ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
#ਚੌਥੀ_ਰਾਤ
ਭਾਗ-2
ਜਾਨੀ ਖਾਂ ਤੇ ਮਾਨੀ ਖਾਂ ਘੋੜਿਆਂ ‘ਤੇ ਚੜ੍ਹ ਕੇ ਆਏ ਤੇ ਆਪਣੇ ਸਿਪਾਹੀਆਂ ਦੀ ਗਾਰਦ ਨਾਲ ਗੰਗੂ ਦੇ ਘਰ ਨੂੰ ਘੇਰਾ ਪਾ ਲਿਆ। ਮਾਤਾ ਜੀ ਪੋਤਿਆਂ ਨੂੰ ਗੋਦੀ ਵਿੱਚ ਬਿਠਾ ਅਡੋਲ ਬੈਠੇ ਰਹੇ। ਜਾਨੀ ਖਾਂ, ਮਾਨੀ ਖਾਂ ਕੋਠੜੀ ਵਿੱਚ ਦਾਖਲ ਹੋਏ ਤੇ ਰੋਅਬ ਨਾਲ ਪੁੱਛਿਆ ਦੱਸੋ ਤੁਸੀਂ ਕੌਣ ਹੋ? ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਬਿਨਾਂ ਕਿਸੇ ਭੈ ਦੇ ਬੇਝਿਜਕ ਦੱਸ ਦਿੱਤਾ। ਇਨ੍ਹਾਂ ਹਾਕਮਾਂ ਆਪਣੀ ਤਸੱਲੀ ਕਰ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਪੁੱਤਰ ਨੇ, ਗ੍ਰਿਫਤਾਰ ਕਰ ਲਏ। ਧਰਮੀ ਲੋਕ ਗੰਗੂ ਨੂੰ ਲਾਹਨਤਾਂ ਪਾਉਣ ਲੱਗੇ। ਮਾਤਾ ਜੀ ਬਿਨਾਂ ਕੁਝ ਵੀ ਬੋਲੇ ਮਾਸੂਮਾਂ ਨੂੰ ਲੈ, ਹਾਕਮਾਂ ਦੇ ਸਖਤ ਪਹਿਰੇ ਹੇਠ ਚੱਲ ਪਏ। ਪਿੰਡ ਦੇ ਲੋਕਾਂ ਦੀ ਭੀੜ ਮੂਹਰੇ ਹੋ ਦੇਖਦੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਂ ਤੇ ਪੁੱਤਰ ਹਨ। ਹਮਦਰਦੀ ਦੀ ਆਸ ਕਿਸੇ ਕੋਲੋਂ ਨਹੀਂ ਰੱਖੀ ਜਾ ਸਕਦੀ ਸੀ, ਸਭ ਹਾਕਮਾਂ ਦੇ ਡਰ ਨਾਲ ਕੰਬਦੇ ਸੀ। ਗੰਗੂ ਦਾ ਮਨ ਵੀ ਟਿਕਾਅ ਵਿੱਚ ਨਹੀਂ ਸੀ। ਉਸਦੇ ਅੰਦਰ ਪੂਰੀ ਤਰ੍ਹਾਂ ਹਲ-ਚਲ ਮਚੀ ਹੋਈ ਸੀ, ਉਸਨੇ ਬਹੁਤ ਵੱਡਾ ਪਾਪ ਕਮਾ ਲਿਆ, ਉਹ ਨੀਵੀਂ ਪਾ ਖਲੋਤਾ ਅੰਦਰੋਂ ਹੀ ਅੰਦਰ ਆਪਣੇ ਆਪ ਵਿੱਚ ਡਿੱਗਦਾ ਜਾਂਦਾ ਸੀ। ਗੰਗੂ ਦੇ ਘਰ ਤੋਂ ਰਸਤੇ ਤੱਕ ਪੈਦਲ ਹੀ ਲਿਆਂਦਾ ਗਿਆ ਤੇ ਏਥੋਂ ਇੱਕ ਬਲਦਾਂ ਨਾਲ ਚੱਲਣ ਵਾਲੇ ਗੱਡੇ (ਸਤਿਕਾਰ ਵਜੋਂ ਰੱਥ ਸਾਹਿਬ ਕਿਹਾ ਜਾਂਦਾ ਹੈ) ‘ਤੇ ਬਿਠਾ ਕੇ ਜੁਲਮੀ ਹਾਕਮ, ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਸਖਤ ਨਿਗਰਾਨੀ ਹੇਠ ਮੋਰਿੰਡੇ ਦੇ ਰਸਤੇ ਹੋ ਤੁਰੇ। ਇਹ ਗੱਡਾ ਜਾਨੀ ਖਾਂ ਤੇ ਮਾਨੀ ਖਾਂ ਨੇ ਆਪਣੇ ਸਿਪਾਹੀ ਭੇਜ ਕੇ ਪਿੰਡ ਨਥਮਲਪੁਰ ਦੇ ਜਿਮੀਦਾਰਾਂ ਕੋਲੋਂ ਲਿਆਂਦਾ ਸੀ। ਰਸਤੇ ‘ਚ ਦੇਖ ਲੋਕ ਹੈਰਾਨ ਰਹਿ ਜਾਂਦੇ ਤੇ ਸੋਚਦੇ ਕਿ ਇਸ ਬਿਰਧ ਮਾਤਾ ਤੇ ਛੋਟੇ ਬਾਲਾਂ ਨੇ ਕੀ ਜੁਰਮ ਕੀਤਾ ਹੋਵੇਗਾ। ਉਹਨਾਂ ਨੂੰ ਕੀ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਤੇ ਪੁੱਤਰ ਹੋਣਾ ਹੀ ਜੁਲਮੀ ਸਰਕਾਰ ਲਈ ਸਭ ਤੋਂ ਵੱਡਾ ਗੁਨਾਹ ਹੈ। ਏਸੇ ਤਰ੍ਹਾਂ ਚੱਲ ਕੇ ਮੋਰਿੰਡੇ ਤੋਂ ਬਾਹਰ ਇੱਕ ਖੂਹ ‘ਤੇ ਗੱਡਾ ਜਾ ਰੁਕਿਆ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਜਲ ਛਕਿਆ। ਉਨ੍ਹਾਂ ਨੂੰ ਗੰਗੂ ਪਾਪੀ ਨੇ ਆਪਣੇ ਘਰ ‘ਚ ਸਵੇਰ ਨੂੰ ਕੁਝ ਵੀ ਨਹੀਂ ਸੀ ਛਕਾਇਆ, ਰਾਤ ਵੀ ਉਨ੍ਹਾਂ ਨੇ ਥੋੜ੍ਹੇ ਜਿਹੇ ਪਤਾਸੇ ਹੀ ਛਕੇ ਸਨ। ਹਾਕਮ ਸਿਪਾਹੀ ਏਥੋਂ ਦਾਦੀ ਤੇ ਪੋਤਿਆਂ ਨੂੰ ਪੈਦਲ ਲੈ ਤੁਰੇ ਤੇ ਥੋੜ੍ਹੀ ਦੂਰ ਅੱਗੇ ਜਾ ਕੇ ਕੋਤਵਾਲੀ ‘ਚ ਬੰਦ ਕਰ ਦਿੱਤੇ।
ਜਾਨੀ ਮਾਨੀ ਰੰਘੜ ਦੁਏ ਭਾਈ, ਉਨ ਆਨ ਮੁਰੰਡੇ ਘਰ ਰਖੇ ਬਹਾਈ। ਇਕ ਸਾਂਭੇ ਇਕ ਗਯੋ ਸਿਰਹੰਦ, ਫੜਾਇ ਬਜੀਦੈ ਕਰ ਦਏ ਬੰਦ।
ਸ੍ਰੀ ਗੁਰ ਪੰਥ ਪ੍ਰਕਾਸ਼ – ਰਤਨ ਸਿੰਘ ਭੰਗੂ – ਪੰਨਾ ੧੦੩ (ਸ਼੍ਰੋ: ਗੁ: ਪ੍ਰ: ਕ: ਸ੍ਰੀ ਅੰਮ੍ਰਿਤਸਰ)
ਮਾਨੀ ਖਾਂ ਹਵਾਲਾਤ ਵਿੱਚ ਬੰਦ ਮਾਤਾ ਜੀ ਤੇ ਸਾਹਿਬਜ਼ਾਦਿਆਂ ‘ਤੇ ਸਖਤ ਪਹਿਰਾ ਲਾ ਨਿਗਰਾਨੀ ਰੱਖਦਾ ਰਿਹਾ, ਜਾਨੀ ਖਾਂ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਦੱਸਣ ਚਲਾ ਗਿਆ। ਮਾਤਾ ਜੀ ਪੋਤਿਆਂ ਨੂੰ ਹੌਂਸਲਾ ਦਿੰਦੇ ਕਿ ਦੁੱਖਾਂ ਭਰੇ ਸਮੇਂ ਵਿੱਚ ਉਦਾਸ ਨਹੀਂ ਹੋਣਾ, ਪ੍ਰਮਾਤਮਾ ਦੇ ਨਾਮ ਨਾਲ ਮਨ ਨੂੰ ਜੋੜੀ ਰੱਖਣਾ ਹੈ। ਗੁਰਬਾਣੀ ਦਾ ਜਾਪ ਕਰ ਦੋਨਾਂ ਨੂੰ ਸੁਣਾਉਂਦੇ, ਬਾਣੀ ਦੇ ਆਸਰੇ ਦੁੱਖਾਂ ਦੀਆਂ ਘੜੀਆਂ ਨੂੰ ਕੱਟਦੇ। ਕੋਤਵਾਲੀ ਦੇ ਕਾਨੂੰਨ ਮੁਤਾਬਿਕ ਭੋਜਨ ਦਿੱਤਾ ਗਿਆ। ਮਾਤਾ ਜੀ ਨੇ ਦੋਨਾਂ ਜਿੰਦਾਂ ਨੂੰ ਛਕਾ ਦਿੱਤਾ, ਆਪ ਨਾ-ਮਾਤਰ ਹੀ ਛਕਿਆ। ਕੰਧ ਨਾਲ ਢੋਅ ਲਾ ਸਾਹਿਬਜ਼ਾਦਿਆਂ ਨੂੰ ਆਪਣੀ ਗੋਦੀ ਵਿੱਚ ਲੈ ਮਾਤਾ ਜੀ ਗੁਰੂ ਘਰ ਦੀਆਂ ਸਿਦਕ ਦੀਆਂ ਬਾਤਾਂ ਸੁਣਾਉਂਦੇ ਰਹੇ। ਕਿਹੋ ਜਿਹਾ ਭਾਣਾ ਵਰਤਿਆ, ਕਸ਼ਟਾਂ ਦਾ ਪਹਿਰਾ ਦਿਨੋ ਦਿਨ ਵੱਧਦਾ ਹੀ ਗਿਆ। ਪਰਿਵਾਰ ਨਾਲੋਂ ਵਿੱਛੜ ਸਖਤੀ ਭਰੀ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ੧੦ ਪੋਹ, ੧੭੬੧ ਬਿ: (੨੪ ਦਸੰਬਰ, ੧੭੦੪ ਈ:) ਨੂੰ ਮੋਰਿੰਡੇ ਦੀ ਹਵਾਲਾਤ ਵਿੱਚ ਸਖਤ ਪਹਿਰੇ ਹੇਠ ਬਤੀਤ ਕੀਤੀ।
#ਸੂਚਨਾ
ਗੰਗੂ ਪਾਪੀ ਏਨਾ ਵੱਡਾ ਕਹਿਰ ਕਮਾ ਕੇ ਜਾਨੀ ਖਾਂ ਤੇ ਮਾਨੀ ਖਾਂ ਕੋਲੋਂ ਇਨਾਮ ਲੈਣ ਲਈ ਮੋਰਿੰਡਾ ਕੋਤਵਾਲੀ ਆਇਆ ਤਾਂ ਇਨ੍ਹਾਂ ਨੇ ਉਸ ਨੂੰ ਸੌ ਰੁਪਏ ਇਨਾਮ ਦਿੱਤਾ। ਅੱਗੋਂ ਗੰਗੂ ਨੇ ਜਾਨੀ ਖਾਂ ਨੂੰ ਕਿਹਾ ਕਿ ਇਹ ਇਨਾਮ ਘੱਟ ਹੈ, ਮੈਨੂੰ ਹੋਰ ਜਿਆਦਾ ਦੇਵੋ ਤਾਂ ਉਸ ਨੇ ਦੋ ਸੌ ਰੁਪਏ ਦਿੱਤੇ। ਪਾਪੀ ਕਮੀਨਾ ਦੋ ਸੌ ਰੁਪਏ ਇਨਾਮ ਲੈ ਕੇ ਕੋਤਵਾਲਾਂ ਨੂੰ ਸਲਾਮਾਂ ਕਰਦਾ ਹੋਇਆ ਵਾਪਸ ਆਪਣੇ ਘਰ ਸਹੇੜੀ ਨੂੰ ਚਲਾ ਗਿਆ। ਗਿਆਨੀ ਠਾਕਰ ਸਿੰਘ ਜੀ ਦੀ ਲਿਖਤ ਸ਼ਹੀਦ ਬਿਲਾਸ (੧੮੯੭ ਈ:) ਅਤੇ ਸ੍ਰੀ ਗੁਰਦੁਆਰੇ ਦਰਸ਼ਨ (੧੯੨੪ ਈ:) ਵਿੱਚ ਗੰਗੂ ਦਾ ਦੋ ਸੌ ਰੁਪਏ ਇਨਾਮ ਲੈਣ ਦਾ ਜਿਕਰ ਮਿਲਦਾ ਹੈ।
ਅਗਲਾ ਭਾਗ………