History of the days after Guru Gobind Singh Ji left Anandpur Sahib – 30-12-25

ਸਵਾ ਲਾਖ ਸੇ ਏਕ ਲੜਾਊਂ

ਭਾਗ-1 ੭ ਪੋਹ, ੧੭੬੧ ਬਿ: (੨੧ ਦਸੰਬਰ, ੧੭੦੪ ਈ:) ਦੀ ਸ਼ਾਮ ਨੂੰ ਮੇਰਾ ਬਾਜਾਂ ਵਾਲਾ ਪ੍ਰੀਤਮ ਇੱਕ ਬਾਗ ਵਿੱਚ ਲੇਟਿਆ ਹੋਇਆ ਸੀ। ਚਿਹਰੇ 'ਤੇ ਨੂਰ ਟਪਕਦਾ ਹੈ, ਸੀਸ 'ਤੇ ਕਲਗੀ, ਚੋਲਾ ਗਿੱਲਾ ਤੇ ਖੂਨ ਨਾਲ ਲੱਥ-ਪੱਥ ਲਾਲ ਰੰਗ ਧਾਰ ਚੁੱਕਾ ਹੈ। ਪਾਤਸ਼ਾਹ ਜੀ ਇਵੇਂ ਢੋਹ ਲਾ ਕੇ ਲੇਟੇ ਹੋਏ ਨੇ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ। ਐਨਾ ਕੁਝ ਹੋਣ 'ਤੇ ਵੀ ਸਤਿਗੁਰੂ ਜੀ ਪੂਰੀ ਅਡੋਲਤਾ ਵਿੱਚ ਦਿਸ ਰਹੇ ਹਨ। ਪਾਤਸ਼ਾਹ ਜੀ ਨੂੰ ਪਤਾ ਹੈ ਕਿ ਇਸ ਪਿੰਡ ਵਿੱਚ ਇੱਕ ਕੱਚੀ ਗੜ੍ਹੀ ਹੈ, ਸਤਿਗੁਰੂ ਜੀ ਪਹਿਲਾਂ ਵੀ ਕੁਰੂਕਸ਼ੇਤਰ ਤੋਂ ਵਾਪਸ ਆਉਂਦੇ ਹੋਏ ਇਸ ਨਗਰ ਚਮਕੌਰ ਵਿੱਚ ਆ ਚੁੱਕੇ ਸਨ। ਸਤਿਗੁਰੂ ਜੀ ਨੇ ਆਪਣੇ ਸਿੰਘ ਭੇਜੇ ਕਿ ਗੜ੍ਹੀ ਦੇ ਮਾਲਕ ਨੂੰ ਲੈ ਆਵੋ। ਇਸ ਕੱਚੀ ਹਵੇਲੀ ਦਾ ਮਾਲਕ ਚੌਧਰੀ ਬੁੱਧੀ ਚੰਦ ਗੁਰੂ ਜੀ ਦਾ ਆਉਣਾ ਸੁਣ ਆਪ ਹੀ ਹਾਜਰ ਹੋਇਆ। ਗੁਰੂ ਕੀਆਂ ਸਾਖੀਆਂ ਵਿੱਚ ਇਵੇਂ ਲਿਖਿਆ ਹੈ :- ਬਿਨੈ ਕੀ, ਮਹਾਰਾਜ! ਆਪ ਸਮੇਤ ਸਾਥੀ ਸਿੱਖਾਂ ਕੇ ਮੇਰੇ ਗ੍ਰਹਿ ਪਧਾਰੀਏ। ਗੁਰੂ ਜੀ ਨੇ ਇਸ ਕੇ ਗੈਲ, ਇਸ ਕੀ ਹਵੇਲੀ ਮੇਂ ਜਾਇ ਪ੍ਰਵੇਸ਼ ਕੀਆ। ਭਾਈ ਬੁੱਧੀ ਚੰਦ ਨੇ ਤਨ ਮਨ ਸੇ ਗੁਰੂ ਜੀ ਕੀ ਸੇਵਾ ਕੀ ਜਖਮੀਂ ਸਿੱਖਾਂ ਕਾ ਦਾਰੂ ਦਰਮਲ ਕੀਆ। ਬਾਗ ਦੇਖ ਤਹਾਂ ਨਿਕਟ ਗਾਂਵ ਚਮਕੌਰ । ਖਬਰ ਸੁਨੀ ਜਿਮੀਦਾਰ ਨੇ ਮੱਧ ਵਸੇ ਚਮਕੌਰ। ਸੁਨਤ ਬਚਨ ਤਤਕਾਲ ਹੀ ਵਹੁ ਆਯੋ ਉਠਿ ਦਉਰ । ਹਾਥਿ ਜੋਰਿ ਐਸੇ ਕਹਿਓ ਬਿਨਤੀ ਸੁਨੋ ਕਰਤਾਰ। ਬਸੋ ਮਧਿ ਚਮਕੌਰ ਕੈ ਆਪਨੀ ਕ੍ਰਿਪਾ ਧਾਰ । ਤਬ ਸੁਆਰ ਸਾਹਿਬ ਭਏ ਛਾਡਿ ਬਾਗ ਕੀ ਠਉਰ । ਸਿੰਘ ਸਾਥ ਸਬਹੀ ਲੀਏ ਆਇ ਬਸੇ ਚਮਕਉਰ। ਸ੍ਰੀ ਗੁਰ ਸੋਭਾ - ਕਵੀ ਸੈਨਾਪਤਿ - ਪੰਨਾ ੧੨੩ ਸਤਿਗੁਰੂ ਜੀ ਨੇ ਸਿੰਘਾਂ ਸਮੇਤ ਇਸ ਦੀ ਕੱਚੀ ਹਵੇਲੀ ਵਿੱਚ ਪ੍ਰਵੇਸ਼ ਕੀਤਾ। ਇਸ ਨੂੰ ਚੰਗੀ ਤਰ੍ਹਾਂ ਦੇਖ-ਪਰਖ ਪਾਤਸ਼ਾਹ ਜੀ ਨੇ ਇਸ ਦੀ ਕਰੜੀ ਪਹਿਰੇਦਾਰੀ ਕਰ ਸਿੰਘਾਂ ਨੂੰ ਤਿਆਰ-ਪੁਰ ਤਿਆਰ ਰਹਿਣ ਲਈ ਕਿਹਾ। ਪੰਥ ਦੇ ਵਾਲੀ ਨੇ ਏਥੇ ਕੀ ਖੇਡ ਵਰਤਾਉਣੀ ਹੈ, ਇਸ ਦਾ ਕਿਸੇ ਨੂੰ ਕੋਈ ਕਿਆਸ ਨਹੀਂ ਹੈ। ਸਤਿਗੁਰੂ ਜੀ ਦੇ ਏਥੇ ਆਉਣ 'ਤੇ ਕਿਸੇ ਨੇ ਸ਼ਾਹੀ ਫੌਜ ਨੂੰ ਜਾ ਦੱਸਿਆ। ਤਬ ਦੂਤਨ ਕੀਨੇ ਲਿਖੇ ਤੁਮ ਚਲ ਆਯੋ ਦਉਰ। ਸਿੰਘ ਰਹੈਂ ਹੈਂ ਆਨਿ ਕੈ ਨਿਕਟ ਗਾਂਵ ਚਮਕਾਉਰ। ਸ੍ਰੀ ਗੁਰ ਸੋਭਾ ਖਬਰ ਮਿਲਦਿਆਂ ਹੀ ਦੁਸ਼ਮਣ ਦੀਆਂ ਫੌਜਾਂ ਚਮਕੌਰ ਦੇ ਚਾਰ-ਚੁਫੇਰੇ ਇਕੱਠੀਆਂ ਹੋ ਗਈਆਂ। ਸ਼ਾਹੀ ਫੌਜ ਨੇ ਚਮਕੌਰ ਦੇ ਵਸਨੀਕਾਂ ਤੋਂ ਜਬਰੀ ਰਸਦ ਖੋਹ ਸਭ ਨੂੰ ਪਿੰਡੋਂ ਬਾਹਰ ਕੱਢ ਦਿੱਤਾ। ਕਈ ਰਾਤੋ-ਰਾਤ ਆਪਣੇ ਸਾਕ-ਸੰਬੰਧੀਆਂ ਦੇ ਘਰ ਜਾ ਲੁਕੇ। ਗੜ੍ਹੀ ਦੇ ਦੁਆਲੇ ਤੰਬੂ ਹੀ ਤੰਬੂ ਨਜ਼ਰ ਆਉਣ ਲੱਗੇ। ਪਹਾੜੀ ਰਾਜਿਆਂ ਤੇ ਮੁਗਲ ਜਰਨੈਲਾਂ ਸਲਾਹ ਕੀਤੀ ਕਿ ਹੁਣ ਗੜ੍ਹੀ 'ਤੇ ਹਮਲਾ ਕਰਨਾ ਠੀਕ ਨਹੀਂ ਰਹੇਗਾ, ਪਤਾ ਨਹੀਂ ਅੰਦਰ ਕਿੰਨੇ ਸਿੰਘ ਹੋਣ। ਸਵੇਰ ਹੁੰਦਿਆਂ ਹੀ ਹਮਲਾ ਕਰਾਂਗੇ, ਗੁਰੂ ਨੂੰ ਜਿਉਂਦਾ ਫੜ ਲਵਾਂਗੇ । ਸ਼ਾਹੀ ਸੈਨਾ ਰੱਜ-ਪੁੱਜ ਕੇ ਤਕੜੀ ਕਰੜਾਈ ਕਰ ਪੂਰੀ ਨਿਗਰਾਨੀ ਰੱਖ ਰਹੀ ਸੀ, ਪੱਤਾ ਵੀ ਹਿਲਦਾ ਤਾਂ ਇਹਨਾਂ ਦੀ ਜਾਨ ਨੂੰ ਬਣ ਜਾਂਦੀ । ਗੜ੍ਹੀ ਦੇ ਅੰਦਰ ਠੰਡ-ਭੁੱਖ ਦੇ ਝੰਬੇ ਨਿਰਬਲ ਸਰੀਰ, ਜਿਹਨਾਂ ਦੇ ਬਸਤਰ ਗਿੱਲੇ ਹੋਏ, ਖਾਣ-ਪਕਾਉਣ ਦਾ ਕੋਈ ਸਮਾਂ ਨਾ ਮਿਲਿਆ, ਅਨੰਦਪੁਰ ਨੂੰ ਛੱਡਣ ਲੱਗਿਆਂ ਜੋ ਛਕ ਲਿਆ ਹੋਵੇਗਾ ਉਸ ਨਾਲ ਹੀ ਸਰੀਰ ਨੂੰ ਗੁਰੂ ਆਸਰੇ ਤੋਰੀ ਜਾਂਦੇ ਨੇ। ਇਨ੍ਹਾਂ ਸਿੰਘਾਂ ਨੇ ਅੰਤਿਮ ਸਵਾਸਾਂ ਤੱਕ ਲੜਨ-ਮਰਨ ਦਾ ਫੈਸਲਾ ਲੈ ਲਿਆ। ਸਤਿਗੁਰੂ ਪਾਤਸ਼ਾਹ ਸਿਰੜ ਦੀਆਂ ਬਾਤਾਂ ਪਾ ਸਿੰਘਾਂ ਨੂੰ ਚੜ੍ਹਦੀਆਂ ਕਲਾਂ ਦੇ ਹੁਲਾਰੇ ਦਿੰਦੇ ਰਹੇ। ਅੱਜ ਦੋ ਪੁੱਤ ਨਾਲ ਨੇ, ਦੋ ਨਿੱਕੇ ਕਿੱਥੇ ਨੇ ਜਿਨ੍ਹਾਂ ਦੀ ਉਮਰ ਲਾਡ- ਪਿਆਰ ਦੀਆਂ ਬਾਤਾਂ ਸੁਣਨ ਦੀ ਸੀ? ਬਿਰਧ ਮਾਂ ਕਿੱਥੇ ਹੈ ਜਿਸਨੂੰ ਬੁਢਾਪੇ ਵਿੱਚ ਆਸਰੇ ਦੀ ਲੋੜ ਏ, ਦੋਵੇਂ ਮਹਿਲ ਕਿੱਥੇ ਹੋਣਗੇ ਜੋ ਸਦਾ ਕਲਗੀਆਂ ਵਾਲੇ ਦੀ ਸੇਵਾ ਵਿੱਚ ਹਾਜਰ ਰਹਿੰਦੇ ਸਨ? ਧੰਨ ਹੈ ਕਲਗੀਧਰ ਪਾਤਸ਼ਾਹ ਜੀ ਜੋ ਆਪਣੇ ਸਾਰੇ ਸੁੱਖ ਛੱਡ, ਦੱਬੇ-ਕੁਚਲੇ ਲੋਕਾਂ ਲਈ ਜ਼ੁਲਮ ਦੇ ਖਿਲਾਫ ਲੜ ਰਹੇ ਨੇ। ਕੱਚੀ ਗੜ੍ਹੀ ਦੀ ਛੱਤ ਥੱਲੇ ਬਾਜਾਂ ਵਾਲਿਆ ਇਹ ਪੋਹ ਦੀ ਠਰੀ ਰਾਤ ਤੂੰ ਆਪ, ਤੇਰੇ ਪੁੱਤਰਾਂ ਨੇ ਤੇ ਤੇਰੇ ਜਾਨ ਤੋਂ ਪਿਆਰੇ ਗਰੀਬੜੇ ਸਿੰਘਾਂ ਨੇ ਕਿਵੇਂ ਗੁਜਾਰੀ? ਇਹ ਬਿਕਰਾਲ ਰਾਤ ਮੇਰੇ ਬਾਜਾਂ ਵਾਲੇ ਪ੍ਰੀਤਮ 'ਤੇ ੭ ਪੋਹ, ੧੭੬੧ ਬਿ: (੨੧ ਦਸੰਬਰ, ੧੭੦੪ ਈ:) ਨੂੰ ਵੈਰਨ ਬਣ ਕੇ ਆਈ। ਅਗਲਾ ਭਾਗ………

You may also like these