#ਸ਼ਹੀਦੀਆਂ
ਭਾਗ-2
ਦਸਮ ਪਿਤਾ ਜੀ ਦੇ ਪੁੱਤਰਾਂ ਨੇ ਮਰਨ ਦਾ ਫੈਸਲਾ ਲੈ ਲਿਆ, ਇਹ ਸੁਣ ਸਾਰੇ ਦੰਗ ਰਹਿ ਗਏ। ਸੁਣਨ ਵਾਲਿਆਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਸਾਰੇ ਪਾਸੇ ਇਸ ਫੈਸਲੇ ਦੀ ਚਰਚਾ ਹੋਣ ਲੱਗੀ। ਨੀਹਾਂ ਵਿੱਚ ਚਿਣਨ ਦੀ ਥਾਂ ਜਾਲਮਾਂ ਨੇ ਕਚਿਹਰੀ ਦੇ ਨੇੜੇ ਹੀ ਚੁਣ ਲਈ। ਸਿਪਾਹੀ ਦੋਨਾਂ ਵੀਰਾਂ ਨੂੰ ਨਾਲ ਲੈ ਤੁਰੇ, ਲੋਕਾਂ ਦੀ ਭੀੜ ਮਗਰ ਹੋ ਤੁਰੀ। ਸਾਹਿਬਜ਼ਾਦਿਆਂ ਨੂੰ ਮਿੱਥੀ ਹੋਈ ਥਾਂ ਕੋਲ ਲਿਆ ਖੜਾ ਕੀਤਾ, ਦੋਨੋ ਵੀਰ ਇੱਕ-ਦੂਜੇ ਦਾ ਹੱਥ ਫੜ ਕੇ ਖੜ ਗਏ। ਇੱਥੋਂ ਨਿੱਕੀਆਂ ਜਿੰਦਾਂ ਨੂੰ ਜੱਲਾਦਾਂ ਦੇ ਹਵਾਲੇ ਕਰ ਦਿੱਤਾ। ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜੱਲਾਦਾਂ ਨੇ ਨਿੱਕੀਆਂ ਜਿੰਦਾਂ ਨੂੰ ਧੂਹ ਕੇ (ਫੜੋਂ ਘਸੀਟੈਂ ਹੋਵਤੈਂ ਆਯੋ ਉਨੈ ਨ ਤਰਸ ਮਨ – ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ) ਕਿਲ੍ਹੇ ਦੀ ਉਸ ਇਮਾਰਤ ਦੀ ਕੰਧ ਨਾਲ ਖੜੇ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਨੀਹਾਂ ਵਿੱਚ ਚਿਣ ਕੇ ਮਾਰਨਾ ਸੀ। ਅਡੋਲ ਖੜੀਆਂ ਨਿੱਕੀਆਂ ਜਿੰਦਾਂ ਦੇ ਦੁਆਲੇ ਰਾਜ ਮਿਸਤਰੀ ਕੰਧ ਉਸਾਰਨ ਲੱਗ ਪਏ। ਦੋਵੇਂ ਜੱਲਾਦ ਨੰਗੀਆਂ ਤਲਵਾਰਾਂ ਲੈ ਕੇ ਕਰੂਰਤਾ ਭਰੇ ਰਵੱਈਏ ਨਾਲ ਨਿੱਕੀਆਂ ਜਿੰਦਾਂ ਦੇ ਸਾਹਮਣੇ ਖੜ ਗਏ। ਜਾਲਮ ਆਲੇ-ਦੁਆਲੇ ਇੱਟਾਂ ਲਾਉਣ ਲੱਗ ਪਏ, ਕੋਮਲ ਪੈਰਾਂ ‘ਤੇ ਇੱਟਾਂ ਦਾ ਭਾਰ ਜਿਆਦਾ ਹੋਣ ਲੱਗਾ। ਮੁੱਖੋਂ ਹਾਏ ਨਾ ਕਿਹਾ, ਭਾਣਾ ਮੰਨ ਸਿਰ-ਮੱਥੇ ਤਸੀਹੇ ਜਰਨ ਲੱਗੇ।
