History of the days after Guru Gobind Singh Ji left Anandpur Sahib – 17-2-26

ਖੋਜ ਤੋਂ ਬਾਅਦ ਬਣੀਆਂ ਯਾਦਗਾਰਾਂ
ਭਾਗ 3

ਗੁਰਦੁਆਰਾ ਬਾਬੇ ਸ਼ਹੀਦਾਂ, ਕਾਈਨੌਰ

ਕੁੰਮਾ ਮਾਸ਼ਕੀ ਦੇ ਕੋਲੋਂ ਗੰਗੂ ਬ੍ਰਾਹਮਣ ਦਾਦੀ ਮਾਂ ਤੇ ਗੁਰੂ ਪੁੱਤਰਾਂ ਨੂੰ ਆਪਣੇ ਨਾਲ ਇਸ ਤਲਾਅ ਦੇ ਕਿਨਾਰੇ ਦਰੱਖਤਾਂ ਦੀ ਸੰਘਣੀ ਝਿੜੀ ‘ਚ ਲੈ ਆਇਆ। ਉਸ ਕਮੀਨੇ ਦਾ ਦਾਅ ਨਾ ਲੱਗਾ ਤਾਂ ਉਹ ਤਿੰਨਾਂ ਨੂੰ ਅਗਲੀ ਸਵੇਰ ਆਪਣੇ ਪਿੰਡ ਸਹੇੜੀ ਤੋਂ ਇੱਕ ਪਾਸੇ ਝੱਲ-ਝਾੜੀਆਂ ‘ਚ ਲੈ ਗਿਆ, ਜਿੱਥੇ ਹੁਣ ਗੁਰਦੁਆਰਾ ਐਮੇ ਸਾਹਿਬ ਸੁਸ਼ੋਭਿਤ ਹੈ। ਉੱਥੋਂ ਰਾਤ ਪਈ ਤੇ ਆਪਣੇ ਘਰ ਪਿੰਡ ਸਹੇੜੀ ਲੈ ਆਇਆ। ਇਸ ਤੋਂ ਅੱਗੇ ਸਾਰਾ ਜੱਗ ਜਾਣਦਾ ਹੈ ਕਿ ਉਸ ਪਾਪੀ ਨੇ ਕੀ ਕਹਿਰ ਗੁਜਾਰਿਆ। ਜਿਸ ਥਾਂ ਪਿੰਡ ਕਾਈਨੌਰ ਦੇ ਤਲਾਅ ਦੇ ਕਿਨਾਰੇ ‘ਤੇ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਨੇ ੮ ਪੋਹ, ੧੭੬੧ ਬਿ: ਦੀ ਰਾਤ ਬਤੀਤ ਕੀਤੀ, ਉਸਨੂੰ ਸ਼ਹੀਦਾਂ ਦਾ ਅਸਥਾਨ ਕਰਕੇ ਮੰਨਿਆ-ਪੂਜਿਆ ਜਾਂਦਾ ਹੈ। ਪੋਹ ਦੀਆਂ ਰਾਤਾਂ ਪੁਸਤਕ ਦਸੰਬਰ ੨੦੦੪ ਈ: ਨੂੰ ਛਪ ਕੇ ਸੰਗਤਾਂ ਦੇ ਹੱਥਾਂ ‘ਚ ਪਹੁੰਚ ਗਈ। ਇਸ ਵਿਚਲੀ ਖੋਜ ਨੂੰ ਪੜ੍ਹ ਕੇ ਅਗਲੇ ਸਾਲ ਹੀ ਪਿੰਡ ਕਾਈਨੌਰ ਦੀ ਸੰਗਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੮ ਪੋਹ ਨੂੰ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਦੀ ਯਾਦ ‘ਚ ਸਾਲਾਨਾ ਸ਼ਹੀਦੀ ਜੋੜ-ਮੇਲ ਮਨਾਉਣਾ ਆਰੰਭ ਕਰ ਦਿੱਤਾ। ਗੁਰਦੁਆਰਾ ਸਾਹਿਬ ਤਾਂ ਏਥੇ ਪਹਿਲਾਂ ਹੀ ਬਣਿਆ ਹੋਇਆ ਸੀ, ਹੁਣ ਨਵੀਂ ਇਮਾਰਤ ਦੀ ਉਸਾਰੀ ਪੂਰੇ ਉਤਸ਼ਾਹ ਨਾਲ ਕੀਤੀ ਹੈ। ਉੱਪਰ ਬਹੁਤ ਹੀ ਸ਼ਾਨਦਾਰ ਗੁੰਬਦ ਉਸਾਰਿਆ ਗਿਆ ਹੈ। ਨਜ਼ਦੀਕ ਹੀ ਅਸਮਾਨ ਨੂੰ ਛੂੰਹਦਾ ਨਿਸ਼ਾਨ ਸਾਹਿਬ ਝੂਲ-ਝੂਲ ਕੇ ਸ਼ਹੀਦਾਂ ਦੇ ਅਸਥਾਨ ਦੀ ਦੱਸ ਪਾਉਂਦਾ ਹੈ। ਇਹ ਅਸਥਾਨ ਰੋਪੜ-ਮੁਰਿੰਡਾ ਰੋਡ ‘ਤੇ ਸਥਿਤ ਹੈ। ਰੋਪੜ ਤੋਂ ਇਸਦੀ ਦੂਰੀ ੧੫ ਕਿ: ਮੀ: ਤੇ ਮੁਰਿੰਡਾ ਤੋਂ ੪ ਕਿ: ਮੀ: ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਿੰਡ ਕਾਈਨੌਰ ਦੀ ਸੰਗਤ ਵੱਲੋਂ ਚੁਣੀ ਹੋਈ ਪ੍ਰਬੰਧਕ ਕਮੇਟੀ ਬਹੁਤ ਸ਼ਰਧਾ- ਪਿਆਰ ਨਾਲ ਕਰਦੀ ਹੈ। ਇਸ ਅਸਥਾਨ ‘ਤੇ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਜੀਵਨ ਦੀਆਂ ਆਖਰੀ ਰਾਤਾਂ ਵਿੱਚੋਂ ਦੂਜੀ ਰਾਤ ਬਤੀਤ ਕੀਤੀ ਸੀ।
ਪਤਾ – ਗੁਰਦੁਆਰਾ ਬਾਬੇ ਸ਼ਹੀਦਾਂ (ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ) ਪਿੰਡ ਤੋ ਡਾਕਘਰ ਕਾਈਨੌਰ, ਤਹਿਸੀਲ ਮੁਰਿੰਡਾ, ਜ਼ਿਲ੍ਹਾ ਰੂਪਨਗਰ।

