ਦੀਵਾਨ_ਟੋਡਰ_ਮੱਲ_ਜੀ
ਭਾਗ-2
ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਸਮੇਂ ‘ਚ ਕਈ ਅਹੁਦੇਦਾਰਾਂ ਦੀਆਂ ਅਦਲੀਆਂ-ਬਦਲੀਆਂ ਧਾਰਮਿਕ ਕੱਟੜਤਾ ਦੇ ਅਧਾਰ ‘ਤੇ ਕੀਤੀਆਂ ਜੋ ਕਿ ਇਸਲਾਮ ਦਾ ਪ੍ਰਚਾਰ ਕਰਨ ਵਾਲੇ ਅਹੁਦੇਦਾਰ ਉਸਦੇ ਨੇੜੇ ਰਹਿ ਸਕਣ। ਦੀਵਾਨ ਟੋਡਰ ਮੱਲ ਜੀ ਨੂੰ ਦਿੱਲੀ ਦਰਬਾਰ ਦੇ ਉੱਚ ਅਹੁਦੇ ਤੋਂ ਹਟਾ ਕੇ ਸੂਬਾ ਸਰਹਿੰਦ ਦੇ ਨਵਾਬ ਵਜੀਰ ਖਾਨ ਦਾ ਦੀਵਾਨ ਬਣਾ ਦਿੱਤਾ। ਭਾਈ ਟੋਡਰ ਮੱਲ ਸਰਹਿੰਦ ਮੁੜ ਆਇਆ ਤੇ ਏਥੇ ਰਹਿ ਕੇ ਦੀਵਾਨ ਦੀ ਪਦਵੀ ਦੀ ਜਿੰਮੇਵਾਰੀ ਨਿਭਾਉਣ ਲੱਗਾ। ਏਥੇ ਰਹਿੰਦੇ ਹੋਇਆਂ ਉਸ ਨੇ ਆਪਣੀ ਰਿਹਾਇਸ਼ ਲਈ ਬਹੁਤ ਹੀ ਸੁੰਦਰ ਤੇ ਆਲੀਸ਼ਾਨ ਹਵੇਲੀ ਤਿਆਰ ਕਰਵਾਈ ਅਤੇ ਇਸਦੇ ਘੇਰੇ ਵਿੱਚ ਫੁਹਾਰੇ, ਤਲਾਅ, ਖੂਹ ਤੇ ਬਾਗ-ਬਗੀਚੇ ਵੀ ਲਗਵਾਏ। ਸਮੁੰਦਰੀ ਜਹਾਜ ਦੀ ਦਿੱਖ ਵਾਲੀ ਇਸ ਹਵੇਲੀ ਦਾ ਘੇਰਾ ਕਈ ਏਕੜਾਂ ਵਿੱਚ ਫੈਲਿਆ ਹੋਇਆ ਸੀ ਤੇ ਲੋਕ ਇਸਨੂੰ ਜਹਾਜੀ ਹਵੇਲੀ ਕਹਿੰਦੇ ਸਨ। ਜੀਵਨ ਦੇ ਕਈ ਵਰ੍ਹੇ ਭਾਈ ਟੋਡਰ ਮੱਲ ਜੀ ਨੇ ਆਪਣੇ ਪਰਿਵਾਰ ਸਮੇਤ ਇਸ ਹਵੇਲੀ ਵਿੱਚ ਹੀ ਗੁਜਾਰੇ। ਹਰ ਸਮੇਂ ਨੌਕਰਾਂ-ਚਾਕਰਾਂ ਤੇ ਅਮੀਰ- ਵਜੀਰਾਂ ਦੀਆਂ ਰੌਣਕਾਂ ਏਥੇ ਲੱਗੀਆਂ ਰਹਿੰਦੀਆਂ ਸਨ। ਗਰੀਬਾਂ ਦੀ ਮਦਦ ਕਰਨ ਵਾਲੇ ਰਹਿਮ ਦਿਲ ਭਾਈ ਟੋਡਰ ਮੱਲ ਜੀ ਕੋਲ ਗਰੀਬ ਫਰਿਆਦੀ ਆਉਂਦੇ ਹੀ ਰਹਿੰਦੇ ਸੀ ਤੇ ਉਹ ਹਵੇਲੀ ‘ਚ ਬੈਠ ਕੇ ਹੀ ਉਨ੍ਹਾਂ ਦੀਆਂ ਤਕਲੀਫਾਂ ਦਾ ਨਿਪਟਾਰਾ ਕਰ ਦਿੰਦਾ । ਗੁਰੂ ਘਰ ਦਾ ਪ੍ਰੀਤਵਾਨ ਸਿੱਖ ਹੋਣ ਕਰਕੇ ਉਹ ਸਰਹਿੰਦ ਵਿੱਚ ਉਸ ਸਮੇਂ ਰਹਿੰਦੇ ਗੁਰਸਿੱਖਾਂ ਨੂੰ ਆਪਣੀ ਹਵੇਲੀ ‘ਚ ਬੁਲਾ ਕੇ ਉਨ੍ਹਾਂ ਕੋਲੋਂ ਗੁਰੂ ਸਾਹਿਬਾਨਾਂ ਦੀਆਂ ਬਾਤਾਂ ਤੇ ਗੁਰਬਾਣੀ ਸੁਣਕੇ ਬਹੁਤ ਹੀ ਪ੍ਰਸੰਨ ਹੁੰਦਾ। ਉਨ੍ਹਾਂ ਗੁਰਸਿੱਖਾਂ ਦੀ ਸੰਗਤ ਕਰਨ ਨਾਲ ਉਸਨੂੰ ਗੁਰਬਾਣੀ ਦੀ ਸਮਝ ਪੈ ਚੁੱਕੀ ਸੀ ਤੇ ਉਹ ਕੰਠ ਕੀਤੀ ਹੋਈ ਗੁਰਬਾਣੀ ਦਾ ਪਾਠ ਆਪਣੀ ਹਵੇਲੀ ‘ਚ ਸਵੇਰੇ-ਸ਼ਾਮ ਨੂੰ ਜਰੂਰ ਕਰਦਾ ਤੇ ਆਪਣੇ ਮਨ ਨੂੰ ਸਦਾ ਹੀ ਗੁਰੂ ਦੀ ਓਟ ‘ਚ ਰੱਖਦਾ। ਭਾਈ ਟੋਡਰ ਮੱਲ ਜੀ ਦੀ ਸੁਪਤਨੀ ਦਾ ਨਾਂ ਕਿਸੇ ਵੀ ਇਤਿਹਾਸਕ ਲਿਖਤ ਵਿੱਚ ਨਜ਼ਰੀਂ ਨਹੀਂ ਆਇਆ ਪਰ ਉਹ ਵੀ ਬਹੁਤ ਹੀ ਨੇਕ ਅਤੇ ਧਰਮਾਤਮਾ ਹੋਵੇਗੀ ਜਿਸਨੂੰ ਐਨੇ ਦਿਆਲੂ ਤੇ ਮਹਾਨ ਪੁਰਸ਼ ਦੇ ਲੜ ਲੱਗਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਿਸ ਦੀ ਕੁੱਖ ਨੂੰ ਸੰਤ ਰੂਪ ਨਰਾਇਣ ਜੀ ਨੇ ਭਾਗ ਲਾਏ ।
ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਠੰਡੇ ਬੁਰਜ ਵਿੱਚ ਰੱਖਿਆ ਗਿਆ, ਉਨ੍ਹਾਂ ਦਿਨਾਂ ‘ਚ ਭਾਈ ਟੋਡਰ ਮੱਲ ਜੀ ਕਈ ਦਿਨਾਂ ਤੋਂ ਕਿਧਰੇ ਗਏ ਹੋਏ ਸੀ। ਜਿਸ ਦਿਨ ਉਹ ੧੩ ਪੋਹ ਨੂੰ ਸਰਹਿੰਦ ਵਾਪਸ ਆਏ ਤਾਂ ਉਸ ਦਿਨ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਸਨ। ਘਰ ਆਉਂਦਿਆਂ ਹੀ ਭਾਈ ਟੋਡਰ ਮੱਲ ਕਚਿਹਰੀ ਵੱਲ ਨੂੰ ਦੌੜਿਆ ਕਿ ਉਹ ਨਵਾਬ ਵਜ਼ੀਰ ਖਾਨ ਨੂੰ ਧਨ ਦੇ ਕੇ ਸਾਹਿਬਜ਼ਾਦਿਆਂ ਨੂੰ ਬਚਾ ਲਵੇ ਪਰ ਉਸਦੇ ਪਹੁੰਚਣ ਤੋਂ ਪਹਿਲਾਂ ਹੀ ਸਾਰਾ ਭਾਣਾ ਵਰਤ ਚੁੱਕਾ ਸੀ । ਸਾਹਿਬਜ਼ਾਦਿਆਂ ਦੇ ਮ੍ਰਿਤਕ ਸਰੀਰ ਵੀ ਕਿਲ੍ਹੇ ਤੋਂ ਬਾਹਰ ਵਗਦੀ ਹੰਸਲਾ ਨਦੀ ਦੇ ਨੇੜੇ ਜੰਗਲੀ ਝਾੜੀਆਂ ਵਿੱਚ ਸੁੱਟ ਦਿੱਤੇ ਸਨ। ਉਹ ਠੰਡੇ ਬੁਰਜ ‘ਚ ਜਾ ਕੇ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦੱਸਣ ਗਿਆ ਤਾਂ ਮਾਤਾ ਜੀ ਨੇ ਭਾਈ ਟੋਡਰ ਮੱਲ ਨੂੰ ਪਛਾਣ ਲਿਆ ਜੋ ਕਿ ਪਿੰਡ ਆਲੋਅਰਖ ‘ਚ ਉਨ੍ਹਾਂ ਦੀ ਬਹੁਤ ਸੇਵਾ ਕਰ ਚੁੱਕਿਆ ਸੀ। ਉਸ ਕੋਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਰਾ ਬਿਰਤਾਂਤ ਸੁਣਕੇ ਮਾਤਾ ਜੀ ਸਮਾਧੀ ਲੀਨ ਹੋ ਕੇ ਪ੍ਰਲੋਕ ਸਿਧਾਰ ਗਏ। ਇਹ ਸਾਰਾ ਦੁਖਾਂਤ ਵਰਤ ਜਾਣ ‘ਤੇ ਭਾਈ ਟੋਡਰ ਮੱਲ ਜੀ ਸੋਚਣ ਲੱਗੇ ਕਿ ਹੁਣ ਇਨ੍ਹਾਂ ਮਹਾਨ ਰੂਹਾਂ ਦੇ ਸਸਕਾਰ ਕਿਵੇਂ ਕੀਤੇ ਜਾ ਸਕਣ।
ਟੋਡਰ ਮਲ ਸੋਚਤ ਮਨ ਮਾਹੀ॥ ਸਿੰਸਕਾਰਿਆ ਕਿਹ ਬਿਧਿ ਕਰਤਾਹੀ॥ ਸ੍ਰੀ ਗੁਰ-ਪਦ ਪ੍ਰੇਮ ਪ੍ਰਕਾਸ਼ – ਕ੍ਰਿਤ ਬਾਵਾ ਸੁਮੇਰ ਸਿੰਘ – ਪੰਨਾ ੩੮੮ (ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਐਨਾ ਵੱਡਾ ਸਾਕਾ ਵਰਤ ਜਾਣ ‘ਤੇ ਸਰਹਿੰਦ ਵਿੱਚ ਮਾਹੌਲ ਬਹੁਤ ਹੀ ਡਰ ਤੇ ਸਹਿਮ ਵਾਲਾ ਬਣ ਚੁੱਕਾ ਸੀ। ਧਰਮੀ ਲੋਕ ਖਾਮੋਸ਼ ਹੋ ਕੇ ਆਪੋ ਆਪਣੇ ਘਰੀਂ ਜਾ ਵੜੇ ਕਿ ਕਿਤੇ ਸਾਹਿਬਜ਼ਾਦਿਆਂ ਨਾਲ ਹਮਦਰਦੀ ਵਾਲੇ ਬੋਲ ਉਨ੍ਹਾਂ ਦੇ ਮੂੰਹੋਂ ਨਵਾਬ ਦੇ ਸਿਪਾਹੀ ਹੀ ਨਾ ਸੁਣ ਲੈਣ। ਉਸ ਸਮੇਂ ਆਮ ਬੰਦਾ ਤਾਂ ਕੀ ਕੋਈ ਅਹਿਲਕਾਰ ਵੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਨਾਲ ਹਮਦਰਦੀ ਦੀ ਗੱਲ ਨਹੀਂ ਸੀ ਕਰਦਾ ਜੋ ਕਿ ਸਾਰੇ ਹੀ ਜਾਣਦੇ ਸੀ ਕਿ ਇਸਦੀ ਸਜਾ ਮੌਤ ਤੋਂ ਘੱਟ ਨਹੀਂ ਹੋਵੇਗੀ। ਅਜਿਹੇ ਹਾਲਾਤਾਂ ਬਾਰੇ ਸੋਚ-ਵਿਚਾਰ ਕੇ ਭਾਈ ਟੋਡਰ ਮੱਲ ਜੀ ਆਪਣੇ ਭਰਾ ਨਾਗਰ ਮੱਲ ਨੂੰ ਨਾਲ ਲੈ ਕੇ ਇੱਕ ਰਹਿਮ ਦਿਲ ਪਠਾਣ ਕੋਲ ਗਿਆ, ਉਹ ਪਠਾਣ ਚੰਗੀ ਪਹੁੰਚ ਵਾਲਾ ਨੇਕ ਬੰਦਾ ਸੀ । ਉਸਨੂੰ ਆਪਣਾ ਮਨੋਰਥ ਦੱਸਿਆ ਕਿ ਉਹ ਗੁਰੂ ਜੀ ਦੀ ਮਾਤਾ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨਾ ਚਾਹੁੰਦਾ ਹੈ। ਇਹ ਗੱਲ ਸੁਣ ਕੇ ਪਠਾਣ ਉਨ੍ਹਾਂ ਨੂੰ ਸੁੱਚਾ ਨੰਦ ਕੋਲ ਲੈ ਗਿਆ ਜੋ ਵਜ਼ੀਰ ਖਾਨ ਦਾ ਸਭ ਤੋਂ ਨਜਦੀਕੀ ਅਹਿਲਕਾਰ ਸੀ ਤੇ ਏਸੇ ਨੇ ਹੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ‘ਤੇ ਆਪਣੀ ਕਠੋਰਤਾ ਭਰੀ ਮੱਤ ਲਾ ਦਿੱਤੀ ਸੀ। ਉੱਥੇ ਜਾ ਕੇ ਪਠਾਣ ਨੇ ਸੁੱਚਾ ਨੰਦ ਨੂੰ ਕਿਹਾ ਕਿ ਗੁਰੂ ਜੀ ਦੀ ਮਾਤਾ ਤੇ ਪੁੱਤਰਾਂ ਦੀਆਂ ਦੇਹਾਂ ਨਵਾਬ ਕੋਲੋਂ ਦੀਵਾਨ ਟੋਡਰ ਮੱਲ ਜੀ ਨੂੰ ਦਿਵਾ ਦਿਓ ਤਾਂ ਕਿ ਇਹ ਉਨ੍ਹਾਂ ਦਾ ਸਸਕਾਰ ਕਰ ਸਕੇ। ਉਨ੍ਹਾਂ ਮਿੱਟੀ ਹੋਏ ਮ੍ਰਿਤਕ ਸਰੀਰਾਂ ਨੂੰ ਕੀ ਕਰੋਗੇ, ਜੋ ਜੁਲਮ ਤੁਸੀਂ ਉਨ੍ਹਾਂ ਨਾਲ ਕਰਨੇ ਸੀ ਉਹ ਜਿਉਂਦਿਆਂ ਨਾਲ ਕਰ ਚੁੱਕੇ ਹੋ। ਇਹ ਸਾਰਾ ਹਿਸਾਬ ਤੁਹਾਨੂੰ ਅੱਲਾ ਦੀ ਦਰਗਾਹ ‘ਚ ਦੇਣਾ ਪਵੇਗਾ ਤੇ ਉੱਥੇ ਤੁਸੀਂ ਕਿਹੜਾ ਮੂੰਹ ਲੈ ਕੇ ਜਾਓਗੇ। ਪਠਾਣ ਦੀਆਂ ਸੱਚੀਆਂ ਗੱਲਾਂ ਸੁਣ ਕੇ ਸੁੱਚਾ ਨੰਦ ਉਨ੍ਹਾਂ ਸਾਹਮਣੇ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਕਹਿਣ ਲੱਗਾ ਕਿ ਤੁਸੀਂ ਗੁਰੂ ਦੀ ਮਾਂ ਤੇ ਪੁੱਤਰਾਂ ਦੀਆਂ ਦੇਹਾਂ ਲੈ ਜਾਵੋ, ਮੈਂ ਤੁਹਾਡੇ ਨਾਲ ਜਾ ਕੇ ਨਵਾਬ ਸਾਬ ਕੋਲੋਂ ਉਨ੍ਹਾਂ ਦੀਆਂ ਦੇਹਾਂ ਦੁਆ ਦਿੰਦਾ ਹਾਂ। ਇਸ ਇਤਿਹਾਸਕ ਵੇਰਵੇ ਨੂੰ ਭਾਈ ਦੁੱਨਾ ਸਿੰਘ ਹੰਡੂਰੀਆ ਨੇ ਇਵੇਂ ਲਿਖਿਆ ਹੈ –
ਸੋਰਠਾ
ਗਇ ਪਠਾਣਹਿ ਪਾਸ, ਟੋਡਰ ਨਾਗਰ ਮੱਲ ਜਬ। ਕਯੋ ਸੁ ਝੂਠੇ ਪਾਸ, ਲੋਥਾ ਅਬ ਸਿਸਕਾਰੀਏ।
ਦੋਹਰਾ
ਤੀਨੇ ਮਿਲ ਕਰ ਗਏ ਤਬ ਝੂਠੇ ਨੰਦ ਸੁ ਪਾਹਿ। ਤਬੈ ਪਠਾਣਹਿ ਯਹ ਕਹਯੋ, ਲੋਥ ਸੁ ਇਨਹਿ ਦਿਵਾਇ।
ਸੋਰਠਾ
ਅਬ ਮਿੱਟੀ ਕਿਹ ਕਾਂਹਿ, ਤੁਮਹਿ ਬਹੁਤ ਜਬਰ ਕੀਆ। ਸਾਹਿਬ ਕੀ ਦਰਗਾਹਿ, ਕਿਆ ਮੁਖ ਲੁ ਕਰ ਜਾਂਹਿਗੇ। ਤਬ ਸ਼ਰਮਿੰਦੇ ਹੋਹਿ, ਕਯੋ ਲਿਜਾਵਹੁ ਲੋਥ ਹੀ। ਲੈ ਆਏ ਤਿਸ ਠੋਰ, ਚੰਦਨ ਚਿਖਾ ਸਵਾਰੀਓ।
ਕਥਾ ਗੁਰੂ ਜੀ ਕੇ ਸੁਤਨ ਕੀ – ਸੰਪਾਦਕ ਪਿਆਰਾ ਸਿੰਘ ਪਦਮ ਪੰਨਾ ੩੪
ਅਗਲਾ ਭਾਗ………