ਪੰਜ ਕਕਾਰਾਂ ਦਾ ਮਹੱਤਵ
ਸਮੇਂ ਦੇ ਨਾਲ ਨਾਲ ਬ੍ਰਾਹਮਣਾਂ ਦੇ ਸਿਰ ‘ਤੇ ਵੀ ਦਸਤਾਰ ਨਹੀਂ ਰਹੀ ਤੇ ਮੁਸਲਮਾਨਾਂ ਦੇ ਸਿਰ ‘ਤੇ ਵੀ ਦਸਤਾਰ ਨਹੀਂ ਰਹੀ। ਕਹਿੰਦੇ ਹਨ ਸੋਨਾ, ਚਾਂਦੀ, ਹੀਰਾ, ਮੋਤੀ ਘਰ ਵਿਚ ਬਹੁਤਾਤ ਵਿਚ ਹੋਵੇ ਤਾਂ ਸੇਫ਼ ਦੀ ਲੋੜ ਪੈ ਜਾਂਦੀ ਹੈ, ਤਿਜੌਰੀ ਦੀ ਲੋੜ ਪੈ ਜਾਂਦੀ ਹੈ। ਪਰ ਹੈ ਹੀ ਨਹੀਂ ਕੁਝ ਤਾਂ ਫਿਰ ਤਿਜੌਰੀ ਦੀ ਲੋੜ ਨਹੀਂ। ਮਸਤਕ ਰੱਸ ਨਾਲ ਭਰਿਆ ਹੋਇਆ ਹੈ, ਰੂਹਾਨੀਅਤ ਨਾਲ ਭਰਿਆ ਹੋਇਆ ਹੈ ਤਾਂ ਕੇਸਾਂ ਦੀ ਲੋੜ ਹੈ, ਪੱਗ ਦੀ ਲੋੜ ਹੈ। ਸਿਰ ਹੀ ਖ਼ਾਲੀ ਹੈ, ਸਿਰ ਦੇ ਵਿਚ ਹੀ ਕੁਝ ਨਹੀਂ ਤਾਂ ਫਿਰ ਕੁਦਰਤੀ ਗੱਲ ਹੈ ਕੇਸਾਂ ਦੀ ਲੋੜ ਮਹਿਸੂਸ ਨਹੀਂ ਹੋਵੇਗੀ, ਦਸਤਾਰ ਦੀ ਲੋੜ ਮਹਿਸੂਸ ਨਹੀਂ ਹੋਵੇਗੀ। ਜੇ ਸਿਰ ਵਿਚ ਕੁਝ ਹੈ, ਤਾਂ ਉਹ ਕੇਸਾਂ ਨਾਲ, ਦਸਤਾਰ ਨਾਲ ਪਿਆਰ ਪਾਉਂਦੇ ਹਨ। ਕੇਸ ਰੱਬੀ ਸੁਹੱਪਣ ਵੀ ਹਨ। ਮੋਰ ਦੇ ਸਾਹਮਣੇ ਮੋਰਨੀ ਬਿਲਕੁਲ ਫਿੱਕੀ ਲੱਗਦੀ ਹੈ। ਮੋਰ ਦੇ ਲੰਬੇ-ਲੰਬੇ ਪੰਖ ਸ਼ਿੰਗਾਰ ਹਨ। ਜਿਹੜਾ ਸ਼ਿੰਗਾਰ ਕੁਦਰਤ ਨੇ ਸ਼ੇਰ ਨੂੰ ਦਿੱਤਾ ਹੈ, ਮੋਰ ਨੂੰ ਦਿੱਤਾ ਹੈ, ਹੋਰ ਪੰਛੀਆਂ ਅਤੇ ਪਸ਼ੂਆਂ ਨੂੰ ਦਿੱਤਾ ਹੈ, ਉਹੀ ਸ਼ਿੰਗਾਰ ਦਾੜ੍ਹੇ ਦੇ ਰੂਪ ਵਿਚ, ਕੇਸਾਂ ਦੇ ਰੂਪ ਵਿਚ ਪ੍ਰਮਾਤਮਾ ਨੇ ਪੁਰਸ਼ ਨੂੰ ਦਿੱਤਾ ਹੈ। ਸਿਰ ਦੇ ਕੇਸ ਤਾਂ ਇਸਤਰੀ ਦੇ ਵੀ ਹਨ ਪਰ ਮੁਖੜੇ ਦਾ ਦਾੜ੍ਹਾ ਨਹੀਂ।