History of the days after Guru Gobind Singh Ji left Anandpur Sahib – 8-1-26

ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ

ਦੂਜੀ ਰਾਤ
ਭਾਗ-2
ਇਸਨੇ ਹੋਰ ਤਸੱਲੀ ਕਰਾਉਣ ਲਈ ਕਿਹਾ ਕਿ ਅਸੀਂ ਏਕਠੇ (ਇਕੱਠੇ) ਹੋ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਢੂੰਡ-ਭਾਲ ਕਰ ਰਹੇ ਹਾਂ। ਅਨੰਦਪੁਰ ਵਿਖੇ ਅਸੀਂ ਮਾਤਾ ਜੀ ਦੇ ਘਰ ਦੇ ਨੇਕਠੇ (ਨੇੜੇ) ਹੀ ਵਸਦੇ ਸੀ। ਕਥਾ ਗੁਰੂ ਜੀ ਕੇ ਸੁਤਨ ਕੀ ਦੇ ਲਿਖਾਰੀ ਨੂੰ ਦੋ ਮਸੰਦਾਂ ਦਾ ਭੁਲੇਖਾ ਲੱਗਾ ਹੈ ਜੋ ਅਸੀਂ ਉੱਪਰ ਕੱਢ ਆਏ ਹਾਂ, ਕੁੰਮਾ ਮਾਸ਼ਕੀ ਨੂੰ ਇਕੱਲਾ ਗੰਗੂ ਹੀ ਮਿਲਦਾ ਹੈ। ਕੁੰਮਾ ਮਾਸ਼ਕੀ ਇਸ ਦੀ ਸਾਰੀ ਗੱਲ ਸੁਣ ਕੇ ਤੇ ਇਸ ‘ਤੇ ਤਸੱਲੀ ਕਰ ਕੇ ਕਹਿਣ ਲੱਗਾ ਕਿ ਹੁਣ ਤੂੰ ਹੀ ਜਾਣੀਂ ਅੱਗੇ ਕਿਵੇਂ ਕਰਨਾ ਹੈ। ਇਹ ਕਹਿ ਕੇ ਆਪਣੀ ਝੌਂਪੜੀ ਵਿੱਚ ਲੈ ਆਇਆ ਤੇ ਦੇਖ ਕੇ ਖੁਸ਼ ਹੋ ਰਿਹਾ ਹੈ ਕਿ ਮਾਤਾ ਜੀ ਨੂੰ ਉਹਨਾਂ ਦਾ ਪੁਰਾਣਾ ਸੇਵਾਦਾਰ ਮਿਲ ਗਿਆ, ਉਹਨਾਂ ਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ, ਗੰਗੂ ਜਿਵੇਂ ਚਾਹੇਗਾ ਕਰ ਲਵੇਗਾ।

ਮਾਤਾ ਜੀ ਕੋ ਸੀਸ ਟੇਕ ਤਬ ਏਹੁ ਕਹੀ॥
ਚਲੋ ਹਮਾਰੀ ਮਾਤ, ਨੇਤ ਬਿਧਿ ਯਹ ਸਹੀ॥
ਤਬੈ ਭਈ ਪ੍ਰਸੰਨ ਮਿਲਯੋ ਤਹਿੰ ਆਇਕੈ॥
ਪੂਛੀ ਸਗਲੀ ਬਾਤ, ਕਹੀ ਸਮਝਾਇਕੈ॥

ਝੁੱਗੀ ਵਿੱਚ ਜਾ ਕੇ ਗੰਗੂ ਨੇ ਮੱਥਾ ਟੇਕਿਆ ਤੇ ਹੌਂਸਲੇ ਦੀ ਗੱਲ ਕਰਦਿਆਂ ਕਿਹਾ ਕਿ ਮਾਤਾ ਜੀ ਹੁਣ ਤੁਸੀਂ ਚਿੰਤਾ ਨਾ ਕਰੋ, ਕਿਸਮਤ ਵਿੱਚ ਇਹੋ ਹੋਣਾ ਲਿਖਿਆ ਸੀ। ਮਾਤਾ ਜੀ ਪੁਰਾਣਾ ਸੇਵਾਦਾਰ ਜਾਣ ਬਹੁਤ ਪ੍ਰਸੰਨ ਹੋਏ ਕਿ ਸਾਨੂੰ ਆਣ ਕੇ ਮਿਲਿਆ ਹੈ। ਸਾਰੀ ਗੱਲ-ਬਾਤ ਮਾਤਾ ਜੀ ਨੇ ਪੁੱਛੀ, ਹਾਲਾਤ ਕਿਹੋ ਜਿਹੇ ਨੇ ਸਾਰੀ ਜਾਣਕਾਰੀ ਲਈ ਤੇ ਸਮਝਾ ਕਿ ਕਿਹਾ ਕਿ ਤੂੰ ਇਹਨਾਂ ਜਿੰਦਾਂ ਨੂੰ ਇਹਨਾਂ ਦੇ ਪਿਤਾ ਨਾਲ ਮਿਲਾ ਦੇ, ਤੇਰਾ ਵੱਡਾ ਪੁੰਨ ਹੋਵੇਗਾ। ਗੰਗੂ ਨੇ ਕਿਹਾ ਕਿ ਤੁਸੀਂ ਕੋਈ ਫਿਕਰ ਨਾ ਕਰੋ, ਮੈਂ ਛੇਤੀ ਹੀ ਜਿੱਧਰ ਗੁਰੂ ਜੀ ਗਏ ਨੇ, ਓਸੇ ਰਸਤੇ ਚੱਲ ਕੇ ਗੁਰੂ ਜੀ ਨੂੰ ਮਿਲਾ ਦੇਵਾਂਗਾ। ਮਾਤਾ ਜੀ ਨੂੰ ਕੋਈ ਖਬਰ ਨਹੀਂ ਸੀ ਕਿ ਉਹਨਾਂ ਦਾ ਬਾਕੀ ਪਰਿਵਾਰ ਕਿੱਥੇ ਹੈ। ਪੁਰਾਣਾ ਸੇਵਾਦਾਰ ਹੋਣ ਕਰਕੇ ਮਾਤਾ ਜੀ ਨੇ ਗੰਗੂ ‘ਤੇ ਭਰੋਸਾ ਕਰ ਲਿਆ ਤੇ ਨਾਲ ਚੱਲਣ ਦੀ ਤਿਆਰੀ ਕੀਤੀ ।

ਦੋਹਰਾ
ਦੁਇ ਮੋਹਰ ਕੀ ਆਰਸੀ, ਪੰਚ ਚੂੜੀਆਂ ਸਾਥ॥ ਤਿਸਹੀ ਬ੍ਰਾਹਮਨੀ ਕੋ ਦਈ, ਜੋ ਪ੍ਰਸਾਦ ਵਹ ਪ੍ਰਾਤ ॥ ਰੁਪਯਾ ਪਾਂਚ ਸੈ ਤਿਸ ਦਯੋ, ਕੀਮਾ ਨਾਮ ਜੁ ਆਹਿ॥ ਤਿਨਹੁ ਜੁ ਮਸਤਕ ਟੇਕ ਕੈ, ਲੀਨਾ ਤਬਹਿ ਉਠਾਹਿੰ ॥

