History of the days after Guru Gobind Singh Ji left Anandpur Sahib – 28-12-25

ਸਰਸਾ ਨਦੀ ਤੇ ਵਿਛੋੜਾ ਪੈ ਗਿਆ

ਭਾਗ-2 ਏਧਰ ਕਲਗੀਧਰ ਪਾਤਸ਼ਾਹ ਜੀ ਸਰਸਾ ਨਦੀ ਪਾਰ ਕਰਕੇ ਪਿੰਡ ਘਨੌਲੇ ਵਿੱਚ ਦੀ ਹੁੰਦੇ ਹੋਏ ਪਿੰਡ ਫਿੱਡੇ ਤੇ ਲੋਦੀ ਮਾਜਰੇ ਦੇ ਰਸਤੇ ਰੋਪੜ ਜਾ ਪਹੁੰਚੇ। ਮੂਹਰੇ ਰੋਪੜੀਏ ਪਠਾਣ ਗੁਰੂ ਜੀ ਦੇ ਵੈਰੀ ਬਣ ਬੇਈਮਾਨੀ ਦੀ ਹੱਦ ਟੱਪ ਗਏ, ਕਦੇ ਇਹ ਪਠਾਣ ਗੁਰੂ ਜੀ ਕੋਲ ਅਨੰਦਪੁਰ ਸਾਹਿਬ ਨੌਕਰੀ ਕਰਦੇ ਸੀ। ਗੁਰੂ ਘਰ ਤੋਂ ਇਨਾਮ ਤੇ ਤਨਖਾਹਾਂ ਲੈਣ ਵਾਲੇ ਪਠਾਣ ਗੁਰੂ ਘਰ ਦੇ ਦੋਖੀ ਬਣ ਗਏ। ਅਗੇ ਆਈ ਰੋਪੜ ਤੁਰਕਾਰੀ, ਬਹੁਤ ਪਠਾਣ ਹੋਤ ਜਹਿ ਮਾਰੀ॥ ਤੇ ਹੁਤੇ ਨੌਕਰ ਥੇ ਸਤਿਗੁਰ ਘਣੇ, ਪਾਵਤ ਇਨਾਮ ਸੋਊ ਅਣਗਿਣੇ॥ ਘੋੜੇ ਜੋੜੇ ਉਨ ਦੇਤ ਇਨਾਮ, ਭਏ ਬੇਈਮਾਨ ਨ ਆਏ ਕਾਮ॥ ਸ੍ਰੀ ਪੰਥ ਪ੍ਰਕਾਸ਼ - ਭਾਈ ਰਤਨ ਸਿੰਘ ਭੰਗੂ - ਪੰਨਾ ੯੨ - ਰੋਪੜ ਦੇ ਪਠਾਣਾਂ ਨਾਲ ਚੰਗੀ ਝੜਪ ਹੋਈ। ਇਹਨਾਂ ਬੇਈਮਾਨਾਂ ਦੇ ਸਿੰਘਾਂ ਨੇ ਬਰੀ ਤਰ੍ਹਾਂ ਮੂੰਹ ਭੰਨੇ, ਬਹੁਤੇ ਪਠਾਣ ਮਾਰੇ ਗਏ, ਬਾਕੀ ਪਿੱਛੇ ਨੂੰ ਭੱਜ ਆਪਣੀ ਜਾਨ ਬਚਾ ਗਏ। ਪਾਤਸ਼ਾਹ ਜੀ ਪਿੰਡ ਕੋਟਲੇ ਪਹੁੰਚ ਗਏ, ਏਥੋਂ ਦੇ ਨਿਹੰਗ ਖਾਂ ਪਠਾਣ ਨੇ ਬਹੁਤ ਸਤਿਕਾਰ ਦਿੱਤਾ, ਆਪਣੀ ਹਵੇਲੀ ਦੇ ਬੂਹੇ ਬਹੁਤ ਪਿਆਰ ਸ਼ਰਧਾ ਨਾਲ ਖੋਲ੍ਹ ਦਿੱਤੇ। ਫੇਰ ਗੁਰੂ ਵਲ ਕੋਟਲੇ ਗਏ, ਉਨ ਦਰਵਾਜੇ ਖੋਲ ਦਿਖਏ॥ ਸ੍ਰੀ ਪੰਥ ਪ੍ਰਕਾਸ਼ ਨਿਹੰਗ ਖਾਂ ਪਠਾਣ ਗੁਰੂ ਘਰ ਦਾ ਬਹੁਤ ਸ਼ਰਧਾਲੂ ਸੀ। ਇਨ੍ਹਾਂ ਦੇ ਵੱਡੇ- ਵਡੇਰੇ ਵੀ ਗੁਰੂ ਘਰ 'ਤੇ ਸ਼ਰਧਾ ਰੱਖਦੇ ਸੀ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਅਤੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਜੀ ਨੇ ਇਨ੍ਹਾਂ ਦੇ ਵੱਡੇ ਪੁਰਖਿਆਂ ਦੇ ਗ੍ਰਹਿ ਚਰਨ ਪਾ ਨਿਹਾਲ ਕੀਤਾ ਸੀ। ਕਲਗੀਧਰ ਪਾਤਸ਼ਾਹ ਜੀ ਇਸ ਤੋਂ ਪਹਿਲਾਂ ਵੀ ਇਨ੍ਹਾਂ ਦੇ ਗ੍ਰਹਿ ਨੂੰ ਭਾਗ ਲਾ ਗਏ ਸਨ। ਪਹਿਲੀ ਵਾਰ ਭੰਗਾਣੀ ਦਾ ਜੰਗ ਜਿੱਤ ਪਾਉਂਟਾ ਸਾਹਿਬ ਤੋਂ ਵਾਪਿਸ ਆਉਂਦੇ, ਦੂਜੀ ਵਾਰ ਨਿਹੰਗ ਖਾਂ ਦੇ ਲੜਕੇ ਆਲਮ ਖਾਂ ਦੀ ਮੰਗਣੀ ਦੇ ਸੱਦੇ 'ਤੇ, ਤੀਜੀ ਵਾਰ ਕੁਰੂਕਸ਼ੇਤਰ ਦੀ ਵਾਪਸੀ ਸਮੇਂ, ਅੱਜ ਚੌਥੀ ਵਾਰ ਪਾਤਸ਼ਾਹ ਜੀ ਇਸ ਘਰ ਵਿੱਚ ਆਏ। ਨਿਹੰਗ ਖਾਂ ਨੇ ਅਨੰਦਪੁਰ ਸਾਹਿਬ ਛੱਡਣ ਦਾ ਸਾਰਾ ਹਾਲ ਪੁੱਛਿਆ। ਆਪਣੇ ਲੜਕੇ ਆਲਮ ਖਾਂ ਦੀ ਮੰਗਣੀ ਦਾ ਸੱਦਾ-ਪੱਤਰ ਦੇਣ ਆਪਣੀ ਬੇਗਮ ਜੈਨਾ ਤੇ ਲੜਕੀ ਮੁਮਤਾਜ ਨੂੰ ਨਾਲ ਲੈ ਇੱਕ ਰਾਤ ਅਨੰਦਪੁਰ ਸਾਹਿਬ ਨਿਹੰਗ ਖਾਂ ਪਠਾਣ ਰਹਿ ਆਇਆ ਸੀ। ਉੱਥੇ ਦੇ ਰੁਹਾਨੀਅਤ ਨਜ਼ਾਰਿਆਂ ਨੂੰ ਉਹ ਭਲੀ-ਭਾਂਤ ਜਾਣਦਾ ਸੀ। ਸਾਰੀ ਕਹਾਣੀ ਗੁਰੂ ਪਾਤਸ਼ਾਹ ਜੀ ਪਾਸੋਂ ਸੁਣ ਕੇ ਇਸਦਾ ਹਿਰਦਾ ਬਹੁਤ ਦੁਖੀ ਹੋਇਆ, ਪਰਿਵਾਰ ਦੇ ਵਿਛੋੜੇ ਦਾ ਸੁਣ ਤਾਂ ਇਸਦਾ ਮਨ ਝੂਠੀਆਂ ਕਸਮਾਂ ਖਾਣ ਵਾਲਿਆਂ ਮੁਗਲਾਂ ਤੇ ਪਹਾੜੀਆਂ ਨੂੰ ਲਾਹਣਤ ਪਾਉਣ ਲੱਗਾ। ਇਸਨੇ ਗੁਰੂ ਪਾਤਸ਼ਾਹ ਜੀ ਦਾ ਆਸਣ ਇੱਕ ਲੁਕਵੀਂ ਕੋਠੜੀ ਵਿੱਚ ਲੁਆ ਦਿੱਤਾ। ਆਪ ਸਾਰਾ ਪਰਿਵਾਰ ਸੇਵਾ ਵਿੱਚ ਡਟ ਗਿਆ, ਜਖਮੀ ਸਿੰਘਾਂ ਦੇ ਮਲਮ-ਪੱਟੀ ਕੀਤੀ। ਅੱਜ ਔਖੇ ਸਮੇਂ ਵੀ ਨਿਹੰਗ ਖਾਂ ਨੇ ਪ੍ਰੀਤ ਦੀਆਂ ਤੰਦਾਂ ਟੁੱਟਣ ਨਾ ਦਿੱਤੀਆਂ, ਅੱਗੇ ਨਾਲੋਂ ਵੀ ਵੱਧ ਕੇ ਤਨੋ-ਮਨੋ ਸੇਵਾ ਕੀਤੀ। ਧੰਨ ਏ, ਇਹ ਪਰਿਵਾਰ ਜੋ ਮੁਸੀਬਤ ਦੇ ਸਮੇਂ ਵੀ ਗੁਰੂ ਪਾਤਸ਼ਾਹ ਜੀ ਨਾਲ ਪ੍ਰੀਤ ਪਾ ਸੇਵਾ ਦੇ ਖਜਾਨੇ ਲੁੱਟ ਰਿਹਾ ਸੀ। ਗੁਰੂ ਪਾਤਸ਼ਾਹ ਜੀ ਪਲੰਘ 'ਤੇ ਬੈਠੇ ਅਜੇ ਇਸ ਹਵੇਲੀ ਵਿੱਚ ਹੀ ਸਨ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਗੰਭੀਰ ਜਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਲਿਆ ਹਾਜਰ ਹੋਇਆ ਜੋ ਪਿੰਡ ਮਲਕਪੁਰ ਰੰਘੜਾਂ ਵਿਖੇ ਦੁਸ਼ਮਣ ਦੀ ਝੜਪ ਵਿੱਚ ਸਖਤ ਜਖਮੀ ਹੋ ਗਿਆ ਸੀ। ਗੁਰੂ ਪਾਤਸ਼ਾਹ ਜੀ ਨੇ ਭਾਈ ਬਚਿੱਤਰ ਸਿੰਘ ਜੀ ਵੱਲ ਦੇਖ ਜਿੱਥੇ ਆਪ ਬੈਠੇ ਸੀ ਉਸ ਪਲੰਗ 'ਤੇ ਲਿਟਾ ਦਿੱਤਾ। ਇਸਦੇ ਡੂੰਘੇ ਜਖਮਾਂ ਤੇ ਪੱਟੀਆਂ ਬੰਨਾਈਆਂ। ਦਸਵੇਂ ਪਾਤਸ਼ਾਹ ਜੀ ਨੇ ਵੈਰੀ ਦਾ ਕੋਈ ਭਰੋਸਾ ਨਾ ਜਾਣ, ਇੱਥੋਂ ਜਾਣਾ ਚੰਗਾ ਸਮਝਿਆ। ਇਸ ਨਿਹੰਗ ਖਾਂ ਪਠਾਣ ਦੀ ਪ੍ਰੀਤ ਦੇਖ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਇਹਨਾਂ ਨੂੰ ਕਟਾਰ ਅਤੇ ਸੀ ਸਾਹਿਬ ਦੀ ਬਖਸ਼ਿਸ਼ ਕੀਤੀ ਤੇ ਸਭ ਤੋਂ ਵਿਦਾਇਗੀ ਲਈ। ਨਿਹੰਗ ਖਾਂ ਦਾ ਲੜਕਾ ਪਾਤਸ਼ਾਹ ਜੀ ਨੂੰ ਰਸਤਾ ਦੱਸਣ ਲਈ ਪਿੰਡ ਲਖਮੀਪੁਰ ਤੱਕ ਨਾਲ ਗਿਆ। ਕਲਗੀਧਰ ਜੀ ਪਿੰਡ ਬ੍ਰਾਹਮਣ ਮਾਜਰਾ ਪਹੁੰਚੇ, ਥੋੜੀ ਦੇਰ ਏਥੇ ਰੁਕ ਕੇ ਪਿੰਡ ਬੂਰ ਮਾਜਰੇ ਨੂੰ ਚਲੇ ਗਏ। ਚੌਪਈ - ਮਾਜਰ ਬੂਰ ਸੁਨਾ ਇਕ ਗ੍ਰਾਮ। ਠਾਢ ਭਏ ਤਿਤ ਪ੍ਰਭ ਗੁਣ ਧਾਮ। ਪਾਣੀ ਪੀਓ ਤਹਾਂ ਗੁਰਦੇਵਾ, ਤਨਕ ਭਨਕ ਪਾਇਓ ਕਛ ਭੇਵਾ। ਗੁਰਬਿਲਾਸ ਪਾਤਸ਼ਾਹੀ ਦਸਵੀਂ - ਭਾਈ ਸੁੱਖਾ ਸਿੰਘ - ਪੰਨਾ ੩੧੨ (ਭਾਸ਼ਾ ਵਿਭਾਗ) ਬੂਰ ਮਾਜਰੇ ਇੱਕ ਖੂਹ ਤੋਂ ਸਤਿਗੁਰੂ ਜੀ ਨੇ ਜਲ ਛਕਿਆ, ਮੂੰਹ-ਹੱਥ ਧੋਤਾ, ਆਲੇ- ਦੁਆਲੇ ਤੋਂ ਵੈਰੀ ਦੀ ਭਿਣਕ ਲਈ। ਸਿੰਘਾਂ ਨੇ ਵੀ ਜਲ-ਪਾਣੀ ਛਕਿਆ, ਮੂੰਹ-ਹੱਥ ਧੋ ਸੁਚੇਤ ਹੋਏ। ਕਿਸੇ ਪ੍ਰੇਮੀ ਨੇ ਗੁਰੂ ਜੀ ਨੂੰ ਆਣ ਨਮਸਕਾਰ ਕੀਤੀ ਤੇ ਦੱਸਿਆ ਕਿ ਪਾਤਸ਼ਾਹ ਜੀ ਜਿਹੜੀ ਫੌਜ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਪਾਸੋਂ ਮੰਗਵਾਈ ਸੀ ਉਹ ਨੇੜੇ ਦੇ ਪਿੰਡਾਂ ਵਿੱਚ ਪਹੁੰਚ ਚੁੱਕੀ ਹੈ, ਛੇਤੀ ਹੀ ਏਧਰ ਨੂੰ ਆ ਰਹੀ ਹੈ, ਉਸਦੀ ਗਿਣਤੀ ਦਸ ਲੱਖ ਹੈ। ਦੱਸਣ ਵਾਲਾ ਘੋੜ-ਸਵਾਰ ਸਰਕਾਰੀ ਸਿਪਾਹੀ ਗੁਰੂ ਦਸ਼ਮੇਸ਼ ਜੀ ਦਾ ਸ਼ਰਧਾਲੂ ਸੀ। ਪਾਤਸ਼ਾਹ ਜੀ ਵੈਰੀ ਦੀ ਸਾਰੀ ਸੂਹ ਲੈ ਏਥੋਂ ਪਿੰਡ ਦੁੱਘਰੀ ਵਿੱਚ ਦੀ ਪਿੰਡ ਤਾਲਾਪੁਰ ਦੀ ਉੱਚੀ ਟਿੱਬੀ ਤੋਂ ਲੰਘਦੇ ਹੋਏ ਚਮਕੌਰ ਦੇ ਬਾਗ ਵਿੱਚ ਜਾ ਵਿਰਾਜੇ। ਅਗਲਾ ਭਾਗ………

You may also like these