History of the days after Guru Gobind Singh Ji left Anandpur Sahib – 18-1-26

ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ

#ਪੰਜਵੀਂ_ਰਾਤ
ਭਾਗ-1
ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੂੰ ਰਾਤ ਹੀ ਇਹ ਖਬਰ ਮਿਲ ਗਈ ਸੀ ਕਿ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਦੋ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਹੈ। ਇਹ ਉਸ ਲਈ ਬਹੁਤ ਖੁਸ਼ੀ ਦੀ ਖਬਰ ਸੀ। ਆਪਣੇ ਸਿਪਾਹੀਆਂ ਨੂੰ ਉਸਨੇ ਰਾਤ ਹੀ ਹੁਕਮ ਦੇ ਦਿੱਤਾ ਕਿ ਸਵੇਰੇ ਜਲਦੀ ਤੋਂ ਜਲਦੀ ਮੋਰਿੰਡੇ ਤੋਂ ਗੁਰੂ ਦੀ ਮਾਂ ਤੇ ਪੁੱਤਰਾਂ ਨੂੰ ਲਿਆ ਮੇਰੇ ਸਾਹਮਣੇ ਹਾਜਰ ਕੀਤਾ ताटे।

ਇਹ ਸੁਨ ਫੌਜ ਨਵਾਬ ਚੜ੍ਹ ਆਈ ਲਏ ਸਿਰਹੰਦ ਉਨ ਢਿਗ ਮੰਗਾਹੀ।

ਸ੍ਰੀ ਗੁਰ ਪੰਥ ਪ੍ਰਕਾਸ਼ – ਰਤਨ ਸਿੰਘ ਭੰਗੂ – ਪੰਨਾ ੧੦੩ (ਸ਼੍ਰੋ: ਗੁ: ਪ੍ਰ: ਕ: ਸ੍ਰੀ ਅੰਮ੍ਰਿਤਸਰ)

ਅਜੇ ਮੂੰਹ ਹਨੇਰਾ ਹੀ ਸੀ ਕਿ ਸਰਹਿੰਦ ਤੋਂ ਫੌਜੀ ਦਸਤੇ ਦੀ ਧਾੜ ਮੋਰਿੰਡੇ ਆਣ ਪਹੁੰਚੀ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਹਵਾਲਾਤ ਵਿੱਚੋਂ ਬਾਹਰ ਕੱਢ ਕੇ ਨੇੜੇ (ਗੁਰਦੁਆਰਾ ਗੰਜਿ ਸ਼ਹੀਦਾਂ) ਖੜੇ ਕੀਤੇ ਗੱਡੇ ਵਿੱਚ ਬਿਠਾ, ਕਾਹਲੀ-ਕਾਹਲੀ ਵਾਪਸ ਸਰਹਿੰਦ ਨੂੰ ਚੱਲਣ ਲੱਗੇ ਤਾਂ ਗੱਡੇ ਦਾ ਪਹੀਆ ਖਰਾਬ ਹੋ ਗਿਆ। ਇਸਨੂੰ ਠੀਕ ਕਰਵਾ ਕੇ ਸਿਪਾਹੀਆਂ ਦੀ ਗਾਰਦ ਦੇ ਦੋਵੇਂ ਅਫਸਰ ਜਾਨੀ ਖਾਨ ਤੇ ਸਰਹਿੰਦ ਤੋਂ ਆਇਆ ਅਫਸਰ ਤੁਰੰਤ ਹੀ ਸਰਹਿੰਦ ਨੂੰ ਚੱਲ ਪਏ। ਮਾਨੀ ਖਾਨ ਮੋਰਿੰਡੇ ਦੀ ਕੋਤਵਾਲੀ ਦੇ ਪ੍ਰਬੰਧ ‘ਤੇ ਹੀ ਤਾਇਨਾਤ ਰਿਹਾ। ਮਾਤਾ ਜੀ ਤੇ ਸਾਹਿਬਜ਼ਾਦਿਆਂ ‘ਤੇ ਕੀਤੀ ਸਖਤੀ ਦਾ ਜਿਕਰ ਗੁਰ ਬਿਲਾਸ ਪਾਤਸ਼ਾਹੀ ਦਸਵੀਂ ਵਿੱਚ ਲਿਖਿਆ ਹੈ –

ਰਾਹਿ ਕੇ ਗਏ ਸਿਰੰਦ ਮਝਾਰੀ। ਹਾਥਨ ਮੱਧ ਹਥੋੜੀ ਡਾਰੀ॥ ਪਦ ਮੈਂ ਤਾਹਿ ਜੰਜੀਰ ਧਰਾਏ। ਕੋਈ ਕਹੇ ਬਾਲਨ ਮਰਵਾਏ॥ ਕੋਈ ਕਹੈ ਯਾ ਬੰਦਹਿ ਕੀਜੈ। ਕੋਈ ਕਹੈ ਤੁਰਕ ਇਨ ਕੀਜੈ॥ ਮਾਤਾ ਗੋਦ ਬਾਲ ਹੈ ਜੋਈ। ਕਰਤ ਵਿਸਾਹ ਰਤੀ ਨਹੀਂ ਤੋਈ॥

ਗੁਰ ਬਿਲਾਸ ਪਾ: ਦਸਵੀਂ – ਭਾਈ ਕੁਇਰ ਸਿੰਘ – ਪੰਨਾ ੧੯੧ (ਸ਼੍ਰੋ: ਗੁ: ਪ੍ਰ: ਕ: ਸ੍ਰੀ ਅੰਮ੍ਰਿਤਸਰ)

ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਹੱਥਕੜੀਆਂ, ਪੈਰੀਂ ਜੰਜੀਰਾਂ ਪਾ ਕੇ ਸਖਤੀ ਨਾਲ ਸਰਹਿੰਦ ਲਿਜਾਇਆ ਗਿਆ। ਲੋਕ ਦੇਖ ਕੇ ਕਹਿੰਦੇ ਕਿ ਇਨ੍ਹਾਂ ਮਾਸੂਮਾਂ ਨੂੰ ਮਾਰ ਦਿੱਤਾ ਜਾਵੇਗਾ, ਕੋਈ ਕਹਿੰਦਾ ਕਿ ਬਿਰਧ ਮਾਤਾ ਤੇ ਬਾਲਕਾਂ ਨੂੰ ਕੈਦ ਕਰ ਦੇਣਗੇ, ਕੋਈ ਕਹਿੰਦਾ ਕਿ ਇਨ੍ਹਾਂ ਨੂੰ ਜਬਰੀ ਮੁਸਲਮਾਨ ਬਣਾ ਲੈਣਗੇ। ਤਿੰਨਾਂ ਦੇ ਚਿਹਰੇ ‘ਤੇ ਨੂਰ ਦੇਖ ਲੋਕ ਹੈਰਾਨ ਹੁੰਦੇ ਦੂਰ ਤੱਕ ਇਨ੍ਹਾਂ ਨੂੰ ਦੇਖਦੇ ਮਨ ਹੀ ਮਨ ਹਮਦਰਦੀ ਜਤਾਉਂਦੇ । ਦਾਦੀ ਮਾਂ ਨੇ ਦੋਨਾਂ ਨੂੰ ਆਪਣੀਆਂ ਬਾਹਵਾਂ ਵਿੱਚ ਲੈ ਗੋਦੀ ਵਿੱਚ ਬਿਠਾ ਲਿਆ। ਉਹ ਕਿਸੇ ਦਾ ਵਿਸਾਹ ਨਾ ਕਰਦੀ, ਉਸਨੂੰ ਕੋਈ ਅਨਹੋਣੀ ਹੁੰਦੀ ਜਾਪਦੀ ਨਜ਼ਰ ਆਈ। ਉਸਦੇ ਹਿਰਦੇ ਵਿੱਚ ਕਈ ਖਿਆਲ ਆਏ, ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਜਰ ਨਿੱਕੀਆਂ ਜਿੰਦਾਂ ਨੂੰ ਸਿਰੜ ਦੀਆਂ ਤਾਲੀਮਾਂ ਦਿੰਦੀ ਦਾਦੀ ਮਾਂ ਦੁੱਖਾਂ ਦੀਆਂ ਵਾਟਾਂ ਨੂੰ ਸ਼ਾਂਤ ਚਿੱਤ ਨਿਬੇੜਦੀ ਗਈ। ਰਸਤੇ ਵਿੱਚ ਗੱਡਾ ਨੌਗਾਵਾਂ ਦੇ ਕਿਲ੍ਹੇ (ਪਿੰਡ ਨੌਗਾਵਾਂ) ਮੂਹਰੇ ਜਾ ਰੁਕਿਆ ਜੋ ਕਿ ਫੌਜੀ ਦਸਤੇ ਦੇ ਅਫਸਰਾਂ ਨੇ ਕਿਲ੍ਹੇਦਾਰ ਨੂੰ ਇਤਲਾਹ ਦੇਣੀ ਸੀ ਕਿ ਉਹ ਅਨੰਦਪੁਰ ਵਾਲੇ ਗੁਰੂ ਦੀ ਮਾਂ ਤੇ ਬੱਚਿਆਂ ਨੂੰ ਏਥੋਂ ਤੱਕ ਲੈ ਆਏ ਹਨ। ਸਵੇਰ ਤੋਂ ਭੁੱਖਣ-ਭਾਣੇ ਤੇ ਏਨੀ ਸਖਤੀ ਝੱਲਦਿਆਂ ਹੋਇਆਂ ਦਾਦੀ ਮਾਂ ਨੇ ਸੋਚਿਆ ਕਿ ਉਹ ਆਪਣੇ ਪੋਤਿਆਂ ਨੂੰ ਪਾਣੀ ਹੀ ਪਿਲਾ ਦੇਵੇ । ਗੱਡੇ ‘ਤੇ ਬੈਠਿਆਂ ਹੋਇਆਂ ਮਾਤਾ ਜੀ ਨੇ ਨੇੜੇ ਖੂਹ ਕੋਲ ਖੜੇ ਲੋਕਾਂ ਕੋਲੋਂ ਸਾਹਿਬਜ਼ਾਦਿਆਂ ਨੂੰ ਪਿਲਾਉਣ ਲਈ ਪਾਣੀ ਮੰਗਿਆ ਪਰ ਉਨ੍ਹਾਂ ਨੇ ਹਕੂਮਤ ਕੋਲੋਂ ਡਰਦਿਆਂ ਨੇ ਅੱਗੋਂ ਕੋਈ ਵੀ ਹੁੰਗਾਰਾ ਨਾ ਭਰਿਆ। ਏਨੇ ਨੂੰ ਫੌਜੀ ਦਸਤੇ ਦੇ ਦੋਵੇਂ ਅਫਸਰ ਤੇ ਕਿਲ੍ਹੇਦਾਰ ਆਣ ਪਹੁੰਚੇ ਤੇ ਗੱਡਾ ਅੱਗੇ ਨੂੰ ਚੱਲ ਪਿਆ। ਭੁੱਖਣ-ਭਾਣੇ ਦਾਦੀ ਤੇ ਪੋਤਿਆਂ ਲਈ ਅਗਲੇਰਾ ਰਸਤਾ ਹੋਰ ਵੀ ਕਠਿਨ ਹੁੰਦਾ ਗਿਆ। ਇਨ੍ਹਾਂ ਦੇ ਆਉਣ ਦੀ ਇਤਲਾਹ ਬੱਸੀ ਪਠਾਣਾਂ ਦੇ ਕੋਤਵਾਲ ਨੂੰ ਵੀ ਮਿਲ ਚੁੱਕੀ ਸੀ। ਸਫਰ ਤਹਿ ਕਰਦਾ ਹੋਇਆ ਇਹ ਗੱਡਾ ਬੱਸੀ ਪਠਾਣਾਂ ਦੀ ਕੋਤਵਾਲੀ ਦੇ ਅੰਦਰ ਜਾ ਖੜਾ ਹੋਇਆ। ਅਫਸਰਾਂ, ਕਿਲ੍ਹੇਦਾਰ ਤੇ ਸਿਪਾਹੀਆਂ ਦੀ ਗਾਰਦ ਦੇ ਰੋਟੀ-ਪਾਣੀ ਦਾ ਇੰਤਜਾਮ ਕੋਤਵਾਲ ਨੇ ਕੀਤਾ ਹੋਇਆ ਸੀ। ਇਹ ਸਾਰੇ ਜਾਣੇ ਕਾਹਲੀ ਵਿੱਚ ਰੱਜ- ਪੁੱਜ ਕੇ ਤਿੰਨਾਂ ਰੱਬੀ ਰੂਹਾਂ ਨੂੰ ਭੁੱਖੇ-ਪਿਆਸਿਆਂ ਗੱਡੇ ‘ਤੇ ਜਿਉਂ ਦੇ ਤਿਉਂ ਬਿਠਾਇਆਂ ਨੂੰ ਅੱਗੇ ਨੂੰ ਲੈ ਤੁਰੇ।
ਅਗਲਾ ਭਾਗ………

You may also like these