Vaisakhi 1469 ton 1699 – Part – 6 – 2-4-26

ਵਿਸਾਖੀ ਅਤੇ ਗੁਰੂ ਨਾਨਕ ਆਗਮਨ-
ਵਿਸਾਖੀ ਦੀ ਮਹਾਨਤਾ ਕੇਵਲ ਅਤੇ ਕੇਵਲ ਗੁਰੂਨਾਨਕ ਆਗਮਨ ਨਾਲ ਸੰਬੰਧਿਤ ਹੈ। ਜਿਉਂ ਜਿਉਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸਟੱਡੀ ਕਰੋ। ਇਸਦੇ ਨਾਲ ਨਾਲ ਜੇਕਰ ਤੁਲਨਾਤਮਕ ਸਟੱਡੀ ਵਾਸਤੇ ਸੰਸਾਰ ਭਰ ਦੀਆਂ ਵਿਚਾਰਧਾਰਾਵਾਂ-ਦਰਸ਼ਨਾਂ ਅਤੇ ਮਨੁਖੀ ਰਹਿਣੀ ਜਾਂ ਧਰਮਾਂ ਦੀ ਸਟੱਡੀ ਕਰੋ। ਇਸ ਸਚਾਈ ਨੂੰ ਸਮਝਦੇ ਦੇਰ ਨਹੀਂ ਲਗਦੀ ਕਿ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਸਚਮੁਚ ਹੀ ਇਕ ਅਗੰਮੀ ਆਗਮਨ ਸੀ ਜਿਸਨੇ ਸੰਸਾਰ ਭਰ ਦੇ ਮਨੁਖ ਮਾਤ੍ਰ ਵਿਚ ਇਕ ਸੱਚੇ ਜੀਵਨ ਦੀ ਲਹਿਰ ਨੂੰ ਪ੍ਰਗਟਾ ਕਰ ਦਿਤਾ ਜਿਵੇਂ ਕਿ-

1[ ਮਨੁਖ ਨੇ ਪਹਿਲੀ ਵਾਰੀ ਸੋਚਣਾ ਸ਼ੁਰੂ ਕੀਤਾ ਕਿ ਕਰਤੇ ਦੀਆਂ ਬੇਅੰਤ ਰਚਨਾਵਾਂ ਵਿਚੋਂ ਮਨੁਖੀ ਜੀਵਨ ਇਕ ਵਿਸ਼ੇਸ਼ ਮਹਤਵ ਦਾ ਜੀਵਨ ਹੈ ਅਤੇ ਇਸਦਾ ਵਿਸ਼ੇਸ਼ ਮਕਸਦ ਵੀ ਹੈ।

2[ ਧਰਮ ਕਿਸੇ ਵਿਸ਼ੇਸ਼ ਸਮੇਂ ਜਾਂ ਦਿਨ ਉਪਰ, ਕਿਸੇ ਵਿਸ਼ੇਸ਼ ਤਿਉਹਾਰਾਂ, ਕਰਮਕਾਂਡਾਂ, ਕਿਸੇ ਉਚੇਚੇ ਪਹਿਰਾਵੇ-ਦਿਖਾਵੇ ਦਾ ਨਾਮ ਨਹੀਂ। ਧਰਮ ਇਕ ਜੀਵਨ ਜਾਚ ਹੈ ਜਿਸਦੀ ਵਰਤੋਂ ਅਤੇ ਜ਼ਰੂਰਤ ਚੌਵੀ ਘੰਟੇ ਦੀ ਜਿ਼ੰਦਗੀ ਵਿਚ ਸਵਾਸ ਸਵਾਸ ਹਰਇਕ ਵਾਸਤੇ ਜ਼ਰੂਰੀ ਹੈ।

3[ ਛੂਆਛੂਤ, ਊਚ-ਨੀਚ, ਵਰਣ-ਵੰਡ, ਰੰਗ ਨਸਲ ਲੰਿਗ ਜਾਂ ਦੇਸ਼ ਦੇ ਭੇਦ, ਨਸਿ਼ਆ ਨਾਲ ਜੀਵਨ ਦੀ ਬਰਬਾਦੀ, ਥਿੱਤਾਂ-ਵਾਰਾਂ, ਸਗਨਾਂ-ਮਹੂਰਤਾਂ ਦੇ ਭਰਮ, ਟੂਨੇ-ਟੇਵੇ, ਜਨਮ ਪਤ੍ਰੀਆਂ ਹਾਰੋਸਕੋਪ ਮਨੁਖੀ ਧਰਮ ਅਥਵਾ ਜੀਵਨ ਦਾ ਅੰਗ ਨਹੀਂ ਮਨੁਖੀ ਮਨ ਦਾ ਵਿਗਾੜ ਹਨ।

