History of the days after Guru Gobind Singh Ji left Anandpur Sahib – 3-2-26

ਭਾਈ_ਜੋਧ_ਸਿੰਘ_ਜੀ

ਭਾਗ-2

ਇਸ ਘਟਨਾ ਉਪਰੰਤ ਦੀਵਾਨ ਟੋਡਰ ਮੱਲ ਕਪੂਰ ਤੇ ਇਸ ਕੇ ਛੋਟੇ ਭਾਈ ਨੇ ਗੈਲ ਹੋਇ ਬਸਤੀ ਸੇ ਬਾਹਰ ਇਨ ਤੀਨੋਂ ਕੀਆਂ ਲਾਸ਼ਾ ਲੈ ਜਾਇ ਕੇ ਸਸਕਾਰ ਕਰ ਦੀਆ ਥਾ ਸਸਕਾਰ ਕੇ ਪਾਛੇ ਤੀਜੇ ਦਿਹੁੰ ਏਕ ਜੋਧ ਸਿੰਘ ਨਾਮੀ ਸਿੱਖ ਤੀਨੋ ਕੀ ਭਸਮ ਉਠਾਇ ਆਪਨੇ ਗਾਮ ਮੇਂ ਲੈ ਜਾਇ ਏਕ ਗਾਗਰ ਮੇਂ ਪਾਇ ਜਿਮੀ ਮੇਂ ਦਬਾਇ ਦਈ। ਭਾਈ ਜੋਧ ਸਿੰਘ ਜੀ ਥੋੜ੍ਹੇ ਦਿਨ ਏਥੇ ਰਹਿ ਕੇ ਉਪਰਾਮਤਾ ਭਰੀ ਬਿਰਤੀ ‘ਚ ਮਾਲਵੇ ਦੇ ਉਨ੍ਹਾਂ ਪਿੰਡਾਂ ਵੱਲ ਨੂੰ ਚੱਲ ਪਿਆ ਜਿੱਧਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਾਣ ਦੀਆਂ ਕਨਸੋਆਂ ਮਿਲਦੀਆਂ ਸਨ। ਉਹ ਕਈ ਪਿੰਡਾਂ ‘ਚ ਏਧਰ-ਉੱਧਰ ਭਟਕਦਾ ਹੋਇਆ ਦਮਦਮਾ ਸਾਹਿਬ (ਤਲਵੰਡੀ ਸਾਬੋ) ਨੂੰ ਜਾਣ ਵਾਲੇ ਕਿਸੇ ਪੜਾਅ ‘ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਮਿਲਿਆ। ਉਸ ਨੇ ਸ਼ਹੀਦੀ ਸਾਕੇ ਦੀ ਹੱਥੀਂ ਹੰਢਾਈ ਸਾਰੀ ਵਿੱਥਿਆ ਬਹੁਤ ਹੀ ਭਾਵੁਕ ਹੋ ਕੇ ਗੁਰੂ ਜੀ ਨੂੰ ਸੁਣਾਈ। ਗੁਰੂ ਪਾਤਸ਼ਾਹ ਜੀ ਨੂੰ ਇਸ ਤੋਂ ਪਹਿਲਾਂ ਹੀ ਰਾਏ ਕੱਲੇ ਦੇ ਸਰਹਿੰਦ ਭੇਜੇ ਹੋਏ ਨੂਰੇ ਮਾਹੀ ਰਾਹੀਂ ਸ਼ਹੀਦੀ ਸਾਕੇ ਦੀਆਂ ਸਾਰੀਆਂ ਖਬਰਾਂ ਮਿਲ ਚੁੱਕੀਆਂ ਸਨ। ਗੁਰੂ ਜੀ ਨੇ ਭਾਈ ਜੋਧ ਸਿੰਘ ਨੂੰ ਧਰਵਾਸ ਦਿੰਦਿਆਂ ਹੋਇਆਂ ਉਸ ਦੀ ਅਤੇ ਭਾਈ ਟੋਡਰ ਮੱਲ ਦੀ ਸਨਮਾਨ ਭਰੇ ਬੋਲਾਂ ਨਾਲ ਬਹੁਤ ਹੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸਥੀਆਂ ਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ ਤੇ ਉਹ ਵਾਪਸ ਉੱਥੇ ਹੀ ਚਲਾ ਜਾਵੇ ਅਤੇ ਉੱਥੇ ਰਹਿ ਕੇ ਸੇਵਾ-ਸਿਮਰਨ ਕਰਦਾ ਹੋਇਆ ਆਪਣਾ ਜੀਵਨ ਸਫਲਾ ਕਰ ਲਵੇ । ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਜੋਧ ਸਿੰਘ ਜੀ ਆਲੋਅਰਖ ਨੂੰ ਵਾਪਸ ਮੁੜ ਆਏ ਤੇ ਇੱਥੇ ਸਾਧੂ ਦੇ ਨਾਲ ਰਹਿ ਕੇ ਅਸਥਾਨਾਂ ਦੀ ਸੇਵਾ ਕਰਨ ਲੱਗ ਗਏ। ਭਾਈ ਜੋਧ ਸਿੰਘ ਜੀ ਤੇ ਕੁਟੀਆ ਵਾਲੇ ਸਾਧੂ ਨੇ ਗੁਰੂ ਤੇਗ ਬਹਾਦਰ ਜੀ ਅਤੇ ਬਿਭੂਤੀ ਵਾਲੇ ਸਥਾਨਾਂ ‘ਤੇ ਸੋਹਣੇ ਤਰੀਕੇ ਨਾਲ ਥੜਾ ਸਾਹਿਬ ਬਣਾ ਦਿੱਤੇ। ਉਹ ਦੋਵੇਂ ਜਿੰਨਾ ਚਿਰ ਵੀ ਜੀਵਤ ਰਹੇ, ਇਨ੍ਹਾਂ ਦੋਵਾਂ ਅਸਥਾਨਾਂ ‘ਤੇ ਧੂਫ, ਦੀਪਕ ਜਗਾ ਕੇ ਬਹੁਤ ਹੀ ਸ਼ਰਧਾ ਨਾਲ ਸੇਵਾ ਕਰਦੇ ਰਹੇ। ਉਨ੍ਹਾਂ ਤੋਂ ਬਾਅਦ ਕੋਈ ਨਾ ਕੋਈ ਉਦਾਸੀ ਸਾਧੂ ਏਥੇ ਰਹਿ ਕੇ ਅੱਗੇ ਦੀ ਅੱਗੇ ਸੇਵਾ ਕਰਦਾ ਗਿਆ। ਫਿਰ ਏਥੇ ਕੁਝ ਸਮਾਂ ਨਿਹੰਗ ਸਿੰਘ ਵੀ ਰਹਿੰਦੇ ਰਹੇ। ਏਥੇ ਕੋਈ ਪੱਕੀ ਇਮਾਰਤ ਨਹੀਂ ਸੀ ਬਣੀ ਹੋਈ, ਜੋ ਵੀ ਏਥੇ ਆਣ ਕੇ ਰਹਿੰਦਾ ਉਹ ਆਪਣੀ ਝੌਂਪੜੀ ਬਣਾ ਲੈਂਦਾ ਜਾਂ ਕੱਚਾ ਕੋਠਾ ਬਣਾ ਕੇ ਸਿਰ ਢਕਣ ਕਰ ਲੈਂਦਾ। ਸੰਗਤਾਂ ਦੀ ਆਵਾਜਾਈ ਘੱਟ ਹੋਣ ਕਰਕੇ ਲੰਗਰ ਦੀ ਘਾਟ ਵੀ ਰੜਕਦੀ ਰਹਿੰਦੀ ਸੀ। ਮਹਾਰਾਜਾ ਕਰਮ ਸਿੰਘ ਪਟਿਆਲਾ ਵਾਲੇ ਨੇ ਇਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ) ਦੇ ਨਾਂ ੧੨੫ ਬਿੱਘੇ ਜਮੀਨ ਲਗਾਈ ਹੋਈ ਸੀ ਜੋ ਰੇਤਲੀ ਹੋਣ ਕਰਕੇ ਉਸ ਵਿੱਚੋਂ ਉਪਜ ਲੈਣ ਲਈ ਤਕੜਾ ਉੱਦਮ ਕਰਨ ਦੀ ਲੋੜ ਸੀ ਤੇ ਇਸ ਵਿੱਚੋਂ ਬਹੁਤੀ ਜਮੀਨ ‘ਤੇ ਲੋਕਾਂ ਨੇ ਕਬਜਾ ਕੀਤਾ ਹੋਇਆ ਸੀ। ਅਜਿਹੀਆਂ ਸਥਿਤੀਆਂ ਦੇ ਕਾਰਨ ਪੱਕੇ ਤੌਰ ‘ਤੇ ਏਥੇ ਕੋਈ ਰਹਿ ਕੇ ਲੰਮੇਰਾ ਸਮਾਂ ਸੇਵਾ ਨਾ ਕਰ ਸਕਿਆ ਤੇ ਇਨ੍ਹਾਂ ਅਸਥਾਨਾਂ ਦੀ ਸੇਵਾ-ਸੰਭਾਲ ਸਧਾਰਨ ਰੂਪ ‘ਚ ਚਲਦੀ ਰਹੀ।

