ਸਿਦਕ ਦੀ ਮੂਰਤ ਬੀਬੀ ਮੁਮਤਾਜ ਜੀ
ਕਿਸੇ ਚੁਗਲ ਨੇ ਰੋਪੜ ਦੇ ਕੋਤਵਾਲ ਜਾਫਰ ਅਲੀ ਖਾਨ ਪਾਸ ਜਾ ਚੁਗਲੀ ਕੀਤੀ ਕਿ ਨਿਹੰਗ ਖਾਂ ਪਠਾਣ ਦੀ ਹਵੇਲੀ (ਕਿਲ੍ਹੇ) ਵਿੱਚ ਸਿੰਘ ਆਏ ਹੋਏ ਨੇ। ਕੋਤਵਾਲ ਨੇ ਹਵੇਲੀ ਨੂੰ ਘੇਰਾ ਪਾ ਸਭ ਤਲਾਸ਼ੀ ਲੈ ਆਪਣੀ ਤਸੱਲੀ ਕੀਤੀ, ਉਸਨੂੰ ਕੋਈ ਵੀ ਸਿੰਘ ਨਾ ਮਿਲਿਆ। ਅਖੀਰ ਇੱਕ ਕੋਠੜੀ ਜੋ ਅੰਦਰੋਂ ਬੰਦ ਸੀ ਉਸਦੀ ਤਲਾਸ਼ੀ ਲੈਣ ਲਈ ਕੋਤਵਾਲ ਨੇ ਨਿਹੰਗ ਖਾਂ ਨੂੰ ਉਸਦਾ ਕੁੰਡਾ ਖੋਲ੍ਹਣ ਲਈ ਕਿਹਾ। ਨਿਹੰਗ ਖਾਂ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਲੜਕੀ ਤੇ ਮੇਰਾ ਦਾਮਾਦ ਸੁੱਤੇ ਪਏ ਨੇ ਜੇ ਚਾਹੋ ਤਾਂ ਮੈਂ ਤੁਹਾਡੀ ਤਸੱਲੀ ਕਰਵਾ ਸਕਦਾ ਹਾਂ। ਕੋਤਵਾਲ ਖਿਮਾਂ ਮੰਗ ਵਾਪਸ ਚਲਾ ਗਿਆ। ਉਸ ਕੋਠੜੀ 'ਚ ਭਾਈ ਬਚਿੱਤਰ ਸਿੰਘ ਜੀ ਅਤੇ ਨਿਹੰਗ ਖਾਨ ਦੀ ਬੇਟੀ ਬੀਬੀ ਮੁਮਤਾਜ ਸੀ। ਪਿਤਾ ਦੇ ਮੂੰਹੋਂ ਧੀ ਤੇ ਦਾਮਾਦ ਦੇ ਬੋਲ ਸੁਣ ਬੀਬੀ ਮੁਮਤਾਜ ਨੇ ਜਖਮੀ ਭਾਈ ਬਚਿੱਤਰ ਸਿੰਘ ਦੇ ਚਰਨਾਂ 'ਤੇ ਆਪਣਾ ਸਿਰ ਰੱਖ ਦਿੱਤਾ ਤੇ ਉਸਨੂੰ ਆਪਣਾ ਪਤੀ ਮੰਨ ਲਿਆ, ਉਸਦੀ ਬਹੁਤ ਸੇਵਾ ਕਰਦੀ ਰਹੀ। ਅਗਲੀ ਰਾਤ ਭਾਈ ਬਚਿੱਤਰ ਸਿੰਘ ਜੀ ਚਲਾਣੇ ਕਰ ਗਿਆ। ਨਿਹੰਗ ਖਾਂ ਨੇ ਭਾਈ ਗੁਰਸਾ ਸਿੰਘ ਗਹੂਣੀਆ ਤੇ ਬੱਗਾ ਸਿੰਘ ਤਰਖਾਣ ਨੂੰ ਬੁਲਾ ਕੇ ਦਿਨ ਚੜ੍ਹਨ ਤੋਂ ਪਹਿਲਾਂ ਕਿਲ੍ਹੇ ਅੰਦਰ ਇੱਕ ਖੂਹ ਦੇ ਕੋਲ ਸਸਕਾਰ ਕਰ ਦਿੱਤਾ। ਸਵੇਰ ਹੋਣ ਤੋਂ ਪਹਿਲਾਂ ਸਿਵਾ (ਅੰਗੀਠਾ) ਸੰਭਾਲ ਕੋਈ ਨਿਸ਼ਾਨ ਬਾਕੀ ਨਾ ਰਹਿਣ ਦਿੱਤਾ। ਬੀਬੀ ਮੁਮਤਾਜ ਜੋ ਬੱਸੀ ਪਠਾਣਾਂ ਮੰਗੀ ਹੋਈ ਸੀ, ਜਦੋਂ ਉਸਦਾ ਨਿਕਾਹ ਕਰਨ ਲਈ ਘਰ ਵਿੱਚ ਸਲਾਹ ਹੋਈ ਤਾਂ ਉਸਨੇ ਆਪਣੀ ਮਾਂ ਜੈਨਾ ਨੂੰ ਕਹਿ ਦਿੱਤਾ ਕਿ ਮੈਂ ਹੁਣ ਕਦੇ ਵੀ ਨਿਕਾਹ ਨਹੀਂ ਕਰਾਵਾਂਗੀ, ਸਾਰੀ ਉਮਰ ਅੱਲ੍ਹਾ ਦੀ ਬੰਦਗੀ ਕਰਾਂਗੀ। ਉਸ ਤੋਂ ਬਾਅਦ ਘਰਦਿਆਂ ਨੇ ਉਸਨੂੰ ਕਦੇ ਨਿਕਾਹ ਲਈ ਮਜਬੂਰ ਨਾ ਕੀਤਾ। ਉਹ ਹਰ ਰੋਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਉਸ ਕੋਠੜੀ ਮੂਹਰੇ ਬੈਠ ਕੇ ਸਿਮਰਨ ਕਰਦੀ ਜਿੱਥੇ ਦਸ਼ਮੇਸ਼ ਜੀ ਵਿਰਾਜੇ ਸਨ। ਆਪਣੇ ਨੇਮ ਤੋਂ ਬਾਅਦ ਹੀ ਉਹ ਕੁਝ ਛਕਦੀ ਤੇ ਛਕਾਉਂਦੀ ਅਤੇ ਸਾਰਾ ਦਿਨ ਮਾਲਾ ਫੇਰਦੀ ਰਹਿੰਦੀ। ਸ਼ਾਮ ਨੂੰ ਭਾਈ ਬਚਿੱਤਰ ਸਿੰਘ ਜੀ ਦੇ ਅੰਗੀਠੇ ਵਾਲੇ ਅਸਥਾਨ ਮੂਹਰੇ ਬੈਠ ਕੇ ਨਿਤਨੇਮ ਕਰਕੇ ਭੋਜਨ ਛਕਦੀ ਤੇ ਦੇਰ ਰਾਤ ਤੱਕ ਸਿਮਰਨ ਨਾਲ ਲਿਵ ਜੋੜਦੀ। ਉਹ ਇਨ੍ਹਾਂ ਦੋਵਾਂ ਅਸਥਾਨਾਂ ਤੇ ਬਹੁਤ ਹੀ ਸ਼ਰਧਾ ਨਾਲ ਝਾੜੂ ਫੇਰਦੀ ਤੇ ਦੀਪਕ ਵੀ ਜਗਾਉਂਦੀ। ਦਿਨ ਰਾਤ ਸਿਮਰਨ 'ਚ ਲੀਨ ਹੋਈ ਬੀਬੀ ਮੁਮਤਾਜ ਸੰਤ ਰੂਪ ਹੋ ਗਈ, ਉਹ ਬਹੁਤ ਹੀ ਘੱਟ ਬੋਲਦੀ ਤੇ ਜੋ ਵੀ ਬਚਨ ਕਰਦੀ ਉਹ ਸੱਚ ਹੋ ਜਾਂਦੇ। ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਉਸ ਦਾ ਅਥਾਹ ਪਿਆਰ ਸੀ, ਉਹ ਕਦੇ-ਕਦਾਈਂ ਆਪਣੇ ਆਪ ਹੀ ਮੂੰਹੋਂ ਬੋਲ ਉੱਠਦੀ:- (ੳ) ਭਾਣੇ ਕਾ ਖਾਬਿੰਦ ਗੁਰੂ ਗੋਬਿੰਦ ਸਿੰਘ ਜੀ (ਅ) ਹਰਿ ਥਾਇ ਸਹਾਈ ਗੁਰੂ ਗੋਬਿੰਦ ਸਿੰਘ ਜੀ (ੲ) ਹਰਤਾ ਕਰਤਾ ਆਪ ਗੁਰੂ ਗੋਬਿੰਦ ਸਿੰਘ ਜੀ (ਸ) ਬਿਰਦ ਬਾਣੇ ਦੀ ਲਾਜ ਰਾਖੇ ਗੁਰੂ ਗੋਬਿੰਦ ਸਿੰਘ ਜੀ (ਹ) ਵਾਹ ਵਾਹ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਸ਼ਰਧਾਵਾਨ ਲੋਕ ਬੀਬੀ ਜੀ ਦੇ ਦਰਸ਼ਨ ਕਰਨ ਲਈ ਉਸ ਦੀ ਉਡੀਕ ਕਰਦੇ ਰਹਿੰਦੇ। ਹਾੜ ਮਹੀਨੇ ਦੀ ਪੂਰਨਮਾਸ਼ੀ ੧੭੧੦ ਈ: ਨੂੰ ਗੁਰੂ ਹਰਿਰਾਇ ਜੀ ਦੀ ਪੁੱਤਰੀ ਬੀਬੀ ਰੂਪ ਕੌਰ ਆਪਣੇ ਇਕਲੌਤੇ ਪੁੱਤਰ ਅਮਰ ਸਿੰਘ ਅਤੇ ਕੀਰਤਪੁਰ ਸਾਹਿਬ ਦੀਆਂ ਸੰਗਤਾਂ ਸਮੇਤ ਬੀਬੀ ਮੁਮਤਾਜ ਨੂੰ ਮਿਲਣ ਲਈ ਕੋਟਲਾ ਨਿਹੰਗ 'ਚ ਆਈ। ਬੀਬੀ ਰੂਪ ਕੌਰ ਸੰਗਤਾਂ ਸਮੇਤ ਇੱਕ ਰਾਤ ਏਥੇ ਹੀ ਠਹਿਰੀ ਤੇ ਉਸ ਨੇ ਬੀਬੀ ਮੁਮਤਾਜ ਨੂੰ ਬੈਠਣ ਵਾਲੀ ਇੱਕ ਚੌਂਕੀ ਭੇਟ ਕੀਤੀ। ੧੯੪੭ ਈ: ਦੀ ਵੰਡ ਸਮੇਂ ਇਹ ਚੌਂਕੀ ਕਿਧਰੇ ਗੁੰਮ ਹੋ ਗਈ ਤੇ ਮੁੜ ਅੱਜ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਗੁਰੂ ਹਰਿਰਾਇ ਜੀ ਦੀ ਧੀ ਅਤੇ ਗੁਰੂ ਦਸ਼ਮੇਸ਼ ਜੀ ਦੀ ਵਰੋਸਾਈ ਧੀ ਬੀਬੀ ਮੁਮਤਾਜ ਨੇ ਸਾਰੀ ਰਾਤ ਗੁਰੂ ਘਰ ਅਤੇ ਗੁਰੂ ਪਰਿਵਾਰ ਦੀਆਂ ਬਾਤਾਂ ਕਰਦਿਆਂ ਹੀ ਬਤੀਤ ਕੀਤੀ। ਅਗਲੀ ਸਵੇਰ ਨੂੰ ਬੀਬੀ ਮੁਮਤਾਜ ਨੇ ਸਾਰਿਆਂ ਨੂੰ ਬਹੁਤ ਹੀ ਪਿਆਰ ਨਾਲ ਵਿਦਾ ਕੀਤਾ ਤੇ ਬੀਬੀ ਰੂਪ ਕੌਰ ਸੰਗਤਾਂ ਸਮੇਤ ਕੀਰਤਪੁਰ ਸਾਹਿਬ ਜਾ ਪਹੁੰਚੇ। ਸੌ ਸਾਲ ਦੀ ਉਮਰ ਤੱਕ ਬੀਬੀ ਮੁਮਤਾਜ ਨੇ ਕੋਟਲਾ ਨਿਹੰਗ ਦੇ ਕਿਲ੍ਹੇ 'ਚ ਰਹਿ ਕੇ ਜੀਵਨ ਬਤੀਤ ਕੀਤਾ ਤੇ ਫਿਰ ਉਹ ਨੌਰੰਗਪੁਰ-ਝਾਂਡੀਆਂ (ਦੋ ਪਿੰਡ ਹਨ) ਦੇ ਕਿਲ੍ਹੇ 'ਚ ਚਲੀ ਗਈ। ਇਹ ਕਿਲ੍ਹਾ ਵੀ ਉਨ੍ਹਾਂ ਦੀ ਆਪਣੀ ਰਿਆਸਤ ਅਧੀਨ ਹੀ ਆਉਂਦਾ ਸੀ ਜਿਸਨੂੰ ਬੀਬੀ ਦੇ ਪਿਤਾ ਨਿਹੰਗ ਖਾਨ ਨੇ ਆਪਣੇ ਪਿਤਾ ਨੌਰੰਗ ਖਾਨ ਦੇ ਨਾਂ 'ਤੇ ਬਣਾਇਆ ਤੇ ਪਿੰਡ ਨੌਰੰਗਪੁਰ ਵੀ ਵਸਾਇਆ ਸੀ। ਦੋ ਸਿਪਾਹੀ ਵੀ ਬੀਬੀ ਦੇ ਨਾਲ ਹੀ ਗਏ ਜੋ ਦਿਨ-ਰਾਤ ਸੇਵਾ 'ਚ ਜੁਟੇ ਰਹੇ। ਬੀਬੀ ਨੇ ਇਸ ਕਿਲ੍ਹੇ 'ਚ ੩੧ ਸਾਲ ਤੱਕ ਤਪ ਸਾਧਿਆ। ਉਹ ਇਨ੍ਹਾਂ ੩੧ ਸਾਲਾਂ ਵਿੱਚ ਹਰ ਵਾਰੀ ਸਾਲ 'ਚ ਇੱਕ ਵਾਰੀ ਪੋਹ ਮਹੀਨੇ ਦੀ ਪੂਰਨਮਾਸ਼ੀ ਨੂੰ ਰੱਥ 'ਤੇ ਬਹਿ ਕੇ ਕੋਟਲਾ ਨਿਹੰਗ ਆਉਂਦੀ ਤੇ ਕਿਲ੍ਹੇ ਅੰਦਰ ਬਣੇ ਦੋਵਾਂ ਅਸਥਾਨਾਂ (ਦਸ਼ਮੇਸ਼ ਜੀ ਤੇ ਬਚਿੱਤਰ ਸਿੰਘ ਜੀ) 'ਤੇ ਬਹੁਤ ਹੀ ਸ਼ਰਧਾ ਨਾਲ ਮੱਥਾ ਟੇਕਦੀ। ਉਸ ਦੇ ਏਥੇ ਆਉਣ 'ਤੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਆਣ ਜੁੜਦੀਆਂ ਤੇ ਬਹੁਤ ਹੀ ਰੌਣਕ ਬਣੀ ਰਹਿੰਦੀ। ਕੜਾਹ ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਦੇ ਵਰਤਾਰੇ ਅਟੁੱਟ ਵਰਤਦੇ। ਬੀਬੀ ਕੁਝ ਦਿਨ ਏਥੇ ਰਹਿ ਕੇ ਵਾਪਸ ਨੌਰੰਗਪੁਰ ਦੇ ਕਿਲ੍ਹੇ ਨੂੰ ਮੁੜ ਜਾਂਦੀ। ਬੀਬੀ ਮੁਮਤਾਜ ਨੇ ਸਾਰੀ ਉਮਰ ਸਿਦਕ ਦੀ ਮੂਰਤ ਬਣ ਗੁਰੂ ਚਰਨਾਂ ਦੀ ਪ੍ਰੀਤ 'ਚ ਗੁਜ਼ਾਰ ਦਿੱਤੀ। ਇੱਕ ਸੌ ਇਕੱਤੀ ਸਾਲ ਦੀ ਲੰਮੇਰੀ ਉਮਰ ਭੋਗ ਕੇ ਜੇਠ ਮਹੀਨੇ ਅੰਮ੍ਰਿਤ ਵੇਲੇ ਨੌਰੰਗਪੁਰ ਦੇ ਕਿਲ੍ਹੇ ਅੰਦਰ ਇਹ ਰੰਗੀ ਹੋਈ ਰੂਹ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਸਦਾ ਲਈ ਲੀਨ ਹੋ ਗਈ। ਆਲਮ ਖਾਨ ਦੀ ਇਕਲੌਤੀ ਭੈਣ ਬੀਬੀ ਮੁਮਤਾਜ ਦਾ ਜਨਮ ਮਾਤਾ ਜੈਨਾ ਦੀ ਕੁੱਖੋਂ ੧੬੮੯ ਈ: ਨੂੰ ਨਿਹੰਗ ਖਾਨ ਦੇ ਗ੍ਰਹਿ ਹੋਇਆ ਤੇ ਉਸ ਨੇ ਮਈ ੧੮੨੦ ਈ: ਨੂੰ ਚਲਾਣਾ ਕੀਤਾ। (ਗੁਰੂ ਕੀਆਂ ਸਾਖੀਆਂ ਵਿੱਚ ਬੀਬੀ ਮੁਮਤਾਜ ਦੀ ਮਾਂ ਦਾ ਨਾਂ ਜੈਨਾ ਤੇ ਨਸੀਰਾ ਵੀ ਆਇਆ ਹੈ।) ਬੀਬੀ ਮੁਮਤਾਜ ਇੱਕ ਐਸੀ ਮਹਾਨ ਸ਼ਖਸੀਅਤ ਹੈ ਜਿਸਨੂੰ ਗੁਰੂ ਦਸ਼ਮੇਸ਼ ਜੀ ਤੋਂ ਲੈ ਕੇ ਸਿੱਖ ਰਾਜ ਤੱਕ ਦੇ ਲੰਮੇਰੇ ਸਫਰ ਨੂੰ ਅੱਖੀਂ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਜਿਸ ਨੌਰੰਗਪੁਰ ਦੇ ਕਿਲ੍ਹੇ 'ਚ ਉਸ ਨੇ ਚਲਾਣਾ ਕੀਤਾ ਉਹ ਕਿਲ੍ਹੇ ਵਾਲਾ ਸਥਾਨ ਹੁਣ ਪਿੰਡ ਬੜੀ ਦੇ ਰਕਬੇ 'ਚ ਆਉਂਦਾ ਹੈ। ਇੱਥੇ ਗੁਰਦੁਆਰਾ ਬੀਬੀ ਮੁਮਤਾਜ ਜੀ ਬੜੀ ਸਾਹਿਬ ਬਹੁਤ ਹੀ ਆਲੀਸ਼ਾਨ ਉਸਰਿਆ ਹੋਇਆ ਹੈ। ਇਸ ਅਸਥਾਨ ਦੀ ਆਰੰਭਤਾ ਸੰਤ ਕਰਤਾਰ ਸਿੰਘ ਭੈਰੋ ਮਾਜਰਾ ਵਾਲਿਆਂ ਦੇ ਸਹਿਯੋਗ ਨਾਲ ਪਿੰਡ ਬੜੀ ਸਾਹਿਬ ਦੀ ਰਹਿਣ ਵਾਲੀ ਬੀਬੀ ਹਿੰਮਤ ਕੌਰ ਜੀ ਨੇ ੧੯੬੪ ਈ: ਤੋਂ ਕੀਤੀ ਜੋ ਏਥੇ ਸੇਵਾ ਨਿਭਾਉਂਦੇ ਹੋਏ ੪ ਮਾਘ, ੨੦੧੩ ਈ: ਨੂੰ ਚਲਾਣਾ ਕਰ ਗਏ ਹਨ। ਮੌਜੂਦਾ ਸਮੇਂ 'ਚ ਬੁੱਢਾ ਦਲ ਦੇ ਨਿਹੰਗ ਸਿੰਘ ਏਥੋਂ ਦਾ ਪ੍ਰਬੰਧ ਚਲਾਉਂਦੇ ਹਨ। ਅਸਥਾਨ ਬਣਨ ਤੋਂ ਪਹਿਲਾਂ ਲੋਕ ਇਸ ਨੂੰ ਫੁੱਫੀ ਕੋਟਲਾ ਨਿਹੰਗ ਦਾ ਸਥਾਨ ਕਿਹਾ ਕਰਦੇ ਜਾਂ ਕਿਲ੍ਹੇ ਵਾਲੀ ਟਿੱਬੀ ਕਰਕੇ ਜਾਣਦੇ ਸੀ। ਕਿਲ੍ਹੇ ਦੀਆਂ ਨਿਸ਼ਾਨੀਆਂ ਨਾ- ਮਾਤਰ ਹੀ ਦਿਸਦੀਆਂ ਨੇ, ਇੱਕ ਪੁਰਾਤਨ ਖੂਹ ਹੈ ਤੇ ਇਹ ਅਸਥਾਨ ਪਹਾੜੀਆਂ ਦੇ ਵਿੱਚ ਸੁਭਾਏਮਾਨ ਹੈ। ਅਗਲਾ ਭਾਗ………