4[ ਮਨੁਖ-ਮਨੁਖ ਦੇ ਧਰਮ ਦੋ ਨਹੀਂ। ਮਨੁਖ ਦਾ ਜੋਗੀ, ਸਨਿਆਸੀ, ਬਿਭੂਤਧਾਰੀ, ਨਾਂਗੇ ਹੋ ਜਾਨਾ-ਸੰਤ, ਸਾਧ, ਭਗਤ, ਵਿਰੱਕਤ ਆਦਿ ਦੇ ਭੇਖ ਬਨਾਕੇ ਵੇਹਲੜਾਂ ਵਾਲੇ ਜੀਵਨ ਬਤੀਤ ਕਰਨੇ, ਗ੍ਰਿਹਸਥੀਆਂ ਉਪਰ ਭਾਰ ਬਣਕੇ ਜੀਉਣਾ, ਵਰਾਂ-ਸਰਾਪਾਂ ਦੇ ਢੋਂਗ, ਇਹ ਧਰਮ ਨਹੀਂ ਬਲਕਿ ਲੁਟ-ਖੋਹ ਦੇ ਰਸਤੇ ਹਨ।

5[ ਇਸੇਤਰ੍ਹਾਂ ਗ੍ਰਿਹਸਥੀਆਂ ਰਾਹੀਂ ਅਪਣੇ ਆਪ ਨੂੰ ਕੇਵਲ ਦੁਨੀਆਦਾਰ ਅਖਵਾਉਣਾ, ਧਰਮ ਨੂੰ ਕੁਝ ਖਾਸ ਲੋਕਾਂ ਦੀ ਚੀਜ਼ ਮੰਨ ਬੈਠਣਾ ਅਤੇ ਕਰਤੇ ਨੂੰ ਭੁਲੇ ਰਹਿਨਾ-ਅਗਿਆਨਤਾ ਅਤੇ ਸਚੇ ਧਰਮ ਤੋਂ ਦੂਰ ਰਹਿਕੇ ਅਮੁਲੇ ਮਨੁਖਾ ਜਨਮ ਨੂੰ ਬਰਬਾਦ ਕਰਨਾ ਹੈ। ਧਰਮੀ ਅਤੇ ਦੁਨੀਆਦਾਰ ਹੋਣਾ ਵੱਖ ਵੱਖ ਜੀਵਨ ਨਹੀਂ।

6[ ਮਨੁਖ ਨੂੰ ਸਮਝ ਆਉਣ ਲਗ ਪਈ ਕਿ ਸਾਰੇ ਮਨੁਖ ਕੇਵਲ ਇਕੋ ਹੀ ਪਿਤਾ ਦੀ ਸੰਤਾਨ ਹਨ ਅਤੇ ਪ੍ਰਭੂ ਪਿਤਾ ਸਦਾ ਅਭੁਲ ਹੈ। ਮਨੁਖੀ ਸਰੂਪ ਦੀ ਪਹਿਚਾਣ ਹੀ ਕੇਸਾਂ ਵਾਲਾ ਪੂਰਨ ਸਰੂਪ ਹੈ ਅਤੇ ਪ੍ਰਭੁ ਦੀ ਰਜ਼ਾ ਵਿਚ ਚਲਣ ਵਾਲੇ ਪਾਸੇ, ਮਨੁਖ ਦਾ ਪਹਿਲਾ ਕਦਮ।

7[ ਮਨੁਖ ਨੂੰ ਪਹਿਲੀ ਵਾਰੀ ਮਹਸੂਸ ਹੋਇਆ ਕਿ ਪ੍ਰਭੂ ਦੀ ਬੇਅੰਤ ਰਚਨਾ ਵਿਚ ਹਰ ਇਕ ਸ਼ੇ੍ਰਣੀ ਦਾ ਵੱਖ ਵੱਖ ਧਰਮ ਪ੍ਰਭੁ ਵਲੋਂ ਨੀਯਤ ਹੈ। ਸੂਰਜ, ਚੰਦ, ਪਸ਼ੂ , ਪੰਛੀ, ਖਨਿਜ, ਫੁਲ, ਬਨਸਪਤੀ ਹਰਇਕ ਦਾ ਧਰਮ ਪ੍ਰਭੁ ਨੇ ਆਪ ਘੜਿਆ ਹੈ। ਇਸੇਤਰਾਂ ਮਨੁਖ ਦਾ ਧਰਮ ਵੀ ਬਾਹਰੋਂ ਸ਼ਕਲ ਕਰਕੇ ਅਤੇ ਅੰਦਰੋਂ ਸੁਭਾਅ ਕਰਕੇ ਪ੍ਰਭੂ ਗੁਣਾਂ ਦਾ ਪ੍ਰਗਟਾਵਾ ਹੋਣਾ ਹੈ। ਹੁਣ ਉਸਦੀ ਦੌੜ ਪ੍ਰਭੁ ਬਖਸ਼ੀ ਸ਼ਕਲ ਨਾਲ ਇਮਾਨਦਾਰ ਹੋਣਾ ਅਤੇ ਪ੍ਰਭੁ ਦੇ ਗੁਣਾਂ ਨੂੰ ਜੀਵਨ ਵਿਚ ਵਸਾਕੇ ਅਉਗਣਾਂ ਨੂੰ ਚਲਦਾ ਕਰਨਾ ਬਣਨ ਲਗਾ।

