Vaisakhi 1469 ton 1699 – Part – 27- 26-4-26

ਅਜੋਕੀ ਜਜ਼ਬਾਤੀ ਸਿੱਖੀ ਤੇ ਸਰੂਪ
ਗੁਰੂ ਪਿਆਰਿਓ! ਸਚਾਈ ਹੈ ਕਿ ਅੱਜ ਅਜਿਹੇ ਬਚਿਆਂ ਕੋਲ ‘ਮਨ ਭਾਵ ਕਿਰਦਾਰ ਦੀ ਸਿੱਖੀ’ ਤਾਂ ਹੈ ਹੀ ਨਹੀਂ। ਉਹਨਾਂ ਕੋਲ ਜੋ ਸਿੱਖੀ ਹੈ ਉਹ ਕੇਵਲ ਜਜ਼ਬਾਤੀ ਸਿੱਖੀ ਤੇ ਉਹਨਾਂ ਦੇ ਪੂਰਵਜਾਂ ਤੋਂ ਪੁਸ਼ਤ-ਦਰ-ਪੁਸ਼ਤ ਪੁੱਜੀ ਸਿੱਖੀ ਹੈ। ਉਹ ਸਿੱਖੀ, ਜਿਹੜੀ ਉਹਨਾਂ ਦੇ ਪੂਰਵਜਾਂ ਨੇ ਕਦੇ ਝੋਲੀਆਂ ਟੱਢ ਕੇ ਲਈ ਸੀ ਕਿਉਂਕਿ ਉਹਨਾਂ ਨੂੰ ਇਸ ਦੀ ਕੀਮਤ ਪਤਾ ਸੀ। ਪਰ ਅੱਜ ਤੁਹਾਡੇ ਕੋਲ ਵੱਧ ਤੋਂ ਵੱਧ “ਸਰੂਪ” ਬਾਕੀ ਹੈ ਤੇ ਤੁਹਾਨੂੰ ਸਿੱਖੀ ਦੀ ਕੀਮਤ ਦਾ ਹੀ ਪਤਾ ਨਹੀਂ। ਇਸ ਲਈ ਜਨੂੰਨ ਤੇ ਅਗਿਆਣਤਾ ਵਸ ਜੇਕਰ ਤੁਹਾਡਾ ਇੱਕ ਵੀ ਹੋਰ ਕਦਮ ਉਲਟ ਪਾਸੇ ਵਧ ਗਿਆ ਤਾਂ ਯਾਦ ਰਖੋ! ਇਸ ਤੋਂ ਅੱਗੇ ਉਹੀ ਬ੍ਰਾਹਮਣੀ-ਕਰਮਕਾਂਡੀ ਸਮੁੰਦਰ ਹੀ ਹੈ ਵਿਚਾਲੇ ਹੋਰ ਕੁੱਝ ਨਹੀਂ। ਦੇਖਿਆ ਜਾਵੇ ਤਾਂ ਇਸ ਸਚਾਈ ਨੂੰ ਅੱਜ ਵੀ ਸੰਸਾਰ ਮੰਣਦਾ ਹੈ ਕਿ ਜਿੰਨਾਂ ਸ਼ਰਧਾ, ਪਿਆਰ ਤੇ ਗੁਰੂ ਦੇ ਨਾਂ ਤੋਂ ਆਪਾ ਕੁਰਬਾਣ ਕਰਣ ਦੀ ਭਾਵਨਾ ਜੋ ਸਿੱਖ ਕੋਲ ਹੈ, ਸੰਸਾਰ `ਚ ਕਿਸੇ ਕੋਲ ਨਹੀਂ। ਅਕਾਲਪੁਰਖੁ ਵੱਲੋਂ ਸਿੱਖ ਨੂੰ ਬਖਸ਼ਿਆ ਇਹ ਜਜ਼ਬਾ, ਜੋਸ਼, ਸ਼ਰਧਾ ਹੀ ਹੈ, ਜਿਸ ਨੇ ਸਿੱਖ ਨੂੰ ਹਰੇਕ ਦੇਸ਼ ਦੀ ਮੁਹਰਲੀ ਕੱਤਾਰ `ਚ ਲਿਆ ਖੜਾ ਕੀਤਾ ਹੈ। ਇਥੇ ਹੀ ਬੱਸ ਨਹੀਂ ਜੇ ਅੱਜ ਵੀ ਕੋਈ ਸਿੱਖ ਬੱਚਾ-ਬੱਚੀ ਦੁਨੀਆਂ ਦੇ ਕਿਸੇ ਖੇਤਰ `ਚ ਉਪਰ ਆਉਂਦਾ ਹੈ ਤਾਂ ਬਿਨਾ ਦੇਰ ਉਸ ਦਾ ਜ਼ਿਕਰ ਸਾਰੇ ਸੰਸਾਰ `ਚ ਹੁੰਦਾ ਹੈ, ਕਿਉਂਕਿ ਉਸ ਕੋਲ ਸਰੂਪ ਹੈ। ਅੱਜ ਦੂਜੇ ਵੀ ਮੰਨਦੇ ਹਨ, ਜੇਕਰ ਅਜਿਹੇ ਮਾਨਸਿਕ ਪੱਖੋਂ ਕਮਜ਼ੋਰ ਸਿੱਖਾਂ ਨੇ ਆਪਣਾ ਸਰੂਪ ਨਾ ਗੁਆਇਆ ਹੁੰਦਾ ਤਾਂ ਵਿਦੇਸ਼ਾਂ ਦੀਆਂ ਸੜਕਾਂ `ਤੇ ਵੀ, ਆਪਣੀ ਪਹਿਚਾਣ ਕਾਰਨ, ਸਿੱਖ ਹੀ ਸਿੱਖ ਨਜ਼ਰ ਆਉਂਦੇ।

ਉਪ੍ਰੰਤ, ਕਿਰਦਾਰ ਵੀ ਹੋਵੇ ਤਾਂ ਕਹਿਣਾ ਹੀ ਕੀ? ਅਜਿਹੀ ਹਾਲਤ `ਚ ਫਰਾਂਸ ਵਰਗੇ ਪੱਗੜੀ ਦੇ ਮਸਲੇ ਤਾਂ ਪੈਦਾ ਹੀ ਨਾ ਹੋਣ ਬਲਕਿ ਕਿਰਦਾਰ ਕਾਰਨ ਦੇਸ਼-ਵਿਦੇਸ਼ਾਂ `ਚ ਸਿੱਖ ਹੀ ਸਤਿਕਾਰੇ ਜਾਣ। ਸਰੂਪ ਦੇ ਨਾਲ ਜੇਕਰ ਮਨੁੱਖ ਅੰਦਰ ਗੁਰਬਾਣੀ ਜੀਵਨ ਵੀ ਹੋਵੇ ਤਾਂ ਸੰਸਾਰ, ਅੱਜ ਵੀ ਸਿੱਖ ਦੀ ਪੂਜਾ ਕਰੇਗਾ। ਇੰਨੀਆਂ ਵਧ ਢਹਿੰਦੀਆਂ ਕਲਾ `ਚ ਪੁੱਜ ਕੇ ਵੀ, ਜੇਕਰ ਸਾਡਾ ਬਚਾਅ ਹੈ ਤਾਂ ਕੇਵਲ ਸਰੂਪ ਕਰਕੇ। ਜਿਸ ਕਿਸੇ ਦੀ ਸਰੂਪ ਵਲੋਂ ਵੀ ਢਿੱਲ ਹੋ ਗਈ, ਤਾਂ ਉਸ ਨੂੰ ਸੜਕ ਤੇ ਜਾਂਦੇ ਨੂੰ ਕੋਈ ‘ਸਰਦਾਰ ਜੀ’ ਕਹਿਕੇ ਨਹੀਂ ਬੁਲਾਏਗਾ, ਕਿਉਂਕਿ ਉਸ ਕੋਲ ਸਰਦਾਰੀ ਵਾਲੀ ਪਛਾਣ ਹੀ ਬਾਕੀ ਨਹੀਂ। ਜਿਹੜਾ ਕਲ ਤੀਕ ਸਰੂਪ `ਚ ਸੀ, ਅੱਜ ਸਰੂਪ ਬਿਨਾ ਹੈ, ਤਾਂ ਇਮਾਨਦਾਰੀ ਨਾਲ ਨਿਜੀ ਤਜੁਰਬਾ ਦੇਖ ਲਵੇ ਕਿ ਕਲ੍ਹ ਉਸ ਨੂੰ ਅਜਨਬੀ ਵੀ “ਸਰਦਾਰ ਜੀ” ਕਹਿਕੇ ਬੁਲਾ ਰਿਹਾ ਸੀ ਤਾਂ ਅੱਜ ਉਸ ਨੂੰ ਕਿਸ ਅਵਾਜ਼ ਨਾਲ ਬੁਲਾਇਆ ਜਾ ਰਿਹਾ ਹੈ? ਅੰਦਾਜ਼ਾ ਲਾਉਂਦੇ ਦੇਰ ਨਹੀਂ ਲਗੇਗੀ।

You may also like these