ਭਾਈ_ਜੋਧ_ਸਿੰਘ_ਜੀ
ਭਾਗ-1
ਭਾਈ ਜੋਧ ਸਿੰਘ ਜੀ ਪਿੰਡ ਆਲੋਅਰਖ ਦਾ ਰਹਿਣ ਵਾਲਾ ਸੀ। ਇਹ ਓਸੇ ਦੇ ਕੋਲ ਰਹਿੰਦਾ ਸੀ ਜਿਸਦੀ ਕੁਟੀਆ ‘ਚ ਗੁਰੂ ਤੇਗ ਬਹਾਦਰ ਜੀ ੧੬੬੫ ਈ: ਨੂੰ ਪਿੰਡ ਆਲੋਅਰਖ ‘ਚ ਠਹਿਰੇ ਸਨ। ਗੁਰੂ ਜੀ ਦੇ ਸੰਗਤਾਂ ਸਮੇਤ ਏਥੇ ਠਹਿਰਨ ਸਮੇਂ ਇਸਨੇ ਸੰਗਤਾਂ ਦੀ ਬਹੁਤ ਸੇਵਾ ਕੀਤੀ ਤੇ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਪਾਸੋਂ ਗੁਰ ਸ਼ਬਦ ਲੈ ਕੇ ਸਿੱਖੀ ਧਾਰਨ ਕਰ ਲਈ। ਉੱਥੇ ਹੀ ਇਸਦਾ ਸਨੇਹ ਭਾਈ ਟੋਡਰ ਮੱਲ ਜੀ ਨਾਲ ਵਧਿਆ ਤੇ ਇਹ ਉਨ੍ਹਾਂ ਦੇ ਨਾਲ ਹੀ ਰਹਿਣ ਲੱਗ ਪਿਆ। ਉਨ੍ਹਾਂ ਦੀ ਆਗਿਆ ਨਾਲ ਹਰ ਕੰਮ ਮੂਹਰੇ ਹੋ ਕੇ ਕਰਦਾ ਤੇ ਕਦੇ ਵੀ ਅਵੇਸਲਾ ਨਾ ਹੁੰਦਾ।
ਸਰਹਿੰਦ ਰਹਿੰਦੇ ਸਮੇਂ ਇਸਨੇ ਅਨੰਦਪੁਰ ਸਾਹਿਬ ਜਾ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਤੇ ਉੱਥੇ ਕੁਝ ਦਿਨ ਰਹਿ ਕੇ ਸੇਵਾ ਕਰਦਾ ਰਿਹਾ ਅਤੇ ਅੰਮ੍ਰਿਤ ਛਕ ਕੇ ਭਾਈ ਜੋਧ ਤੋਂ ਭਾਈ ਜੋਧ ਸਿੰਘ ਬਣ ਕੇ ਵਾਪਸ ਸਰਹਿੰਦ ਨੂੰ ਮੁੜ ਆਇਆ। ਸ਼ਹੀਦੀ ਸਾਕੇ ਸਮੇਂ ਇਹ ਭਾਈ ਟੋਡਰ ਮੱਲ ਜੀ ਦੇ ਨਾਲ ਹੀ ਕਿਧਰੇ ਗਿਆ ਹੋਇਆ ਸੀ ਤੇ ਇਨ੍ਹਾਂ ਨੇ ਆਣ ਕੇ ਸਾਕੇ ਦਾ ਸਾਰਾ ਦੁਖਾਂਤ ਹੱਥੀਂ ਹੰਢਾਇਆ। ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੀਆਂ ਅਸਥੀਆਂ ਤੇ ਬਿਭੂਤੀ ਸਮੇਤ ਸਸਕਾਰ ਕਰਨ ਵਾਲੀ ਥਾਂ ‘ਤੇ ਹੀ ਇੱਕ ਵੱਡੀ ਗਾਗਰ ਵਿੱਚ ਪਾ ਕੇ ਦਬਾ ਦਿੱਤੀਆਂ ਸਨ। ਆਲੇ-ਦੁਆਲੇ ਦੀ ਬਚੀ ਹੋਈ ਬਿਭੂਤੀ ਨੂੰ ਇੱਕ ਛੋਟੀ ਗਾਗਰ ਵਿੱਚ ਪਾ ਲਿਆ ਸੀ ਜਿਸ ਨੂੰ ਭਾਈ ਜੋਧ ਸਿੰਘ ਜੀ ਨੇ ਭਾਈ ਟੋਡਰ ਮੱਲ ਜੀ ਦੀ ਸਹਿਮਤੀ ਨਾਲ ਇਸ ਲਈ ਆਪਣੇ ਕੋਲ ਸੰਭਾਲ ਲਿਆ ਸੀ ਕਿ ਉਹ ਇਸ ਬਿਭੂਤੀ ਨੂੰ ਦਸਮ ਪਾਤਸ਼ਾਹ ਜੀ ਕੋਲ ਲਿਜਾਣਾ ਚਾਹੁੰਦਾ ਹੈ ਤਾਂ ਕਿ ਦਸਮ ਪਾਤਸ਼ਾਹ ਜੀ ਆਪਣੀ ਮਾਤਾ ਜੀ ਤੇ ਛੋਟੇ ਸਾਹਿਜ਼ਾਦਿਆਂ ਦੀ ਆਖਰੀ ਨਿਸ਼ਾਨੀ ਇਸ ਬਿਭੂਤੀ ਨੂੰ ਅੱਖੀਂ ਦੇਖ ਲੈਣ। ਉਸ ਦਾ ਮਨ ਪ੍ਰੀਤ ਦੇ ਵੇਗ ‘ਚ ਵਹਿ ਕੇ ਬਉਰਾ ਹੋ ਚੁੱਕਿਆ ਸੀ, ਉਹ ਸਾਰੀ ਰਾਤ ਉੱਠ-ਉੱਠ ਕੇ ਇਸ ਗਾਗਰ ਨੂੰ ਨਮਸਕਾਰਾਂ ਕਰਦਾ ਰਿਹਾ। ਅਗਲੀ ਸਵੇਰ (੧੬ ਪੋਹ) ਨੂੰ ਸਵਖਤੇ ਹੀ ਉਸ ਨੇ ਗਾਗਰ ਨੂੰ ਆਪਣੇ ਤਰੀਕੇ ਨਾਲ ਕੱਪੜੇ ‘ਚ ਬੰਨ੍ਹ ਕੇ ਸੰਭਾਲ ਲਿਆ ਤੇ ਅਗਲੇ ਸਫਰ ਲਈ ਤਿਆਰ ਹੋ ਗਿਆ। ਭਾਈ ਟੋਡਰ ਮੱਲ ਜੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਗਾਗਰ ਨੂੰ ਹੱਥਾਂ ਨਾਲ ਛੂਹ ਕੇ ਭਰੇ ਹੋਏ ਮਨ ਨਾਲ ਭਾਈ ਜੋਧ ਸਿੰਘ ਜੀ ਨੂੰ ਪਿਆਰ ਭਰੀ ਵਿਦਾਇਗੀ ਦਿੱਤੀ। ਕਈ ਸਾਲਾਂ ਤੋਂ ਉਹ ਭਾਈ ਟੋਡਰ ਮੱਲ ਜੀ ਨਾਲ ਰਹਿ ਕੇ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੀ ਬਣ ਚੁੱਕਿਆ ਸੀ, ਉਸਦੀ ਰਿਹਾਇਸ਼ ਵੀ ਹਵੇਲੀ ਦੇ ਕਿਸੇ ਕਮਰੇ ਵਿੱਚ ਹੀ ਹੋਇਆ ਕਰਦੀ ਸੀ ਤੇ ਸਾਰੇ ਹੀ ਉਸ ਨਾਲ ਬਹੁਤ ਹੀ ਸਨੇਹ ਰੱਖਦੇ ਸਨ। ਭਾਈ ਜੋਧ ਸਿੰਘ ਜੀ ਭਿੱਜੇ ਹੋਏ ਮਨ ਨਾਲ ਸਾਰਿਆਂ ਨੂੰ ਗੁਰ ਫਤਹਿ ਬੁਲਾ ਕੇ ਅਗਲੇ ਪੈਂਡੇ ਦੀਆਂ ਪੁਲਾਘਾਂ ਪੁੱਟਦਾ ਹੋਇਆ ਪੈਦਲ ਹੀ ਚੱਲ ਪਿਆ। ਉਸ ਸਮੇਂ ਘੋੜੇ ਆਦਿਕ ‘ਤੇ ਸਫਰ ਕਰਨਾ ਭਾਈ ਜੋਧ ਸਿੰਘ ਜੀ ਲਈ ਮੁਨਾਸਿਬ ਨਹੀਂ ਸੀ, ਰਸਤਿਆਂ ਵਿੱਚ ਥਾਂ-ਥਾਂ ‘ਤੇ ਹਕੂਮਤ ਦੇ ਪਹਿਰੇਦਾਰ ਸਿਪਾਹੀਆਂ ਦੀ ਗਾਰਦ ਤਾਇਨਾਤ ਸੀ ਤੇ ਉਨ੍ਹਾਂ ਨੂੰ ਜਿਸ ‘ਤੇ ਵੀ ਸ਼ੱਕ ਹੁੰਦਾ ਕਿ ਇਹ ਗੁਰੂ ਦਸ਼ਮੇਸ਼ ਜੀ ਦਾ ਸਿੰਘ ਹੈ ਤਾਂ ਉਸਨੂੰ ਤੁਰੰਤ ਹੀ ਗ੍ਰਿਫਤਾਰ ਕਰ ਲੈਂਦੇ ਸਨ। ਭਾਈ ਜੋਧ ਸਿੰਘ ਜੀ ੧੭ ਪੋਹ ਦੀ ਸ਼ਾਮ ਤੱਕ ਪਿੰਡ ਆਲੋਅਰਖ ‘ਚ ਆਪਣੇ ਪੁਰਾਣੇ ਸਨੇਹੀ ਉਸ ਸਾਧੂ ਕੋਲ ਜਾ ਪਹੁੰਚਿਆ ਜਿਸ ਦੀ ਕੁਟੀਆ ‘ਚ ਗੁਰੂ ਤੇਗ ਬਹਾਦਰ ਜੀ ਵਿਰਾਜੇ ਸਨ। ਇਸਨੇ ਸਰਹਿੰਦ ‘ਚ ਵਰਤੇ ਕਹਿਰ ਦਾ ਦੁਖਾਂਤ ਉਸ ਸਾਧੂ ਨੂੰ ਸੁਣਾਇਆ ਤੇ ਆਪਣੀ ਭਾਵਨਾ ਦਾ ਜਿਕਰ ਵੀ ਉਸ ਨਾਲ ਸਾਂਝਾ ਕੀਤਾ ਕਿ ਉਹ ਇਸ ਬਿਭੂਤੀ ਨੂੰ ਗੁਰੂ ਦਸ਼ਮੇਸ਼ ਜੀ ਕੋਲ ਲੈ ਕੇ ਜਾਣਾ ਚਾਹੁੰਦਾ ਹੈ।
ਸਾਰਾ ਹਾਲ ਸੁਣਕੇ ਸਾਧੂ ਦਾ ਮਨ ਬਹੁਤ ਹੀ ਭਾਵੁਕ ਹੋਇਆ ਤੇ ਉਸ ਨੇ ਇਸਨੂੰ ਇਹ ਸਲਾਹ ਦਿੱਤੀ ਕਿ ਬਿਭੂਤੀ ਨੂੰ ਏਥੇ ਹੀ ਦਬਾ ਦਿੱਤਾ ਜਾਵੇ, ਅਗਲਾ ਪੈਂਡਾ ਬਹੁਤ ਹੀ ਖਤਰਨਾਕ ਹੈ। ਮੁਗਲ ਸਿਪਾਹੀ ਸਾਰੇ ਪਿੰਡਾਂ ‘ਚ ਗੁਰੂ ਦਸ਼ਮੇਸ਼ ਜੀ ਨੂੰ ਲੱਭਦੇ ਫਿਰ ਰਹੇ ਨੇ ਤੇ ਗੁਰੂ ਜੀ ਦਾ ਵੀ ਕੋਈ ਪਤਾ ਨਹੀਂ ਕਿ ਉਹ ਕਿੱਥੇ ਹਨ। ਭਾਈ ਜੋਧ ਸਿੰਘ ਨੇ ਸਾਧੂ ਦੀ ਸਲਾਹ ਨੂੰ ਠੀਕ ਮੰਨ ਕੇ ਬਿਭੂਤੀ ਵਾਲੀ ਗਾਗਰ ਨੂੰ ਦਰੱਖਤਾਂ ਦੀ ਇੱਕ ਸੰਘਣੀ ਝਿੜੀ ‘ਚ ਦਬਾ ਦਿੱਤਾ। ਫਿਰ ਦੋਵਾਂ ਨੇ ਇਸਦੇ ਉੱਪਰ ਮਿੱਟੀ ਨੂੰ ਉੱਚਾ ਕਰਕੇ ਉੱਤੇ ਇੱਟਾਂ-ਰੋੜਿਆਂ ਦਾ ਸਧਾਰਨ ਜਿਹਾ ਥੜਾ ਬਣਾ ਨਿਸ਼ਾਨੀ ਕਾਇਮ ਕਰ ਦਿੱਤੀ। ਇਹ ਥਾਂ ਗੁਰੂ ਤੇਗ ਬਹਾਦਰ ਜੀ ਦੇ ਵਿਰਾਜਣ ਵਾਲੇ ਸਥਾਨ ਦੇ ਨੇੜੇ ਤੇ ਸਾਹਮਣੇ ਸੀ। ਬਿਭੂਤੀ ਵਾਲੀ ਗਾਗਰ ਨੂੰ ਦਬਾਉਣ ਦਾ ਜਿਕਰ ਗੁਰੂ ਕੀਆਂ ਸਾਖੀਆਂ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਹੈ –
ਅਗਲਾ ਭਾਗ………