ਪਹਿਲੇ ਪੰਜਾਂ ਵਾਸਤੇ ਪਾਹੁਲ ਅਤੇ ਉਨ੍ਹਾਂ ਅਗੇ ਸਿਰ ਝੁਕਾਉਣਾ?
ਪਹਿਲੇ ਪੰਜਾ ਵਾਸਤੇ ‘ਖੰਡੇ ਕੀ ਪਾਹੁਲ’ ਦਾ ਪਹਿਲਾ ਬਾਟਾ ਕਿਹੜੇ ਪੰਜਾਂ ਨੇ ਤਿਆਰ ਕੀਤਾ ਸੀ? ਅਤੇ ਕਿਨ੍ਹਾਂ ਪੰਜਾਂ ਨੇ, ਪਹਿਲੇ ਪੰਜਾਂ ਨੂੰ ਛਕਾਇਆ ਸੀ? ਇਹ ਵਿਸ਼ਾ ਬੜਾ ਧਿਆਨ ਮੰਗਦਾ ਹੈ। ਦਰਅਸਲ ਪਹਿਲਾ ਬਾਟਾ ਦਸਮੇਸ਼ ਜੀ ਨੇ ਵਿਸਾਖੀ ਸੰਨ 1699 ਨੂੰ ਆਪ ਇਕਲਿਆ ਹੀ ਤਿਆਰ ਕੀਤਾ ਅਤੇ ਪਹਿਲੇ ਪੰਜਾ ਨੂੰ ਛਕਾਇਆ ਵੀ ਇਕਲਿਆ ਆਪ ਸੀ। ਫਿਰ ਉਨ੍ਹਾਂ ਹੀ ਪੰਜਾ ਅਗੇ ਸਿਰ ਵੀ ਝੁਕਾ ਦਿਤਾ ਠੀਕ ਉਸੇਤਰਾਂ ਜਿਵੇਂ ਸਰੀਰਕ ਜਿ਼ਮੇਵਾਰੀ ਬਦਲਦੇ ਸਮਂੇ ਗੁਰੂ ਨਾਨਕ ਪਾਤਸ਼ਾਹ ਨੇ ਦੂਜੇ ਪਾਤਸ਼ਾਹ ਅਗੇ “ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ” (ਪੰ:966) ੈ ਅਤੇ ਦੂਜੇ ਪਾਤਸ਼ਾਹ ਨੇ ਤੀਜੇ ਸਰੂਪ ਅਗੇ। ਵਿਸਾਖੀ 1699 ਨੂੰ ਅਜ ਗੁਰਬਾਣੀ ਗੁਰੂ ਦੀ ਜੁਗਤ ਨੂੰ ਵਰਤਾਉਣ ਵਾਲੀ ਇਹੀ ਸੇਵਾ ਸਮੁਚੇ ਪੰਜਾ ਦੇ ਰੂਪ ਵਿਚ ਪੰਥ ਨੂੰ ਦੇ ਦਿਤੀ ਗਈ ਅਤੇ ਚਲਦੇ ਆ ਰਹੇ ਨੀਯਮ ਅਨੁਸਾਰ ਹੀ ਦਸਮੇਸ਼ ਜੀ ਨੇ ਉਨ੍ਹਾਂ ਪੰਜਾਂ ਅਗੇ ਮੱਥਾ ਟੇਕ ਦਿਤਾ। ਪੰਜਾ ਅਗੇ ਦਸਮੇਸ਼ ਜੀ ਰਾਹੀਂ ਮੱਥਾ ਟੇਕਣਾ ਅਜ ਕੋਈ ਨਵੀਂ ਪਿੜੱਤ ਨਹੀਂ ਸੀ।
ਪੰਜਾਂ ਤੋਂ ਦਸਮੇਸ਼ ਜੀ ਨੇ ਪਾਹੁਲ ਤਾਂ ਲਈ, ਪਰ ਕਿਉਂ?
