਸਨ। ਸਰਹਿੰਦ ਦੇ ਇੱਕ ਅਮੀਰ ਵਪਾਰੀ, ਸੇਠ ਟੋਡਰ ਮੱਲ ਨੇ ਅਗਲੇ ਦਿਨ ਤਿੰਨਾਂ ਸਰੀਰਾਂ ਦਾ ਅੰਤਿਮ ਸਸਕਾਰ ਕੀਤਾ। ਇਸ ਲਈ ਨਵਾਬ ਇਸ ਸ਼ਰਤ ਉੱਤੇ ਰਾਜ਼ੀ ਹੋਇਆ ਕਿ ਉਹ ਉਸ ਥਾਂ ਲਈ ਅਦਾਇਗੀ ਕਰੇ ਜਿਥੇ ਸਸਕਾਰ ਕੀਤਾ ਜਾਣਾ ਹੈ। ਇਹ ਸ਼ਰਤ ਰਖੀ ਗਈ ਕਿ ਜਿੰਨੀ ਥਾਂ ਸਸਕਾਰ ਲਈ ਲੋੜੀਂਦੀ ਹੈ, ਉਤਨੀ ਥਾਂ ਨੂੰ ਸੋਨੇ ਦੀਆਂ ਮੋਹਰਾਂ ਨਾਲ ਢੱਕ ਦਿੱਤਾ ਜਾਵੇ। ਸੇਠ ਟੋਡਰ ਮੱਲ ਨੇ ਢੁਕਵੀਂ ਥਾਂ ਦੀ ਚੋਣ ਕੀਤੀ ਅਤੇ ਉਸ ਉੱਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹ ਥਾਂ ਪ੍ਰਾਪਤ ਕਰ ਲਈ। ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਹੋਏ ਦੋਵੇਂ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਉਨ੍ਹਾਂ ਦੀ ਦਾਦੀ ਮਾਂ ਦੇ ਨਾਲ ਪੂਰੇ ਸਤਿਕਾਰ ਨਾਲ ਕਰ ਦਿੱਤਾ ਗਿਆ। ਦੁਨੀਆ ਦੇ ਇਤਿਹਾਸ ਵਿੱਚ ਐਸੀ ਕੋਈ ਮਿਸਾਲ ਨਹੀ ਮਿਲਦੀ ਜਿਸ ਵਿੱਚ ਐਨੇ ਛੋਟੇ ਬੱਚਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹੋਣ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਉਸ ਸਮੇਂ ਸਿਰਫ਼ 8 ਵਰ੍ਹਿਆਂ ਦੇ ਸਨ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਉਮਰ ਛੇ ਸਾਲਾਂ ਤੋਂ ਵੀ ਘੱਟ ਸੀ।