ਖੋਜ ਤੋਂ ਬਾਅਦ ਬਣੀਆਂ ਯਾਦਗਾਰਾਂ
ਭਾਗ 2
ਇਤਿਹਾਸਕ ਪਿਲਕਣ ਦਾ ਦਰੱਖਤ
ਇਹ ਉਹ ਪੁਰਾਤਨ ਪਿਲਕਣ ਦਾ ਦਰੱਖਤ ਹੈ ਜਿਸ ਨਾਲ ਬਾਬਾ ਕੁੰਮਾ ਮਾਸ਼ਕੀ ਜੀ ਆਪਣੀ ਬੇੜੀ ਬੰਨ੍ਹਿਆ ਕਰਦੇ ਸੀ। ਕੁੰਮੇ ਮਾਸ਼ਕੀ ਨੇ ਆਪਣੀ ਝੌਂਪੜੀ ਤੋਂ ਦਾਦੀ ਮਾਂ ਤੇ ਪੋਤਿਆਂ ਨੂੰ ਵਿਦਾ ਕਰਦਿਆਂ ਹੋਇਆਂ, ਆਪਣੀ ਬੇੜੀ ‘ਚ ਬਿਠਾ ਸਤਲੁਜ ਦਰਿਆ ਵਿੱਚ ਦੀ ਨਾਲ-ਨਾਲ ਬਹੁਤ ਹੀ ਅਦਬ ਨਾਲ ਇਸ ਦਰੱਖਤ ਥੱਲੇ ਜਾ ਉਤਾਰਿਆ। ਦਾਦੀ ਮਾਂ ਤੇ ਮਾਸੂਮ ਜਿੰਦੜੀਆਂ ਕੁੱਝ ਦੇਰ ਇਸ ਪਿਲਕਣ ਥੱਲੇ ‘ ਖੜ ਕੇ ਅੱਗੇ ਗੰਗੂ ਬੇਈਮਾਨ ਨਾਲ ਚਲੇ ਗਏ। ਗੁਰੂ ਕੀ ਸੰਗਤ ਨੇ ਇਸ ਇਤਿਹਾਸਕ ਦਰੱਖਤ ਦੁਆਲੇ ਥੜਾ ਬਣਾ ਨੇੜੇ ਹੀ ਸੌ ਫੁੱਟ ਉੱਚਾ ਨਿਸ਼ਾਨ ਸਾਹਿਬ ਝੁਲਾ ਦਾਦੀ ਮਾਂ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦਗਾਰ ਕਾਇਮ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਿੰਡ ਚੱਕ ਢੇਰਾ ਦਾ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ੧੯੪੭ ਦੀ ਵੰਡ ਤੋਂ ਪਹਿਲਾਂ ਏਥੇ ਮਸੀਤ ਹੋਇਆ ਕਰਦੀ ਸੀ। ਤਿੰਨ ਸਦੀਆਂ ਪਹਿਲਾਂ ਸਤਲੁਜ ਦਰਿਆ ਪਿਲਕਣ ਦੇ ਦਰੱਖਤ ਕੋਲ ਦੀ ਵਗਦਾ ਤੇ ਰੋਪੜ ਦੇ ਰਸਤੇ ਵੱਲ ਆਉਣ-ਜਾਣ ਲਈ ਦਰਿਆ ਦੇ ਪੱਤਣ ਦਾ ਇਹ ਇੱਕ ਕਿਨਾਰਾ ਸੀ। ਇਸ ਪੱਤਣ ਦਾ ਦੂਸਰਾ ਕਿਨਾਰਾ ਕੁੰਮੇ ਮਾਸ਼ਕੀ ਦੀ ਝੌਂਪੜੀ ਦੇ ਕੋਲ ਦੀ ਹੁੰਦਾ ਹੋਇਆ ਦਰਿਆ ਪਾਰ ਦੇ ਨਗਰਾਂ ਨੂੰ ਜਾ ਲੱਗਦਾ। ਹਰ ਸਾਲ ਬਾਬਾ ਕੁੰਮਾ ਮਾਸ਼ਕੀ ਜੀ ਦੀ ਝੌਂਪੜੀ ਵਾਲੇ ਅਸਥਾਨ ਤੋਂ ਪੈਦਲ ਨਗਰ ਕੀਰਤਨ ਆਰੰਭ ਹੋ ਕੇ ੮ ਪੋਹ ਦੀ ਸ਼ਾਮ ਨੂੰ ਇਸ ਪਿਲਕਣ ਦੇ ਦਰੱਖਤ ਕੋਲ ਝੂਲਦੇ ਨਿਸ਼ਾਨ ਸਾਹਿਬ ਥੱਲੇ ਸਮਾਪਤ ਹੋ ਜਾਂਦਾ ਹੈ। ਪਿਲਕਣ ਵਾਲਾ ਇਤਿਹਾਸਕ ਅਸਥਾਨ ਪਿੰਡ ਚੱਕ ਢੇਰਾ ਵਿੱਚ ਵੜਦਿਆਂ ਹੀ ਆਵੇਗਾ। ਇਸ ਨੂੰ ਗੁਰਦੁਆਰਾ ਪਿਲਕਣ ਸਾਹਿਬ ਕਿਹਾ ਜਾਂਦਾ ਹੈ।
ਯਾਦਗਾਰੀ ਗੇਟ ਮਾਈ ਲੱਛਮੀਂ ਜੀ
ਇਸ ਮਹਾਨ ਨੇਕ ਮਾਈ ਲੱਛਮੀਂ ਜੀ ਨੇ ਔਖੇ ਵੇਲੇ ਦਾਦੀ ਮਾਂ ਤੇ ਪੋਤਿਆਂ ਨੂੰ ਭੋਜਨ ਛਕਾ ਕੇ ਲੋਕ-ਪ੍ਰਲੋਕ ਵਿੱਚ ਜਸ ਖੱਟ ਲਿਆ। ਇਹ ਜਾਤ ਦੀ ਬ੍ਰਾਹਮਣੀ ਵਿਧਵਾ ਮਾਈ ਆਏ-ਗਏ ਰਾਹੀ-ਮੁਸਾਫਿਰ ਨੂੰ ਲੋੜ ਪੈਣ ‘ਤੇ ਭੋਜਨ ਛਕਾ ਦਿੰਦੀ ਤੇ ਸਦਾ ਹੀ ਭਜਨ-ਬੰਦਗੀ ਕਰਦੀ ਰਹਿੰਦੀ। ਕੁੰਮੇ ਮਾਸ਼ਕੀ ਦਾ ਟਿਕਾਣਾ ਪੱਤਣ ‘ਤੇ ਹੋਣ ਕਰਕੇ ਕਦੇ-ਕਦੇ ਕੋਈ ਨਾ ਕੋਈ ਰਾਹਗੀਰ ਦੇਰ-ਸਵੇਰ ਹੋਣ ਕਰਕੇ ਉਸ ਕੋਲ ਠਹਿਰ ਜਾਂਦਾ। ਉਹ ਲੋੜ ਪੈਣ ‘ਤੇ ਇਸ ਮਾਈ ਕੋਲੋਂ ਭੋਜਨ-ਪ੍ਰਸ਼ਾਦਾ ਲੈ ਆਉਂਦਾ। ਲੈ ਉਸਦੀ ਇਸ ਮਾਈ ਨਾਲ ਰੁਹਾਨੀਅਤ, ਰੱਬੀ ਭੈਅ ਵਾਲੀ ਸਾਂਝ ਸੀ। ਜਦੋਂ ਦਸਮ ਪਿਤਾ ਜੀ ਦੀ ਮਾਂ ਤੇ ਸਾਹਿਬਜ਼ਾਦੇ ਉਸਦੀ ਝੌਂਪੜੀ ‘ਚ ਆਏ ਤਾਂ ਉਹ ਵਾਹੋ-ਦਾਹੀ ਇਸ ਮਾਈ ਕੋਲ ਜਾ ਪਹੁੰਚਿਆ। ਇਸ ਨੇਕ ਮਾਈ ਨੇ ਕਾਹਲੀ ‘ਚ ਭੋਜਨ ਤਿਆਰ ਕਰ ਨਾਲ ਗਰਮ ਕੱਪੜਾ ਵੀ ਕੁੰਮੇ ਮਾਸ਼ਕੀ ਹੱਥ ਉਨ੍ਹਾਂ ਤਿੰਨਾਂ ਰੱਬੀ-ਰੂਹਾਂ ਲਈ ਭੇਜ ਦਿੱਤਾ। ਆਪ ਸਵੇਰ ਹੁੰਦਿਆਂ ਹੀ ਦਰਸ਼ਨ ਕਰ ਨਿਹਾਲ ਹੋਈ ਤੇ ਸਾਰਾ ਦਿਨ ਦਾਦੀ ਮਾਂ ਅਰ ਨਿੱਕੀਆਂ ਜਿੰਦਾਂ ਦੀ ਮੁੱਠੀ-ਚਾਪੀ ਵੀ ਕਰਦੀ ਰਹੀ। ਜਿੰਨਾ ਸਮਾਂ ਉਹ ਕੁੰਮੇ ਮਾਸ਼ਕੀ ਕੋਲ ਰਹੇ ਭੋਜਨ ਛਕਾਉਣ ਦੀ ਸੇਵਾ ਇਸ ਮਾਈ ਲੱਛਮੀਂ ਨੇ ਹੀ ਕੀਤੀ। ਕਈ ਲਿਖਾਰੀਆਂ ਨੇ ਇਸ ਮਾਈ ਨੂੰ ਰੋਪੜ ਦੀ ਰਹਿਣ ਵਾਲੀ ਦੱਸਿਆ ਪਰ ਮੈਨੂੰ ਇਸ ਮਾਈ ਦਾ ਟਿਕਾਣਾ ਕੁੰਮੇ ਮਾਸ਼ਕੀ ਦੀ ਝੌਂਪੜੀ ਦੇ ਆਸ-ਪਾਸ ਹੀ ਕਿਸੇ ਨਗਰ ਵਿੱਚ ਹੋਣਾ ਲੱਗਦਾ ਹੈ। ਰੋਪੜ ਸ਼ਹਿਰ ਦੀ ਦੂਰੀ ਏਥੋਂ ੧੨ ਕਿ: ਮੀ: ਹੋਣਾ, ਆਪਣੇ ਘਰੋਂ ਭੋਜਨ ਪਕਾ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਛਕਾਉਣਾ, ਲੋੜ ਪੈਣ ‘ਤੇ ਕੁੰਮੇ ਮਾਸ਼ਕੀ ਦਾ ਇਸ ਦੇ ਘਰੋਂ ਭੋਜਨ-ਪ੍ਰਸ਼ਾਦਾ ਲੈ ਆਉਣਾ ਏਨੀ ਦੂਰੀ ਤੋਂ ਸੰਭਵ ਨਹੀ ਲਗਦਾ। ਇਸ ਪੱਤਣ ਦੇ ਆਲੇ-ਦੁਆਲੇ ਦੇ ਨਗਰਾਂ ਨੂੰ ਦੇਖ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਮਾਈ ਦਾ ਪਿੰਡ ਏਥੇ ਕਿਤੇ ਆਸ-ਪਾਸ ਹੀ ਹੋਵੇਗਾ। ਇਹ ਵਿਚਾਰ ਅਜੇ ਹੋਰ ਖੋਜ ਦੀ ਮੰਗ ਕਰਦਾ ਹੈ। ਗੁਰੂ ਪਾਤਸ਼ਾਹ ਜੀ ਦੀਆਂ ਸਿੱਖ-ਸੰਗਤਾਂ ਨੇ ਇਸ ਮਾਈ ਦੀ ਸੇਵਾ ਨੂੰ ਸਦਾ ਯਾਦ ਰੱਖਣ ਲਈ ਇਸਦੇ ਨਾਂ ‘ਤੇ ਯਾਦਗਾਰੀ ਗੇਟ ਪਿੰਡ ਪਤਿਆਲਾ, ਪਿੰਡ ਮਿਆਣੀ ਤੇ ਪਿੰਡ ਚੱਕ ਢੇਰਾ ਦੇ ਸਾਂਝੇ ਹੱਦ-ਬੰਨਿਆਂ ‘ਤੇ ਉਸਾਰ ਦਿੱਤਾ ਹੈ। ਇਸ ਗੇਟ ਦੀ ਚੌੜਾਈ ੨੨ ਫੁੱਟ, ਉਚਾਈ ੨੨ ਫੁੱਟ, ਉੱਪਰ ਗੁੰਬਦ, ਪਾਲਕੀ ਤੇ ਮੋਟੇ ਅੱਖਰਾਂ ‘ਚ ਯਾਦਗਾਰੀ ਗੇਟ ਮਾਈ ਲੱਛਮੀਂ ਜੀ ਲਿਖਿਆ ਹੋਇਆ ਹੈ। ਇਸ ਗੇਟ ਦਾ ਨੀਂਹ-ਪੱਥਰ ਇਲਾਕੇ ਤੇ ਦੂਰ- ਦੁਰੇਡੇ ਦੀਆਂ ਮਾਈਆਂ ਨੇ ਆਪਣੇ ਹੱਥੀਂ ਰੱਖ ਕੇ ੨੦੧੧ ਈ: ਵਿੱਚ ਮੁਕੰਮਲ ਹੋਣ ਤੱਕ ਪੂਰਨ ਯੋਗਦਾਨ ਪਾਇਆ। ਇਸ ਗੇਟ ਦੇ ਥੱਲੇ ਦੀ ਲੰਘਣ ਵਾਲਿਓ ਮਾਈ ਲੱਛਮੀਂ ਦੀ ਸੇਵਾ-ਘਾਲਣਾ ਨੂੰ ਯਾਦ ਕਰਦੇ ਹੋਏ ਮਨ ਹੀ ਮਨ ਇਸ ਮਾਈ ਨੂੰ ਨਮਸਕਾਰ ਜ਼ਰੂਰ ਕਰਦੇ ਜਾਇਓ। ਇਸ ਮਾਈ ਨੂੰ ਨਮਸਕਾਰ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਜਰਨੈਲ ਨੇ ਵੀ ਕੀਤੀ। ਕੁੰਮਾ ਮਾਸ਼ਕੀ ਨੂੰ ਸਨਮਾਨ ਦੇ ਕੇ ਆਪਣੇ ਨਾਲ ਸਿੱਖ-ਯੋਧਿਆਂ ਨੂੰ ਲੈ ਬੰਦਾ ਸਿੰਘ ਜੀ ਨੇ ਇਸ ਮਾਈ ਦੇ ਚਰਨ ਜਾ ਪਰਸੇ ਤੇ ਇਸ ਮਾਈ ਦੇ ਮੁੱਖੋਂ ਬਹੁਤ ਸਾਰੀਆਂ ਅਸੀਸਾਂ ਲਈਆਂ। ਮਾਇਆ ਦੇ ਖੁੱਲ੍ਹੇ ਗੱਫੇ ਤੇ ਮਾਣ-ਸਨਮਾਨ ਦੇ ਕੇ ਬੰਦਾ ਸਿੰਘ ਜੀ ਨੇ ਮਾਈ ਲੱਛਮੀਂ ਜੀ ਨੂੰ ਬਿਨੈ ਕੀਤੀ ਕਿ ਤੁਸੀਂ ਸਦਾ ਹੀ ਗੁਰੂ ਕਾ ਲੰਗਰ ਚਲਈ ਜਾਵੋ।
ਇਸ ਬਾਰੇ ਕਵੀ ਭਾਈ ਕਿਸ਼ਨ ਸਿੰਘ ਜੀ ਨੇ ਇਉਂ ਲਿਖਿਆ ਹੈ-
ਦੋਹਰਾ
ਮਾਤ ਲੱਛਮੀਂ ਕੀ ਸੇਵ ਸੁਨ ਬੰਦਾ ਬਹੁ ਹਰਖਾਇ॥
ਬੰਦਹਿ ਸਾਥ ਸਿਖ ਬਹੁਤ ਲੀਏ ਮਾਤ ਕੇ ਚਰਨ ਪਰਸੇ ਜਾਇ॥ ਚੌਪਈ
ਮਾਤ ਲੱਛਮੀਂ ਭਈ ਪ੍ਰਸੰਨਾ।
ਆਖੇ ਮੁਖਹੁ ਸਤਿਗੁਰ ਧੰਨ ਧੰਨਾ॥ ਬੰਦਿਹ ਕੋ ਤਹਿ ਨਿਕਟ ਬੈਠਾਯੋ। ਬਚਨ ਕਰਤ ਮਨ ਮਹਿ ਹਰਖਾਯੋ॥ ਬੰਦਹਿ ਦੀਨੋ ਦਰਬ ਅਪਾਰਾ। ਲੰਗਰ ਅਚਾਵਹੁ ਸਗਲ ਸੈਸਾਰਾ॥ ਨਾਮ ਜਪਹੁ ਤੁਮ ਦਿਨ ਅਰ ਰੈਨਾ। ਸਚਖੰਡ ਜਾਇ ਪਾਵਹੁ ਸੁਖ ਚੈਨਾ॥ ਆਪ ਜਪੈ ਅਵਰਹਿ ਨਾਮ ਜਪਾਵਹੁ। ਦਰਗਹ ਜਾਇ ਮਾਨ ਬਹੁ ਪਾਵਹੁ॥ ਮਾਝਹਿ ਬੰਦਹਿ ਦਈ ਅਸੀਸਾ।
ਗੁਰ ਦੋਖੀਅਨ ਕੋ ਲਾਹੋ ਸੀਸਾ।
ਗੁਰ ਨਾਨਕ ਕਾ ਰਾਜ ਬਨਾਵਹੁ। ਸਤਿਗੁਰ ਤੇ ਆਦਰ ਤੁਮ ਪਾਵਹੁ॥
ਮਾਈ ਲੱਛਮੀਂ ਜੀ ਦਾ ਜ਼ਿਕਰ ਇਨ੍ਹਾਂ ਪੁਰਾਤਨ ਇਤਿਹਾਸਕ ਲਿਖਤਾਂ ਵਿੱਚ ਦਰਜ
ਹੈ-
ਕਥਾ ਗੁਰੂ ਜੀ ਕੇ ਸੁਤਨ ਕੀ – ਕ੍ਰਿਤ ਭਾਈ ਦੁੱਨਾ ਸਿੰਘ ਹੰਡੂਰੀਆ – ੧੭੯੦ ਈ: ਸ਼ਹੀਦਨਾਮਾ – ਕਵੀ ਭਾਈ ਕਿਸ਼ਨ ਸਿੰਘ – ਸੰਮਤ ੧੮੧੨
ਅਗਲਾ ਭਾਗ…….