ਹਾਕਮ ਵਾਰ-ਵਾਰ ਪੁੱਛਦੇ ਅਜੇ ਵੀ ਈਨ ਮੰਨ ਲਓ ਬਚ ਜਾਓਗੇ। ਕਈ ਵਾਰ ਵਜ਼ੀਰ ਖਾਂ ਆਇਆ ਤੇ ਇਸਲਾਮ ਦੀ ਰਟ ਲਾਉਂਦਾ ਰਿਹਾ। ਸਾਹਿਬਜ਼ਾਦਿਆਂ ਤੋਂ ਈਨ ਮਨਾ ਕੇ ਉਹ ਦੱਸਣਾ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਇਸਲਾਮ ਕਬੂਲ ਕਰ ਲਿਆ ਹੈ, ਇਸਨੂੰ ਉਹ ਆਪਣੀ ਵੱਡੀ ਜਿੱਤ ਸਮਝਦਾ ਸੀ। ਪਰ ਉਹ ਦਸਮ ਪਿਤਾ ਜੀ ਦੇ ਮਹਾਨ ਪੁੱਤਰ ਸੀ, ਆਪਣਾ ਧਰਮ ਤਿਆਗਣ ਲਈ ਹਰਗਿਜ ਤਿਆਰ ਨਾ ਹੋਏ। ਵਜ਼ੀਰ ਖਾਂ ਆਪਣੀ ਹਾਰ ‘ਤੇ ਝੂਰਦਾ ਰਿਹਾ। ਸਾਹਿਬਜ਼ਾਦਿਆਂ ਦਾ ਉਸਦੇ ਜ਼ੋਰ ਨਾਲ ਸ਼ਰ੍ਹਾ ਵਿੱਚ ਨਾ ਆਉਣਾ ਹੀ ਉਸਦੀ ਵੱਡੀ ਹਾਰ ਸੀ। ਕੰਧ ਉੱਚੀ ਹੁੰਦੀ ਗਈ, ਇੱਟਾਂ ਲੱਗਦੀਆਂ ਗਈਆਂ, ਜੱਲਾਦ ਡਰਾ-ਧਮਕਾ ਕੇ ਈਨ ਮੰਨਣ ਲਈ ਕਹਿੰਦੇ ਰਹੇ। ਹਾਕਮ ਜਮਾਤ ਨੇ ਰਾਜ-ਦਰਬਾਰ ਵਿੱਚ ਸਭ ਤੋਂ ਉੱਚੇ ਅਹੁਦੇ ਦੇਣ ਅਤੇ ਮੂੰਹੋਂ ਬੋਲੀ ਹਰ ਗੱਲ ਮੰਨਣ ਲਈ ਕਿਹਾ। ਕਲਗੀਧਰ ਜੀ ਦੇ ਲਾਡਲੇ ਅਡੋਲ ਖੜੇ ਰਹੇ, ਉਹਨਾਂ ਨੇ ਪਾਪੀਆਂ ਦੀ ਕਿਸੇ ਵੀ ਗੱਲ ਵੱਲ ਧਿਆਨ ਨਾ ਦਿੱਤਾ। ਉਹ ਆਪਣੇ ਧਰਮ ਦੀ ਖਾਤਰ ਦੁੱਖਾਂ ਦੇ ਪਹਾੜ ਨਾਲ ਮੱਥਾ ਲਾ ਚੁੱਕੇ ਸੀ।
ਕੰਧ ਛਾਤੀਆਂ ਤੱਕ ਆ ਗਈ, ਸਾਹ ਘੁੱਟ ਹੋਣ ਲੱਗਾ, ਚਿਹਰੇ ਸ਼ਾਂਤ ਤੇ ਪੂਰੇ ਜਾਹੋ- ਜਲਾਲ ਵਿੱਚ ਹੀ ਰਹੇ। ਉਹਨਾਂ ਨੇ ਕੋਈ ਵੀ ਦੁੱਖ ਦਾ ਪ੍ਰਗਟਾਵਾ ਨਾ ਕੀਤਾ। ਦੋਨਾਂ ਵੀਰਾਂ ਨੇ ਇੱਕ-ਦੂਜੇ ਵੱਲ ਦੇਖ ਕੋਈ ਆਖਰੀ ਨਿਰਣਾ ਲਿਆ ਤੇ ਅੱਖਾਂ ਬੰਦ ਕਰ ਲਈਆਂ। ਕੰਧ ਦੀਆਂ ਇੱਟਾਂ ਛਾਤੀਆਂ ਤੋਂ ਟੱਪ ਗਈਆਂ, ਕੋਮਲ ਚਿਹਰੇ ਚੁੱਪ ਤੇ ਸ਼ਾਂਤ ਹੋ ਗਏ। ਸਾਹਮਣੇ ਖੜੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜੱਲਾਦਾਂ ਨੇ ਬਹੁਤ ਹੀ ਕਰੂਰਤਾ ਨਾਲ ਸਾਹਿਬਜ਼ਾਦਿਆਂ ਦੀਆਂ ਸਾਹ ਰਗਾਂ ਤਲਵਾਰਾਂ ਨਾਲ ਵੱਢ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਦੋਵਾਂ ਵੀਰਾਂ ਦੀਆਂ ਸਾਹ ਰਗਾਂ ਵੱਢ ਹੋ ਜਾਣ ‘ਤੇ ਉਨ੍ਹਾਂ ਦੇ ਚਿਹਰੇ ਅੱਗੇ ਨੂੰ ਲਟਕ ਗਏ ਤੇ ਨਾਲ ਹੀ ਕੰਧ ਵੀ ਢਹਿ-ਢੇਰੀ ਹੋ ਗਈ। ਧਰਤੀ ‘ਤੇ ਡਿੱਗੇ ਹੋਏ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੇ ਸਵਾਸ ਪੂਰੇ ਹੋ ਚੁੱਕੇ ਸੀ। ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਚਰਨ ਅੱਧੀ ਘੜੀ (੧੨ ਮਿੰਟ) ਤੱਕ ਹਿੱਲਦੇ ਰਹੇ ਤੇ ਫਿਰ ਸਵਾਸ ਪੂਰੇ ਹੋਏ।
ਜ਼ੋਰਾਵਰ ਸਿੰਘ ਦੇ ਪ੍ਰਾਨ ਖੰਡੇ ਨਾਲਿ ਬੇਗ ਛੁਟ ਗਏ। ਅੱਧੀ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਭਏ।
ਬੰਸਾਵਲੀਨਾਮਾ – ਸੰਪਾਦਕ ਪਿਆਰਾ ਸਿੰਘ ਪਦਮ ਪੰਨਾ ੧੭੯
ਧਰਮੀ ਲੋਕਾਂ ਦੀਆਂ ਧਾਹਾਂ ਨਿਕਲ ਗਈਆਂ। ਜੁਲਮੀ ਹਾਕਮ ਵੀ ਆਪਣੀ ਮਨੋ ਦਸ਼ਾ ਕਾਇਮ ਨਾ ਰੱਖ ਸਕੇ। ਪੂਰਾ ਸਰਹਿੰਦ ਸ਼ਹਿਰ ਹਲੂਣਿਆ ਗਿਆ। ਇਸ ਤੋਂ ਵੱਡਾ ਪਾਪ ਹੋਰ ਕੀ ਹੋਵੇਗਾ। ਨਿਰਦੋਸ਼ ਤੇ ਮਾਸੂਮ ਜਿੰਦਾਂ ਨੂੰ ਨੀਹਾਂ ਵਿੱਚ ਚਿਣ ਸ਼ਹੀਦ ਕਰਕੇ ਪਾਪੀ ਵਜ਼ੀਰ ਖਾਨ ਨੇ ਆਪਣੇ ਮਹੱਲਾਂ ਦੀਆਂ ਨੀਹਾਂ ਹਿਲਾ ਲਈਆਂ। ਅੱਜ ਤੋਂ ਹੀ ਕੋਹਾਂ ਤੱਕ ਵਸਦੇ ਸਰਹਿੰਦ ਸ਼ਹਿਰ ਨੇ ਉਜੜਨ ਦਾ ਮੁੱਢ ਬੰਨ੍ਹ ਲਿਆ। ਕਿੰਨੇ ਤਸੀਹੇ, ਕਿੰਨੇ ਦੁੱਖ ਦਿੱਤੇ ਗਏ, ਕਿੰਨੇ ਲਾਲਚ ਡਰਾਵੇ, ਕਿੰਨਿਆਂ ਕੁ ਨੇ ਕੀ ਕੁਝ ਬੋਲਿਆ ਹੋਵੇਗਾ। ਹਰ ਪਾਸੇ ਜਾਲਮ ਹੀ ਜਾਲਮ ਖੜੇ ਸੀ, ਵਿਚਕਾਰ ਕੋਮਲ ਤੇ ਮਾਸੂਮ ਜਿੰਦਾਂ। ਉਨ੍ਹਾਂ ਨਾਲ ਕਿੰਨਾ ਨਿਰਦਈ ਪੁਣਾ ਹੋਇਆ ਹੋਵੇਗਾ, ਪਰ ਉਹ ਨਿੱਕੇ ਤੇ ਮਹਾਨ ਯੋਧਿਆਂ ਨੇ ਆਪਣੇ ਧਰਮ ਤੋਂ ਪਾਸਾ ਨਾ ਵੱਟਿਆ। ਉਹ ਜਿਉਂਦੇ ਜੀਅ ਨੀਹਾਂ ਵਿੱਚ ਚਿਣ ਹੋ ਸ਼ਹੀਦੀ ਜਾਮ ਪੀ ਗਏ।
ਦੇ ਕਰ ਦੂਖ ਬਹੁਤ ਅਧਿਕਾਏ। ਤਬ ਨੀਹੋਂ ਮੈ ਬਾਲ ਚਿਨਾਏ॥ ਬਹੁਤ ਕਲੇਸ ਤੁਰਕ ਤਬ ਦੀਨਾ। ਮੁਖ ਸੇ ਨਾਹ ਉਚਾਰਨ ਕੀਨਾ॥
ਗੁਰਬਿਲਾਸ ਪਾ: ਦਸਵੀਂ – ਕੁਇਰ ਸਿੰਘ – ਪੰਨਾ ੧੯੫ (ਯੂਨੀਵਰਸਿਟੀ ਪਟਿਆਲਾ)
ਜਦੋਂ ਜਾਲਮਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਸ ਸਮੇਂ ੧੩ ਪੋਹ ਦੇ ਦਿਨ ਦਾ ਸਵਾ ਪਹਿਰ ਬੀਤ ਚੁੱਕਿਆ ਸੀ। ਇੱਕ ਪਹਿਰ ਤਿੰਨ ਘੰਟੇ ਦਾ ਹੁੰਦਾ ਹੈ ਤੇ ਸਵੇਰੇ ੬ ਵਜੇ ਪਹਿਲਾ ਪਹਿਰ ਸ਼ੁਰੂ ਹੋ ਕੇ ੯ ਵਜੇ ਖਤਮ ਹੁੰਦਾ ਹੈ। ਸਵਾ ਪਹਿਰ ਮੁਤਾਬਿਕ ੯:੪੫ ਵੱਜ ਚੁੱਕੇ ਸੀ। ਇਸ ਸਮੇਂ ਦਾ ਜਿਕਰ ਵੀਹਵੀਂ ਸਦੀ ਦੀਆਂ ਦੋ ਗੁਰਪ੍ਰਣਾਲੀਆਂ ਵਿੱਚ ਆਉਂਦਾ ਹੈ। ਪ੍ਰਣਾਲੀ ਦਾ ਭਾਵ ਹੈ ਵੰਸ਼ ਜਾਂ ਬਿਓਰਾ। ਸਵਾ ਪਹਿਰ ਦਿਨ ਚੜ੍ਹੇ ਮਲੇਛੋਂ ਨੇ ਫਿਟਮੂਹੀ ਸਿਰਹੰਦ ਬਿਖੈ ਉਦਰ ਚਾਕ ਕਰਕੇ ਸ਼ਹੀਦ ਕਰੇ ।
ਗੁਰਪ੍ਰਣਾਲਕਾ – ਕਵੀ ਨਾ ਮਾਲੂਮ
ਸਵਾ ਪਹਿਰ ਦਿਨ ਚੜ੍ਹੇ ਕਾਮ ਐਸੇ ਭਯੋ ਹੈ।। ਸਰੰਦ ਫਿਟਮੂਹੀ ਮੈਂ ਮਲੇਛੋਂ ਚਾਕ ਕਰਿ ਹਿਯੋ
ਗੁਰਪ੍ਰਣਾਲੀ – ਕਵਿ ਗੁਲਾਬ ਸਿੰਘ ਕ੍ਰਿਤ
ਅਗਲਾ ਭਾਗ………