ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
ਦੂਜੀ ਰਾਤ
ਭਾਗ-1
ਸਵੇਰ ਹੋਈ, ਮਾਈ ਲੱਛਮੀ ਜੋ ਸਰਿਆ-ਬਣਿਆ ਭੋਜਨ ਤਿਆਰ ਕਰ ਲੈ ਆਈ। ਮਾਤਾ ਜੀ ਦੇ ਚਰਨਾਂ ‘ਤੇ ਮੱਥਾ ਟੇਕਿਆ, ਨਿੱਕੀਆਂ ਜਿੰਦੜੀਆਂ ਦੇ ਦਰਸ਼ਨ ਕਰ ਨਿਹਾਲ ਹੋਈ। ਕੁੰਮੇ ਮਾਸ਼ਕੀ ਸਮੇਤ ਸਾਰਿਆਂ ਨੂੰ ਭੋਜਨ ਛਕਾਇਆ। ਕੁੰਮਾ ਖੱਚਰ ਨੂੰ ਘਾਹ-ਪੱਠਾ ਪਾ, ਨੇੜੇ ਰਸਤੇ ਦੇ ਆਲੇ-ਦੁਆਲੇ ਤੋਂ ਦੁਸ਼ਮਣ ਦੀਆਂ ਕਨਸੋਆਂ ਲੈਣ ਲੱਗਾ। ਮਾਈ ਲੱਛਮੀ ਸੇਵਾ ਵਿੱਚ ਹਾਜਰ ਰਹੀ, ਉਸਨੇ ਬਹੁਤ ਚਾਅ ਨਾਲ ਸੇਵਾ ਕੀਤੀ। ਗੁਰੂ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ, ਸਰਸਾ ਦੇ ਕਿਨਾਰੇ ਗੁਰੂ ਪਰਿਵਾਰ ਵਿੱਛੜ ਗਿਆ, ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਭਟਕ ਕੇ ਕਿਸੇ ਹੋਰ ਪਾਸੇ ਚਲੇ ਗਏ, ਇਸ ਬਾਤ ਦੀ ਗੰਗੂ ਨੂੰ ਕਿਤਿਓਂ ਉੱਡਦੀ-ਉੱਡਦੀ ਖਬਰ ਮਿਲੀ। ਕਥਾ ਗੁਰੂ ਜੀ ਕੇ ਸੁਤਨ ਕੀ ਲਿਖਤ ਵਿੱਚ ਇਹ ਸਤਰਾਂ ਦਰਜ ਹਨ –
ਚੌਪਈ
ਅਬੈ ਇਹ ਕਥਾ ਅਵਰ ਜਨਾਉ॥
ਜੋ ਜੋ ਬੀਤੀ ਸਭੈ ਸੁਨਾਊਂ॥
ਦੋਇ ਮਸੰਦ ਸਹੇੜੀ ਰਹੈਂ ॥
ਇਕ ਦਰਬਾਰੀ, ਧੂਮਾ ਕਹੈਂ ॥
ਕਥਾ ਗੁਰੂ ਜੀ ਕੇ ਸੁਤਨ ਕੀ ਦਾ ਲਿਖਾਰੀ ਸਿੱਖ ਹੰਡੂਰ ਨਿਵਾਸੀ ਕਹਿੰਦਾ ਹੈ ਕਿ ਮੈਂ ਤੁਹਾਨੂੰ ਇੱਕ ਹੋਰ ਕਥਾ ਸੁਣਾਉਂਦਾ ਹਾਂ। ਇੱਕ ਹੋਰ ਤੋਂ ਭਾਵ ਇਹ ਕਿ ਪਹਿਲਾਂ ਉਹ ਕੁੰਮਾ ਮਾਸ਼ਕੀ ਅਤੇ ਮਾਈ ਲੱਛਮੀ ਦੀ ਕਹਾਣੀ ਸੁਣਾ ਚੁੱਕਾ ਹੈ। ਅੱਗੇ ਉਹ ਸਹੇੜੀ ਦੇ ਦੋ ਮਸੰਦਾਂ ਦਾ ਜਿਕਰ ਕਰ ਰਿਹਾ ਹੈ ਜੋ ਦਰਬਾਰੀ ਤੇ ਧੂਮਾ ਹੈ। ਇਹ ਨਾਮ ਪੁਰਾਤਨ ਲਿਖਤ ਗੁਰੂ ਕੀਆਂ ਸਾਖੀਆਂ ਵਿੱਚ ਵੀ ਆਉਂਦੇ ਹਨ। ਅਸਲ ਵਿੱਚ ਇਹਨਾਂ ਵਿੱਚੋਂ ਦਰਬਾਰੀ ਨਾਂ ਗੰਗੂ ਦਾ ਹੀ ਉਪਨਾਮ ਹੈ ਤੇ ਧੂਮਾ ਮਸੰਦ ਸ਼ਰੀਕੇ-ਭਾਈਚਾਰੇ ਵਿੱਚੋਂ ਉਸਦਾ ਤਾਇਆ ਲੱਗਦਾ ਸੀ ਜੋ ਉਪਰੋਕਤ ਘਟਨਾ ਵਾਪਰਨ ਸਮੇਂ ਤੱਕ ਜੀਵਤ ਨਹੀਂ ਸੀ। ਧੂਮਾ ਤੇ ਦਰਬਾਰੀ ਦਾ ਖੋਜ ਭਰਪੂਰ ਜਿਕਰ ਸਾਹਿਬਜਾਦਾ ਸਿੰਘ ਨੇ ਆਪਣੀ ਪੁਸਤਕ ਕਥਾ ਗੁਰੂ ਜੀ ਕੇ ਸੁਤਨ ਕੀ ਅਧਿਐਨ ਵਿੱਚ ਕੀਤਾ ਹੈ। ਸ਼ਹੀਦਨਾਮਾ – ਕਵੀ ਕਿਸ਼ਨ ਸਿੰਘ, ਗੁਰਬਿਲਾਸ ਪਾਤਸ਼ਾਹੀ ਦਸਵੀਂ – ਭਾਈ ਸੁੱਖਾ ਸਿੰਘ, ਪ੍ਰਾਚੀਨ ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਸ਼ਹੀਦ ਬਿਲਾਸ – ਗਿਆਨੀ ਠਾਕਰ ਸਿੰਘ, ਤਵਾਰੀਖ ਗੁਰੂ ਖਾਲਸਾ, ਮਹਾਨ ਕੋਸ਼, ਸ੍ਰੀ ਕਲਗੀਧਰ ਚਮਤਕਾਰ ਇਨ੍ਹਾਂ ਪੁਰਾਤਨ ੮ ਗ੍ਰੰਥਾਂ ਵਿੱਚ ਇੱਕ ਹੀ ਵਿਅਕਤੀ ਦਾ ਜਿਕਰ ਹੈ, ਦੋ ਮਸੰਦਾਂ ਦਾ ਨਹੀਂ।
ਇਨ੍ਹਾਂ ਗ੍ਰੰਥਾਂ ਵਿੱਚ ਇਹ ਨਾਂ ਆਏ ਹਨ ਗੰਗੂ, ਮਸੰਦ ਬ੍ਰਾਹਮਣ, ਬ੍ਰਾਹਮਣ ਰਸੋਈਆ, ਬ੍ਰਾਹਮਣ ਮਸੰਦ, ਗੰਗੂ ਬ੍ਰਾਹਮਣ, ਗੰਗਾ ਰਾਮ ਬ੍ਰਾਹਮਣ, ਗੰਗੂ ਬ੍ਰਾਹਮਣ, ਗੰਗੂ ਬ੍ਰਾਹਮਣ। ਸਿੱਖ ਕੌਮ ਦੀਆਂ ਪੱਕੀਆਂ ਰਵਾਇਤਾਂ ਅਨੁਸਾਰ ਵੀ ਗੰਗੂ ਬ੍ਰਾਹਮਣ ਦਾ ਹੀ ਜਿਕਰ ਕੀਤਾ ਜਾਂਦਾ ਹੈ।
ਸੋਰਠਾ :
ਤਿਨੈ ਸੁਨੀ ਯਹ ਬਾਇ, ਤਹਾਂ ਖੇਡ ਐਸੋ ਭਣੋ ॥
ਆਯੋ ਤਿਤਹੀ ਧਾਇ, ਜੋ ਕਿਤ ਹੂੰ ਕੋਊ ਪਾਈਐ॥
ਜਦੋਂ ਗੰਗੂ ਨੇ ਇਹ ਬਾਇ (ਬਾਤ) ਸੁਣੀ ਕਿ ਸਰਸਾ ਦੇ ਕਿਨਾਰੇ ਗੁਰੂ ਪਰਿਵਾਰ ਵਿੱਛੜ ਗਿਆ ਹੈ, ਇਹੋ ਜਿਹੀ ਖੇਡ ਬਣ ਗਈ ਹੈ ਕਿ ਕਿਸੇ ਪੱਤਣ ਕਿਨਾਰੇ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦੇ ਠਹਿਰੇ ਹੋਏ ਹਨ ਤਾਂ ਇਹ ਉੱਥੇ ਧਾਇ (ਤੇਜੀ ਨਾਲ) ਆਇਆ। ਇਸਨੂੰ ਇਵੇਂ ਲੱਗਾ ਜਿਵੇਂ ਇਸਨੇ ਕੋਈ ਕੀਮਤੀ ਚੀਜ ਪ੍ਰਾਪਤ ਕਰ ਲਈ ਹੋਵੇ ।
ਏਕ ਲਾਲ ਜੋ ਮਿਲ ਹੈ ਆਈ।
ਤਉ ਹਮਰੀ ਸਭ ਬਿਧਿ ਬਨ ਜਾਈ॥
ਮਗ ਮੈਂ ਸੱਕਾ ਮਿਲਯੋਂ ਸੁ ਜਾਂਕੋ।
ਤਿਸ ਪ੍ਰਤਿ ਪੂਛਯੋ ਨਾਮ ਸੁ ਤਾਂ ਕੋ॥
ਗੰਗੂ ਦੇ ਮਨ ਵਿੱਚ ਆਇਆ ਕਿ ਜੇਕਰ ਮੈਨੂੰ ਇੱਕ ਲਾਲ, ਰਤਨ-ਮਾਣਕ ਮਿਲ ਜਾਵੇ ਤਾਂ ਮੇਰੀ ਸਭ ਬਿਧ (ਕਿਸਮਤ) ਬਣ ਜਾਵੇਗੀ। ਇਹ ਲਾਲਚੀ ਅਤੇ ਮੱਕਾਰ ਬਿਰਤੀ ਵਾਲਾ ਆਦਮੀ ਸੀ। ਦਸਮ ਪਾਤਸ਼ਾਹ ਜੀ ਦੇ ਸਮੇਂ ਅਨੰਦਪੁਰ ਸਾਹਿਬ ਵਿੱਚ ਚੌਦਾਂ ਲੰਗਰ ਚਲਦੇ ਸੀ, ਉਨ੍ਹਾਂ ਵਿੱਚੋਂ ਕਿਸੇ ਇੱਕ ਲੰਗਰ ‘ਚ ਤਨਖਾਹ ‘ਤੇ ਸੇਵਾਦਾਰ ਰਹਿ ਚੁੱਕਾ ਗੰਗੂ ਜਾਣਦਾ ਸੀ ਕਿ ਗੁਰੂ ਘਰ ਦਾ ਖਜਾਨਾ ਦਾਦੀ ਮਾਂ ਦੇ ਕੋਲ ਹੀ ਹੁੰਦਾ ਹੈ। ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਢੂੰਡ-ਭਾਲ ਵੀ ਲਾਲਚ ਵਸ ਕਰ ਰਿਹਾ ਹੈ, ਮਨ ਵਿੱਚ ਤਾਂ ਲਾਲ-ਮਾਣਕ ਮਿਲ ਜਾਣ ਦੀ ਲਾਲਸਾ ਭਰੀ ਹੋਈ ਸੀ। ਮਗ (ਰਸਤੇ) ਵਿੱਚ ਝੌਂਪੜੀ ਦੇ ਨੇੜੇ ਹੀ ਇਸਨੂੰ ਸੱਕਾ (ਭਾਵ ਮਾਸ਼ਕੀ) ਮਿਲਿਆ। ਉਸ ਕੋਲੋਂ ਇਸਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਨਾਮ ਪੁੱਛੇ ।
ਤਉ ਸੱਕੇ ਯਹ ਬਾਤ ਚਲਾਈ॥
ਤੁਮ ਕਿਮ ਪੂਛਤ ਬਾਤ ਜਨਾਈ॥
ਤਿਨਹਿ ਕਹਯੋ ਹਮ ਉਨ ਕੇ ਦਾਸਾ॥
ਮਸੰਦ ਨਾਮ ਜਗ ਮਾਹੇ ਬਾਸਾ॥
ਤਾਂ ਕੁੰਮੇ ਮਾਸ਼ਕੀ ਨੇ ਕਿਹਾ ਕਿ ਤੂੰ ਉਹਨਾਂ ਦੇ ਨਾਂ ਕਿਉਂ ਪੁੱਛਦਾ ਏਂ, ਮੈਨੂੰ ਵੀ ਇਹ ਗੱਲ ਦੱਸਣੀ ਕਰ। ਗੰਗੂ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਸੇਵਕ ਹਾਂ, ਮਸੰਦ ਕਰਕੇ ਦੁਨੀਆਂ ‘ਚ ਵਸਦੇ ਹਾਂ।
ਪਰਹਾ :
ਢੂੰਡ ਭਾਲ ਜੋ ਕੀਨੇ ਸਭ ਹੀ ਏਕਠੇ॥
ਪੁਰ ਅਨੰਦ ਗ੍ਰਿਹ ਮਾਹਿ, ਬਸੈ ਤਹਿ ਨੇਕਠੇ॥
ਤਬਹਿ ਮਾਸ਼ਕੀ ਕਹੈ, ਅਬੈ ਤੁਮ ਜਾਨਯੋ ॥
ਲੈ ਆਉ ਗ੍ਰਿਹ ਮਾਹਿ, ਦੇਖਿ ਬਿਗਸਾਨਯੋ॥
ਅਗਲਾ ਭਾਗ………