ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ
ਇਨ੍ਹਾਂ ਦੋਵਾਂ ਨੇ ਜ਼ਾਲਮ ਹਕੂਮਤ ਦੇ ਅਨਿਆਂ ਹੇਠਾਂ ਦੱਬਣ ਦੀ ਬਜਾਏ ਦੀਵਾਰਾਂ ਵਿੱਚ ਚਿਣਵਾਏ ਜਾਣਾ ਮਨਜ਼ੂਰ ਕੀਤਾ। ਇਹ ਦੋਵੇਂ ਹੀ ਆਪਣੇ ਧਰਮ ਉੱਤੇ ਦ੍ਰਿੜ੍ਹ ਤੇ ਅਡੋਲ ਬਣੇ ਰਹੇ। ਇਥੋਂ ਤਕ ਕਿ, ਜਦੋਂ ਇਨ੍ਹਾਂ ਦੋਵਾਂ ਨੂੰ ਫੁਸਲਾਇਆ ਤੇ ਵਰਗਲਾਇਆ ਜਾ ਰਿਹਾ ਸੀ, ਤੇ ਖ਼ਤਰਨਾਕ ਸਿੱਟਿਆਂ ਕਰਕੇ ਡਰਾਇਆ ਜਾ ਰਿਹਾ ਸੀ, ਉਸ ਵਕਤ ਦੋਵਾਂ ਨੇ ਬੜੀ ਦਲੇਰੀ ਨਾਲ ਜਵਾਬ ਦਿੱਤਾ, “ਤੁਹਾਨੂੰ ਸ਼ਾਇਦ ਸਾਡੇ ਅਮੀਰ ਵਿਰਸੇ ਬਾਰੇ ਅਜੇ ਪਤਾ ਨਹੀਂ ਹੈ। ਸਾਡੇ ਗੁਰੂ-ਘਰ ਵਿੱਚ, ਕਿਸੇ ਤਰ੍ਹਾਂ ਦੀ ਬਿਪਤਾ ਆਉਣ 'ਤੇ ਵੀ ਆਪਣੇ ਧਰਮ ਵਿੱਚ ਮਜ਼ਬੂਤ ਰਹਿਣ ਦੀ ਪਰੰਪਰਾ ਰਹੀ ਹੈ। ਇਹ ਘਟਨਾ ਸਰਹਿੰਦ ਸ਼ਹਿਰ ਦੇ ਨੇੜੇ, ਫ਼ਤਹਿਗੜ੍ਹ ਸਾਹਿਬ ਵਿਖੇ ਵਾਪਰੀ। ਇਸ ਅਸਥਾਨ 'ਤੇ ਇਸ ਸਮੇਂ ਚਾਰ ਗੁਰਧਾਮ ਸੁਸ਼ੋਭਿਤ ਹਨ। ਹਰ ਸਾਲ 25 ਤੋਂ 28 ਦਸੰਬਰ ਤਕ ਇਥੇ ਇਨ੍ਹਾਂ ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਜੋੜ-ਮੇਲੇ ਸਜਾਏ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਮਾਛੀਵਾੜੇ ਦੇ ਜੰਗਲਾਂ ਵਿੱਚ ਸਨ ਜਦੋਂ ਆਪ ਜੀ ਨੂੰ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲੀ। ਇਹ ਸੁਣਦਿਆਂ ਹੀ ਆਪ ਜੀ ਨੇ ਆਪਣੇ ਤੀਰ ਦੀ ਨੋਕ ਨਾਲ ਇੱਕ ਬੂਟਾ ਉਖਾੜਦਿਆਂ ਐਲਾਨ ਕਰ ਦਿੱਤਾ ਕਿ ਇਹ ਹੁਣ ਭਾਰਤ ਵਿੱਚ ਮੁਗ਼ਲ ਰਾਜ ਦੇ ਖ਼ਾਤਮੇ ਦਾ ਕਾਰਣ ਬਣੇਗਾ। ਅਤੇ ਆਪ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਲਿਖਿਆ : ਇਸ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ ਜਦੋਂ ਬਦਲਾ ਲੈਣ ਲਈ ਜੀਵਿਤ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਨਾਲ ਪੂਰੇ ਦੇਸ਼ ਵਿੱਚ ਇੱਕ ਰੋਸ ਦੀ ਲਹਿਰ ਫੈਲ ਗਈ। ਕਿਉਂਕਿ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਹੁਕਮਾਂ ਨਾਲ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਸੀ, ਇਸੇ ਕਾਰਣ ਕਰਕੇ ਸਰਹਿੰਦ ਉਸ ਸਮੇਂ ਸਿੱਖਾਂ ਦੀ ਅੱਖ ਦਾ ਰੋੜਾ ਬਣਿਆ ਰਿਹਾ। ਨਵੰਬਰ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਵਿੱਚ ਜੋਤੀ-ਜੋਤਿ ਸਮਾਉਣ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ (1670-1716 ਈ.) ਦੀ ਅਗਵਾਈ ਹੇਠ ਸਿੱਖਾਂ ਨੇ ਸਰਹਿੰਦ ਉੱਤੇ ਭਾਰੀ ਹਮਲਾ ਕਰ ਦਿੱਤਾ। 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਗਹਿਗੱਚ ਲੜਾਈ ਵਿੱਚ ਮੁਗ਼ਲ ਫ਼ੌਜ ਨੂੰ ਜੜ੍ਹੋਂ ਉਖਾੜ ਦਿੱਤਾ ਗਿਆ ਅਤੇ ਵਜ਼ੀਰ ਖ਼ਾਨ ਨੂੰ ਮਾਰ ਦਿੱਤਾ ਗਿਆ। ਸਿੱਖਾਂ ਨੇ 14 ਮਈ ਨੂੰ ਸਰਹਿੰਦ 'ਤੇ ਕਬਜ਼ਾ ਕਰ ਲਿਆ। ਆਪਣੇ ਚਾਰ ਸਾਹਿਬਜ਼ਾਦਿਆਂ ਦੀਆਂ ਇਨ੍ਹਾਂ ਸ਼ਹੀਦੀਆਂ ਦਾ ਜ਼ਿਕਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਆਖਿਆ ਇਨ ਪੁਤ੍ਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ | ਚਾਰ ਸਾਹਿਬਜ਼ਾਦਿਆਂ ਦੀਆਂ ਇਹਨਾਂ ਅਦੁੱਤੀ ਸ਼ਹਾਦਤਾਂ ਕਰਕੇ ਹੀ ਇਹਨਾਂ ਨੂੰ ਸਿੱਖਾਂ ਵੱਲੋਂ ਕੀਤੀ ਜਾਂਦੀ ਅਰਦਾਸ ਵਿਚ ਨਿਤਾ-ਪ੍ਰਤੀ ਯਾਦ ਕੀਤਾ ਜਾਂਦਾ ਹੈ।