ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
#ਚੌਥੀ_ਰਾਤ
ਭਾਗ-3
ਜਿੱਥੇ ਆਣ ਕੇ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੂੰ ਗੱਡੇ ਵਿੱਚ ਬਿਠਾਇਆ ਉੱਥੇ ਗੁਰਦੁਆਰਾ ਰੱਥ ਸਾਹਿਬ ਸੁਭਾਏਮਾਨ ਹੈ। ਇਸ ਥਾਂ ‘ਤੇ ਇੱਕ ਬਹੁਤ ਭਾਰੀ ਪਿੱਪਲ ਤੇ ਨੇੜੇ ਇੱਕ ਖੂਹੀ ਹੁੰਦੀ ਸੀ। ਇੱਥੇ ਸਭ ਤੋਂ ਪਹਿਲਾਂ ਸਹੇੜੀ ਦੇ ਰਹਿਣ ਵਾਲੇ ਅੰਮ੍ਰਿਤਧਾਰੀ ਗੁਰਸਿੱਖ ਭਜਨ ਸਿੰਘ (ਬਰਾਦਰੀ ਨਾਈ) ਨੇ ਨਿਸ਼ਾਨ ਸਾਹਿਬ ਲਗਾਉਣ ਦਾ ਉੱਦਮ ਕੀਤਾ ਪਰ ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਸਫਲ ਨਾ ਹੋਣ ਦਿੱਤਾ। ੧੯੭੦ ਈ: ਤੋਂ ਬਾਅਦ ਸੰਤ ਅਜੀਤ ਸਿੰਘ ਜੀ ਨਥਮਲਪੁਰ ਵਾਲਿਆਂ ਨੇ ਇੱਥੇ ਆਪਣੇ ਭੂਆ ਦੇ ਪੁੱਤਰ ਬਾਬਾ ਅਮਰ ਸਿੰਘ (ਗ੍ਰਹਿਸਥੀ ਨਹੀਂ ਸੀ) ਨੂੰ ਭੇਜ ਕੇ ਗੁਰਦੁਆਰਾ ਬਣਾਇਆ। ਇਨ੍ਹਾਂ ਦਾ ਚਲਾਣਾ ੨੪ ਨਵੰਬਰ, ੧੯੭੯ ਈ: ਨੂੰ ਰੱਥ ਸਾਹਿਬ ਹੀ ਹੋਇਆ ਤੇ ਸਸਕਾਰ ਪਿੰਡ ਸਹੇੜੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਸੰਤ ਅਜੀਤ ਸਿੰਘ ਜੀ ਕਿਹਾ ਕਰਦੇ ਸੀ ਕਿ ਜਿਸ ਗੱਡੇ ਉੱਤੇ ਬਿਠਾ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਗਏ, ਉਹ ਗੱਡਾ ਸਾਡੇ ਵਡੇਰਿਆਂ ਦਾ ਸੀ। ਜਾਨੀ ਖਾਂ ਤੇ ਮਾਨੀ ਖਾਂ ਇਨ੍ਹਾਂ ਦੇ ਵਡੇਰਿਆਂ ਤੋਂ ਇਹ ਗੱਡਾ ਲੈ ਆਏ ਸੀ। ੧ ਮਈ, ੧੯੪੫ ਈ: ਨੂੰ ਪਿੰਡ ਧਨੌਰੀ (ਰੋਪੜ) ‘ਚ ਜਨਮੀ ਬੀਬੀ ਹਰਭਜਨ ਕੌਰ (ਬੀ. ਏ. ਪਾਸ) ਦਾ ਵਿਆਹ ਪ੍ਰੋਫੈਸਰ ਸ਼ੇਰ ਸਿੰਘ ਪਿੰਡ ਪਿੱਪਲ ਮਾਜਰਾ (ਰੋਪੜ) ਨਾਲ ਹੋਇਆ ਪਰ ਪ੍ਰਵਾਨ ਨਾ ਚੜ੍ਹ ਸਕਿਆ। ਉਹ ੧੯੭੦ ਈ: ਤੋਂ ਨਥਮਲਪੁਰ ਸੰਤਾਂ ਦੇ ਕੋਲ ਆਣ ਕੇ ਰਹਿਣ ਲੱਗ ਪਈ। ਸੰਤਾਂ ਨੇ ੧੯੭੫ ਈ: ਤੋਂ ਬੀਬੀ ਦੀ ਸੇਵਾ ਗੁਰਦੁਆਰਾ ਰੱਥ ਸਾਹਿਬ ‘ਚ ਲਗਾ ਦਿੱਤੀ ਜੋ ਉਹ ਹੁਣ ਤੱਕ ਨਿਭਾ ਰਹੀ ਹੈ।