ਮਾਤਾ ਜੀ ਨੇ ਜਾਣ ਲੱਗਿਆਂ ਮਾਈ ਲੱਛਮੀ ਨੂੰ ਦੋ ਸੋਨੇ ਦੀਆਂ ਮੋਹਰਾਂ ਦੇ ਮੁੱਲ ਦੀ ਆਰਸੀ ਜੋ ਹੱਥ ਦੇ ਅੰਗੂਠੇ ‘ਚ ਪਾਉਣ ਵਾਲਾ ਸ਼ੀਸ਼ਾ ਜੜਿਆ ਕੀਮਤੀ ਗਹਿਣਾ ਹੁੰਦਾ ਹੈ ਤੇ ਸੋਨੇ ਦੀਆਂ ਪੰਜ ਚੂੜੀਆਂ ਦਿੱਤੀਆਂ। ਕੁੰਮੇ ਮਾਸ਼ਕੀ ਨੂੰ ਪੰਜ ਰੁਪਏ ਦਿੱਤੇ। ਇਸ ਗਰੀਬ ਮਲਾਹ ਨੇ ਮਾਤਾ ਜੀ ਨੂੰ ਮੱਥਾ ਟੇਕ ਕੇ ਗੁਰੂ ਮਾਤਾ ਜੀ ਦੀ ਬਖਸ਼ਿਸ਼ ਜਾਣ ਉਠਾ ਲਏ। ਮਾਤਾ ਜੀ ਨੇ ਇਹਨਾਂ ਦੋਨ੍ਹਾਂ ਦਾ ਬਹੁਤ ਧੰਨਵਾਦ ਕੀਤਾ। ਮਾਈ ਲੱਛਮੀ ਨੇ ਤੁਰਨ ਲੱਗਿਆਂ ਨੂੰ ਗਰਮ ਭਾਰੇ ਕੱਪੜੇ ਤੇ ਸਾਰੇ ਜੀਆਂ ਲਈ ਪ੍ਰਸ਼ਾਦੇ ਵੀ ਪੋਣੇ ਵਿੱਚ ਬੰਨ ਕੇ ਗੰਗ ਨੰ ਸੰਭਾਲ ਦਿੱਤੇ ਤਾਂ ਕਿ ਲੋੜ ਪੈਣ ‘ਤੇ ਰਸਤੇ ਵਿੱਚ ਵਰਤੇ ਜਾ ਸਕਣ। ਉਨ੍ਹਾਂ ਵੇਲਿਆਂ ‘ਚ ਇੱਕ ਥਾਂ ਤੋਂ ਦੂਜੀ ਥਾਂ ਸਫਰ ‘ਤੇ ਜਾਣ ਲੱਗਿਆਂ ਲੋਕ ਆਮ ਹੀ ਪ੍ਰਸ਼ਾਦੇ ਪੱਲੇ ਨਾਲ ਬੰਨ ਕੇ ਲਿਜਾਇਆ ਕਰਦੇ ਸਨ ਕਿਉਂਕਿ ਰਸਤੇ ਵਿੱਚ ਹੁਣ ਵਾਂਗ ਖਾਣ-ਪੀਣ ਲਈ ਸਾਧਨ ਨਹੀਂ ਸੀ ਹੋਇਆ ਕਰਦੇ। ਕੁੰਮੇ ਮਾਸ਼ਕੀ ਨੇ ਆਪਣੀ ਬੇੜੀ ਵਿੱਚ ਬਿਠਾ ਸਾਰਿਆਂ ਨੂੰ ਸਮੇਤ ਖੱਚਰ ਪਾਰ ਕਰਾ, ਇੱਕ ਪਿਲਕਣ ਦੇ ਦਰੱਖਤ ਥੱਲੇ ਉਤਾਰ ਦਿੱਤਾ ਜਿਸ ਨਾਲ ਉਹ ਬੇੜੀ ਬੰਨ੍ਹਿਆ ਕਰਦਾ ਸੀ। ਇਹ ਪਿਲਕਣ ਦਾ ਪੁਰਾਤਨ ਦਰੱਖਤ ਅੱਜ ਵੀ ਪਿੰਡ ਚੱਕ ਢੇਰਾ ਵਿਖੇ ਮੌਜੂਦ ਹੈ। ਕੁੰਮਾ ਮਾਸ਼ਕੀ ਦੂਰ ਤੱਕ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਦੇਖਦਾ ਰਿਹਾ। ਮਾਈ ਲੱਛਮੀ ਵੀ ਰੰਗੀਆਂ ਰੂਹਾਂ ਦੇ ਚਿਹਰੇ ਹਿਰਦੇ ਵਸਾ ਆਪਣੇ ਘਰ ਨੂੰ ਵਾਪਸ ਚਲੀ ਗਈ। ਵੱਡਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਖੱਚਰ ‘ਤੇ ਬੈਠ ਗਿਆ, ਛੋਟੇ ਫਤਹਿ ਸਿੰਘ ਜੀ ਨੂੰ ਮਾਤਾ ਜੀ ਨੇ ਕੁੱਛੜ ਚੁੱਕ ਲਿਆ। ਗੰਗੂ ਅੱਗੇ-ਅੱਗੇ ਖੱਚਰ ਫੜੀ ਚੱਲ ਪਿਆ। ਇਸਦਾ ਲਾਲਚੀ ਮਨ ਕਈ ਵਿਉਂਤਾਂ ਬਣਾਉਂਦਾ। ਕੁੰਮੇ ਤੇ ਲੱਛਮੀ ਨੂੰ ਦਿੱਤੀ ਮਾਇਆ ਤੇ ਗਹਿਣੇ ਇਹਦੇ ਪਾਪੀ ਮਨ ‘ਤੇ ਡਾਹਢਾ ਅਸਰ ਕਰ ਗਏ। ਇਹ ਜਾਣ ਗਿਆ ਕਿ ਮਾਤਾ ਜੀ ਕੋਲ ਬਹੁਤ ਮਾਇਆ ਹੈ। ਰੋਪੜ ਦੇ ਨੇੜੇ ਜਾ ਕੇ ਇਸ ਪਾਪੀ ਦਾ ਮਨ ਪੂਰੀ ਤਰ੍ਹਾਂ ਡੋਲ ਗਿਆ । ਕਥਾ ਗੁਰੂ ਜੀ ਕੇ ਸੁਤਨ ਕੀ ਦਾ ਲਿਖਾਰੀ ਲਿਖਦਾ वै:

ਸੋਰਠਾ

ਦੁਸ਼ਟ ਚਿਤ ਭਰਮਾਇ, ਮਾਤਾ ਜੀ ਕੋ ਇਮ ਕਹੈ॥
ਤੁਰਕ ਜੋ ਉਤਰੇ ਆਇ, ਰੋਪੜ ਤੀਰ ਜੁ ਯਹ ਸੁਨੀ॥ ਹਮਰਾ ਚਾਰਾ ਨਾਹਿ, ਜੋ ਤੁਮਰੇ ਮਨ ਸੋ ਕਹਉਂ॥
ਆਗੇ ਧਰਹੁ ਨ ਪਾਇ, ਲੇ ਜਾਵਹਿਂਗੇ ਪਕਰ ਤੁਮ ॥

ਅਗਲਾ ਭਾਗ………

You may also like these