ਜਹਾਜੀ ਹਵੇਲੀ

ਇਸ ਹਵੇਲੀ ਦੀਵਾਨ ਟੋਡਰ ਮੱਲ ਜੀ ਦੇ ਖੰਡਰਾਂ ਨੂੰ ਕਈ ਵਾਰ ਦੇਖ ਕੇ ਮੈਂ (ਲੇਖਕ) ਇਸ ਪੁਸਤਕ ‘ਚ ਬਿਨੈ ਕੀਤੀ ਸੀ ਕਿ ਇਸ ਇਤਿਹਾਸਕ ਹਵੇਲੀ ਨੂੰ ਅਜੇ ਵੀ ਸੰਭਾਲ ਲਿਆ ਜਾਵੇ। ਮੇਰੇ ਤੋਂ ਪਹਿਲਾਂ ਵੀ ਪੁਰਾਤਨ ਇਤਿਹਾਸਕ ਯਾਦਗਾਰਾਂ ਦੀ ਪਕੜ ਰੱਖਣ ਵਾਲੇ ਅਨੇਕਾਂ ਦਰਦੀਆਂ ਨੇ ਇਸ ਹਵੇਲੀ ਨੂੰ ਬਚਾਉਣ ਲਈ ਸਿੱਖ ਪੰਥ ਅੱਗੇ ਕਈ ਵਾਰ ਦੁਹਾਈ ਪਾਈ ਹੈ। ਉਸ ਬਹੁੜੀ ਨੂੰ ਸੁਣਦਿਆਂ ਹੋਇਆਂ ਸ਼੍ਰੋ ਗੁ. ਪ੍ਰ. ਕ. ਸ੍ਰੀ ਅੰਮ੍ਰਿਤਸਰ ਨੇ ਉਸ ਹਵੇਲੀ ਦੀ ਸਾਂਭ-ਸੰਭਾਲ ਲਈ ਉਸਦੀ ਸੇਵਾ, ਕਾਰ ਸੇਵਾ ਵਾਲੇ ਬਾਬਿਆਂ ਨੂੰ ਸੌਂਪ ਕੇ ਬਹੁਤ ਹੀ ਸ਼ਲਾਘਾਯੋਗ ਯਤਨ ਕੀਤਾ ਹੈ। ਜਿੱਥੇ ਕਮੇਟੀ ਨੇ ਹਵੇਲੀ ਦੀ ਪੁਰਾਤਨ ਇਮਾਰਤ ਨੂੰ ਉਸੇ ਰੂਪ ‘ਚ ਰੱਖਣ ਲਈ ਕਹਿ ਕੇ ਜੱਸ ਖੱਟਿਆ ਹੈ, ਉੱਥੇ ਗੁਰਦੁਆਰਾ ਰੱਥ ਸਾਹਿਬ ਦੀ ਨਵੀਂ ਉਸਾਰੀ ਦੀ ਕਾਰ ਸੇਵਾ ਵੀ ਆਰੰਭ ਕਰਵਾ ਇਸ ਅਸਥਾਨ ਨੂੰ ਆਮ ਸੰਗਤਾਂ ਦੇ ਸਾਹਮਣੇ ਲਿਆਂਦਾ ਹੈ। ਇਸ ਤੋਂ ਪਹਿਲਾਂ ਤਾਂ ਕੋਈ ਵਿਰਲਾ-ਵਾਂਝਾ ਹੀ ਇਹ ਜਾਣਦਾ ਸੀ ਕਿ ਕੋਤਵਾਲੀ ਮੁਰਿੰਡਾ ਤੋਂ ਚੱਲ ਕੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦਾ ਰੱਥ ਏਥੇ ਆਣ ਖੜ੍ਹਾ ਕੀਤਾ ਸੀ। ਇਸ ਨਵੀਨ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਪਿੱਛੇ ਪੁਰਾਤਨ ਗੁਰਦੁਆਰਾ ਰੱਥ ਸਾਹਿਬ ਦੀ ਇਮਾਰਤ ਸਾਧਾਰਨ ਹਾਲਾਤਾਂ ਵਿੱਚ ਹੈ। ਪਤਾ ਲੱਗਾ ਹੈ ਕਿ ਉਸ ਬਾਬਤ ਸ਼੍ਰੋ. ਗੁ. ਪ੍ਰ. ਕ. ਸ੍ਰੀ ਅੰਮ੍ਰਿਤਸਰ ਦਾ ਕਿਸੇ ਸੰਸਥਾ ਨਾਲ ਕੇਸ ਚੱਲਦਾ ਹੈ।


ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ

ਇਹ ਉਹ ਅਸਥਾਨ ਹੈ ਜਿੱਥੇ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀਆਂ ਅਸਥੀਆਂ ਦੀ ਕੁੱਝ ਬਿਭੂਤੀ ਇੱਕ ਗਾਗਰ ਵਿੱਚ ਪਾ ਕੇ ਦਰੱਖਤਾਂ ਦੀ ਸੰਘਣੀ ਝਿੜੀ ਵਿੱਚ ਧਰਤੀ ‘ਚ ਦਬਾ ਕੇ ਸੰਭਾਲ ਲਈ ਗਈ ਸੀ। ਸਰਹਿੰਦ ਤੋਂ ਬਿਭੂਤੀ ਨੂੰ ਏਥੋਂ ਤੱਕ ਲਿਆਉਣ ਦੀ ਸੇਵਾ ਭਾਈ ਜੋਧ ਸਿੰਘ ਜੀ ਨੇ ਨਿਭਾਈ। ਇਹ ਗੁਰਸਿੱਖ ਮਰਜੀਵੜਾ ਦੀਵਾਨ ਟੋਡਰ ਮੱਲ ਜੀ ਦਾ ਭਰੋਸੇਯੋਗ ਸੀ। ਪਿੰਡ ਆਲੋਅਰਖ, ਪਿੰਡ ਕਾਕੜਾ ਤੇ ਆਸ-ਪਾਸ ਦੀ ਸਾਰੀ ਜ਼ਮੀਨ ਦੀਵਾਨ ਟੋਡਰ ਮੱਲ ਦੀ ਮਲਕੀਅਤ ਸੀ। ਉਸਨੇ ਆਪਣੀ ਜ਼ਮੀਨ ‘ਚ ਹੀ ਪਵਿੱਤਰ ਸ਼ਹੀਦਾਂ ਦੀ ਬਿਭੂਤੀ ਨੂੰ ਸੰਭਾਲ ਉੱਪਰ ਥੜਾ ਉਸਾਰ ਨਿਸ਼ਾਨੀ ਕਾਇਮ ਕਰ ਦਿੱਤੀ ਸੀ। ਇਸ ਥਾਂ ਨੂੰ ਗੁਰੂ ਤੇਗਬਹਾਦਰ ਜੀ ਦੀ ਚਰਨ ਛੋਹ ਵੀ ਪ੍ਰਾਪਤ ਹੈ। ਏਥੇ ਦੋ ਅਸਥਾਨ ਬਣੇ ਹੋਏ ਨੇ ਇੱਕ ਗੁਰੂ ਤੇਗਬਹਾਦਰ ਜੀ ਦਾ ਅਤੇ ਦੂਸਰਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ। ੧੯੯੦ ਈ: ਵਿੱਚ ਇਸ ਅਸਥਾਨ ਦੀ ਨਵੇਂ ਸਿਰੇ ਤੋਂ ਕਾਰ ਸੇਵਾ ਆਰੰਭ ਹੋਈ ਤਾਂ ਏਥੇ ਬਣੇ ਹੋਏ ਥੜੇ ਨੂੰ ਪੰਜ ਫੁੱਟ ਡੂੰਘਾ ਪੁੱਟਣ ‘ਤੇ ਸ਼ਹੀਦਾਂ ਦੀ ਬਿਭੂਤੀ ਨਿਕਲੀ ਸੀ, ਜਿਸਨੂੰ ਪੰਜਾਂ ਪਿਆਰਿਆਂ ਨੇ ਸੰਗਤ ਦੀ ਹਜ਼ੂਰੀ ‘ਚ ਅਰਦਾਸ ਕਰ ਮੁੜ ਉਸ ਥਾਂ ਹੀ ਦਬਾ ਕੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ। ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਸਮਾਪਤ ਹੁੰਦਿਆਂ ਹੀ ੧੩ ਪੋਹ ਤੋਂ ਅਗਲੇ ਦਿਨ ਗੁਰਦੁਆਰਾ ਜੋਤੀ ਸਰੂਪ (ਫਤਿਹਗੜ੍ਹ ਸਾਹਿਬ) ਤੋਂ ਆਰੰਭ ਹੋ ਕੇ ਨਗਰ ਕੀਰਤਨ ਇਸ ਅਸਥਾਨ ‘ਤੇ ਸਮਾਪਤ ਹੁੰਦਾ ਹੈ। ਇਹ ਨਗਰ ਕੀਰਤਨ ਹਰ ਸਾਲ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਕੱਢਿਆ ਜਾਂਦਾ ਹੈ। ਪਿੰਡ ਆਲੋਅਰਖ ਤੋਂ ੨ ਕਿ: ਮੀ: ਦੀ ਦੂਰੀ ‘ਤੇ ਪਿੰਡ ਕਾਕੜਾ ਹੈ। ਇਹ ਦੀਵਾਨ ਟੋਡਰ ਮੱਲ ਦਾ ਜੱਦੀ ਪਿੰਡ ਸੀ। ਉਸਦੀ ਯਾਦ ਵਿੱਚ ਪਿੰਡ ਕਾਕੜਾ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸ਼ਹੀਦਾਂ ਦੀਆਂ ਅਸਥੀਆਂ ਵਾਲਾ ਅਸਥਾਨ ਨਾਭਾ-ਭਵਾਨੀਗੜ੍ਹ ਰੋਡ ਤੋਂ ੨ ਕਿ: ਮੀ: ਦੀ ਦੂਰੀ ‘ਤੇ ਪਿੰਡ ਆਲੋਅਰਖ ਵਾਲੀ ਸੜਕ, ਉੱਪਰ ਸੁਭਾਏਮਾਨ ਹੈ। ਇਹ ਅਸਥਾਨ ਬਹੁਤ ਪਹਿਲਾਂ ਦਾ ਬਣਿਆ ਹੋਇਆ ਹੈ, ਇਸ ਨਾਲ ਮੇਰੀ ਖੋਜ ਦਾ ਸੰਬੰਧ ਨਹੀਂ ਹੈ। ਇਸ ਦਾ ਵੇਰਵਾ ਸੰਗਤਾਂ ਦੀ ਜਾਣਕਾਰੀ ਦੇ ਲਈ ਦੇ ਰਿਹਾ ਹਾਂ। ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਦਸਮ ਪਿਤਾ ਜੀ ਨਾਲੋਂ ਵਿੱਛੜ ਕੇ ਸ਼ਹੀਦੀ ਤੱਕ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੀ ਯਾਦ ਵਿੱਚ ਇਹ ਆਖਰੀ ਅਸਥਾਨ ਸੁਭਾਏਮਾਨ ਹੈ। ਜਦੋਂ ਸਾਡੇ ਧੀਆਂ-ਪੁੱਤਰ ਅੱਠ-ਦੱਸ ਸਾਲ ਦੇ ਹੋ ਜਾਣ ਤਾਂ ਗੁਰੂ ਕੇ ਸਿੱਖੋ ਉਨ੍ਹਾਂ ਨੂੰ ਚਮਕੌਰ ਸਾਹਿਬ, ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਦਾਦੀ ਮਾਂ ਤੇ ਮਾਸੂਮ ਜਿੰਦਾਂ ਦੀ ਸ਼ਹੀਦੀ ਦਾ ਮਾਰਗ ਫਤਹਿਗੜ੍ਹ ਸਾਹਿਬ, ਪਿੰਡ ਆਲੋਅਰਖ ਤੱਕ ਦਾ ਸਫ਼ਰ ਇੱਕ ਵਾਰ ਜ਼ਰੂਰ ਤਹਿ ਕਰਾ ਦਿਓ।
ਪਤਾ
ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, (ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ) ਪਿੰਡ ਤੇ ਡਾਕਘਰ ਆਲੋਅਰਖ, ਤਹਿਸੀਲ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ।