੧੯੦੩ ਈ: (੧੯੬੦ ਬਿ:) ਨੂੰ ਭਾਈ ਰਾਮ ਸਿੰਘ ਜੀ ਮਹੰਤ ਪੱਕੇ ਤੌਰ ‘ਤੇ ਏਥੇ ਆ ਕੇ ਰਹਿਣ ਲੱਗ ਪਏ, ਉਹ ਪਿੰਡ ਕੁਰੜ (ਤਹਿਸੀਲ-ਜਿਲ੍ਹਾ ਬਰਨਾਲਾ) ਦੇ ਵਸਨੀਕ ਸਨ। ਉਹ ਨਾਮ-ਸਿਮਰਨ ਕਰਦੇ ਹੋਏ ਗੁਰੂ ਘਰ ਦੀ ਹੱਥੀਂ ਸੇਵਾ ਕਰਨ ਦਾ ਵੀ ਬਹੁਤ ਉੱਦਮ ਰੱਖਦੇ ਸੀ। ਉਨ੍ਹਾਂ ਨੇ ਤਕੜਾ ਉੱਦਮ ਕਰਕੇ ਇਸ ਜਮੀਨ ਨੂੰ ਉਪਜਾਊ ਬਣਾਇਆ ਤੇ ਜਿਹੜੀ ਜਮੀਨ ‘ਤੇ ਲੋਕ ਕਾਬਜ ਸੀ, ਉਨ੍ਹਾਂ ਕੋਲੋਂ ਪਿਆਰ ਨਾਲ ਛੁਡਵਾ ਕੇ ਗੁਰੂ ਘਰ ਦੇ ਨਾਂ ਲਗਵਾਈ। ੧੯੦੯ ਈ: ਨੂੰ ਗੁਰੂ ਤੇਗ ਬਹਾਦਰ ਜੀ ਦੇ ਵਿਰਾਜਣ ਵਾਲੇ ਸਥਾਨ ਦੇ ਨਾਲ ਹੀ ਨਿੰਮ ਦੇ ਦਰੱਖਤ ਕੋਲ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਦੀ ਪੱਕੀ, ਸੁੰਦਰ, ਵੱਡੀ ਇਮਾਰਤ ਦੀ ਉਸਾਰੀ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਕੁਝ ਸਾਲਾਂ ਬਾਅਦ ਮਹੰਤ ਜੀ ਨੇ ਏਥੇ ਪੰਜ ਬੀੜਾਂ ਦਾ ਪ੍ਰਕਾਸ਼ ਕਰਵਾਇਆ। ਇਹ ਉਸ ਵੇਲੇ ਦੀ ਬਹੁਤ ਹੀ ਵੱਡੀ ਸੇਵਾ ਸੀ ਜੋ ਕਿ ਉਸ ਸਮੇਂ ਬਹੁਤ ਸਾਰੇ ਇਤਿਹਾਸਕ ਅਸਥਾਨਾਂ ‘ਤੇ ਇੱਕ ਵੀ ਬੀੜ ਦਾ ਪ੍ਰਕਾਸ਼ ਕਰਨਾ ਕਠਿਨ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਹੁਣ ਵਾਂਗ ਸੁਖੈਨ ਹੀ ਨਹੀਂ ਸੀ ਮਿਲ ਜਾਂਦੀਆਂ। ਉਨ੍ਹਾਂ ਨੇ ਬਿਭੂਤੀ ਵਾਲੇ ਥੜਾ ਸਾਹਿਬ ਨੂੰ ਵੀ ਸੁੰਦਰ ਤਰੀਕੇ ਨਾਲ ਉਸਾਰ ਕੇ ਉੱਪਰ ਛੋਟੇ ਜਿਹੇ ਆਕਾਰ ‘ਚ ਇੱਕ ਕਮਰੇ ਦੀ ਉਸਾਰੀ ਕਰਵਾਈ, ਕਈ ਰਿਹਾਇਸ਼ੀ ਕਮਰੇ ਤੇ ਗੁਰੂ ਕਾ ਲੰਗਰ ਵੀ ਚਲਾਇਆ। ਇਹ ਰੌਣਕ ਵਾਲਾ ਅਸਥਾਨ ਬਣ ਗਿਆ ਤੇ ਸੰਗਤਾਂ ਵੀ ਏਥੇ ਆਉਣ ਲੱਗ ਪਈਆਂ। ਹਰ ਵੇਲੇ ੫-੭ ਸੇਵਾਦਾਰ ਪੱਕੇ ਤੌਰ ‘ਤੇ ਮਹੰਤ ਜੀ ਦੇ ਨਾਲ ਰਹਿ ਕੇ ਏਥੇ ਸੇਵਾ ਕਰਦੇ ਰਹਿੰਦੇ । ਦੁੱਧ ਦੀ ਲੋੜ ਲਈ ਗਾਈਆਂ ਰੱਖ ਲਈਆਂ ਤੇ ਮਹੰਤ ਜੀ ਦੇ ਜਾਣ ਲਈ ਇੱਕ ਘੋੜਾ ਵੀ। ਭਾਈ ਰਾਮ ਸਿੰਘ ਜੀ ਮਹੰਤ ਜਦੋਂ ਕਿਤੇ ਜਾਂਦੇ ਤਾਂ ਘੋੜੇ ‘ਤੇ ਸਵਾਰ ਹੋ ਕੇ ਜਾਂਦੇ। ਪਿੰਡ ਵਾਸੀ ਤੇ ਸਥਾਨਕ ਲੋਕ ਉਨ੍ਹਾਂ ਦਾ ਬਹੁਤ ਹੀ ਸਤਿਕਾਰ ਕਰਦੇ ਤੇ ਉਨ੍ਹਾਂ ਨੂੰ ਮਹੰਤ ਜੀ ਜਾਂ ਬਾਬਾ ਜੀ ਕਹਿ ਕੇ ਬੁਲਾਉਂਦੇ। ਉਨ੍ਹਾਂ ਦਾ ਆਖਰੀ ਸਮਾਂ ਵੀ ਏਥੇ ਸੇਵਾ ਕਰਦਿਆਂ ਹੋਇਆਂ ਬਤੀਤ ਹੋਇਆ ਤੇ ਸਸਕਾਰ ਵੀ ਏਸੇ ਅਸਥਾਨ ‘ਤੇ ਹੋਇਆ। ਭਾਈ ਰਾਮ ਸਿੰਘ ਜੀ ਮਹੰਤ ਨੇ ਆਪਣੇ ਜਿਉਂਦੇ ਸਮੇਂ ਆਪਣੇ ਨਾਲ ਰਹਿੰਦੇ ਕਿਸੇ ਸੇਵਾਦਾਰ ਕੋਲੋਂ ਏਥੋਂ ਦੇ ਦੋਵਾਂ ਅਸਥਾਨਾਂ (ਮੰਜੀ ਸਾਹਿਬ ਤੇ ਬਿਭੂਤੀ ਵਾਲਾ ਅਸਥਾਨ) ਦਾ ਇਤਿਹਾਸ ਹੱਥ ਲਿਖਤ ਕਰਵਾਇਆ ਸੀ। ਉਸ ਹੱਥ ਲਿਖਤ ਖਰੜੇ ਬਾਰੇ ਮੌਜੂਦਾ ਪ੍ਰਬੰਧਕਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਗੁਰੂ ਤੇਗ ਬਹਾਦਰ ਯਾਤਰਾ ਅਸਥਾਨ, ਪ੍ਰੰਪਰਾਵਾਂ ਤੇ ਯਾਦ ਚਿੰਨ੍ਹ ਨਾਂ ਦੀ ਪੁਸਤਕ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ੧੯੭੬ ਈ: ਨੂੰ ਛਾਪਿਆ ਸੀ । ਉਸ ਵਿੱਚ ਉਨ੍ਹਾਂ ਨੇ ਆਲੋਅਰਖ ਦੇ ਅਸਥਾਨਾਂ ਦੀ ਜਾਣਕਾਰੀ ਬਾਬਤ ਭਾਈ ਰਾਮ ਸਿੰਘ ਜੀ ਦੇ ਹੱਥ ਲਿਖਤ ਖਰੜੇ ਵਿੱਚੋਂ ਥੋੜ੍ਹੀ ਜਿਹੀ ਉਹ ਲਿਖਤ ਛਾਪੀ ਹੈ ਜੋ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਬਿਭੂਤੀ ਏਥੇ ਹੋਣ ਦੀ ਪੁਸ਼ਟੀ ਕਰਦੀ ਹੈ। ਹੱਥ ਲਿਖਤ ਦਾ ਉਤਾਰਾ ਇਸ ਤਰ੍ਹਾਂ ਹੈ –

You may also like these