ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
ਤੀਜੀ ਰਾਤ
ਭਾਗ-1
ਪਿਛਲੀ ਸਾਰੀ ਰਾਤ ਗੰਗੂ ਦੀ ਇਹ ਝਾਕਦਿਆਂ ਲੰਘ ਗਈ ਕਿ ਮਾਤਾ ਜੀ ਜਦੋਂ ਸੌਂਦੇ ਨੇ ਤਾਂ ਮੈਂ ਆਪਣਾ ਦਾਅ ਲਾ ਕੇ ਤੁਰਦਾ ਬਣਾ। ਪਰ ਉਹ ਸਾਰੀ ਰਾਤ ਇਸ ਕੰਮ ‘ਚ ਸਫਲ ਨਾ ਹੋ ਸਕਿਆ। ਉਸਨੂੰ ਹਰ ਸਮੇਂ ਮਾਤਾ ਜੀ ਜਾਗਦੇ ਨਜ਼ਰ ਆਏ। ਏਸੇ ਤਰ੍ਹਾਂ ਕਰਦਿਆਂ ਅੰਮ੍ਰਿਤ ਵੇਲਾ ਹੋ ਗਿਆ, ਗੰਗੂ ਨੂੰ ਮੱਲੋ-ਮੱਲੀ ਨੀਂਦ ਆ ਗਈ। ਮਾਤਾ ਜੀ ਤਲਾਅ ਤੋਂ ਮੂੰਹ-ਹੱਥ ਧੋ ਕੇ ਸਾਵਧਾਨ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਹੋ ਗਏ, ਬਹੁਤ ਦੇਰ ਏਸੇ ਤਰ੍ਹਾਂ ਪ੍ਰਭੂ ਬੰਦਗੀ ਵਿੱਚ ਜੁੜੇ ਰਹੇ । ਗੰਗੂ ਨੂੰ ਦਿਨ ਚੜ੍ਹੇ ਜਾਗ ਆਈ ਤਾਂ ਅੱਬੜਵਾਹੇ ਉੱਠਿਆ ਤੇ ਬਹੁਤ ਪਛਤਾਇਆ ਕਿ ਸਾਰੀ ਰਾਤ ਘਰੋਂ ਬਾਹਰ ਜਾਗ ਕੇ ਵੀ ਕੱਟੀ ਪਰ ਹੱਥ-ਪੱਲੇ ਕੁਝ ਨਾ ਪਿਆ। ਇਹ ਪਾਪੀ ਅਗਲੀ ਵਿਉਂਤ ਬਣਾ ਮਾਤਾ ਜੀ ਨੂੰ ਕਹਿਣ ਲੱਗਾ ਕਿ ਏਥੋਂ ਮੇਰਾ ਪਿੰਡ ਨੇੜੇ ਹੀ ਹੈ, ਉੱਥੇ ਚਲਦੇ ਹਾਂ, ਉੱਥੇ ਜਾ ਕੇ ਹੀ ਭੋਜਨ ਛਕਾਂਗੇ। ਇਸ ਦੀ ਨੀਅਤ ਏਨੀ ਖੋਟੀ ਹੋ ਚੁੱਕੀ ਹੈ, ਮਾਤਾ ਜੀ ਦੇ ਪਵਿੱਤਰ ਹਿਰਦੇ ਨੇ ਇਸ ਪਾਸੇ ਧਿਆਨ ਹੀ ਨਾ ਦਿੱਤਾ। ਭਾਣੇ ਦੀ ਮੂਰਤ ਦਾਦੀ ਮਾਂ ਨਿੱਕੇ ਬਾਲਾਂ ਦੀ ਤਲਾਅ ਤੋਂ ਸੁੱਚਮ ਕਿਰਿਆ ਕਰਾ ਕੇ ਗੰਗੂ ਨਾਲ ਅਗਲੇ ਸਫਰ ਲਈ ਚੱਲ ਪਈ। ਇਹ ਪਾਪੀ ਇਨ੍ਹਾਂ ਨੂੰ ਪਿੰਡ ਦੇ ਦੱਖਣ ਵਾਲੇ ਪਾਸੇ ਪਿੰਡ ਤੋਂ ਬਾਹਰ ਇੱਕ ਉਜਾੜ ਥਾਂ ‘ਤੇ ਢੱਕ ਵਿੱਚ ਲੈ ਗਿਆ। ਢੱਕ ਦਾ ਭਾਵ ਜਿਸ ਵਿੱਚ ਝਾੜੀ, ਕਾਹੀ, ਸਲਵਾੜ ਤੇ ਜੰਗਲੀ ਬੂਟੇ ਆਦਿ ਹੋਣ। ਏਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਬਿਠਾ ਆਪ ਇਹ ਕਹਿ ਕੇ ਆਪਣੇ ਘਰ ਨੂੰ ਚਲਾ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਆਉਂਦਾ ਹਾਂ ਕੋਈ ਖਤਰਾ ਤਾਂ ਨਹੀਂ, ਕਿਤੇ ਪਿੰਡ ਸਿਪਾਹੀ ਹੀ ਨਾ ਉੱਤਰੇ ਹੋਣ। ਹਰ ਪਿੰਡ ਵਿੱਚ ਮੁਗਲ ਸਿਪਾਹੀ ਸਿੰਘਾਂ ਨੂੰ ਤੇ ਗੁਰੂ ਜੀ ਨੂੰ ਢੂੰਡਦੇ ਫਿਰਦੇ ਸੀ। ਗੁਰੂ ਜੀ ਤੇ ਉਸਦੇ ਸੇਵਕਾਂ ਨੂੰ ਫੜਾਉਣ ਵਾਲੇ ਨੂੰ ਬਹੁਤ ਇਨਾਮ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਦਾ ਸਾਰਾ ਪਰਿਵਾਰ ਕੋਹਲੂ ਵਿੱਚ ਪੀੜਿਆ ਜਾਵੇਗਾ, ਢੰਡੋਰਾ ਹਰ ਪਿੰਡ ਵਿੱਚ ਪਿੱਟਿਆ ਜਾ ਰਿਹਾ ਸੀ। ਗੰਗੂ ਇਹੋ ਡਰ ਬਣਾ ਆਪਣੇ ਘਰ ਨੂੰ ਆ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਆਵਾਂ ਮੁਗਲ ਸਿਪਾਹੀ ਹੀ ਨਾ ਉੱਤਰੇ ਹੋਣ। ਮਾਤਾ ਜੀ ਇਸਦੀ ਬਹੁਤ ਦੇਰ ਤੱਕ ਉਡੀਕ ਕਰਦੇ ਰਹੇ ਪਰ ਇਹ ਛੇਤੀ ਵਾਪਸ ਨਾ ਆਇਆ। ਮਾਤਾ ਜੀ ਨੂੰ ਬਹੁਤ ਨੇੜੇ ਇੱਕ ਸਲਵਾੜ ਦਾ ਛੱਪਰ (ਕੁੱਲੀ) ਬਣਿਆ ਨਜ਼ਰੀਂ ਪਿਆ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਲੈ ਕੇ ਉਸ ਵਿੱਚ ਚਲੇ ਗਏ। ਇਹ ਛੱਪਰ ਇੱਕ ਮਸਤ ਫਕੀਰ ਦੀ ਕੁਟੀਆ ਸੀ। ਇਹ ਪਿੰਡੋਂ ਬਾਹਰ ਕੱਖਾਂ-ਕਾਨਿਆਂ ਦੀ ਬਣੀ ਝੌਂਪੜੀ ਨੁਮਾ ਕੁਟੀਆ ਵਿੱਚ ਰਹਿੰਦਾ ਸੀ। ਲੋਕਾਂ ਨਾਲ ਇਸਦਾ ਬਹੁਤ ਵਾਹ-ਵਾਸਤਾ ਨਹੀਂ ਸੀ, ਆਪਣੀ ਮਸਤੀ ਵਿੱਚ ਪ੍ਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ। ਕਦੇ-ਕਦਾਈਂ ਆਪਣੀ ਮੌਜ ਵਿੱਚ ਆਲੇ- ਦੁਆਲੇ ਦੇ ਪਿੰਡਾਂ ਵਿੱਚੋਂ ਪ੍ਰਸ਼ਾਦਾ ਛਕ ਆਉਂਦਾ। ਜਦੋਂ ਇਹ ਫਕੀਰ ਆਪਣੀ ਕੁਟੀਆ ਵਿੱਚ ਆਇਆ ਤਾਂ ਤਿੰਨ ਅਜਨਬੀ ਚਿਹਰੇ ਦੇਖ ਕੇ ਪੁੱਛਿਆ, “ਇੱਥੇ ਕਿਵੇਂ ਬੈਠੇ ਹੋ?” ਤਾਂ ਮਾਤਾ ਜੀ ਨੇ ਕਿਹਾ, “ਐਵੇਂ ਹੀ ਬੈਠੇ ਹਾਂ”। ਇਹਨਾਂ ਤਿੰਨਾਂ ਦੇ ਚਿਹਰਿਆਂ ‘ਤੇ ਚਮਕਦਾ ਰੱਬੀ ਨੂਰ ਦੇਖ ਫਕੀਰ ਨੂੰ ਸਮਝਣ ਵਿੱਚ ਦੇਰ ਨਾ ਲੱਗੀ, ਉਹ ਜਾਣ ਗਿਆ ਕਿ ਇਹ ਕੋਈ ਧੁਰੋਂ ਬਖਸ਼ੀਆਂ ਰੂਹਾਂ ਨੇ । ਇਸ ਨੇ ਮਾਤਾ ਜੀ ਦੇ ਚਰਨਾਂ ‘ਤੇ ਮੱਥਾ ਟੇਕ ਕੇ ਕਿਹਾ ਕਿ ਤੁਸੀਂ ਮੇਰੀ ਕੁਟੀਆ ‘ਚ ਬੇਝਿਜਕ ਬੈਠੇ ਰਹੋ, ਫਕੀਰ ਆਪ ਫਿਰ ਆਪਣੀ ਮਸਤੀ ਵਿੱਚ ਝਾੜੀਆਂ-ਝੱਲਾਂ ਵਿੱਚ ਵੜ ਗਿਆ।
ਇਸ ਫਕੀਰ ਦੀ ਕੁਟੀਆ ਵਾਲੀ ਥਾਂ ‘ਤੇ ਬਹੁਤ ਪੁਰਾਣਾ ਅਸਥਾਨ ਬਣਿਆ ਹੋਇਆ ਹੈ। ਮਾਤਾ ਜੀ ਨੇ ਫਕੀਰ ਨੂੰ ਕਿਹਾ ਕਿ ਐਵੇਂ ਹੀ ਬੈਠੇ ਹਾਂ, ਇਸ ਤੋਂ ਇਸ ਗੁਰਦੁਆਰੇ ਦਾ ਨਾਂ ਐਮਾ ਸਾਹਿਬ ਪੈ ਗਿਆ। ਪੁਰਾਣੀਆਂ ਮੋਟੀਆਂ ਇੱਟਾਂ ਦੇ ਬਣੇ ਇਸ ਪੁਰਾਤਨ ਛੋਟੇ ਜਿਹੇ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਸਦੇ ਨੇੜੇ ਹੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਵੀ ਬਣੀ ਹੋਈ ਏ। ਇਹ ਗੁਰਦੁਆਰਾ ਪਿੰਡ ਸਹੇੜੀ ਤੋਂ ਇੱਕ ਕਿ: ਮੀ: ਦੀ ਦੂਰੀ ‘ਤੇ ਪਿੰਡ ਤੋਂ ਦੱਖਣ ਵਾਲੇ ਪਾਸੇ ਸਥਿਤ ਹੈ। ਇਸਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਕੋਲ ਹੈ।
