ਖੋਜ ਤੋਂ ਬਾਅਦ ਬਣੀਆਂ ਯਾਦਗਾਰਾਂ
ਭਾਗ 1
ਅਸਥਾਨ ਦੀ ਆਰੰਭਤਾ ਦੇ ਸਮੇਂ ਤੋਂ ਹੀ ਇੱਥੇ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸਥਾਪਨਾ ਦਿਵਸ ਵਜੋਂ ਅਤੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੀ ਯਾਦ ‘ਚ ੬, ੭ ਤੇ ੮ ਪੋਹ ਨੂੰ ਸ਼ਹੀਦੀ ਜੋੜ-ਮੇਲ ਮਨਾਇਆ ਜਾਂਦਾ ਹੈ। ਇਸ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਇਕੱਤਰ ਹੁੰਦੀਆਂ ਹਨ। ਇਸ ਅਸਥਾਨ ਦੀ ਸੇਵਾ-ਸੰਭਾਲ ਦਾ ਪ੍ਰਬੰਧ ਇਲਾਕੇ ਦੇ ਪਿੰਡਾਂ ਦੀ ਚੁਣੀ ਹੋਈ ਕਮੇਟੀ (ਰਜਿ:) ਕਰਦੀ ਹੈ। ਕਮੇਟੀ ਦੇਸ-ਵਿਦੇਸ਼ ਵਿੱਚ ਕਿਤੇ ਵੀ ਕੋਈ ਉਗਰਾਈ ਨਹੀਂ ਕਰਦੀ, ਸਾਰੇ ਕਾਰਜ ਗੁਰੂ ਕੀ ਸੰਗਤ ਦੇ ਸਹਿਯੋਗ ਨਾਲ ਚਲਦੇ ਹਨ।
ਗੁਰਦੁਆਰੇ ਦੇ ਵਿਹੜੇ ‘ਚ ਵੜਦਿਆਂ ਹੀ ਬੇੜੀ ਦੇ ਮਲਾਹ ਬਾਬਾ ਕੁੰਮਾ ਮਾਸ਼ਕੀ ਜੀ ਦੇ ਨਾਂ ‘ਤੇ ਗੇਟ ਬਣਿਆ ਹੋਇਆ ਹੈ। ਅੱਜ-ਕੱਲ੍ਹ ਸਿੱਖ-ਸੰਗਤ ਇਸ ਮਹਾਨ ਪਰਉਪਕਾਰੀ ਜਿਉੜੇ ਨੂੰ ਬਾਬਾ ਕੁੰਮਾ ਮਾਸ਼ਕੀ ਜੀ ਕਹਿ ਕੇ ਯਾਦ ਕਰਦੀ ਹੈ। ਇਹ ਅਸਥਾਨ ਬਹੁਤ ਹੀ ਇਕਾਂਤ ਥਾਂ ਸਰਸਾ ਨਦੀ ਤੇ ਸਤਲੁਜ ਦਰਿਆ ਦੇ ਕਿਨਾਰੇ ਸੁਭਾਏਮਾਨ ਹੈ। ਰੋਪੜ ਸ਼ਹਿਰ ਸਰਹਿੰਦ ਨਹਿਰ ਤੋਂ ਪਿੰਡ ਕਟਲੀ, ਲੌਦੀ ਮਾਜਰਾ, ਪਤਿਆਲਾਂ, ਚੱਕ ਢੇਰਾ ਵਿੱਚ ਦੀ ਇਸਦੀ ਦੂਰੀ ੧੨ ਕਿ: ਮੀ: ਹੈ। ਰੋਪੜ-ਕੀਰਤਪੁਰ ਸਾਹਿਬ ਮੇਨ ਜੀ. ਟੀ. ਰੋਡ ਤੋਂ ਪਿੰਡ ਘਨੌਲੀ, ਨੂਹੋਂ, ਦਬੁਰਜੀ, ਰਣਜੀਤਪੁਰਾ ਦੇ ਕੋਲ ਦੀ ਦੂਰੀ ਲਗਭਗ ੮ ਕਿ: ਮੀ: ਹੋਵੇਗੀ। ਇਸ ਅਸਥਾਨ ਨੂੰ ਜਾਣ ਲਈ ਪਹਿਲਾਂ ਝੱਲ-ਝਾੜੀਆਂ ਵਾਲਾ ਕੱਚਾ ਰਸਤਾ ਸੀ, ਹੁਣ ਬਾਬਾ ਅਜੀਤ ਸਿੰਘ (ਐਮ. ਐਲ. ਏ) ਪਰਿਵਾਰ ਵਿਛੋੜਾ ਵਾਲਿਆਂ ਨੇ ਪੱਕੀ ਸੜਕ ਬਣਾ ਦਿੱਤੀ ਹੈ। ਇਸ ਅਸਥਾਨ ‘ਤੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੇ ਪਹਿਲੀ ਰਾਤ ਬਤੀਤ ਕੀਤੀ ਸੀ।
ਬਾਬਾ ਕੁੰਮਾ ਮਾਸ਼ਕੀ ਜੀ ਤੋਂ ਬਾਅਦ ਵੀ ਇਸ ਪੱਤਣ ‘ਤੇ ਬੇੜੀ ਚਲਦੀ ਰਹੀ ਹੈ। ਇਸ ਦੀ ਗਵਾਹੀ ਪੰਜਾਬ ਦੀ ਸੈਰ ਦੇ ਲਿਖਾਰੀ ਕਾਲੀ ਰਾਇ ਤੋਂ ਮਿਲਦੀ ਹੈ ਜੋ ਅੰਗਰੇਜ਼ੀ ਸਰਕਾਰ ਦੀ ਨੌਕਰੀ ਕਰਦਾ ਹੋਇਆ ਪੰਜਾਬ ਦੀ ਸੈਰ ਲਈ ਨਿਕਲਿਆ। ਕਾਲੀ ਰਾਇ ਅਕਤੂਬਰ, ੧੮੪੮ ਈ: ਨੂੰ ਪਿੰਡ ਚੱਕ ਢੇਰਾ ਦੇ ਪੱਤਣ ਦੇ ਨਾਲ ਦੇ ਪਿੰਡ ਅਵਾਨ ਕੋਟ ਠਹਿਰਦਾ ਤੇ ਲਿਖਦਾ ਹੈ –
ਅਵਾਨ ਕੋਟ ਸਤਲੁਜ ਦੇ ਕਿਨਾਰੇ ਤੇ ਹੈ। ਇਸ ਦਰਿਆ ਵਿੱਚ ਗਰਮੀਆਂ ਤੇ ਸਰਦੀਆਂ ਨੂੰ ਦੋ ਥਾਂਹੀਂ ਕਿਸ਼ਤੀ ਚਲਦੀ ਹੈ। ਕਿਸ਼ਤੀ ਦੀ ਬਾੜ ਕੋਈ ਬਹੁਤ ਉੱਚੀ ਨਹੀਂ ਹੁੰਦੀ, ਘੋੜਾ ਬਿਨਾ ਛਾਲ ਮਾਰੇ ਉੱਪਰ ਚੜ੍ਹ ਜਾਂਦਾ ਹੈ। ਇਹ ੨੬ ਹੱਥ ਲੰਮੀ ਹੁੰਦੀ ਹੈ ਤੇ ਇੱਕ ਪਾਸਿਓਂ ਇਸਦੀ ਨੋਕ ਉੱਚੀ ਹੁੰਦੀ ਹੈ।
ਕਾਲੀ ਰਾਇ ਦਾ ਦੋ ਥਾਂਹੀਂ ਲਿਖਣ ਦਾ ਭਾਵ ਇੱਕ ਕੋਟ ਅਵਾਨ ਦਾ ਪੱਤਣ ਤੇ ਦੂਜਾ ਚੱਕ ਢੇਰਾ ਦਾ ਪੱਤਣ ਹੈ। ਪੁਰਾਣੇ ਸਮਿਆਂ ‘ਚ ਰੋਪੜ ਤੋਂ ਚੱਕ ਢੇਰਾ ਪੱਤਣ, ਨੂਰਪੁਰ ਬੇਦੀ, ਗੜ੍ਹਸ਼ੰਕਰ ਤੇ ਹੁਸ਼ਿਆਰਪੁਰ ਨੂੰ ਰਸਤਾ ਜਾਂਦਾ ਸੀ। ਮੌਜੂਦਾ ਸਮੇਂ ‘ਚ ਵੀ ਬਾਬਾ ਕੁੰਮਾ ਮਾਸ਼ਕੀ ਵਾਲੇ ਪੱਤਣ ‘ਤੇ ਬੇੜੀ ਚਲਦੀ ਹੈ।
ਪਤਾ – ਗੁਰਦੁਆਰਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ (ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ) ਪਿੰਡ ਚੱਕ ਢੇਰਾ, ਡਾਕਘਰ ਲੌਦੀ ਮਾਜਰਾ, ਤਹਿਸੀਲ- ਜ਼ਿਲ੍ਹਾ ਰੂਪਨਗਰ।
ਅਗਲਾ ਭਾਗ…….