8[ ਮਨੁਖ ਨੂੰ ਸਮਝ ਆਉਣ ਲਗ ਪਈ ਕਿ ਕਰਤਾ ਪ੍ਰਭੁ ਕਿਸੇ ਮੂਰਤੀ, ਪਿੱਪਲਾਂ, ਕੱਬਰਾਂ, ਸੱਪਾਂ, ਪਸ਼ੂਆਂ ਆਦਿ ਦੀ ਪੂਜਾ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਪ੍ਰਭੁ ਦੇ ਦਰਸ਼ਨ ਅੰਦਰ ਵੱਸ ਰਹੇ ਪ੍ਰਭੁ ਅੰਸ਼ ਭਾਵ ਅਪਣੀ ਪਹਿਚਾਣ ਤੋਂ ਅਰੰਭ ਕਰਕੇ ਹੀ ਹੋਣੇ ਹਨ। ਉਪਰੰਤ ਸਾਰੀ ਰਚਨਾ ਦੇ ਜ਼ਰੇ-ਜ਼ਰੇ ਵਿਚੋਂ ਹੀ ਉਸਦੇ ਦਰਸ਼ਨ ਹੋਣਗੇ। ਇਸਤਰ੍ਹਾਂ ਮਨੁਖ ਅਨੇਕਾਂ ਇਸ਼ਟਾਂ ਵਾਲੀ ਥਿਊਰੀ ਵਿਚੋਂ ਜਾਗ ਉਠਿਆ। ਉਸਨੂੰ ਸਮਝ ਆ ਗਈ ਕਿ ਕੱਬਰਾਂ, ਮੜ੍ਹੀਆਂ, ਕਰੋੜਾਂ ਦੇਵੀ-ਦੇਵਤਿਆਂ ਆਦਿ ਦੀ ਪੂਜਾ ਕੇਵਲ ਨਾਸਮਝੀ ਹੈ।

ਗੁਰਬਾਣੀ ਦੀ ਸਟੱਡੀ ਕਰਕੇ ਦੇਖੋ, ਮਨੁਖ ਦੀ ਕਾਇਆਂ ਕਲਪ ਕਰਨ ਵਾਲੀਆਂ ਕੇਵਲ ਉਪਰੋਕਤ ਚਾਰ-ਅੱਠ ਹੀ ਨਹੀਂ ਬਲਕਿ ਅਨੇਕਾਂ ਹੋਰ ਅਜੇਹੀਆ ਜੀਵਨ ਸੇਧਾਂ-ਪਹਿਲੇ ਪਾਤਸ਼ਾਹ ਦੀ ਬਾਣੀ ਵਿਚੋਂ ਹੀ ਪ੍ਰਤਖ ਹੋ ਜਾਂਦੀਆਂ ਹਨ। ਪਾਤਸ਼ਾਹ ਨੇ ਕੇਵਲ ਉਪਦੇਸ਼ ਹੀ ਨਹੀਂ ਦਿਤੇ ਬਲਕਿ ਬੇਅੰਤ ਕਸ਼ਟ ਸਹਾਰਦੇ ਹੋਏ ਦੂਰ ਨੇੜੇ ਵੱਡੇ ਵੱਡੇ ਇਕੱਠਾਂ ਸਮੇਂ ਵਿਰੋਧੀਆਂ ਕੋਲ ਪੁਜਕੇ ਮਹਾਨ ਦ੍ਰਿੜਤਾ ਦਲੇਰੀ ਅਤੇ ਬੀਰਤਾ ਨਾਲ ਪ੍ਰਚਾਰੇ ਵੀ।

ਇਸਤਰ੍ਹਾਂ ਮਨੁਖ ਦੇ ਜੀਵਨ ਅੰਦਰ ਜਦੋਂ ਪ੍ਰਭੁ ਬਖਸ਼ੇ ਅਨੰਤ ਗੁਣ ਸੀਚੇ ਜਾਂਦੇ ਤਾਂ ਮਨੁਖ ਅੰਦਰ ਪ੍ਰਭੁ ਪਿਆਰ-ਆਪਸੀ ਸਾਂਝ ਅਤੇ ਪ੍ਰਭੁ ਦੀ ਬੇਅੰਤ ਰਚਨਾ ਨਾਲ ਪਿਆਰ ਉਪਜਦਾ। ਇਸ ਸਾਰੇ ਦਾ ਸਿੱਟਾ ਸੀ, ਕਿ ਵਿਸਾਖੀ ਨੂੰ ਜਿੱਥੇ ਕਿੱਥੇ ਵੀ ਗੁਰੂ ਪਾਤਸ਼ਾਹ ਹੰੁਦੇ, ਸੰਗਤਾਂ ਉਥੇ ਹੀ ਪੁਜਦੀਆਂ। ਵਿਸਾਖੀ ਵਾਲੇ ਇਹ ਵੱਡੇ ਵੱਡੇ ਇਕੱਠ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ ਵਿਚ ਹੀ ਅਰੰਭ ਹੋ ਚੁਕੇ ਸਨ “ਹੋਵੈ ਕੀਰਤਨ ਸਦਾ ਵਿਸੋਆ”

You may also like these