ਅਸੀਂ ਇੱਕ ਗੱਲ ਹੋਰ ਵੀ ਜਰੂਰੀ ਦੱਸਣੀ ਠੀਕ ਸਮਝਾਂਗੇ ਕਿ ਜਦੋਂ ਤੀਸਰੀ ਵਾਰੀ ਇਹਨਾਂ ਅਸਥਾਨਾਂ ਦੀ ਖੋਜ ਦੇ ਸੰਬੰਧ ਵਿੱਚ ਆਏ ਤਾਂ ਉਸ ਵਾਰੀ ਮੈਂ (ਲੇਖਕ) ਇਕੱਲਾ ਹੀ ਆਇਆ ਸੀ। ਰਾਤ ਨੂੰ ਪੁਰਾਣੇ ਅਸਥਾਨ ਦੇ ਸਾਹਮਣੇ ਅੰਬ ਦੇ ਦਰੱਖਤ ਥੱਲੇ ਗੱਡੀ ਖੜੀ ਕਰ ਉੱਥੇ ਹੀ ਮੰਜਾ ਡਾਹ ਲੰਮਾ ਲੈ ਗਿਆ ਤੇ ਨੇੜੇ ਹੀ ਗੁਰਦੁਆਰੇ ਦਾ ਸੇਵਾਦਾਰ ਸੌਂ ਗਿਆ। ਮੇਰੇ ਮਨ ਵਿੱਚ ਆਈ ਜਾਵੇ ਕਿ ਕਲਗੀਧਰ ਪਾਤਸ਼ਾਹ ਜੀ ਤੁਸੀਂ ਹੀ ਕ੍ਰਿਪਾ ਕਰੋ ਤਾਂ ਕਿ ਮੈਨੂੰ ਏਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਚਰਨ ਪਾਉਣ ਬਾਰੇ ਕੋਈ ਭੁਲੇਖਾ ਨਾ ਰਹੇ। ਮੈਂ ਮੰਜੇ ‘ਤੇ ਬੈਠੇ ਨੇ ਹੀ ਅਰਦਾਸ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੈਨੂੰ ਇਸ ਅਸਥਾਨ ਬਾਰੇ ਜਰੂਰ ਕੋਈ ਸੰਕੇਤ ਦੇਵੋ ਤਾਂ ਮੇਰੀ ਪੂਰੀ ਤਸੱਲੀ ਹੋ ਜਾਵੇ। ਇਹੋ ਅਰਦਾਸ ਕਰ ਮੈਂ ਸੌਂ ਗਿਆ। ਸੁੱਤੇ ਪਏ ਦੇ ਮੇਰੇ ਸਿਰ ਕੋਲ ਬਹੁਤ ਜੋਰਦਾਰ ਖੜਕਾ ਹੋਇਆ। ਸਿੰਘ ਹੱਥਾਂ ਵਿੱਚ ਸ਼ਸਤਰ ਲਈ ਕੁਝ ਘੋੜਿਆਂ ‘ਤੇ ਅਤੇ ਬਾਕੀ ਪੈਦਲ ਹੀ ਬਹੁਤ ਜੋਸ਼ ਵਿੱਚ ਨੱਠੇ ਜਾਂਦੇ ਨੇ। ਇਹਨਾਂ ਦੇ ਸਭ ਤੋਂ ਅੱਗੇ ਕੋਈ ਵਿਸ਼ੇਸ਼ ਵਿਅਕਤੀ ਹੈ। ਇਸ ਦੇ ਮਗਰ ਸਾਰੇ ਸਿੰਘ ਸਵਾਰ ਤੇ ਪੈਦਲ ਵਾਹੋ- ਦਾਹੀ ਭੱਜੇ ਜਾਂਦੇ ਨੇ। ਇਹ ਸਾਰਾ ਕੁਝ ਅੱਧੇ ਮਿੰਟ ਵਿੱਚ ਹੋ ਗਿਆ।
ਅਗਲਾ ਭਾਗ………