Panj Kakara’n Da Mahattav – 24-3-26

ਪੰਜ ਕਕਾਰਾਂ ਦਾ ਮਹੱਤਵ

ਮੁਖੜੇ ਦਾ ਦਾੜ੍ਹਾ ਸ਼ਿੰਗਾਰ ਹੈ ਅਤੇ ਇਹ ਕੀਮਤੀ ਸ਼ਿੰਗਾਰ ਹੈ। ਸ਼ੇਰ ਨੇ ਕਦੀ ਇਹ ਨਹੀਂ ਚਾਹਿਆ ਕਿ ਮੇਰੀ ਗਰਦਨ ਦੇ ਵਾਲ ਕੋਈ ਕੱਟ ਦੇਵੇ। ਮੋਰ ਨੇ ਕਦੀ ਨਹੀਂ ਇਹ ਚਾਹਿਆ ਕਿ ਕੋਈ ਮੇਰੇ ਸਾਰੇ ਪੰਖ ਕੱਟ ਦੇਵੇ। ਪਰ ਮਨੁੱਖ ਤਾਂ ਆਪ ਹੀ ਨਾਈ ਦੀ ਦੁਕਾਨ ‘ਤੇ ਬੈਠ ਕੇ ਦਾੜ੍ਹੇ ਨੂੰ ਕੱਟ ਕੇ ਪਰ੍ਹਾਂ ਕਰਦਾ ਹੈ। ਜਿਸਦੀ ਦਾੜ੍ਹੀ ਆਵੇ ਨਾ ਉਸਨੂੰ ਖੋਦਾ ਕਹਿੰਦੇ ਹਨ। ਖੋਦਾ ਬੰਦਾ ਅਕਸਰ ਦਵਾਈਆਂ ਦੀ ਤਲਾਸ਼ ਵਿਚ ਹੁੰਦਾ ਹੈ ਕਿ ਕੋਈ ਅਜਿਹੀ ਦਵਾਈ ਮਿਲ ਜਾਏ ਜਿਸ ਨਾਲ ਮੁਖੜੇ ‘ਤੇ ਦਾੜ੍ਹੀ ਆ ਜਾਏ। ਹੈਰਾਨਗੀ ਦੀ ਗੱਲ ਹੈ ਕਿ ਮੁਖੜੇ ‘ਤੇ ਦਾੜ੍ਹੀ ਨਾ ਹੋਵੇ ਤਾਂ ਮਨੁੱਖ ਦਵਾਈ ਲੱਭਦਾ ਹੈ ਤੇ ਜੇ ਦਾੜ੍ਹਾ ਆ ਜਾਏ ਤਾਂ ਫਿਰ ਨਾਈ ਲੱਭਦਾ ਹੈ। ਪੁਰਸ਼ ਦੀ ਇਹ ਮੰਗ ਕਿ ਕਾਸ਼ ! ਮੇਰਾ ਮੁਖੜਾ ਇਸਤਰੀ ਵਰਗਾ ਹੁੰਦਾ ਅਤੇ ਇਸਤਰੀ ਦੀ ਇਹ ਮੰਗ ਕਿ ਕਾਸ਼ ! ਮੈਂ ਪੁਰਸ਼ ਵਰਗੀ ਹੁੰਦੀ। ਇਹੀ ਕਾਰਨ ਹੈ ਕਿ ਪੁਰਸ਼ਾਂ ਵਰਗੇ ਕੱਪੜੇ ਪਹਿਨੇਗੀ। ਕੱਦ ਵਿਚ ਪਰੀਪੂਰਨ ਪ੍ਰਮਾਤਮਾ ਨੇ ਇਸਤਰੀ ਨੂੰ ਪੁਰਸ਼ ਨਾਲੋਂ ਛੋਟਾ ਬਣਾਇਆ ਹੈ ਤੇ ਉੱਚੀ ਅੱਡੀ ਦੇ ਸੈਂਡਲ ਪਹਿਨ ਕੇ ਬਰਾਬਰੀ ਕਰਨ ਦੀ ਕੋਸ਼ਿਸ਼ ਕਰੇਗੀ। ਜੇਕਰ ਚੰਬੇਲੀ ਗੁਲਾਬ ਬਣਨ ਦੀ ਕੋਸ਼ਿਸ਼ ਕਰੇ ਤਾਂ ਚੰਬੇਲੀ ਗੁਲਾਬ ਤਾਂ ਨਹੀਂ ਬਣ ਸਕੇਗੀ ਪਰ ਚੰਬੇਲੀ ਚੰਗੀ ਚੰਬੇਲੀ ਵੀ ਨਹੀਂ ਬਣ ਸਕੇਗੀ। ਪੁਰਸ਼ ਇਸਤਰੀ ਬਣਨ ਦੀ ਕੋਸ਼ਿਸ਼ ਕਰੇ ਤਾਂ ਉਹ ਇਸਤਰੀ ਬਣ ਨਹੀਂ ਸਕੇਗਾ ਪਰ ਚੰਗਾ ਪੁਰਸ਼ ਵੀ ਨਹੀਂ ਬਣ ਸਕੇਗਾ। ਜੇਕਰ ਇਸਤਰੀ ਨੇ ਪੁਰਸ਼ ਦੀ ਨਕਲ ਕੀਤੀ ਤਾਂ ਪੁਰਸ਼ ਬਣ ਨਹੀਂ ਸਕੇਗੀ ਪਰ ਇਹ ਜੋ ਚੰਗੀ ਇਸਤਰੀ ਬਣ ਸਕਦੀ ਸੀ, ਉਹ ਵੀ ਨਹੀਂ ਬਣ ਸਕੇਗੀ।

 

You may also like these