History of the days after Guru Gobind Singh Ji left Anandpur Sahib – 27-1-26

#ਸ਼ਹੀਦੀਆਂ

 

ਭਾਗ-3
ਨਿਰਦਈ ਵਜ਼ੀਰ ਖਾਨ ਨੇ ਜੱਲਾਦਾਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਕਾਫਰਾਂ ਦੇ ਸਰੀਰਾਂ ਨੂੰ ਕਿਲ੍ਹੇ ਤੋਂ ਬਾਹਰ ਸੁੱਟ ਦੇਵੋ। ਜੱਲਾਦਾਂ ਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਕਿਲ੍ਹੇ ਦੀ ਕੰਧ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੋਲ ਸੁੱਟ ਦਿੱਤਾ ਤਾਂ ਕਿ ਉਹਨਾਂ ਦੇ ਸਰੀਰਾਂ ਦੀ ਬੇਅਦਬੀ ਹੁੰਦੀ ਰਹੇ। ਸ਼ਹੀਦੀ ਦਾ ਸਾਰਾ ਭਾਣਾ ਕਿਲ੍ਹੇ ਦੇ ਅੰਦਰ ਹੀ ਵਾਪਰਿਆ, ਕਚਿਹਰੀ ਵੀ ਕਿਲ੍ਹੇ ਦੇ ਅੰਦਰ ਹੀ ਸੀ। ਜਦੋਂ ਇਸ ਘਟਨਾ ਦਾ ਪਤਾ ਸ਼ਹਿਰ ਦੇ ਅਮੀਰ ਤੇ ਗੁਰੂ ਘਰ ਵਿੱਚ ਸ਼ਰਧਾ ਰੱਖਣ ਵਾਲੇ ਸਿੱਖ ਭਾਈ ਟੋਡਰ ਮੱਲ ਜੀ ਨੂੰ ਲੱਗਾ ਕਿ ਗੁਰੂ ਜੀ ਦੇ ਮਾਤਾ ਜੀ ਤੇ ਪੁੱਤਰਾਂ ਨੂੰ ਨਵਾਬ ਨੇ ਕੈਦ ਕੀਤਾ ਹੋਇਆ ਹੈ ਤੇ ਅੱਜ ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਮਾਰ ਦਿੱਤਾ ਜਾਵੇਗਾ ਤਾਂ ਇਹ ਕਾਹਲੀ ਵਿੱਚ ਕਚਿਹਰੀ ਵੱਲ ਦੌੜਿਆ ਕਿ ਮੈਂ ਉਹਨਾਂ ਦੇ ਵੱਟੇ ਨਵਾਬ ਨੂੰ ਮੂੰਹੋਂ ਮੰਗਿਆ ਧਨ ਦੇ ਕੇ ਛੁਡਾ ਲਵਾਂਗਾ। ਪਰ ਇਸਦੇ ਆਉਂਦਿਆਂ ਭਾਣਾ ਵਰਤ ਚੁੱਕਾ ਸੀ। ਕੁਝ ਹੌਂਸਲਾ ਕਰ ਭਾਈ ਟੋਡਰ ਮੱਲ ਜੀ ਸਾਹੋ-ਸਾਹੀ ਹੋਇਆ ਠੰਡੇ ਬੁਰਜ ਦੀਆਂ ਪੌੜੀਆਂ ਜਾ ਚੜ੍ਹਿਆ। ਅੱਗੇ ਬਿਰਧ ਮਾਤਾ ਪੋਤਿਆਂ ਦੀ ਖਬਰ-ਸਾਰ ਉਡੀਕਦੀ ਕੌਲ੍ਹੇ ਨਾਲ ਢੋਅ ਲਾਈ ਬੈਠੀ ਸੀ। ਕਿਵੇਂ ਦੱਸਾਂ? ਕੀ ਦੱਸਾਂ? ਇਸ ਦਰਦ ਭਰੇ ਸਾਕੇ ਦੀ ਦਾਸਤਾਨ ਦੱਸ ਨਾ ਹੋਈ, ਮੂੰਹੋਂ ਕੁਝ ਬੋਲ ਨਾ ਹੋਇਆ। ਮਾਤਾ ਜੀ ਦੀਆਂ ਅੱਖਾਂ ਵਿੱਚ ਪੋਤਿਆਂ ਦੀ ਉਡੀਕ ਦੀ ਆਸ ਦੇਖ ਕੇ ਭਾਈ ਟੋਡਰ ਮੱਲ ਜੀ ਦਾ ਧਰਵਾਸ ਟੁੱਟ ਗਿਆ, ਉਹ ਹੰਝੂ ਕੇਰਦਾ ਹੋਇਆ ਮਾਤਾ ਜੀ ਦੇ ਚਰਨਾਂ ਨੂੰ ਚਿੰਬੜ ਗਿਆ। ਮਾਤਾ ਜੀ ਨੇ ਹੌਂਸਲਾ ਦੇ ਕੇ ਕਿਹਾ, ਕੀ ਹੋਇਆ, ਧੀਰਜ ਨਾਲ ਦੱਸ ਕੀ ਭਾਣਾ ਵਰਤ ਗਿਆ। ਇਸ ਨੇ ਦਿਲ ਨੂੰ ਮਜਬੂਤ ਕਰਕੇ ਕਿਹਾ, ਅਸੀਂ ਆਪ ਜੀ ਲਈ ਕੁਝ ਨਾ ਕਰ ਸਕੇ, ਸਾਡੀ ਧਨ-ਦੌਲਤ ਕਿਸੇ ਕੰਮ ਨਾ ਆ ਸਕੀ। ਆਪ ਜੀ ਦੇ ਪੋਤਿਆਂ ਨੂੰ ਛੁਡਾ ਨਾ ਹੋਇਆ, ਜਾਲਮਾਂ ਨੇ ਦੋਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ । ਅਸੀਂ ਮਾਸੂਮ ਜਿੰਦਾਂ ਨੂੰ ਛੁਡਾ ਨਾ ਸਕੇ ਕਹਿ ਫਿਰ ਉਹ ਧਾਹੀਂ ਰੋਣ ਲੱਗ ਪਿਆ। ਪਿਛਲੇ ਦਿਨਾਂ ਤੋਂ ਭਾਈ ਟੋਡਰ ਮੱਲ ਜੀ ਸਰਹਿੰਦ ਤੋਂ ਬਾਹਰ ਗਏ ਹੋਏ ਸੀ। ਉਸਨੂੰ ਆਉਂਦਿਆਂ ਹੀ ਸਾਰੀ ਖਬਰ-ਸਾਰ ਮਿਲੀ, ਇਹ ਸੁਣਦਿਆਂ ਹੀ ਉਹ ਕਚਿਹਰੀ ਵੱਲ ਦੌੜਿਆ, ਪਰ ਅੱਗੇ ਸਭ ਭਾਣਾ ਵਰਤ ਚੁੱਕਾ ਸੀ । ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੁਣ ਮਾਤਾ ਜੀ ਰੋਏ-ਪਿੱਟੇ ਨਹੀਂ, ਉਹਨਾਂ ਵੈਣ-ਕੀਰਨੇ ਨਾ ਪਾਏ, ਸ਼ਹੀਦੀ ਦੀ ਸਾਰੀ ਗੱਲ ਬਹੁਤ ਹੌਂਸਲੇ ਤੇ ਧੀਰਜ ਨਾਲ ਸੁਣੀ । ਇਹ ਅਡੋਲਤਾ ਉਹਨਾਂ ਵਿੱਚ ਕੁਦਰਤੀ ਸੀ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਸੀ। ਮਾਤਾ ਜੀ ਨੇ ਕਿਹਾ ਕਿ ਉਹ ਆਪਣੇ ਬਾਬਾ ਜੀ ਦੇ ਰਾਹਾਂ ‘ਤੇ ਚੱਲ ਕੇ ਉਹਨਾਂ ਦੀ ਗੋਦ ਵਿੱਚ ਜਾ ਵਿਰਾਜੇ ਨੇ, ਸਿੱਖੀ ਸਿਦਕ ਨੂੰ ਸਿਰ ਦੇ ਕੇ ਨਿਭਾ ਗਏ ਹਨ। ਮੈਂ ਵੀ ਉਹਨਾਂ ਦੇ ਕੋਲ ਚਲਦੀ ਹਾਂ, ਇਹ ਕਹਿ ਕੇ ਸਮਾਧੀ ਲੀਨ ਹੋ ਗਏ ਤੇ ਆਪਣੇ ਪ੍ਰਾਣ ਦਸਮ ਦੁਆਰ ਚੜ੍ਹਾ ਕੇ ਆਪਣਾ ਸਰੀਰ ਤਿਆਗ ਦਿੱਤਾ। ਮਾਤਾ ਜੀ ਪੂਰਨ ਯੋਗੀ ਸੀ, ਉਹ ਹਰਖ-ਸੋਗ ਨੂੰ ਬਰਾਬਰ ਜਾਨਣ ਵਾਲੇ ਗੁਰਮਤਿ ਦੇ ਅਸੂਲਾਂ ਦੇ ਪੱਕੇ ਧਾਰਨੀ ਸੀ । ਏਸੇ ਲਈ ਉਹਨਾਂ ਨੇ ਕੈਦ ਦੇ ਸਮੇਂ ਜਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੁਣ ਕੇ ਕੋਈ ਵਿਰਲਾਪ ਜਾਂ ਦੁਨਿਆਵੀ ਲੋਕਾਂ ਵਾਂਗ ਦੁੱਖ ਦੀ ਦੁਹਾਈ ਨਹੀਂ ਪਾਈ। ਇਸ ਨਾ ਸਹਾਰ ਹੋਣ ਵਾਲੇ ਦੁੱਖ ਨੂੰ ਵੀ ਉਹਨਾਂ ਨੇ ਸ਼ਾਂਤ ਚਿੱਤ ਆਪਣੇ ਅੰਦਰ ਹੀ ਅੰਦਰ ਜਰ ਲਿਆ। ਦਸਮ ਪਿਤਾ ਜੀ ਬਚਿੱਤ੍ਰ ਨਾਟਕ ਵਿੱਚ ਮਾਤਾ ਜੀ ਦੀ ਯੋਗ ਸਾਧਨਾ ਦਾ ਜਿਕਰ ਕਰਦੇ ਹਨ –

ਤਾਤ ਮਾਤ ਮੁਰ ਅਲਖ ਅਰਾਧਾ। ਬਹੁਤ ਬਿਧਿ ਜੋਗ ਸਾਧਨਾ ਸਾਧਾ।

ਪੋਤਿਆਂ ਦੀ ਸ਼ਹੀਦੀ ਦਾ ਸੁਣ ਦਾਦੀ ਮਾਂ ਸ਼ਹੀਦਾਂ ਦੀ ਕਤਾਰ ਦੀ ਮੋਢੀ ਜਾ ਬਣੀ। ਉਹ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੇ ਵਿੱਚ ਅਭੇਦ ਹੋ ਸੱਚਖੰਡ ਜਾ ਵਿਰਾਜੇ। ਟੋਡਰ ਮੱਲ ਜੀ ਸਾਰੀ ਘਟਨਾ ਨੂੰ ਅੱਖੀਂ ਦੇਖ ਬਿਹਬਲ ਹੋ ਉੱਠੇ। ਉਸਨੇ ਸ਼ਹੀਦਾਂ ਦਾ ਸਸਕਾਰ ਕਰਨ ਲਈ ਆਪਣਾ ਘਰ-ਬਾਰ ਦਾਅ ‘ਤੇ ਲਾਉਣ ਦਾ ਮਨ ਬਣਾ ਲਿਆ, ਉਹ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ। ਨਵਾਬ ਵਜ਼ੀਰ ਖਾਂ ਕੋਲ ਜਾ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਲਈ ਥਾਂ ਦੀ ਮੰਗ ਕੀਤੀ ਤੇ ਕਿਹਾ ਕਿ ਜਿੰਨਾ ਮਰਜੀ ਧਨ ਲੈ ਲਵੋ ਪਰ ਮੈਨੂੰ ਉਹਨਾਂ ਦੇ ਸਸਕਾਰ ਕਰਨ ਲਈ ਥਾਂ ਜਰੂਰ ਦਿੱਤੀ ਜਾਵੇ । ਨਵਾਬ ਵਜ਼ੀਰ ਖਾਂ ਨੇ ਲਾਲਚ ਵਿੱਚ ਕਿਹਾ ਜਿੰਨੇ ਥਾਂ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਦਿਓਗੇ ਉਹ ਥਾਂ ਤੁਹਾਨੂੰ ਮਿਲ ਸਕਦੀ ਹੈ। ਟੋਡਰ ਮੱਲ ਜੀ ਨੇ ਹਾਂ ਕਰ ਦਿੱਤੀ। ਨਵਾਬ ਵਜ਼ੀਰ ਖਾਂ ਦੇ ਹੁਕਮ ਨਾਲ ਚੌਧਰੀ ਅੱਤਾ ਨਾਂ ਦੇ ਜਿਮੀਦਾਰ ਦੀ ਜਮੀਨ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਕੇ ਭਾਈ ਟੋਡਰ ਮੱਲ ਜੀ ਨੇ ਦੁਨੀਆਂ ‘ਚੋਂ ਸਭ ਤੋਂ ਮਹਿੰਗੇ ਮੁੱਲ ਵਾਲਾ ਜਮੀਨ ਦਾ ਟੁਕੜਾ ਖਰੀਦਿਆ। ਅੱਜ ਤੱਕ ਏਨਾ ਜਿਆਦਾ ਮੁੱਲ ਕਿਸੇ ਨਹੀਂ ਤਾਰਿਆ। ਉਸ ਨੇ ਇੱਕ ਕਰੋੜ ਅੱਠ ਲੱਖ ਰੁਪਏ ਦੀਆਂ ਮੋਹਰਾਂ ਵਿਛਾਈਆਂ ਜੋ ਇਹ ਕੀਮਤ ਉਸ ਵੇਲੇ ਦੀ ਸੀ। ਇਸ ਦਾ ਜਿਕਰ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਪੁਸਤਕ ਪੂਰਨ ਸਚਿ ਭਰੇ ‘ਚ ਕੀਤਾ ਹੈ। ਟੋਡਰ ਮੱਲ ਨੇ ਆਪਣੇ ਭਰਾ ਤੇ ਕੁਝ ਕੁ ਸਾਥੀਆਂ ਸਮੇਤ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਹੰਸਲਾ ਨਦੀ ਦੇ ਜਲ ਨਾਲ ਇਸ਼ਨਾਨ ਕਰਵਾ ਸੁੰਦਰ ਬਿਬਾਨ ਸਜਾਇਆ, ਚੰਦਨ ਦੀ ਲੱਕੜ ਨਾਲ ਚਿਖਾ ਤਿਆਰ ਕੀਤੀ। ਇਸ ਸਾਰੀ ਸੇਵਾ ਲਈ ਭਾਈ ਟੋਡਰ ਮੱਲ ਜੀ ਦਾ ਉਸਦੇ ਛੋਟੇ ਭਰਾ ਨਾਗਰ ਮੱਲ, ਭਾਈ ਮੋਤੀ ਰਾਮ ਜੀ ਅਤੇ ਭਾਈ ਜੋਧ ਸਿੰਘ ਨੇ ਪੂਰਾ ਸਾਥ ਦਿੱਤਾ। ਇਹਨਾਂ ਤੋਂ ਇਲਾਵਾ ਗਿਣਤੀ ਦੇ ਚੰਦ ਲੋਕਾਂ ਦੇ ਸਹਿਯੋਗ ਨਾਲ ਅੰਗੀਠਾ ਤਿਆਰ ਕਰ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਇਕੱਠੇ ਇੱਕ ਥਾਂ ਸਸਕਾਰ ਕਰ ਦਿੱਤੇ । ਭਾਈ ਟੋਡਰ ਮੱਲ ਜੀ ਨੇ ਸਸਕਾਰ ਕਰਨ ਸਮੇਂ ਗੁਰਮਤਿ ਦਾ ਖਾਸ ਧਿਆਨ ਰੱਖਿਆ ਤਾਂ ਕਿ ਸ਼ਹੀਦਾਂ ਦੇ ਸਸਕਾਰ ਪੂਰੀ ਮਰਿਆਦਾ ਨਾਲ ਹੋ ਸਕਣ। ਭਾਈ ਟੋਡਰ ਮੱਲ ਜੀ ਤੇ ਇਨ੍ਹਾਂ ਦੇ ਸੰਗੀ-ਸਾਥੀ ਕਿੰਨੀ ਦੇਰ ਅੰਗੀਠੇ ਕੋਲ ਖੜੇ ਅੱਖਾਂ ‘ਚੋਂ ਅੱਥਰੂ ਕੇਰਦੇ ਰਹੇ। ਭਾਈ ਟੋਡਰ ਮੱਲ ਜੀ ਦੀ ਕੀਤੀ ਹੋਈ ਸੇਵਾ ਨੂੰ ਸਿੱਖ ਜਗਤ ਸਦਾ ਯਾਦ ਰੱਖੇਗਾ। ਉਸਦੀ ਇਸ ਮਹਾਨ ਘਾਲਣਾ ਨੂੰ ਸਦਾ ਨਮਸਕਾਰ ਹੁੰਦੀ ਰਹੇਗੀ।
ਅਗਲਾ ਭਾਗ………

 

You may also like these