ਮਕਸਦ ਨਹੀਂ ਸੀ ਬਦਲਿਆ ਕੇਵਲ ਢੰਗ ਬਦਲਿਆ ਸੀ ਅਤੇ ਇਸ ਬਦਲੇ ਹੋਏ ਢੰਗ ਵਿਚ ਦਸਮੇਸ਼ ਜੀ ਨੇ ਸਾਰੀਆਂ ਹੀ ਸੰਗਤਾਂ ਨੂੰ ਨਵੇਂ ਸਿਿਰਉਂ ‘ਖੰਡੇ ਕੀ ਪਾਹੁਲ’ ਲੈਣ ਦਾ ਹੁਕਮ ਕੀਤਾ। ਇਸਤਰ੍ਹਾਂ ਬਦਲੇ ਹੋਏ ਨਵੇਂ ਢੰਗ ਵਿਚ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਤੋਂ ਪਾਹੁਲ ਲੈਣ ਦਾ ਅਰੰਭ ਵੀ ਦਸਮੇਸ਼ ਜੀ ਨੇ ਅਪਣੇ ਆਪ ਤੋਂ ਹੀ ਕੀਤਾ। ਇਹ ਸੱਚ ਨਹੀਂ ਕਿ ਪਾਹੁਲ ਲੈਣ ਵਾਸਤੇ ਉਨ੍ਹਾਂ ਨੂੰ ਕਿਸੇ ਸੋਦੇ ਬਾਜ਼ੀ ਦੀ ਲੋੜ ਸੀ। ਜਿਵੇਂ ਕਿ ਅਜ ਕਵਿਤਾਵਾਂ ਰਾਹੀਂ ਬੇ-ਸਿਰਪੈਰ ਦੀਆਂ ਗਲਾਂ ਪ੍ਰਚਾਰੀਆਂ ਜਾ ਰਹੀਆਂ ਹਾਂ। ‘ਤੁਸੀਂ ਮੈਨੂੰ ਅੰਮ੍ਰਿਤ ਦੀ ਦਾਤ ਦੇਕੇ ਸਿੰਘ ਸਜਾE-ਅਤੇ ਬਦਲੇ ਵਿਚ ਅਪਣੇ ਪਿਤਾ ਦੀ ਸ਼ਹੀਦੀ ਤਾਂ ਮੈਂ ਦੇ ਹੀ ਚੁਕਾ ਹਾਂ, ਪੁੱਤਰਾਂ ਦੀ ਕੁਰਬਾਨੀ ਵੀ ਦੇਵਾਂਗਾ, ਸਰਬੰਸ ਵਾਰ ਦੇਵਾਂਗਾ ਆਦਿ’ ਇਹ ਤਾਂ ਇਸਤਰ੍ਹਾਂ ਹੈ ਜਿਵੇਂ ਕਿ ਪਾਤਸ਼ਾਹ ਦੀ ਕੁਰਬਾਨੀ ਨਹੀਂ ਬਲਕਿ ਇਕ ਸੌਦਾ ਸੀ ਜਿਹੜਾ ਕਿ ਪੂਰਾ ਕਰਨਾ ਹੀ ਸੀ। ਜਾਂ ਫਿ਼ਰ ਗੁਰੂ ਸਾਹਿਬ ਪਹਿਲਾਂ ਤੋਂ ਪਾਹੁਲਧਾਰੀ ਹੀ ਨਹੀਂ ਸਨ। ਗਲ ਤਾਂ ਕੇਵਲ ਇੱਤਨੀ ਸੀ ਕਿ ਬਦਲੇ ਹੋਏ ਢੰਗ ਵਿਚ ਜਦੋਂ ਸਾਰਿਆਂ ਨੂੰ ਹੁਕਮ ਕੀਤਾ ਤਾਂ ਇਸਦਾ ਅਰੰਭ ਦਸਮੇਸ਼ ਜੀ ਨੇ ਅਪਣੇ ਆਪ ਤੋਂ ਕੀਤਾ। ਘਟੋ ਘਟ ਅਸਾਂ ਇੱਤਨਾ ਹੀ ਸੋਚ ਲਿਆ ਹੰੁਦਾ ਕਿ ਜੇਕਰ ਦਸਮੇਸ਼ ਜੀ ਪਹਿਲਾਂ ਆਪ ਹੀ ਪਾਹੁਲ ਪ੍ਰਾਪਤ ਨਹੀਂ ਸਨ ਤਾਂ ਉਨ੍ਹਾਂ ਪਹਿਲਾ ਬਾਟਾ ਇਕਲਿਆ ਕਿਵੇਂ ਤਿਆਰ ਕਰ ਲਿਆ ਅਤੇ ਪਹਿਲੇ ਪੰਜਾ ਨੂੰ ਇਕਲਿਆਂ ਛੱਕਾਇਆ ਕਿਵੇਂ? ਦਰਅਸਲ ਆਪ ਪਹਿਲਾਂ ਤੋਂ ਕੇਵਲ ਪਾਹੁਲ ਪ੍ਰਾਪਤ ਹੀ ਨਹੀਂ ਸਨ, ਬਲਕਿ ਗੁਰੂ ਪਦਵੀ ਨੂੰ ਵੀ ਪ੍ਰਾਪਤ ਸਨ।
ਹੋਰ ਲਵੋ! ਪਹਿਲੀਆਂ ਪੰਕਤਾਂ ਵਿਚ 80,000 ਪ੍ਰਾਣੀਆਂ ਨੇ ਖੰਡੇ ਦੀ ਪਾਹੁਲ ਲਈ। ਵਿਚਾਰਨ ਦਾ ਵਿਸ਼ਾ ਹੈ ਕਿ 80,000 ਪ੍ਰਾਣੀਆਂ ਕੋਲ ਕੇਸ ਤਾਂ ਅਚਾਨਕ ਨਹੀਂ ਸਨ ਆ ਗਏ ਅਤੇ ਨਾ ਹੀ ਬਾਕੀ ਕਕਾਰ। ਸਪਸ਼ਟ ਹੈ ਸਭ ਕੁਝ ਪਹਿਲਾਂ ਤੋਂ ਮੌਜੂਦ ਸੀ। ਵੇਰਵੇ ਵਾਸਤੇ ਇਸੇ ਕਲਮ ਤੋਂ, ਪੜੋ ਅਤੇ ਸੰਗਤਾਂ ਵਿਚ ਪ੍ਰਚਾਰ ਹਿਤ ਵੰਡੋ ਗੁਰਮੱਤ ਪਾਠ ਨੰ: 20 “ਖੰਡੇ ਦੀ ਪਾਹੁਲ-ਇਕ ਪ੍ਰਣ” ਅਤੇ ਗੁਰਮੱਤ ਪਾਠ 65 “ਖੰਡੇ ਕੀ ਪਾਹੁਲ-ਸਿੱਖ ਧਰਮ ਵਿਚ ਪ੍ਰਵੇਸ਼”