ਮੋਰਿੰਡੇ ਆਣ ਕੇ ਜਿੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਜਲ ਛਕਿਆ ਉੱਥੇ ਗੁਰਦੁਆਰਾ ਸ਼ਹੀਦ ਗੰਜਿ ਨੂੰ ਸਭ ਤੋਂ ਪਹਿਲਾਂ ਰੋਪੜ ਦੇ ਰਾਜਾ ਭੂਪ ਸਿੰਘ ਨੇ ਬਣਾਇਆ ਸੀ। ਉਸ ਨੇ ਗੁਰਦੁਆਰਾ ਸਾਹਿਬ ਦੇ ਨਾਂ ਇੱਕ ਬਾਗ ਅਤੇ ੧੬ ਬਿੱਘੇ ਜਮੀਨ ਵੀ ਲਗਵਾਈ। ਰਾਜਾ ਭੂਪ ਸਿੰਘ ਤੋਂ ਬਾਅਦ ਇਸ ਅਸਥਾਨ ਦੀ ਸੰਭਾਲ ਮਾੜੇ ਹਾਲਾਤਾਂ ਵਿੱਚ ਚਲੀ ਗਈ। ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਇੱਕ ਸਾਧੂ- ਮਹਾਤਮਾ ਏਥੇ ਰਹਿੰਦਾ ਰਿਹਾ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਓਸੇ ਸਮੇਂ ਹੀ ਮੋਰਿੰਡਾ ਦੇ ਰਹਿਣ ਵਾਲੀ ਬ੍ਰਾਹਮਣ ਕੁੱਲ ਦੀ ਇੱਕ ਮਾਈ ਏਥੇ ਕਈ ਸਾਲ ਤੱਕ ਝਾੜੂ-ਦੀਪਕ ਦੀ ਸੇਵਾ ਕਰਦੀ ਰਹੀ। ੧੯੩੧ ਈ: ਨੂੰ ਇਲਾਕੇ ਦੀਆਂ ਸੰਗਤਾਂ ਨੇ ਇੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਲੈਂਟਰ ਪਾ ਕੇ ਬਹੁਤ ਹੀ ਸੁੰਦਰ ਨਿਰਮਾਣ ਕੀਤਾ ਜਿਸਦਾ ਪ੍ਰਬੰਧ ਸ਼੍ਰੋ: ਗੁ: ਪ੍ਰ: ਕਮੇਟੀ ਕੋਲ ਚਲਾ ਗਿਆ। ੧੯੮੦ ਈ: ਵਿੱਚ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਮੌਜੂਦਾ ਇਮਾਰਤ ਦੀ ਉਸਾਰੀ ਕਰਵਾਈ। ਜਿਸ ਖੂਹ ਤੋਂ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੇ ਜਲ ਛਕਿਆ ਸੀ, ਉਸ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਹੋਇਆ ਹੈ।
ਜਾਨੀ ਖਾਂ, ਮਾਨੀ ਖਾਂ ਦੋਵੇਂ ਭਰਾ ਰਾਜਪੂਤਾਂ ਵਿੱਚੋਂ ਰੰਘੜ ਮੁਸਲਮਾਨ ਸੀ (ਰੰਘੜ, ਇਸਲਾਮਮਤ ਧਾਰਨ ਵਾਲਾ ਰਾਜਪੂਤ – ਮਹਾਨ ਕੋਸ਼)। ਮੁਗਲ ਕਾਲ ਦੇ ਸਮੇਂ ਕੋਤਵਾਲ ਜਾਂ ਕਿਲ੍ਹੇਦਾਰ ਇੱਕ ਉੱਚ ਅਫਸਰੀ ਅਹੁਦਾ ਹੋਇਆ ਕਰਦਾ ਸੀ, ਜਿਆਦਾ ਤੌਰ ‘ਤੇ ਇਸਨੂੰ ਕੋਤਵਾਲ (ਕੋਟਪਾਲ) ਹੀ ਕਿਹਾ ਜਾਂਦਾ ਸੀ। ਇਨ੍ਹਾਂ ਵਿੱਚੋਂ ਜਾਨੀ ਖਾਂ ਮੋਰਿੰਡਾ ਦਾ ਕੋਤਵਾਲ ਸੀ ਤੇ ਮਾਨੀ ਖਾਂ ਏਸੇ ਹੀ ਕੋਤਵਾਲੀ ਦਾ ਉੱਚ ਅਧਿਕਾਰੀ ਸੀ।
ਜਿਸ ਕੋਤਵਾਲੀ (ਹਵਾਲਾਤ) ਵਿੱਚ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀ, ਉੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਹੈ। ਇਸ ਅਸਥਾਨ ਨੂੰ ਸਿੱਖ ਪੰਥ ਨੇ ਬਹੁਤ ਦੇਰ ਬਾਅਦ ਸਾਂਭਿਆ। ਏਥੇ ਓਸੇ ਹੀ ਸਮੇਂ ਦੀ ਪੁਰਾਣੀ ਕੋਤਵਾਲੀ ਵਿੱਚ ੧੯੩੩ ਈ: ਤੱਕ ਪੁਲਿਸ ਚੌਂਕੀ ਰਹੀ, ਫਿਰ ਇਸ ਜਗ੍ਹਾ ਸਰਕਾਰੀ ਸਕੂਲ ਖੁੱਲ੍ਹ ਗਿਆ। ਇਲਾਕੇ ਦੇ ਉੱਦਮੀ ਸਿੰਘਾਂ ਨੇ ਗੁਰਚਰਨ ਸਿੰਘ ਟੌਹੜਾ ਨੂੰ ੧੯੯੮ ਈ: ਵਿੱਚ ਇਸ ਅਸਥਾਨ ‘ਤੇ ਲਿਆਂਦਾ ਤੇ ਉਸ ਦੇ ਜੋਰ ਦੇਣ ‘ਤੇ ਅਕਾਲੀ ਸਰਕਾਰ ਨੇ ਇਹ ਥਾਂ ਸਿੱਖ ਪੰਥ ਨੂੰ ੧੯੯੯ ਈ: ਨੂੰ ਸੌਂਪ ਦਿੱਤਾ। ਉਦੋਂ ਤੋਂ ਇਸ ਅਸਥਾਨ ਦੀ ਕਾਰ-ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਸੰਪ੍ਰਦਾ ਕਰਵਾ ਰਹੀ ਹੈ। ਹਵਾਲਾਤ ਆਪਣੀ ਪੁਰਾਤਨ ਹਾਲਤ ਵਿੱਚ ਮੌਜੂਦ ਹੈ। ਇਸ ਨੂੰ ਪੁਰਾਤਨ ਹਾਲਤ ਵਿੱਚ ਸੰਭਾਲ ਕੇ ਰੱਖਿਆ ਜਾਵੇਗਾ, ਇਹ ਫੈਸਲਾ ੧੯੯੯ ਈ: ਦੀ ਸ਼ਤਾਬਦੀ ‘ਤੇ ਲਿਆ ਗਿਆ ਸੀ। ਜੇਕਰ ਇਸ ਤਰ੍ਹਾਂ ਦੇ ਸਹੀ ਫੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਏ ਹੁੰਦੇ ਤਾਂ ਹੁਣ ਤੱਕ ਸਿੱਖ ਇਤਿਹਾਸ ਦੇ ਬਹੁਤ ਪੁਰਾਤਨ ਨਿਸ਼ਾਨ ਬਚ ਜਾਣੇ ਸੀ। ਕਾਰ ਸੇਵਾ ਦੇ ਨਾਂ ‘ਤੇ ਅਸੀਂ ਆਪਣੇ ਹੱਥੀਂ ਪੁਰਾਤਨ ਇਮਾਰਤਾਂ ਢਹਿ ਢੇਰੀ ਕਰ ਦਿੱਤੀਆਂ, ਗੁਰੂ ਪਾਤਸ਼ਾਹ ਨਾਲ ਸੰਬੰਧਿਤ ਦਰੱਖਤ ਜੜ੍ਹੋਂ ਪੁੱਟ ਦਿੱਤੇ। ਨਵੀਂ ਪੀੜ੍ਹੀ ਨੂੰ ਜੇਹੜੀ ਸੇਧ ਅੱਖੀਂ ਦੇਖ ਕੇ ਮਿਲਣੀ ਸੀ ਉਸਦੇ ਨਿਸ਼ਾਨ ਹੱਥੀਂ ਖਤਮ ਕਰ ਬੈਠੇ। ਅਸੀਂ ਸਿੱਖ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਸਿੱਖ ਇਤਿਹਾਸ ਨਾਲ ਜੁੜੇ, ਬਚਦੇ ਨਿਸ਼ਾਨ ਸਾਂਭ ਲਵੋ, ਜਿਹਨਾਂ ਦੇ ਨਵੀਂ ਪੀੜ੍ਹੀ ਨੂੰ ਦਰਸ਼ਨ ਕਰਾ ਉਹਨਾਂ ‘ਚ ਗੁਰੂ ਪ੍ਰੀਤ ਲਈ ਸਿਦਕ ਤੇ ਸਿਰੜ ਭਰ ਸਕੀਏ।
ਨੋਟ – ਪਿੰਡ ਸਹੇੜੀ ਤੋਂ ਮੋਰਿੰਡਾ ਗੁਰਦੁਆਰਾ ਕੋਤਵਾਲੀ ਸਾਹਿਬ ਦੀ ਦੂਰੀ ਤਿੰਨ ਕਿ: ਮੀ: ਹੈ। ਮੋਰਿੰਡਾ ਇੱਕ ਸ਼ਹਿਰ ਹੈ।
ਅਗਲਾ ਭਾਗ………