ਸਵਾ ਲਾਖ ਸੇ ਏਕ ਲੜਾਊਂ
ਭਾਗ-2 ਦਿਨ ਚੜ੍ਹਦਿਆਂ ਹੀ ਸ਼ਾਹੀ ਫੌਜ ਦੇ ਜਰਨੈਲਾਂ ਨੇ ਗੁਰੂ ਜੀ ਨੂੰ ਹਥਿਆਰ ਸੁੱਟ ਆਪਣੇ ਆਪ ਨੂੰ ਸਾਥੀਆਂ ਸਮੇਤ ਸ਼ਾਹੀ ਫੌਜ ਦੇ ਹਵਾਲੇ ਕਰਨ ਦੇ ਲਈ ਢੰਡੋਰਾ ਪਿਟਵਾਇਆ ਤੇ ਕਿਹਾ ਕਿ ਗੁਰੂ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦੇਣ ਤਾਂ ਉਹਨਾਂ ਦੀ ਜਾਨ ਬਖਸ਼ੀ ਜਾਵੇਗੀ। ਇਸ ਦਾ ਉੱਤਰ ਗੜ੍ਹੀ ਅੰਦਰੋਂ ਤੀਰਾਂ ਅਤੇ ਗੋਲੀਆਂ ਦੀ ਬੁਛਾੜ ਨਾਲ ਆਇਆ। ਵੈਰੀ ਦਲ ਪਿੱਛੇ ਨੂੰ ਭੱਜ ਤੁਰਿਆ ਤੇ ਦੂਰੋਂ ਹੀ ਗੋਲੀਆਂ ਚਲਾਉਂਦਾ ਰਿਹਾ। ਸਤਿਗੁਰੂ ਜੀ ਨੇ ਕਿਸੇ ਨੂੰ ਗੜ੍ਹੀ ਦੇ ਨੇੜੇ ਨਾ ਆਉਣ ਦਿੱਤਾ। ਦੁਸ਼ਮਣ ਬੁਰੀ ਤਰ੍ਹਾਂ ਘਬਰਾ ਗਿਆ, ਇਹ ਤਾਂ ਉਸ ਦੀ ਆਸ ਤੋਂ ਬਿਲਕੁਲ ਉਲਟ ਸੀ। ਉਹ ਤਾਂ ਘੜੀ-ਪਲਾਂ 'ਚ ਗੁਰੂ ਜੀ ਨੂੰ ਜਿਉਂਦੇ ਫੜ ਬਾਦਸ਼ਾਹ ਦੇ ਪੇਸ਼ ਕਰਨ ਦੀਆਂ ਦਲੀਲਾਂ ਘੜੀ ਬੈਠਾ ਸੀ। ਕੋਈ ਵਾਹ-ਪੇਸ਼ ਨਾ ਚਲਦੀ ਵੇਖ ਮੁਗਲ ਜਰਨੈਲ ਨਾਹਰ ਖਾਨ ਚੋਰੀ-ਛਿਪੇ ਗੜ੍ਹੀ ਦੀ ਦੀਵਾਰ ਨਾਲ ਪਾਉੜੀ ਲਾ ਉੱਪਰ ਜਾ ਚੜ੍ਹਿਆ। ਉੱਪਰੋਂ ਕਲਗੀਧਰ ਜੀ ਦੀ ਨਜ਼ਰ ਪੈ ਗਈ। ਇਸਦੀ ਧੌਣ ਵਿੱਚਦੀ ਤੀਰ ਆਰ-ਪਾਰ ਹੋ ਗਿਆ। ਇਹ ਭੁਆਂਟਣੀਆਂ ਖਾਂਦਾ ਥੱਲੇ ਆਣ ਡਿੱਗਾ ਤੇ ਸਦਾ ਲਈ ਚਿੱਤ ਹੋ ਗਿਆ। ਦੂਸਰੇ ਜਰਨੈਲ ਗਨੀ ਖਾਂ ਨੇ ਹਿੰਮਤ ਕਰ ਪੌੜੀ ਦੇ ਡੰਡੇ ਨੂੰ ਜਾ ਹੱਥ ਪਾਇਆ, ਹੌਲੀ-ਹੌਲੀ ਉੱਪਰ ਚੜ੍ਹਨ ਲੱਗਾ । ਜਦ ਇਹਨੇ ਅਖੀਰਲੇ ਡੰਡੇ ਨੂੰ ਹੱਥ ਪਾ ਸਿਰ ਗੜ੍ਹੀ ਦੀ ਕੰਧ ਤੋਂ ਉੱਚਾ ਕੀਤਾ ਤਾਂ ਜਰਨੈਲਾਂ ਦੇ ਜਰਨੈਲ ਦਸਮ ਪਿਤਾ ਜੀ ਨੇ ਇਹਦੇ ਸਿਰ 'ਤੇ ਗੁਰਜ ਮਾਰ ਇਸ ਦੀ ਮਿੱਝ ਕੱਢ ਦਿੱਤੀ। ਇਹਨਾਂ ਦੋਹਾਂ ਨੂੰ ਇਸ ਤਰ੍ਹਾਂ ਮਰਦਿਆਂ ਦੇਖ ਕਿਸੇ ਦਾ ਹੌਂਸਲਾ ਨਾ ਪਿਆ ਗੜ੍ਹੀ ਦੇ ਨੇੜੇ ਜਾਣ ਦਾ। ਖੁਆਜਾ ਮਹਿਮੂਦ ਅਲੀ ਆਪਣੇ ਸਾਥੀਆਂ ਸਮੇਤ ਕੰਧ ਓਹਲੇ ਲੁਕ ਕੇ ਦੌੜ ਗਿਆ। ਪਾਤਸ਼ਾਹ ਜੀ ਜ਼ਫਰਨਾਮਾ ਵਿੱਚ ਇਸਨੂੰ ਡਰਪੋਕ ਲਿਖਕੇ ਕਹਿੰਦੇ ਹਨ ਕਿ ਜੇ ਮੈਂ ਇਸਦਾ ਮੂੰਹ ਵੇਖ ਲੈਂਦਾ ਤਾਂ ਇਸਨੂੰ ਵੀ ਇੱਕ ਤੀਰ ਬਖਸ਼ ਦਿੰਦਾ । ਗੁਰੂ ਪਾਤਸ਼ਾਹ ਇਹ ਵੀ ਲਿਖਦੇ ਹਨ ਕਿ ਕਈ ਸ਼ੇਖੀ-ਖੋਰ ਗੱਪੀ ਪਠਾਣ ਰਣਭੂਮੀ ਵਿੱਚੋਂ ਬਾਹਰ ਨੂੰ ਉੱਠ ਨੱਠੇ। ਪੂਰੀ ਤਰ੍ਹਾਂ ਕੁਰਲਾਹਟ ਮਚੀ ਹੋਈ ਸੀ। ਮਖੀਲ ਦੀਆਂ ਮੱਖੀਆਂ ਵਾਂਗ ਵੈਰੀ ਕਾਲੇ ਕੱਪੜਿਆਂ ਵਿੱਚ ਘੁੰਮ ਰਿਹਾ ਸੀ। ਸਤਿਗੁਰੂ ਜੀ ਜ਼ਫਰਨਾਮਾ ਵਿੱਚ ਵੈਰੀ ਦੀ ਗਿਣਤੀ ਦਸ ਲੱਖ ਤੇ ਸਿੰਘਾਂ ਦੀ ਗਿਣਤੀ ਚਾਲੀ ਦੱਸਦੇ ਹਨ। ਕਿਹੋ ਜਿਹਾ ਅਨੋਖਾ ਯੁੱਧ ਹੋ ਰਿਹਾ ਸੀ, ਇੱਕ ਪਾਸੇ ਦਸ ਲੱਖ ਦੂਜੇ ਪਾਸੇ ਕਈ ਦਿਨਾਂ ਦੇ ਭੁੱਖੇ ਚਾਲੀ। ਅੱਜ ਤੱਕ ਦੁਨੀਆਂ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਨਹੀਂ ਹੋਇਆ। ਏਸੇ ਤਰ੍ਹਾਂ ਜੰਗ ਹੁੰਦੀ ਨੂੰ ਦਿਨ ਢਲ ਗਿਆ। ਦੁਸ਼ਮਣ ਨੇ ਵੱਡਾ ਤੇ ਸਾਂਝਾ ਹਮਲਾ ਕਰ ਗੜ੍ਹੀ ਦਾ ਦਰਵਾਜਾ ਭੰਨਣ ਲਈ ਹੱਲਾ ਬੋਲਿਆ। ਅੰਦਰੋਂ ਗੋਲੀ-ਸਿੱਕਾ ਤੇ ਬਰੂਦ ਮੁੱਕ ਚੁੱਕਾ ਸੀ ਤੇ ਬਹੁਤਾ ਸਰਸਾ ਨਦੀ ਦੇ ਪਾਣੀ ਨਾਲ ਗਿੱਲਾ ਹੋ ਕੇ ਨਕਾਰਾ ਹੋ ਗਿਆ ਸੀ ਜੋ ਕਿ ਚੱਲਣ ਯੋਗ ਨਹੀਂ ਸੀ ਰਿਹਾ। ਵੈਰੀ ਦਰਵਾਜਾ ਭੰਨ ਅੰਦਰ ਨਾ ਆ ਵੜੇ, ਸਿੰਘਾਂ ਕਲਗੀਧਰ ਜੀ ਤੋਂ ਆਗਿਆ ਲੈ ਬਾਹਰ ਮੈਦਾਨ ਵਿੱਚ ਜਾ ਵੈਰੀ ਦੇ ਬੁਰੀ ਤਰ੍ਹਾਂ ਆਹੂ ਲਾਹੇ। ਜਥਿਆਂ ਦੇ ਰੂਪ ਵਿੱਚ ਪਾਤਸ਼ਾਹ ਜੀ ਸਿੰਘਾਂ ਨੂੰ ਗੜ੍ਹੀ ਅੰਦਰੋਂ ਭੇਜਦੇ, ਸਿੰਘ ਸਵਾ ਲਾਖ ਸੇ ਏਕ ਲੜਾਊਂ ਵਾਲੇ ਕਲਗੀਧਰ ਜੀ ਦੇ ਬੋਲ ਸੱਚ ਕਰ ਸ਼ਹੀਦੀ ਪ੍ਰਾਪਤ ਕਰ ਜਾਂਦੇ । ਮੈਦਾਨ ਵਿੱਚ ਹਾਹਾਕਾਰ ਮਚੀ ਹੋਈ ਸੀ। ਧੂੜ ਨਾਲ ਅਸਮਾਨ ਵੀ ਨਜ਼ਰ ਨਹੀਂ ਸੀ ਆਉਂਦਾ। ਅੱਧੇ ਤੋਂ ਵੱਧ ਸਿੰਘ ਸ਼ਹੀਦੀ ਪਾ ਗਏ। ਸਿੰਘਾਂ ਨੂੰ ਸ਼ਹੀਦ ਹੁੰਦਾ ਦੇਖ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੇ ਕਿਹਾ ਕਿ ਪਿਤਾ ਜੀ ਮੈਨੂੰ ਵੀ ਮੈਦਾਨੇ ਜੰਗ ਵਿੱਚ ਭੇਜੋ। ਗੜ੍ਹੀ ਵਿਚਲੇ ਸਿੰਘਾਂ ਨੇ ਵਾਰ-ਵਾਰ ਕਲਗੀਧਰ ਜੀ ਨੂੰ ਕਿਹਾ ਕਿ ਪਾਤਸ਼ਾਹ, ਤੁਸੀਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜ੍ਹੀ ਵਿੱਚੋਂ ਨਿਕਲ ਜਾਵੋ। ਪੰਥ ਦੇ ਵਾਲੀ ਨੇ ਕਿਹਾ ਕਿ ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ, ਖਾਲਸਾ ਜੀ ਤੁਸੀਂ ਮੇਰੇ, ਮੈਂ ਤੁਹਾਡਾ ਹਾਂ। ਸਿੰਘਾਂ ਦੇ ਰੋਕਣ 'ਤੇ ਵੀ ਪਿਤਾ ਨੇ ਪੁੱਤ ਨੂੰ ਆਗਿਆ ਦੇ ਦਿੱਤੀ, ਇਹ ਜਾਣਦੇ ਹੋਏ ਵੀ ਕਿ ਇਸਦਾ ਨਤੀਜਾ ਮੌਤ ਤੋਂ ਸਿਵਾਏ ਕੁਝ ਹੋਰ ਨਹੀਂ ਹੋਣਾ। ਆਪਣੇ ਹੱਥੀਂ ਸ਼ਸਤਰ ਸਜਾ ਪਿਤਾ ਕਲਗੀਧਰ ਜੀ ਨੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਭੇਜਿਆ। ਗੜ੍ਹੀ ਦਾ ਵੱਡਾ ਦਰਵਾਜਾ ਹਰ ਜਥਾ ਬਾਹਰ ਜਾਣ 'ਤੇ ਖੁੱਲ੍ਹਦਾ ਤੇ ਬੰਦ ਹੋ ਜਾਂਦਾ। ਫਿਰ ਦਰਵਾਜਾ ਖੁੱਲ੍ਹਿਆ, ਸਾਹਿਬਜ਼ਾਦੇ ਨਾਲ ਪੰਜ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ ਸਮੇਤ ਸੱਤ ਸਿੰਘ ਹੋਰ ਗੜ੍ਹੀ ਤੋਂ ਬਾਹਰ ਨਿਕਲ ਵੈਰੀ ਵਿੱਚ ਧੱਸ ਗਏ। ਦੁਸ਼ਮਣ ਵਿੱਚ ਚੀਖ-ਚਿਹਾੜਾ ਪੈ ਗਿਆ। ਸਾਹਿਬਜ਼ਾਦੇ ਨੇ ਏਨੀ ਤੇਜੀ ਨਾਲ ਵੈਰੀ ਛਾਂਗਿਆ ਕਿ ਸਾਰੇ ਅੱਲ੍ਹਾ-ਅੱਲ੍ਹਾ ਪੁਕਾਰਨ ਲੱਗੇ - - ਦੋਹਰਾ - ਲੇਤ ਪਰੋਇ ਪਠਾਨ ਕੋ ਸਬਹਨ ਸਾਂਗ ਦਿਖਲਾਇ। ਦੇਖਤ ਹੀ ਸਭ ਕਰਤ ਹੈ ਅਰੇ ਖੁਦਾਇ ਖੁਦਾਇ। ਸ੍ਰੀ ਗੁਰ ਸੋਭਾ - ਕਵੀ ਸੈਨਾਪਤਿ - ਪੰਨਾ ੧੨੬ - ਆਖਿਰ ਸੱਤ ਸਿੰਘ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦੀ ਜਾਮ ਪੀ ਗਏ। ਪੁੱਤ ਦੀ ਸ਼ਹਾਦਤ ਦੇਖ ਕੇ ਬਾਜਾਂ ਵਾਲੇ ਪਿਤਾ ਨੇ ਜੈਕਾਰਾ ਬੋਲਿਆ ਤੇ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਤੇਰੀ ਵਸਤ ਤੈਨੂੰ ਸੌਂਪ ਦਿੱਤੀ ਹੈ। ਦੂਸਰੇ ਪੁੱਤ ਨੇ ਭਰਾ ਨੂੰ ਸ਼ਹੀਦ ਹੁੰਦਾ ਦੇਖਿਆ, ਜੋਸ਼ ਖਾਧਾ ਤੇ ਸ਼ਹੀਦੀ ਜਾਮ ਪੀਣ ਲਈ ਪਿਤਾ ਨੂੰ ਕਿਹਾ ਕਿ ਮੈਨੂੰ ਵੀ ਭਰਾ ਦੇ ਮਗਰ ਹੀ ਤੋਰ ਦੇ :- ਭਾਈ ਸੇ ਵਿਛੜ ਕਰ ਹਮੇ ਜੀਨਾ ਨਹੀ ਭਾਤਾ। ਸੋਨਾ ਨਹੀ, ਖਾਨਾ ਨਹੀ, ਪੀਨਾ ਨਹੀ ਪਾਤਾ। ਗੰਜਿ ਸ਼ਹੀਦਾਂ - ਅੱਲ੍ਹਾ ਯਾਰ ਖਾਂ ਯੋਗੀ ਅਗਲਾ ਭਾਗ………