History of the days after Guru Gobind Singh Ji left Anandpur Sahib – 28-1-26

ਦੀਵਾਨ_ਟੋਡਰ_ਮੱਲ_ਜੀ

ਭਾਗ-1
ਭਾਈ ਟੋਡਰ ਮੱਲ ਜੀ ਖੱਤਰੀ ਬਰਾਦਰੀ (ਟੋਡਰ ਮੱਲ ਕਪੂਰ ਸਿੱਖ ਖਤ੍ਰੀ – ਸ੍ਰੀ ਗੁਰ-ਪਦ ਪ੍ਰੇਮ ਪ੍ਰਕਾਸ਼) ਦਾ ਇੱਕ ਧਨਾਢ ਸਿੱਖ ਸੀ ਤੇ ਉਹ ਦਿੱਲੀ ਦਰਬਾਰ ਵਿੱਚ ਉੱਚ ਅਹੁਦੇਦਾਰ ਅਤੇ ਸਰਹਿੰਦ ਦੇ ਦਰਬਾਰ ਵਿੱਚ ਦੀਵਾਨ ਦੀ ਪਦਵੀ ‘ਤੇ ਸੁਸ਼ੋਭਿਤ ਰਿਹਾ। ਉਹ ਪਿੰਡ ਕਾਕੜਾ (ਤਹਿਸੀਲ-ਜਿਲ੍ਹਾ ਸੰਗਰੂਰ) ਦਾ ਰਹਿਣ ਵਾਲਾ ਸੀ ਤੇ ਇਸਦੇ ਆਲੇ-ਦੁਆਲੇ ਦੀ ਬਹੁਤ ਸਾਰੀ ਜਮੀਨ ਦਾ ਮਾਲਕ ਸੀ। ਪਿੰਡ ਕਾਕੜਾ ਵਿੱਚੋਂ ਉੱਠ ਕੇ ਰਾਜਪੂਤਾਂ, ਖੱਤਰੀਆਂ ਤੇ ਬ੍ਰਾਹਮਣਾਂ ਨੇ ਪਿੰਡ ਆਲੋਅਰਖ (ਪੁਰਾਣਾ ਨਾਂ ਆਲੋਹਰਖ) ਵਸਾਇਆ। ੧੬੬੫ ਈ: ਨੂੰ ਗੁਰੂ ਤੇਗ ਬਹਾਦਰ ਜੀ ਮਾਲਵਾ ਰਟਨ ਕਰਦੇ ਹੋਏ ਪਿੰਡ ਆਲੋਅਰਖ ‘ਚ ਇੱਕ ਸਾਧੂ ਦੀ ਕੁਟੀਆ ਵਿੱਚ ਦਰੱਖਤਾਂ ਦੀ ਸੰਘਣੀ ਝਿੜੀ ‘ਚ, ਇੱਕ ਨਿੰਮ ਦੇ ਦਰੱਖਤ ਥੱਲੇ ਜਾ ਵਿਰਾਜੇ ਤੇ ਬੋਹੜ ਦੇ ਦਰੱਖਤ ਥੱਲੇ ਆਪਣਾ ਘੋੜਾ ਬੰਨ੍ਹਿਆ। ਇਸ ਸਾਧੂ ਨੇ ਗੁਰੂ ਜੀ ਸਮੇਤ ਨਾਲ ਆਈਆਂ ਸੰਗਤਾਂ ਦਾ ਬਹੁਤ ਹੀ ਆਦਰ-ਮਾਣ ਕੀਤਾ। ਇਸ ਤੋਂ ਪਹਿਲਾਂ ਗੁਰੂ ਜੀ ਇਸ ਕੁਟੀਆ ਦੇ ਨੇੜੇ ਹੀ ਰਾਜਪੂਤਾਂ ਦੇ ਇੱਕ ਖੂਹ ਦੇ ਕੋਲ ਬੈਠੇ ਸੀ ਜਿਸਦੇ ਪਾਸ ਇੱਕ ਛੱਪੜੀ ਵੀ ਸੀ। ਉਨ੍ਹਾਂ ਰਾਜਪੂਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਖੂਹ ‘ਤੇ ਡੇਰਾ ਨਾ ਲਾਉਣ ਕਿਉਂਕਿ ਬਾਅਦ ‘ਚ ਮੁਸਲਮਾਨ ਰੰਘੜ ਉਨ੍ਹਾਂ ਨੂੰ ਤੰਗ ਕਰਨਗੇ। ਗੁਰੂ ਜੀ ਨੇ ਕਿਹਾ ਕਿ ਉਹ ਇੱਥੋਂ ਚਲੇ ਜਾਣਗੇ। ਨਾਲ ਹੀ ਕੁਝ ਫਰਲਾਂਗਾਂ ਦੀ ਦੂਰੀ ‘ਤੇ ਇਸ ਸਾਧੂ ਦੀ ਕੁਟੀਆ ਸੀ ਤੇ ਇਹ ਗੁਰੂ ਜੀ ਨੂੰ ਬੇਨਤੀ ਕਰਕੇ ਆਪਣੀ ਕੁਟੀਆ ‘ਚ ਲੈ ਆਇਆ। ਉਸ ਸਮੇਂ ਭਾਈ ਟੋਡਰ ਮੱਲ ਜੀ ਨੇ ਆਪਣੇ ਪਿੰਡ ਕਾਕੜਾ (ਜੋ ਆਲੋਅਰਖ ਤੋਂ ੭ ਕਿ: ਮੀ: ਦੂਰ ਹੈ) ਤੋਂ ਆਪਣੀ ਪਤਨੀ ਤੇ ਕੁਝ ਸੇਵਕਾਂ ਨਾਲ ਆਣ ਕੇ ਗੁਰੂ ਜੀ ਤੇ ਉਨ੍ਹਾਂ ਨਾਲ ਆਈਆਂ ਸੰਗਤਾਂ ਦੀ ਬਹੁਤ ਹੀ ਭਾਵਨਾ ਨਾਲ ਸੇਵਾ ਕੀਤੀ, ਜਿਸ ਤੋਂ ਗੁਰੂ ਪਾਤਸ਼ਾਹ ਜੀ ਬਹੁਤ ਹੀ ਪ੍ਰਸੰਨ ਹੋਏ। ਉਸ ਸਮੇਂ ਗੁਰੂ ਜੀ ਨਾਲ ਇਹ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਸਨ – ਮਾਤਾ ਨਾਨਕੀ ਜੀ (ਗੁਰੂ ਜੀ ਦੀ ਮਾਂ), ਮਾਤਾ ਗੁਜਰੀ ਜੀ (ਗੁਰੂ ਜੀ ਦੀ ਸੁਪਤਨੀ), ਮਾਮਾ ਕ੍ਰਿਪਾਲ ਚੰਦ ਜੀ (ਦਸ਼ਮੇਸ਼ ਜੀ ਦੇ ਮਾਮਾ ਜੀ), ਭਾਈ ਸੁੱਖਾ ਜੀ, ਭਾਈ ਨੰਦ ਜੀ, ਭਾਈ ਨੱਥੂ ਜੀ ਰਬਾਬੀ ਦਾ ਜਥਾ, ਸਾਹਿਬ ਚੰਦ ਜੀ, ਗੁਰਬਖਸ਼ ਜੀ, ਮਤੀ ਦਾਸ ਜੀ, ਸਾਧੂ ਜੀ, ਦਿਆਲਾ ਜੀ, ਭਾਈ ਫੇਰੂ ਜੀ (ਸੰਗਤੀਆ ਜੀ) ਆਦਿਕ। ਸਿੱਖਾਂ ਵਿੱਚੋਂ ਬਹੁਤਿਆਂ ਦੇ ਪਰਿਵਾਰ ਵੀ ਨਾਲ ਸੀ, ਹੋਰ ਬਹੁਤ ਸੰਗਤ ਤੇ ਦਾਸ-ਦਾਸੀਆਂ ਵੀ ਨਾਲ ਸਨ। ਇਹ ਸਾਰਾ ਕਾਫਲਾ ਰੱਥ, ਘੋੜੇ, ਬੈਲ ਗੱਡੀਆਂ ਤੇ ਪੈਦਲ ਸਫਰ ਕਰ ਰਿਹਾ ਸੀ। ਇਨ੍ਹਾਂ ਸਾਰਿਆਂ ਦੇ ਏਥੇ ਆਉਣ ਨਾਲ ਬਹੁਤ ਰੌਣਕ ਲੱਗੀ ਰਹੀ ਤੇ ਗੁਰੂ ਜੀ ਇੱਕ ਦਿਨ ਤੇ ਰਾਤ ਸੰਗਤਾਂ ਸਮੇਤ ਏਥੇ ਵਿਰਾਜੇ ਰਹੇ। ਭਾਈ ਟੋਡਰ ਮੱਲ ਜੀ ਨੇ ਗੁਰੂ ਜੀ ਤੋਂ ਸਿੱਖੀ ਪ੍ਰਾਪਤ ਕਰਕੇ, ਸੇਵਾ ਦੇ ਨਾਲ ਸ਼ਬਦ ਦੀ ਕਮਾਈ ਵੀ ਏਥੋਂ ਹੀ ਸ਼ੁਰੂ ਕਰ ਦਿੱਤੀ। ਜਦੋਂ ਗੁਰੂ ਜੀ ਇੱਥੋਂ ਚੱਲਣ ਲੱਗੇ ਤਾਂ ਭਾਈ ਟੋਡਰ ਮੱਲ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਹੋਰ ਸਮਾਂ ਏਥੇ ਠਹਿਰ ਜਾਣ ਤਾਂ ਕਿ ਉਹ ਹੋਰ ਰੱਜ ਕੇ ਸੇਵਾ ਕਰ ਲਵੇ । ਗੁਰੂ ਜੀ ਨੇ ਅਨੁਭਵੀ ਬਚਨ ਕਰਦਿਆਂ ਕਿਹਾ ਕਿ ਭਾਈ ਟੋਡਰ ਮੱਲ ਤੂੰ ਆਉਣ ਵਾਲੇ ਸਮੇਂ ‘ਚ ਰੱਜ ਕੇ ਸੇਵਾ ਕਰੇਂਗਾ, ਤੇਰੀ ਇਹ ਸ਼ਰਧਾ ਵੀ ਪੂਰੀ ਹੋਵੇਗੀ। ਗੁਰੂ ਜੀ ਆਪਣੇ ਕਾਫਲੇ ਸਮੇਤ ਅਗਲੇ ਪੈਂਡੇ ਨੂੰ ਚੱਲ ਪਏ ਤੇ ਭਾਈ ਟੋਡਰ ਮੱਲ ਜੀ ਆਪਣੇ ਸੰਗੀ-ਸਾਥੀਆਂ ਸਮੇਤ ਪਿੰਡ ਕਾਕੜਾ ਨੂੰ ਵਾਪਸ ਚਲੇ ਗਏ ।

ਗੁਰੂ ਤੇਗ ਬਹਾਦਰ ਜੀ ਦੇ ਮਿਲਾਪ ਤੋਂ ਬਾਅਦ ਗੁਰੂ ਜੀ ਦੀਆਂ ਅਸੀਸਾਂ ਦਾ ਸਦਕਾ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਦੇ ਇਰਾਦੇ ਨਾਲ ਭਾਈ ਟੋਡਰ ਮੱਲ ਜੀ ਸਰਹਿੰਦ ਆਣ ਕੇ ਰਹਿਣ ਲੱਗ ਪਏ ਤੇ ਤਰੱਕੀ ਕਰਦੇ ਹੋਏ ਉਹ ਸਰਹਿੰਦ ਦੇ ਹੀਰੇ-ਮੋਤੀ ਦੇ ਧਨਾਢ ਵਪਾਰੀ ਬਣ ਗਏ। ਸੂਝ, ਸਿਆਣਪ ਤੇ ਆਪਣੇ ਤਜਰਬੇ ਨਾਲ ਉਹ ਦਿੱਲੀ ਦਰਬਾਰ ਤੱਕ ਵੀ ਜਾ ਪਹੁੰਚੇ ਅਤੇ ਉੱਥੇ ਉੱਚੇ ਅਹੁਦੇ ‘ਤੇ ਰਹੇ। ਉਨ੍ਹਾਂ ਨਾਲ ਦਿੱਲੀ ‘ਚ ਇੱਕ ਰੌਚਕ ਘਟਨਾ ਇਸ ਤਰ੍ਹਾਂ ਵਾਪਰੀ ਕਿ ਭਾਈ ਮੀਹਾਂ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਨਿਸ਼ਾਨ ਸਾਹਿਬ ਲਹਿਰਾਉਂਦੇ ਤੇ ਦੱਖਣੀ ਬਲਦ ਉੱਤੇ ਨਗਾਰਾ ਰੱਖ ਕੇ ਵਜਾਉਂਦੇ ਹੋਏ ਦਿੱਲੀ ਸ਼ਹਿਰ ਵਿੱਚ ਜਾ ਪਹੁੰਚੇ। ਇਹ ਬਖਸ਼ਿਸ਼ਾਂ ਗੁਰੂ ਤੇਗ ਬਹਾਦਰ ਜੀ ਨੇ ਭਾਈ ਮੀਹਾਂ ਜੀ ਨੂੰ ਬਖਸ਼ੀਆਂ ਸੀ ਤੇ ਇਨ੍ਹਾਂ ਦੀ ਉਦਾਸੀ ਸੰਪ੍ਰਦਾ ਨੂੰ ਮੀਹਾਂ ਸ਼ਾਹੀ ਤੇ ਮੀਹਾਂ ਦਾਸੀਏ ਕਿਹਾ ਜਾਂਦਾ ਹੈ। ਦਿੱਲੀ ਦੇ ਮੁੱਖ ਦਰਵਾਜੇ ਮੂਹਰੇ ਪਹਿਰੇਦਾਰ ਸਿਪਾਹੀਆਂ ਨੇ ਰੋਕ ਲਿਆ ਅਤੇ ਇਨ੍ਹਾਂ ਦੇ ਸੇਵਕਾਂ ਕੋਲੋਂ ਨਿਸ਼ਾਨ ਸਾਹਿਬ ਖੋਹ ਲਿਆ ਤੇ ਨਗਾਰਾ ਵਜਾਉਣ ਵਾਲੇ ਨੂੰ ਦੱਖਣੀ ਬਲਦ ਉੱਤੋਂ ਥੱਲੇ ਲਾਹ ਕੇ ਉਸਦਾ ਨਗਾਰਾ ਵੀ ਜਬਤ ਕਰ ਲਿਆ। ਉਸ ਸਮੇਂ ਆਮ ਕੋਈ ਨਗਾਰਾ ਨਹੀਂ ਸੀ ਵਜਾ ਸਕਦਾ, ਸਰਕਾਰੀ ਤੌਰ ‘ਤੇ ਇਸ ਤਰ੍ਹਾਂ ਨਗਾਰਾ ਵਜਾਉਣ ਵਾਲੇ ਨੂੰ ਦੋਸ਼ੀ ਸਮਝਿਆ ਜਾਂਦਾ ਸੀ। ਬਾਦਸ਼ਾਹ ਦੀ ਆਗਿਆ ਨਾਲ ਖਾਸ ਅਹਿਲਕਾਰ, ਉਮਰਾਵ ਆਦਿਕ ਹੀ ਨਗਾਰਾ ਵਜਾ ਸਕਦੇ ਸਨ। ਸਿਪਾਹੀ, ਭਾਈ ਮੀਹਾਂ ਜੀ ਨੂੰ ਇਨ੍ਹਾਂ ਦੇ ਸੇਵਕਾਂ ਸਮੇਤ ਗ੍ਰਿਫਤਾਰ ਕਰਨ ਲੱਗੇ ਤਾਂ ਨਗਾਰੇ ਦੀਆਂ ਅਗੰਮੀ ਅਵਾਜਾਂ ਆਪਣੇ ਆਪ ਹੀ ਗੂੰਜਣ ਲੱਗ ਪਈਆਂ। ਇਹ ਕੌਤਕ ਦੇਖ ਕੇ ਸਿਪਾਹੀਆਂ ਨੇ ਇਨ੍ਹਾਂ ਨੂੰ ਛੱਡ ਦਿੱਤਾ ਤੇ ਆਪਣੇ ਮੁਖੀ ਅਹੁਦੇਦਾਰ ਨੂੰ ਜਾ ਬੁਲਾਇਆ ਜੋ ਕਿ ਭਾਈ ਟੋਡਰ ਮੱਲ ਜੀ ਸੀ। ਉਨ੍ਹਾਂ ਨੇ ਵੀ ਨਗਾਰੇ ਦੀਆਂ ਅਵਾਜਾਂ ਆਪਣੇ ਆਪ ਗੂੰਜਦੀਆਂ ਸੁਣੀਆਂ ਤਾਂ ਉਹ ਬਹੁਤ ਹੀ ਹੈਰਾਨ ਹੋ ਕੇ ਭਾਈ ਮੀਹਾਂ ਜੀ ਦੇ ਚਰਨੀਂ ਆਣ ਲੱਗੇ। ਸਾਰੀ ਜਾਣ- ਪਛਾਣ ਹੋਣ ਤੋਂ ਬਾਅਦ ਪਤਾ ਲੱਗਾ ਕਿ ਭਾਈ ਮੀਹਾਂ ਜੀ ਗੁਰੂ ਤੇਗ ਬਹਾਦਰ ਜੀ ਤੋਂ ਵਰੋਸਾਏ ਹੋਏ ਹਨ। ਭਾਈ ਟੋਡਰ ਮੱਲ, ਗੁਰੂ ਤੇਗ ਬਹਾਦਰ ਜੀ ਦਾ ਬਹੁਤ ਸ਼ਰਧਾਲੂ ਸੀ ਤੇ ਉਹ ਆਪਣੇ ਗੁਰੂ ਜੀ ਦਾ ਨਾਂ ਸੁਣਕੇ ਭਾਈ ਮੀਹਾਂ ਜੀ ਦੇ ਚਰਨਾਂ ‘ਤੇ ਢਹਿ- ਢੇਰੀ ਹੋ ਗਿਆ ਅਤੇ ਉਨ੍ਹਾਂ ਨੂੰ ਸੇਵਕਾਂ ਸਮੇਤ ਆਪਣੇ ਨਿਵਾਸ ਸਥਾਨ ‘ਤੇ ਜਾ ਠਹਿਰਾਇਆ। ਕਈ ਦਿਨ ਉੱਥੇ ਠਹਿਰਾ ਕੇ ਸੇਵਾ ਕਰਦਿਆਂ ਹੋਇਆਂ ਭਾਈ ਟੋਡਰ ਮੱਲ ਨੇ ਭਾਈ ਮੀਹਾਂ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਕੋਈ ਔਲਾਦ ਨਹੀਂ ਹੈ, ਆਪ ਜੀ ਕ੍ਰਿਪਾ ਕਰਕੇ ਔਲਾਦ ਦੀ ਬਖਸ਼ਿਸ਼ ਕਰੋ ਜੀ। ਭਾਈ ਮੀਹਾਂ ਜੀ ਨੇ ਬਚਨ ਕਰਦਿਆਂ ਕਿਹਾ ਕਿ ਗੁਰੂ ਪਾਤਸ਼ਾਹ ਜੀ ਦੀ ਮਿਹਰ ਨਾਲ ਤੇਰੇ ਘਰ ਔਲਾਦ ਹੋਵੇਗੀ ਪਰ ਜੋ ਪਹਿਲਾ ਪੁੱਤਰ ਹੋਵੇਗਾ, ਉਹ ਸਾਨੂੰ ਸਿੱਖੀ ਦੇ ਪ੍ਰਚਾਰ ਕਰਨ ਲਈ ਦੇ ਦੇਣਾ। ਭਾਈ ਟੋਡਰ ਮੱਲ ਜੀ ਨੇ ਇਨ੍ਹਾਂ ਬਚਨਾਂ ਨੂੰ ਸਤ ਕਰਕੇ ਮੰਨ ਲਿਆ ਤਾਂ ਭਾਈ ਮੀਹਾਂ ਜੀ ਨੇ ਉਨ੍ਹਾਂ ਦੀ ਝੋਲੀ ‘ਚ ਇੱਕ ਫਲ ਪਾ ਦਿੱਤਾ। ਸਮਾਂ ਪਾ ਕੇ ਉਨ੍ਹਾਂ ਦੇ ਗ੍ਰਹਿ ਪੁੱਤਰ ਜਨਮਿਆ ਤਾਂ ਉਸ ਦਾ ਨਾਮ ਰੂਪ ਨਰਾਇਣ ਰੱਖਿਆ। ਜਦੋਂ ਉਹ ਵੱਡਾ ਹੋਇਆ ਤਾਂ ਉਸ ਨੂੰ ਮੀਹਾਂ ਸ਼ਾਹੀ ਸੰਪ੍ਰਦਾ ਦੇ ਮੁਖੀ ਸਾਧੂ ਲਖਮੀਰ ਜੀ (ਭਾਈ ਮੀਹਾਂ ਜੀ ਤੋਂ ਵਰੋਸਾਏ) ਦੇ ਕੋਲ ਛੱਡ ਦਿੱਤਾ ਤੇ ਉਹ ਉਨ੍ਹਾਂ ਕੋਲੋਂ ਗੁਰਮਤਿ ਦੀ ਦੀਖਿਆ ਲੈ ਕੇ ਏਸੇ ਸੰਪ੍ਰਦਾ ਦੇ ਮੁਖੀ ਸੰਤ ਬਣ ਗਏ। ਇਸ ਤੋਂ ਇਲਾਵਾ ਭਾਈ ਟੋਡਰ ਮੱਲ ਜੀ ਦੇ ਹੋਰ ਸੰਤਾਨ ਵੀ ਹੋਈ ਸੀ ਤੇ ਉਸ ਦੀਆਂ ਅਗਲੇਰੀਆਂ ਪੀੜ੍ਹੀਆਂ ਕਿੱਥੇ ਵਸਦੀਆਂ ਹਨ, ਇਸ ਬਾਬਤ ਅਜੇ ਤੱਕ ਕੋਈ ਵੀ ਪੱਕੀ ਖੋਜ ਸਾਹਮਣੇ ਨਹੀਂ ਆਈ। ਮਾਛੀਵਾੜਾ ਸ਼ਹਿਰ (ਪੰਜਾਬ) ਵਿੱਚ ਦੋ ਭਰਾ ਬਲਰਾਜ ਚੋਪੜਾ ਤੇ ਬਲਵੰਤ ਚੋਪੜਾ ਇਹ ਦੱਸਦੇ ਨੇ ਕਿ ਉਹ ਦੀਵਾਨ ਟੋਡਰ ਮੱਲ ਜੀ ਦੇ ਨੌਵੀਂ ਪੀੜ੍ਹੀ ਦੇ ਵਾਰਿਸ ਹਨ, ਪਰ ਅਸੀਂ ਇਸ ਬਾਰੇ ਖੋਜ-ਪੜਤਾਲ ਕੀਤੇ ਬਿਨਾ ਕੁਝ ਨਹੀਂ ਕਹਿ ਸਕਾਂਗੇ।
ਅਗਲਾ ਭਾਗ………

You may also like these