ਸੂਚਨਾ

ਦਾਦੀ ਮਾਂ ਅਤੇ ਸ਼ਹੀਦ ਪੋਤਿਆਂ ਦੀ ਬਿਭੂਤੀ ਦਾ ਜ਼ਿਕਰ ਗੁਰੂ ‘ ਕੀਆਂ ਸਾਖੀਆਂ ਅਤੇ ਏਥੇ ਬਣੇ ਅਸਥਾਨ ਨੂੰ ਅਧਾਰ ਬਣਾ ਕੇ ਲਿਖਿਆ ਹੈ। ਖੋਜ- ਪੜਤਾਲ ਅਨੁਸਾਰ ਭਾਈ ਜੋਧ ਸਿੰਘ ਕੁੱਝ ਕੁ ਬਿਭੂਤੀ ਸਤਿਕਾਰ ਵਜੋਂ ਏਥੇ (ਆਲੋਅਰਖ) ਲੈ ਆਇਆ ਸੀ ਤੇ ਬਾਕੀ ਸਾਰੀਆਂ ਅਸਥੀਆਂ ਗੁਰਦੁਆਰਾ ਜੋਤੀ ਸਰੂਪ (ਫਤਹਿਗੜ੍ਹ ਸਾਹਿਬ) ਵਾਲੇ ਅਸਥਾਨ ਦੇ ਥੜਾ ਸਾਹਿਬ ਥੱਲੇ ਸੰਭਾਲੀਆਂ ਹੋਈਆਂ ਹਨ।

ਅਗਲਾ ਭਾਗ…….

You may also like these